ਬਹੁਤ ਦੇਰ ਪਹਿਲਾਂ ਦੀ ਗੱਲ ਹੈ। ਸਲੌਰੇ ਨਾਂ ਦੇ ਪਿੰਡ ਵਿੱਚ ਇੱਕ ਕਿੱਕਰ ਦੇ ਦਰੱਖਤ ਉੱਤੇ ਇੱਕ ਚਿੜੀ ਰਹਿੰਦੀ ਸੀ। ਨਾਲ ਦੇ ਦਰੱਖਤ ਉੱਤੇ ਇੱਕ ਕਾਂ ਰਹਿੰਦਾ ਸੀ। ਦੋਹਾਂ ਦੀ ਦੋਸਤੀ ਹੋ ਗਈ। ਕਾਂ ਬਹੁਤ ਕੰਮ ਕਰਨ ਵਾਲਾ ਪੰਛੀ ਸੀ ਪਰ ਚਿੜੀ ਬਹੁਤ ਹੀ ਵਿਹਲੜ ਜਿਹੀ ਸੀ। ਗਰਮੀਆਂ ਵਿੱਚ ਕਾਂ ਬਾਹਰੋਂ ਦਾਣੇ ਲਿਆ ਕੇ ਆਪਣੇ ਆਲਣੇ ਵਿੱਚ ਜਮਾਂ ਕਰ ਲੈਂਦਾ ਸੀ, ਪਰ ਚਿੜੀ ਸਿਰਫ ਆਪਣੇ ਖਾਣ ਜੋਕਰੇ ਦਾਣਿਆਂ ਤੋਂ ਵੱਧ ਕੁਝ ਵੀ ਇਕੱਠਾ ਨਹੀਂ ਸੀ ਕਰਦੀ। ਕਾਂ ਨੇ ਕਈ ਵਾਰ ਉਹਨੂੰ ਸਮਝਾਇਆ ਕਿ ਉਹਨੂੰ ਸਰਦੀਆਂ ਲਈ ਕੁੱਝ ਬਚਾ ਕੇ ਰੱਖਣਾ ਚਾਹੀਦਾ ਹੈ, ਪਰ ਚਿੜੀ ਨੇ ਉਹਦੀ ਇੱਕ ਨਾਂ ਮੰਨੀਂ; ਕਿਹਾ ਕਰੇ ਐਥੇ ਕਿਹੜਾ ਬਹੁਤੀ ਸਰਦੀ ਪੈਂਦੀ ਹੈ, ਉਹਨੂੰ ਕਦੀ ਕੋਈ ਦਿੱਕਤ ਨਹੀਂ ਆਈ ਦਾਣੇ ਲੱਭਣ ਵਿੱਚ।
ਤੇ ਫੇਰ ਸਰਦੀ ਆ ਗਈ। ਰੱਬ ਦਾ ਭਾਣਾ, ਬਹੁਤ ਕਹਿਰ ਦੀ ਸਰਦੀ ਸੀ। ਜਾਨਵਰ ਤੇ ਪੰਛੀ ਆਪਣੇ ਘਰਾਂ ਵਿਚੋਂ ਨਿਕਲਣੇ ਬੰਦ ਹੋ ਗਏ। ਕਾਂ ਤੇ ਚਿੜੀ ਵੀ ਆਪਣੇ ਆਪਣੇ ਆਲਣੇ ਵਿੱਚ ਲੁਕ ਕੇ ਬੈਠ ਗਏ ਕਾਂ ਕੋਲ ਬਹੁਤ ਦਾਣੇ ਸਨ, ਪਰ ਚਿੜੀ ਦੇ ਆਲਣੇ ਵਿੱਚ ਇੱਕ ਵੀ ਦਾਣਾ ਨਹੀਂ ਸੀ। ਉਹ ਅੰਦਰ ਭੁੱਖੀ ਬੈਠੀ ਰਹੀ ਪਰ ਸੰਗਦੀ ਕਾਂ ਤੋਂ ਮੰਗਣ ਨਾਂ ਗਈ। ਜਦੋਂ ਭੁੱਖੇ ਭਾਣੇ ਅੰਦਰ ਬੈਠਿਆਂ ਦੋ ਦਿਨ ਲੰਘ ਗਏ ਤਾਂ ਉਸ ਤੋਂ ਹੋਰ ਬਰਦਾਸ਼ਤ ਨਾਂ ਹੋ ਸਕਿਆ ਅਤੇ ਉਹ ਉੱਡ ਕੇ ਬਾਹਰ ਦਾਣੇ ਲੱਭਣ ਨਿੱਕਲ ਗਈ। ਉੱਧਰੋਂ ਕਾਂ ਨੂੰ ਵੀ ਚੇਤਾ ਆਇਆ ਕਿ ਸ਼ਾਇਦ ਚਿੜੀ ਕੋਲ ਖਾਣ ਲਈ ਦਾਣੇ ਨਾਂ ਹੋਣ। ਤੇ ਉਹ ਝੱਟੇ ਹੀ ਉੱਡ ਕੇ ਚਿੜੀ ਦੇ ਆਲਣੇ, ਉਹਨੂੰ ਮਿਲਣ ਚਲਾ ਗਿਆ। ਜਦੋਂ ਉਹਨੇ ਚਿੜੀ ਨੂੰ ਉੱਥੇ ਨਾਂ ਵੇਖਿਆ ਤਾਂ ਬਹੁਤ ਘਬਰਾ ਗਿਆ ਤੇ ਬਾਹਰ ਨਿੱਕਲ ਕੇ ਉਹਨੂੰ ਲੱਭਣ ਲੱਗਾ। ਉਹਨੇ ਬਹੁਤ ਲੱਭਿਆ, ਪਰ ਉਹਨੂੰ ਚਿੜੀ ਕਿਤੇ ਵੀ ਦਿਖਾਈ ਨਾਂ ਦਿੱਤੀ। ਠੰਡ ਬਹੁਤ ਸੀ ਤੇ ਉਹ ਠੰਡ ਨਾਲ ਜੰਮਦਾ ਜਾ ਰਿਹਾ ਸੀ। ਉਹਨੂੰ ਪਤਾ ਸੀ ਕਿ ਜੇਕਰ ਉਹ ਮੁੜ ਆਪਣੇ ਆਲਣੇ ਵਾਪਸ ਨਾਂ ਗਿਆ ਤਾਂ ਠੰਡ ਨਾਲ ਜੰਮ ਕੇ ਬਾਹਰ ਹੀ ਮਰ ਜਾਵੇਗਾ। ਪਰ ਉਹਨੂੰ ਇਹ ਵੀ ਫਿਕਰ ਸੀ ਕੇ ਜੇਕਰ ਚਿੜੀ ਉਹਨੂੰ ਛੇਤੀ ਨਾਂ ਲੱਭੀ ਤਾਂ ਉਸਦੇ ਜਿਊਂਦੀ ਲੱਭਣ ਦੀ ਸੰਭਾਵਨਾ ਵੀ ਬਹੁਤ ਹੀ ਘੱਟ ਜਾਣੀ ਸੀ।
ਹਾਲੇ ਉਹ ਇਹਨਾਂ ਜੱਕੋ ਤੱਕੀਆਂ ਵਿੱਚ ਹੀ ਸੀ ਕਿ ਉਹਦੀ ਨਿਗਹਾ ਜ਼ਮੀਨ ਉੱਤੇ ਡਿੱਗੀ ਕਿਸੇ ਚੀਜ਼ ਤੇ ਪਈ। ਉਹ ਉੱਡ ਕੇ ਉਥੇ ਗਿਆ ਤਾਂ ਉਹਨੇ ਵੇਖਿਆ ਕਿ ਇਹਤਾਂ ਉਹਦੀ ਦੋਸਤ ਚਿੜੀ ਹੀ ਜ਼ਮੀਨ ਤੇ ਡਿੱਗੀ ਪਈ ਸੀ। ਉਹਨੇ ਚਿੜੀ ਨੂੰ ਹਿਲਾ ਕੇ ਵੇਖਿਆ; ਉਹ ਬਰਫ ਵਾਂਗ ਜੰਮੀ ਪਈ ਸੀ। ਉਸ ਵਿਚਾਰੀ ਦੇ ਮੂੰਹ ਵਿੱਚ ਇੱਕ ਕੀੜਾ ਸੀ ਜਿਹੜਾ ਚਿੜੀ ਵਾਕਰ ਹੀ ਬਰਫ ਵਾਂਗੂੰ ਜੰਮਿਆ ਸੀ। ਚਿੜੀ ਸ਼ਾਇਦ ਮਰ ਚੁੱਕੀ ਸੀ। ਉਹਨੇ ਸੋਚਿਆ ਕਿ ਚੱਲੋ ਚਿੜੀ ਨੂੰ ਘਰ ਲੈ ਚੱਲਦਾ ਹਾਂ, ਜਦੋਂ ਮੌਸਮ ਠੀਕ ਹੋਇਆ ਤਾਂ ਉਹਦਾ ਕਿਰਿਆ ਕਰਮ ਕਰ ਦਿਆਂਗਾ। ਸੋ ਉਹਨੇ ਚਿੜੀ ਨੂੰ ਪੂਛ ਤੋਂ ਫੜਿਆ ਅਤੇ ਉੱਡਕੇ ਆਪਣੇ ਆਲਣੇ ਵਿੱਚ ਲੈ ਗਿਆ।
ਕਾਂ ਨੂੰ ਬਹੁਤ ਅਫਸੋਸ ਹੋ ਰਿਹਾ ਸੀ ਕਿ ਉਹਨੇ ਆਪਣੀ ਦੋਸਤ ਚਿੜੀ ਬਾਰੇ ਪਹਿਲਾਂ ਕਿਉਂ ਨਹੀਂ ਸੋਚਿਆ। ਜੇਕਰ ਉਹਨੂੰ ਪਹਿਲਾਂ ਖਿਆਲ ਆ ਜਾਂਦਾ ਤਾਂ ਉਹ ਚਿੜੀ ਨੂੰ ਆਪਣੇ ਘਰ ਲੈ ਆਉਂਦਾ ਅਤੇ ਉਹਦੀ ਜਾਨ ਬਚ ਜਾਂਦੀ। ਦੂਜੇ ਬੰਨੇ ਉਹਨੂੰ ਚਿੜੀ ਤੇ ਗੁੱਸਾ ਆ ਰਿਹਾ ਸੀ ਕਿ ਉਹ ਸਰਦੀਆਂ ਲਈ ਦਾਣੇ ਕਿਉਂ ਨਹੀਂ ਸੀ ਇਕੱਠੇ ਕਰਿਆ ਕਰਦੀ। ਉਹ ਕਹਿਣਾ ਚਾਹੁੰਦਾ ਸੀ ਕਿ ਵੇਖਿਆ ਚਿੜੀਏ, ਮੈਂ ਤੈਨੂੰ ਕੀ ਸਮਝਾਇਆ ਕਰਦਾ ਸੀ? ਪਰ ਹੁਣ ਉਹ ਕਿਵੇਂ ਆਪਣਾ ਸ਼ਿਕਵਾ ਜ਼ਾਹਰ ਕਰੇ, ਸ਼ਿਕਵਾ ਸੁਣਨ ਵਾਲੀ ਤਾਂ ਵਿਚਾਰੀ ਮਰ ਚੁੱਕੀ ਸੀ। ਸੋਚਦਾ ਸੋਚਦਾ ਉਹ ਡੂੰਘੇ ਖਿਆਲਾਂ ਵਿੱਚ ਡੁੱਬ ਗਿਆ ਅਤੇ ਉਹਨੂੰ ਨੀਂਦ ਆ ਗਈ।
ਰੱਬ ਦੀ ਕਰਨੀ, ਚਿੜੀ ਹਾਲੇ ਮਰੀ ਨਹੀਂ ਸੀ। ਕਾਂ ਦੇ ਆਲਣੇ ਦੀ ਨਿੱਘ ਨਾਲ ਉਹਦਾ ਸਰੀਰ ਹੌਲੀ ਹੌਲੀ ਗਰਮ ਹੋ ਗਿਆ ਤੇ ਜਦੋਂ ਉਹਨੂੰ ਥੋੜੀ ਹੋਸ਼ ਆਈ ਤਾਂ ਉਹਨੇ ਚੂੰ ਚੂੰ ਕੀਤੀ। ਕਾਂ ਤ੍ਰਭਕ ਕੇ ਉਠਿਆ ਅਤੇ ਉਹਨੇ ਘੁੰਮ ਕੇ ਉ~ਧਰ ਵੇਖਿਆ। ਵੇਖਦਿਆਂ ਹੀ ਉਹ ਹੱਕਾ ਬੱਕਾ ਰਹਿ ਗਿਆ। ਤਦੇ ਉਹਨੂੰ ਅਹਿਸਾਸ ਹੋਇਆ ਕਿ ਉਹਦੀ ਦੋਸਤ ਹਾਲੇ ਜਿਉਂਦੀ ਹੈ। ਉਹ ਤੇਜੀ ਨਾਲ ਉਹਦੇ ਕੋਲ ਨੂੰ ਹੋਇਆ ਅਤੇ ਉਹਨੂੰ ਆਪਣੇ ਖੰਭਾਂ ਨਾਲ ਢੱਕ ਲਿਆ। ਘੰਟੇ ਕੁ ਵਿੱਚ ਚਿੜੀ ਨੂੰ ਪੂਰੀ ਹੋਸ਼ ਆ ਗਈ। ਕਾਂ ਨੇ ਉਹਨੂੰ ਨਰਮ ਨਰਮ ਦਾਣੇ ਲੱਭ ਕੇ ਖੁਆਏ ਤੇ ਕੁੱਝ ਹੀ ਘੰਟਿਆਂ ਵਿੱਚ ਚਿੜੀ ਨON ਬਰ ਨON ਹੋ ਗਈ ਅਤੇ ਦੋਵੇਂ ਗੱਲਾਂ ਕਰਨ ਲੱਗੇ। ਚਿੜੀ ਮਨ ਹੀ ਮਨ ਵਿੱਚ ਸ਼ਰਮਾ ਰਹੀ ਸੀ ਤੇ ਸੋਚ ਰਹੀ ਸੀ ਕਿ ਮੈਨੂੰ ਹੁਣੇ ਹੀ ਕਾਂ ਝਿੜਕਾਂ ਦੇਵੇਗਾ ਕਿ ਮੈਂ ਉਸਦੀ ਗੱਲ ਮੰਨ ਕੇ ਸਰਦੀਆਂ ਲਈ ਦਾਣੇ ਕਿਉਂ ਨਹੀਂ ਬਚਾ ਕੇ ਰੱਖਦੀ। ਪਰ ਕਾਂ ਨੇ ਕੋਈ ਅਜਿਹੀ ਗੱਲ ਨਾਂ ਕੀਤੀ। ਅਖੀਰ ਚਿੜੀ ਨੇ ਆਪ ਹੀ ਗੱਲ ਛੇੜੀ ਤੇ ਕਹਿਣ ਲੱਗੀ ਕਿ ਕਾਂvW, ਕੀ ਤੂੰ ਮੈਨੂੰ ਕੋਈ ਗੱਲ ਨਹੀ ਕਹਿਣੀ? ਕੀ ਤੂੰ ਮੈਨੂੰ ਝਿੜਕਣਾਂ ਨਹੀਂ? ਕਾਂ ਕਹਿਣ ਲੱਗਾ ਹਾਂ ਮੈਂ ਤੈਨੂੰ ਇੱਕ ਗੱਲ ਕਹਿਣੀ ਹੈ, ਭਾਵੇਂ ਇਹਨੂੰ ਝਿੜਕ ਹੀ ਸਮਝ ਲਵੀਂ। ਉਹ ਇਹ ਕਿ ਹਮੇਸ਼ਾ ਯਾਦ ਰੱਖੀਂ, ਮੈਂ ਤੇਰਾ ਦੋਸਤ ਹਾਂ। ਅੱਜ ਤੈਨੂੰ ਮਰੀ ਸੋਚ ਕੇ ਮੇਰਾ ਦਿਲ ਕੰਬ ਗਿਆਂ ਸੀ। ਜੇਕਰ ਅੱਜ ਤੈਨੂੰ ਕੁੱਝ ਹੋ ਜਾਂਦਾ ਤਾਂ ਮੇਰੀ ਰਹਿੰਦੀ ਉਮਰ ਅਫਸੋਸ ਵਿੱਚ ਅਤੇ ਇਕੱਲਿਆਂ ਹੀ ਨਿਕਲਣੀ ਸੀ। ਸੋ ਅਗਾਂਹ ਤੋਂ ਜਦੋਂ ਤੇਰੇ ਦਾਣੇ ਮੁੱਕ ਜਾਣ, ਜਾਂ ਤੈਨੂੰ ਕੋਈ ਹੋਰ ਲੋੜ ਪਵੇ ਤਾਂ ਤੂੰ ਸਿੱਧਾ ਉੱਡ ਕੇ ਮੇਰੇ ਕੋਲ ਆਉਣਾ ਹੈ। ਇਹ ਸੁਣ ਕੇ ਚਿੜੀ ਦਾ ਮਨ ਭਰ ਆਇਆ ਤੇ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਕਹਿਣ ਲੱਗੀ ਕਾਂvW, ਤੂੰ ਐਨਾ ਚੰਗਾ ਕਿਉਂ ਐਂ? ਮੈਂ ਵੀ ਅੱਜ ਇੱਕ ਵਾਅਦਾ ਕਰਦੀ ਹਾਂ। ਅੱਜ ਤੋਂ ਬਾਅਦ ਮੈਂ ਵੀ ਤੇਰੇ ਵਾਂਗੂੰ ਮਿਹਨਤ ਕਰਿਆ ਕਰੂੰ ਤਾਂ ਕਿ ਇਹੋ ਜਿਹੀ ਹਾਲਤ ਮੁੜ ਕਦੇ ਨਾਂ ਆਵੇ ਅਤੇ qYਨੂੰ ਮੇਰੇ ਬਾਰੇ ਮੁੜ ਕਦੀ ਫਿਕਰਮੰਦ ਨਾਂ ਹੋਣਾ ਪਵੇ। ਇਹ ਸੁਣ ਕੇ ਕਾਂ ਮੁਸਕਰਾ ਪਿਆ ਅਤੇ ਉਹਨੇ ਚਿੜੀ ਨੂੰ ਪਿਆਰ ਨਾਲ ਆਪਣੇ ਖੰਭਾਂ ਵਿੱਚ ਲੈ ਲਿਆ।
-
ਡਾ. ਰਛਪਾਲ ਸਹੋਤਾ, ਸਿਨਸਿਨੈਟੀ, ਯੂ ਐਸ ਏ
rachhpalsahota@hotmail.com
00
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.