ਉਜਾਗਰ ਸਿੰਘ
ਪਟਿਆਲਾ ਨੂੰ ਮਾਣ ਜਾਂਦਾ ਹੈ ਕਿ ਵਿਦਿਆ ਦਾ ਮੁੱਖ ਕੇਂਦਰ ਹੋਣ ਕਰਕੇ ਇਥੋਂ ਦੇ ਵਸਿੰਦੇ ਪੰਜਾਬ ਵਿੱਚ ਵਧੇਰੇ ਆਈ.ਏ.ਐਸ.ਅਧਿਕਾਰੀ ਹੋਏ ਹਨ। ਵੈਸੇ ਪੰਜਾਬ ਵਿੱਚੋਂ ਹੁਸ਼ਿਆਰਪੁਰ ਦਾ ਨਾਂ ਪਹਿਲੇ ਨੰਬਰ ‘ਤੇ ਆਉਂਦਾ ਹੈ ਪ੍ਰੰਤੂ ਪਟਿਆਲਾ ਦੇ ਰਹਿਣ ਵਾਲੇ ਮੁੱਖ ਸਕੱਤਰ ਡਿਪਟੀ ਕਮਿਸ਼ਨਰ ਦੇ ਮਹੱਤਵਪੂਰਨ ਅਹੁਦਿਆਂ ‘ਤੇ ਵਧੇਰੇ ਮਾਤਰਾ ਵਿੱਚ ਰਹੇ ਹਨ। ਕਹਿਣ ਤੋਂ ਭਾਵ ਪੰਜਾਬ ਦੇ ਵਿਕਾਸ ਵਿੱਚ ਪਟਿਆਲਾ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਮੁੱਖ ਸਕੱਤਰ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਮੁੱਚੇ ਵਿਕਾਸ ਦੀ ਨਿਗਰਾਨੀ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ। ਸਕੱਤਰ ਪੰਜਾਬ ਦੇ ਸਾਰੇ ਵਿਭਾਗਾਂ ਦੇ ਮੁੱਖੀਆਂ ਅਤੇ ਡਿਪਟੀ ਕਮਿਸ਼ਨਰ ਜਿਲ੍ਹੇ ਦੇ ਸਾਰੇ ਵਿਭਾਗਾਂ ਦੇ ਮੁੱਖੀ ਅਧਿਕਾਰੀਆਂ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਦਾ ਹੈ। ਪੰਜਾਬ ਦੇ ਵੱਖ-ਵੱਖ ਜਿਲਿ੍ਹਆਂ ਵਿੱਚ ਰਹੇ ਪਟਿਆਲਾ ਦੇ 5 ਮੁੱਖ ਸਕੱਤਰ /ਵਧੀਕ/ਸ਼ਪੈਸ਼ਲ ਮੁੱਖ ਸਕੱਤਰ ਤੇ ਦੋ ਦਰਜਨ ਦੇ ਲਗਪਗ ਮਰਦ ਡਿਪਟੀ ਕਮਿਸ਼ਨਰਾਂ ਵਿੱਚ ਅਨੁਰਿਧ ਤਿਵਾੜੀ, ਅਨੁਰਾਗ ਵਰਮਾ, ਕਰਨਵੀਰ ਸਿੰਘ ਸਿੱਧੂ, ਕਾਹਨ ਸਿੰਘ ਪੰਨੂੰ, ਵਿਕਾਸ ਪ੍ਰਤਾਪ, ਕੁਲਵੀਰ ਸਿੰਘ ਕੰਗ, ਹਰਕੇਸ਼ ਸਿੰਘ ਸਿੱਧੂ, ਐਸ.ਕੇ.ਆਹਲੂਵਾਲੀਆ, ਮਨਜੀਤ ਸਿੰਘ ਨਾਰੰਗ, ਮਹਿੰਦਰ ਸਿੰਘ ਕੈਂਥ, ਸ਼ਿਵਦੁਲਾਰ ਸਿੰਘ ਢਿਲੋਂ, ਅੰਮਿ੍ਰਤਪਾਲ ਸਿੰਘ ਵਿਰਕ, ਗੁਰਪਾਲ ਸਿੰਘ ਚਾਹਲ, ਜਸਕਿਰਨ ਸਿੰਘ, ਗੁਰਮੇਲ ਸਿੰਘ ਬੈਂਸ, ਅਮਰਜੀਤ ਸਿੰਘ ਸਿੱਧੂ, ਧਰਮਪਾਲ ਗੁਪਤਾ, ਸੁਰੇਸ਼ ਸ਼ਰਮਾ, ਵਰਿੰਦਰ ਸ਼ਰਮਾ, ਅਸ਼ੋਕ ਸਿੰਗਲਾ ਅਤੇ ਰਾਜੇਸ਼ ਧੀਮਾਨ ਹਨ। ਅਨੁਰਿਧ ਤਿਵਾੜੀ ਪੰਜਾਬ ਦੇ ਮੁੱਖ ਸਕੱਤਰ ਰਹੇ ਹਨ। ਉਹ ਬਹੁਤ ਹੀ ਮਹੱਤਵਪੂਰਨ ਵਿਭਾਗਾਂ ਦੇ ਮੁਖੀ ਅਤੇ ਸੰਗਰੂਰ ਦੇ ਡਿਪਟੀ ਕਮਿਸ਼ਨਰ ਵੀ ਰਹੇ ਹਨ। ਉਹ ਪਟਿਆਲਾ ਹੀ ਪੜ੍ਹੇ ਹਨ ਅਤੇ ਇੰਜਿਨੀਅਰਿੰਗ ਦੀ ਡਿਗਰੀ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਕਰਕੇ ਇਕਨਾਮਿਕਸ ਵਿੱਚ ਮਾਸਟਰ ਡਿਗਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਕੀਤੀ। ਉਨ੍ਹਾਂ ਮਾਸਟਰ ਡਿਗਰੀ ਇਨ ਇੰਟਰਨੈਸ਼ਨਲ ਡਿਵੈਲਪਮੈਂਟ ਪਾਲਿਸੀ ਡਿਊਕ ਯੂਨੀਵਰਸਿਟੀ ਤੋਂ ਪਾਸ ਕੀਤੀ। ਉਹ 1990 ਬੈਚ ਦੇ ਆਈ.ਏ.ਐਸ.ਅਧਿਕਾਰੀ ਹਨ। ਅਨੁਰਾਗ ਵਰਮਾ ਵਰਤਮਾਨ ਪੰਜਾਬ ਦੇ ਮੁੱਖ ਸਕੱਤਰ ਜੋ ਤਿੰਨ ਜਿਲਿ੍ਹਆਂ ਬਠਿੰਡਾ, ਲੁਧਿਆਣਾ ਤੇ ਜਲੰਧਰ ਦੇ ਡਿਪਟੀ ਕਮਿਸ਼ਨਰ ਰਹੇ। ਇਸ ਤੋਂ ਇਲਾਵਾ ਉਨ੍ਹਾਂ ਮਾਲ ਵਿਭਾਗ ਦੇ ਵਿਤ ਕਮਿਸ਼ਨਰ ਹੁੰਦਿਆਂ ਖੇਤੀਬਾੜੀ ਦੇ ਲੈਂਡ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਦਾ ਕੰਮ ਸ਼ੁਰੂ ਕਰਵਾਇਆ। ਪੰਜਾਬ ਦੇ 1000 ਪਿੰਡਾਂ ਵਿੱਚ ਪਲੇਅ ਗਰਾਊਂਡ ਅਤੇ ਪਾਰਕ ਬਣਵਾਏ। ਉਨ੍ਹਾਂ ਦਾ ਪਰਿਵਾਰ ਵਿਦਿਅਕ ਮਾਹਿਰਾਂ ਦਾ ਪਰਿਵਾਰ ਗਿਣਿਆਂ ਜਾਂਦਾ ਹੈ। ਅਨੁਰਾਗ ਵਰਮਾ ਦਾ ਪਿੰਡ ਚਲੈਲਾ ਪਟਿਆਲਾ ਜਿਲ੍ਹੇ ਵਿੱਚ ਹੈ। ਉਨ੍ਹਾਂ ਦੇ ਪਿਤਾ ਪ੍ਰੋ.ਬੀ.ਸੀ.ਵਰਮਾ ਮਹਿੰਦਰਾ ਕਾਲਜ ਦੇ ਪਿ੍ਰੰਸੀਪਲ ਅਤੇ ਮਾਤਾ ਪਿ੍ਰੰਸੀਪਲ ਕੌਸ਼ਲਿਆ ਵਰਮਾ ਉਪ ਜਿਲ੍ਹਾ ਸਿਖਿਆ ਅਧਿਕਾਰੀ ਸੇਵਾ ਮੁਕਤ ਹੋਏ ਹਨ। ਅਨੁਰਾਗ ਵਰਮਾ ਨੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਐਂਡ ਟੈਕਨਾਲੋਜੀ ਤੋਂ ਇਲੈਕਟ੍ਰਾਨਿਕ ਕਮਿਊਨੀਕੇਸ਼ਨ ਵਿੱਚ ਡਿਗਰੀ ਕੀਤੀ ਹੈ। ਉਹ ਗੋਲਡ ਮੈਡਲਿਸਟ ਹਨ। ਆਈ.ਏ.ਐਸ.ਦੇ 1993 ਬੈਚ ਵਿੱਚੋਂ 7ਵੇਂ ਨੰਬਰ ਤੇ ਆਏ ਸਨ। ਕਰਨਵੀਰ ਸਿੰਘ ਸਿੱਧੂ ਦਾ ਪਿਛੋਕੜ ਬਠਿੰਡਾ ਜਿਲ੍ਹੇ ਦਾ ਹੈ ਪ੍ਰੰਤੂ ਉਨ੍ਹਾਂ ਦੇ ਮਾਤਾ ਪਿਤਾ ਪਟਿਆਲਾ ਵਿਖੇ ਹੀ ਨੌਕਰੀ ਕਰਦੇ ਰਹੇ ਹਨ। ਉਹ ਯਾਦਵਿੰਦਰਾ ਪਬਲਿਕ ਸਕੂਲ ਪਟਿਆਲਾ ਹੀ ਪੜ੍ਹੇ ਹਨ ਅਤੇ ਥਾਪਰ ਇਨਸਟੀਚਿਊਟ ਆਫ ਇੰਜਿਨੀਅਰਿੰਗ ਤੋਂ ਇੰਜਿਨੀਅਰਿੰਗ ਦੀ ਡਿਗਰੀ ਗੋਲਡ ਮੈਡਲਿਸਟ ਲੈ ਕੇ ਪਾਸ ਕੀਤੀ ਹੈ। 1996-97 ਵਿੱਚ ਉਹ ਇੰਗਲੈਂਡ ਦੀ ਯੂਨੀਵਰਸਿਟੀ ਆਫ ਮਾਨਚੈਸਟਰ ਵਿੱਚ ਵੀ ਪੜ੍ਹੇ ਹਨ। ਉਹ ਕਈ ਮਹੱਤਵਪੂਰਨ ਵਿਭਾਗਾਂ ਦੇ ਸਕੱਤਰ ਅਤੇ ਸਪੈਸ਼ਲ ਮੁੱਖ ਸਕੱਤਰ ਸੇਵਾ ਮੁਕਤ ਹੋਏ ਹਨ। ਉਹ ਦਹਿਸ਼ਗਰਦੀ ਦੇ ਦਿਨਾ ਵਿੱਚ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਸਨ, ਜਦੋਂ ਇਕ ਜਹਾਜ ਅਗਵਾ ਹੋ ਗਿਆ ਸੀ ਤਾਂ ਉਨ੍ਹਾਂ ਅਗਵਾਕਾਰਾਂ ਨਾਲ ਜਹਾਜ ਵਿੱਚ ਜਾ ਕੇ ਗੱਲਬਾਤ ਕਰਕੇ ਸੁਰੈਂਡਰ ਕਰਵਾਇਆ ਤੇ ਮੁਸਾਫਰਾਂ ਨੂੰ ਛੁਡਵਾਇਆ ਸੀ। ਗਿਆਨ ਸਿੰਘ ਰਾੜੇਵਾਲਾ ਦਾ ਪਿਛੋਕੜ ਭਾਵੇਂ ਲੁਧਿਆਣਾ ਜਿਲ੍ਹੇ ਦਾ ਹੈ ਪ੍ਰੰਤੂ ਬਹੁਤਾ ਸਮਾਂ ਪਟਿਆਲਾ ਹੀ ਰਹੇ ਸਨ। ਉਨ੍ਹਾਂ ਦੀ ਪਤਨੀ ਮਨਮੋਹਨ ਕੌਰ ਪਟਿਆਲਾ ਤੋਂ ਲੋਕ ਸਭਾ ਦੀ ਚੋਣ ਵੀ ਲੜੀ ਸੀ। ਉਹ ਇੱਕੋ ਇੱਕ ਅਜਿਹੇ ਵਿਅਕਤੀ ਹਨ, ਜਿਹੜੇ ਪੈਪਸੂ ਵਿੱਚ ਪਟਿਆਲਾ ਦੇ ਡਿਪਟੀ ਕਮਿਸ਼ਨਰ, ਸ਼ੈਸ਼ਨਜ ਜੱਜ, ਹਾਈ ਕੋਰਟ ਦੇ ਜੱਜ, ਪੰਜਾਬ ਦੇ ਮੰਤਰੀ ਅਤੇ ਪੈਪਸੂ ਦੇ ਮੁੱਖ ਮੰਤਰੀ ਰਹੇ ਹਨ। ਉਹ ਵੀ ਇਮਾਨਦਾਰੀ ਦੇ ਪ੍ਰਤੀਕ ਦੇ ਤੌਰ ‘ਤੇ ਜਾਣੇ ਜਾਂਦੇ ਸਨ। ਹਰਕੇਸ਼ ਸਿੰਘ ਸਿੱਧੂ ਦੀ ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਨ ਵਿੱਚ ਬਹੁਤ ਵਧੀਆ ਕਾਰਗੁਜ਼ਾਰੀ ਰਹੀ ਹੈ। ਮਾਲ ਰਿਕਾਰਡ ਦਾ ਕੰਪਿਊਟਰੀਕਰਨ ਕਰਵਾਉਣ ਵਾਲੇ ਉਹ ਪਹਿਲੇ ਡਿਪਟੀ ਕਮਿਸ਼ਨਰ ਹਨ। ਭਾਵੇਂ ਬਾਕੀ ਜਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੇ ਵੀ ਕੰਪਿਊਟਰੀਕਰਨ ਕਰਵਾਇਆ ਹੈ ਪ੍ਰੰਤੂ ਹਰਕੇਸ਼ ਸਿੰਘ ਸਿੱਧੂ ਨੇ ਨਿਸਚਤ ਸਮੇਂ ਤੋਂ ਵੀ ਪਹਿਲਾਂ ਮੁਕੰਮਲ ਕਰਵਾ ਦਿੱਤਾ ਸੀ। ਉਨ੍ਹਾਂ ਦੀ ਨਿਰਪੱਖਤਾ ਅਤੇ ਇਮਾਨਦਾਰੀ ਕਈ ਵਾਰੀ ਉਨ੍ਹਾਂ ਲਈ ਮੁਸ਼ਕਲਾਂ ਖੜ੍ਹੀਆਂ ਕਰਦੀ ਰਹੀ, ਜਿਸ ਕਰਕੇ ਉਨ੍ਹਾਂ ਨੂੰ ਤਿੰਨ ਜਿਲਿ੍ਹਆਂ ਵਿੱਚ ਜਾਣਾ ਪਿਆ ਕਿਉਂਕਿ ਉਹ ਗ਼ਲਤ ਕੰਮਾਂ ਲਈ ਸਿਆਸਤਦਾਨਾ ਤੇ ਸੀਨੀਅਰ ਅਧਿਕਾਰੀਆਂ ਦੀ ਪਰਵਾਹ ਨਹੀਂ ਕਰਦੇ ਸਨ। ਉਸ ਨੇ ਮਾਲ ਵਿਭਾਗ ਵਿੱਚੋਂ ਭਰਿਸ਼ਟਾਚਾਰ ਖ਼ਤਮ ਕਰਨ ਦਾ ਆਪਣਾ ਨਿਰਾਲੇ ਢੰਗ ਨਾਲ ਕੰਮ ਕੀਤਾ ਹੈ। ਉਹ ਹਰ ਰੋਜ਼ ਰਜਿਸਟਰੀਆਂ ਕਰਵਾਉਣ ਵਾਲਿਆਂ ਨੂੰ ਟੈਲੀਫ਼ੋਨ ਕਰਕੇ ਪੁਛਦੇ ਸਨ ਕਿ ਉਨ੍ਹਾਂ ਨੇ ਰਿਸ਼ਵਤ ਤਾਂ ਨਹੀਂ ਦਿੱਤੀ। ਕਈ ਕੇਸਾਂ ਵਿੱਚ ਉਨ੍ਹਾ ਰਿਸ਼ਵਤ ਦੇ ਪੈਸੇ ਵਾਪਸ ਵੀ ਕਰਵਾਏ ਹਨ। ਉਹ ਆਪਣੇ ਪਿੰਡ ਦੇ ਸਰਪੰਚ ਰਹੇ ਹਨ, ਇਸ ਕਰਕੇ ਉਨ੍ਹਾਂ ਨੂੰ ਪਿੰਡਾਂ ਦੇ ਲੋਕਾਂ ਦੇ ਰਸਤੇ ਵਿੱਚ ਆਉਣ ਵਾਲੀਆਂ ਔਕੜਾਂ ਬਾਰੇ ਪੂਰੀ ਜਣਕਾਰੀ ਸੀ। ਇਸੇ ਤਰ੍ਹਾਂ ਐਸ.ਕੇ.ਆਹਲੂਵਾਲੀਆ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਦੀ ਯਾਦ ਵਿੱਚ ਆਯੋਜਤ ਕੀਤੇ ਜਾਂਦੇ ਫ਼ਤਿਹਗੜ੍ਹ ਦੇ ਸ਼ਹੀਦੀ ਜੋੜ ਮੇਲ ਦੇ ਮੌਕੇ ‘ਤੇ ਖੀਰ-ਪੂੜੇ, ਮਠਿਆਈਆਂ ਅਤੇ ਹੋਰ ਅਜਿਹੇ ਲੰਗਰ ਲਗਾਉਣ ‘ਤੇ ਪਾਬੰਦੀ ਲਾ ਕੇ ਸਿੱਖ ਧਰਮ ਦੀ ਪਵਿਤਰਤਾ ਬਰਕਰਾਰ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ ਸੀ, ਇਸ ਤੋਂ ਇਲਾਵਾ ਉਨ੍ਹਾਂ ਜੋੜ ਮੇਲ ਦੌਰਾਨ ਧਾਰਮਿਕ ਸ਼ਬਦਾਂ ਤੋਂ ਇਲਾਵਾ ਹੋਰ ਸਾਰੇ ਗਾਣਿਆਂ ਅਤੇ ਅਸੱਭਿਅਕ ਕਾਰਵਾਈਆਂ ਦੀ ਵੀ ਮਨਾਹੀ ਕਰ ਦਿੱਤੀ ਸੀ। ਫਤਿਹਗੜ੍ਹ ਸਾਹਿਬ ਦੇ ਐਂਟਰੀ ਪੁਅਇੰਟਾਂ ‘ਤੇ ਯਾਦਗਾਰੀ ਗੇਟਾਂ ਦੀ ਉਸਾਰੀ ਵੀ ਕਰਵਾਈ ਸੀ। ਜਿਹੜਾ ਕੰਮ ਕੋਈ ਸਿੱਖ ਡਿਪਟੀ ਕਮਿਸ਼ਨਰ ਵੀ ਨਹੀਂ ਕਰਵਾ ਸਕਿਆ ਉਹ ਕੰਮ ਐਸ.ਕੇ.ਆਹਲੂਵਾਲੀਆ ਨੇ ਕਰਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ। ਵਿਕਾਸ ਪ੍ਰਤਾਪ ਫਤਿਹਗੜ੍ਹ ਵਿਖੇ ਡਿਪਟੀ ਕਮਿਸ਼ਨਰ ਰਹੇ ਹਨ। ਉਹ ਬਹੁਤ ਮਿਹਨਤੀ ਅਤੇ ਦੂਰਅੰਦੇਸ਼ੀ ਨਾਲ ਵਿਕਾਸ ਦੇ ਕੰਮ ਕਰਵਾਉਂਦੇ ਰਹੇ ਹਨ। ਸ਼ਿਵਦੁਲਾਰ ਸਿੰਘ ਢਿਲੋਂ ਅੰਮਿ੍ਰਤਸਰ ਸੈਂਸੇਟਿਵ ਜਿਲ੍ਹਾ ਤੇ ਪਵਿਤਰ ਸ਼ਹਿਰ ਦੇ ਡਿਪਟੀ ਕਮਿਸ਼ਨਰ ਰਹੇ ਹਨ। ਜਦੋਂ ਭਾਰਤੀ ਜਵਾਨ ਵਿੰਗ ਕਮਾਂਡਰ ਅਭਿਨੰਦਨ ਵਰਥਮਨ ਦਾ ਜਹਾਜ ਪਾਕਿਸਤਾਨੀਆਂ ਨੇ ਸੁੱਟ ਲਿਆ ਸੀ, ਜਦੋਂ ਉਸ ਨੂੰ ਪਾਕਿਸਤਾਨ ਨੇ 1 ਮਾਰਚ 2019 ਨੂੰ ਵਾਹਗਾ ਸਰਹੱਦ ‘ਤੇ ਲਿਆਕੇ ਛੱਡਣਾ ਸੀ ਤਾਂ ਦੇਸ਼ ਵਿਦੇਸ਼ ਦਾ ਮੀਡੀਆ ਉਥੇ ਪਹੁੰਚਿਆ ਹੋਇਆ ਸੀ, ਜੋ ਉਸ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਸ਼ਿਵਦੁਲਾਰ ਸਿੰਘ ਢਿਲੋਂ ਨੇ ਬਹੁਤ ਹੀ ਸਿਆਣਪ ਅਤੇ ਸੰਜੀਦਗੀ ਨਾਲ ਉਸ ਹਾਲਾਤ ਨੂੰ ਕੰਟਰੋਲ ਕਰਕੇ ਅਭਿਨੰਦਨ ਵਰਥਮਨ ਨੂੰ ਭਾਰਤੀ ਫ਼ੌਜੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾਂ ਕੋਵਿਡ ਦੌਰਾਨ ਹਜ਼ੂਰ ਸਾਹਿਬ ਤੋਂ 200 ਸ਼ਰਧਾਲੂਆਂ ਨੂੰ ਲਿਆਕੇ ਕੈਂਪਾਂ ਵਿੱਚ ਠਹਿਰਾਇਆ ਜਦੋਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਰਕਾਰੀ ਅਧਿਕਾਰੀ ਅਤੇ ਰਾਜ ਕਰ ਰਹੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਨੇਤਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਰਾਂ ਵਿੱਚ ਠਹਿਰਾਉਣਾ ਚਾਹੁੰਦੇ ਸਨ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸ਼ਰੋਮਣੀ ਕਮੇਟੀ ਦੀ ਸਰਾਂ ਵਿੱਚੋਂ ਸ਼ਰਧਾਲੂਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਕੋਈ ਰੋਕ ਨਹੀਂ ਸਕਦਾ, ਜਿਸ ਕਰਕੇ ਕਰੋਨਾ ਫੈਲਣ ਦਾ ਡਰ ਹੋਵੇਗਾ। ਉਨ੍ਹਾਂ ਦਿਨਾਂ ਵਿੱਚ ਤਬਲੀਕੀ ਜਮਾਤ ਤੇ ਕਰੋਨਾ ਫੈਲਾਉਣ ਦੇ ਇਲਜ਼ਾਮ ਲੱਗ ਰਹੇ ਸਨ। ਕਰੋਨਾ ਸੰਬੰਧੀ ਸਾਮਾਨ ਖ੍ਰੀਦਣ ਲਈ ਸਰਦੇ ਪੁਜਦੇ ਲੋਕਾਂ ਦੇ ਸਹਿਯੋਗ ਨਾਲ ਰੀਬੋਟ ਪ੍ਰਣਾਲੀ ਰਾਹੀਂ ਦਵਾਈਆਂ ਤੇ ਖਾਣਾ ਮਰੀਜਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਵ ਦੇ ਮੌਕੇ ‘ਤੇ 84 ਮੁਲਕਾਂ ਦੇ ਨੁਮਾਇੰਦਿਆਂ ਨੂੰ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਵਾਉਣ ਅਤੇ ਠਹਿਰਾਉਣ ਦੇ ਪ੍ਰਬੰਧ ਕੀਤੇ। ਇਨ੍ਹਾਂ ਸਾਰੇ ਕੰਮਾ ਕਰਕੇ ਉਨ੍ਹਾਂ ਨੇ ਬਿਹਤਰੀਨ ਪ੍ਰਬੰਧਕ ਹੋਣ ਦਾ ਸਬੂਤ ਦਿੱਤਾ। ਵਾਤਾਵਰਨ ਪ੍ਰੇਮੀ ਕਾਹਨ ਸਿੰਘ ਪੰਨੂੰ 1990 ਬੈਚ ਦੇ ਆਈ.ਏ.ਐਸ. ਅੰਮਿ੍ਰਤਸਰ ਵਿਖੇ ਕਾਬਲ ਅਧਿਕਾਰੀ ਸਾਬਤ ਹੋਏ ਹਨ। ਪੰਜਾਬ ਪਾਲੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਹੁੰਦਿਆਂ ਮਹੱਤਵਪੂਰਨ ਸੁਧਾਰ ਕੀਤੇ। ਗੁਰਮੇਲ ਸਿੰਘ ਬੈਂਸ ਫਤਿਹਗੜ੍ਹ ਸਾਹਿਬ ਤੇ ਮਾਨਸਾ ਤੇ ਜਸਕਿਰਨ ਸਿੰਘ ਸੰਗਰੂਰ, ਮੁਕਤਸਰ ਤੇ ਕਪੂਰਥਲਾ, ਡੀ.ਸੀ.ਹੁੰਦਿਆਂ ਸਪੋਰਟਸ ਅਤੇ ਪ੍ਰਬੰਧਕੀ ਅਨੁਸ਼ਾਸ਼ਨ ਕਾਇਮ ਰੱਖਣ ਵਿੱਚ ਵਿਲੱਖਣ ਯੋਗਦਾਨ ਪਾਇਆ। ਮਨਜੀਤ ਸਿੰਘ ਨਾਰੰਗ ਫੀਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਹੁੰਦਿਆਂ ਸਰਹੱਦੀ ਜਿਲ੍ਹੇ ਵਿੱਚ ਟ੍ਰੈਫਿਕ ਸਮੱਸਿਆ ਦਾ ਹਲ ਕਰਵਾਇਆ। ਸਟਰੀਟ ਲਾਈਟਾਂ ਲਗਵਾਈਆਂ ਅਤੇ ਲੋਕਾਂ ਨੂੰ ਟ੍ਰੈਫਿਕ ਸੰਬੰਧੀ ਜਾਣਕਾਰੀ ਦੇਣ ਦੇ ਯੋਗ ਪ੍ਰਬੰਧ ਕੀਤੇ। ਇਥੋਂ ਤੱਕ ਕਿ ਸਕੂਲਾਂ ਵਿੱਚ ਟ੍ਰੈਫਿਕ ਬਾਰੇ ਬੱਚਿਆਂ ਵਿੱਚ ਜਾਗ੍ਰਤੀ ਪੈਦਾ ਕਰਵਾਉਣ ਲਈ ਭਾਸ਼ਣ ਯੋਗਤਾਵਾਂ ਕਰਵਾਈਆਂ। ਸਵੈ ਸੇਵੀ ਸੰਸਥਾਵਾਂ ਅਤੇ ਪੰਚਾਇਤਾਂ ਨੂੰ ਵਿਕਾਸ ਦੇ ਹਿੱਸੇਦਾਰ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੂੰ ਦਫਤਰ ਅਤੇ ਘਰ ਕਦੀਂ ਵੀ ਕੋਈ ਵਿਅਕਤੀ ਬਿਨਾ ਝਿਜਕ ਆ ਕੇ ਮਿਲ ਸਕਦਾ ਸੀ। ਧਰਮਪਾਲ ਗੁਪਤਾ ਬਰਨਾਲਾ ਤੇ ਮਾਨਸਾ ਡਿਪਟੀ ਕਮਿਸ਼ਨਰ ਹੁੰਦਿਆਂ ਸ਼ਰਾਫਤ ਤੇ ਨੇਕਨੀਤੀ ਨਾਲ ਫਰਜ ਨਿਭਾਏ। ਕੁਲਵੀਰ ਸਿੰਘ ਕੰਗ ਮੋਗਾ ਵਿਖੇ ਬੇਬਾਕੀ ਨਾਲ ਕੰਮ ਕੀਤੇ। ਗੁਰਪਾਲ ਸਿੰਘ ਚਾਹਲ ਮਾਨਸਾ ਵਿਖੇ ਡਿਪਟੀ ਕਮਿਸ਼ਨਰ ਹੁੰਦਿਆਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਕੰਮਾਂ ਨੂੰ ਤੁਰਤ ਫੁਰਤ ਹੱਲ ਕਰਕੇ ਨਾਮਣਾ ਖੱਟਿਆ। ਅਮਰਜੀਤ ਸਿੰਘ ਸਿੱਧੂ ਪਟਿਆਲਾ ਵਿਖੇ ਸ਼ਰਾਫਤ ਨਾਲ ਫਰਜ ਨਿਭਾਏ। ਵਰਿੰਦਰ ਸ਼ਰਮਾ ਮਾਨਸਾ, ਜਲੰਧਰ ਅਤੇ ਲੁਧਿਆਣਾ ਡਿਪਟੀ ਕਮਿਸ਼ਨਰ ਰਹੇ ਹਨ। ਉਸ ਦਾ ਆਮ ਲੋਕਾਂ ਨਾਲ ਵਿਵਹਾਰ ਬਹੁਤ ਹੀ ਸਦਭਾਵਨਾ ਵਾਲਾ ਰਿਹਾ, ਇਸ ਕਰਕੇ ਲੋਕ ਉਸ ਨੂੰ ਅਪਣੱਤ ਨਾਲ ਆਪਣਾ ਡੀ.ਸੀ.ਕਹਿੰਦੇ ਸਨ। ਉਸ ਨੇ ਪੰਜਾਬੀ ਵਿੱਚ ਆਈ.ਏ.ਐਸ. ਦਾ ਇਮਤਿਹਾਨ ਪਾਸ ਕੀਤਾ। ਉਹ ਭਾਗਸੀ ਪਿੰਡ ਤੋਂ ਹਨ, ਉਨ੍ਹਾਂ ਦੇ ਪਿਤਾ ਜੀਤ ਰਾਮ ਸ਼ਰਮਾ ਅਧਿਆਪਕ ਹਨ। ਵਰਿੰਦਰ ਸ਼ਰਮਾ ਨੇ ਮੁੱਢਲੀ ਦਸਵੀਂ ਤੱਕ ਦੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਬੀ.ਟੈਕ.ਚੰਡੀਗੜ੍ਹ ਇੰਜਿਨੀਅਰਿੰਗ ਕਾਲ ਤੋਂ ਪਾਸ ਕੀਤੀ। ਸੁਰੇਸ਼ ਸ਼ਰਮਾ ਮੋਗਾ, ਅੰਮਿ੍ਰਤਪਾਲ ਸਿੰਘ ਵਿਰਕ ਸੰਗਰੂਰ ਤੇ ਬਰਨਾਲਾ, ਰਾਜੇਸ਼ ਧੀਮਾਨ ਫੀਰੋਜਪੁਰ ਅਤੇ ਅਸ਼ੋਕ ਸਿੰਗਲਾ ਫਤਿਹਗੜ੍ਹ ਸਾਹਿਬ ਤੇ ਮੋਗਾ ਦੇ ਡਿਪਟੀ ਕਮਿਸ਼ਨਰ ਰਹੇ ਹਨ। ਵੈਸੇ ਤਾਂ ਹਰ ਡਿਪਟੀ ਕਮਿਸ਼ਨਰ ਨੇ ਆਪਣੀ ਯੋਗਤਾ ਅਨੁਸਾਰ ਚੰਗੇ ਕੰਮ ਕੀਤੇ ਹਨ। ਹਰ ਵਿਅਕਤੀ ਦੀ ਕੰਮ ਕਰਨ ਦੀ ਆਪਣੀ ਸੋਚ ਅਤੇ ਤੌਰ ਤਰੀਕਾ ਹੁੰਦਾ ਹੈ। ਪਟਿਆਲਾ ਤੋਂ ਜਗਜੀਤ ਪੁਰੀ ਅਤੇ ਅਸ਼ੋਕ ਗੋਇਲ ਸ੍ਰ.ਬੇਅੰਤ ਸਿੰਘ ਮੁੱਖ ਮੰਤਰੀ ਡਿਪਟੀ ਪਿ੍ਰੰਸੀਪਲ ਸਕੱਤਰ ਰਹੇ ਹਨ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.