ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਵਿੱਚ ਰਹਿੰਦਿਆਂ ਉਸ ਨੂੰ ਆਪਣੀਆਂ ਖੁਸ਼ੀਆਂ- ਗ਼ਮੀਆਂ, ਦੁੱਖ- ਸੁੱਖ, ਇੱਕ ਦੂਜੇ ਨਾਲ ਸਾਂਝੇ ਕਰਨੇ ਪੈਂਦੇ ਹਨ। ਇਹ ਸਭ ਬੋਲੀ ਜਾਂ ਭਾਸ਼ਾ ਦੁਆਰਾ ਹੀ ਸੰਭਵ ਹੁੰਦਾ ਹੈ। ਸੰਸਾਰ ਦੇ ਸਾਰੇ ਜੀਵਾਂ ਵਿੱਚੋਂ ਮਨੁੱਖ ਸਭ ਤੋਂ ਪ੍ਰਮੁੱਖ ਹੈ । ਉਸ ਨੂੰ ਭਾਸ਼ਾ ਨੇ ਵੱਖਰਾ ਤੇ ਉੱਤਮ ਜੀਵ ਬਣਾਇਆ ਹੈ । ਭਾਸ਼ਾ ਆਪਸੀ ਸੰਪਰਕ ਦਾ ਇੱਕ ਅਹਿਮ ਹਿੱਸਾ ਹੈ। ਹਾਲਾਂਕਿ ਸਾਰੀਆਂ ਜਾਤੀਆਂ ਦੇ ਸੰਚਾਰ ਕਰਨ ਦੇ ਆਪਣੇ ਤਰੀਕੇ ਹਨ । ਕੇਵਲ ਮਨੁੱਖ ਹੀ ਹਨ ਜਿਨ੍ਹਾਂ ਨੂੰ ਬੋਧਾਤਮਕ ਭਾਸ਼ਾ ਸੰਚਾਰ ਵਿੱਚ ਮੁਹਾਰਤ ਹਾਸਲ ਹੈ । ਭਾਸ਼ਾ ਸਾਨੂੰ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨ ਦੀ ਇਜਾਜ਼ਤ ਦਿੰਦੀ ਹੈ । ਭਾਸ਼ਾ ਦੀ ਮਹੱਤਤਾ ਨੂੰ ਇਸ ਤੱਥ ਤੋਂ ਦੇਖਿਆ ਜਾ ਸਕਦਾ ਹੈ ਕਿ ਭਾਸ਼ਾਵਾਂ ਦੀ ਮਦਦ ਨਾਲ ਵਿਅਕਤੀ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰ ਸਕਦਾ ਹੈ। ਭਾਸ਼ਾਵਾਂ ਇੱਕ ਸਮਾਜ ਦਾ ਨਿਰਮਾਣ ਕਰ ਵੱਖ- ਵੱਖ ਸੱਭਿਆਚਾਰਾਂ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ। ਕਿਸੇ ਵਿਅਕਤੀ ਦੀ ਸ਼ਖਸੀਅਤ ਦੇ ਵਿਕਾਸ ਵਿੱਚ ਭਾਸ਼ਾ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ, ਕਿਉਂਕਿ ਸੰਚਾਰ ਸਾਡੇ ਜੀਵਨ ਨੂੰ ਚਲਾਉਂਦਾ ਤੇ ਬਿਹਤਰ ਬਣਾਉਂਦਾ ਹੈ। ਮੂਲ ਰੂਪ ਵਿੱਚ, ਭਾਸ਼ਾ ਮਨੁੱਖਾਂ ਨੂੰ ਜਾਨਵਰਾਂ ਤੋਂ ਵੱਖਰਾ ਕਰਦੀ ਹੈ ।
ਦੁਨੀਆ ਦੇ 8 ਅਰਬ ਲੋਕ ਅਤੇ 195 ਆਜ਼ਾਦ ਦੇਸ਼ਾ ਵਿੱਚ ਲਗਭਗ 6500 ਹਜ਼ਾਰ ਭਾਸ਼ਾਵਾਂ ਬੋਲਦੇ ਹਨ। ਇਹ ਭਾਸ਼ਾਵਾਂ ਸਮੇਂ ਦੇ ਨਾਲ ਹੌਲੀ-ਹੌਲੀ ਵਿਕਸਤ ਹੋਈਆ ਹਨ। ਸਭ ਸੱਭਿਆਚਾਰਕ ਅਤੇ ਸਮਾਜਿਕ ਪੋਸ਼ਣ ਲਈ ਜ਼ਰੂਰੀ ਹਨ। ਸੰਸਾਰ ਵਿੱਚ ਸ਼ਾਂਤੀ ਨਾਲ ਰਹਿਣ ਲਈ ਇੱਕ ਦੂਜੇ ਦੇ ਸੱਭਿਆਚਾਰ, ਨਿਯਮਾਂ, ਧਰਮ ਅਤੇ ਪਰੰਪਰਾਵਾਂ ਨੂੰ ਸਮਝਣ ਲਈ ਭਾਸ਼ਾ ਦਾ ਅਹਿਮ ਸਥਾਨ ਹੈ। ਹਰ ਦੇਸ਼ ਦੀ ਆਪਣੀ ਸਰਕਾਰੀ ਭਾਸ਼ਾ ਹੈ। ਉਸ ਭਾਸ਼ਾ ਨੂੰ ਮਹੱਤਵ ਦਿੰਦੇ ਹਨ ਜੋ ਉਨ੍ਹਾਂ ਨੂੰ ਦੂਜੇ ਦੇਸ਼ਾਂ ਨਾਲੋਂ ਵੱਖਰੀ ਪਹਿਚਾਣ ਦਵਾਉਦੀ ਹੈ । ਸਕੂਲ ਵਿੱਚ ਪੜਾਈ ਤੋਂ ਇਲਾਵਾ, ਰਾਸ਼ਟਰ ਦਾ ਪ੍ਰਸ਼ਾਸਨਿਕ ਕੰਮ ਸਰਕਾਰੀ ਭਾਸ਼ਾ ਵਿੱਚ ਕੀਤਾ ਜਾਂਦਾ ਹੈ। ਸਥਾਨਕ ਭਾਸ਼ਾ ਵਿੱਚ ਹੀ ਕੌਮ ਦਾ ਸੱਭਿਆਚਾਰਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ।
ਬੋਲੀ ਜਾਂ ਭਾਸ਼ਾ ਦੇ ਰੂਪ
ਭਾਸ਼ਾ ਦੀ ਖ਼ੂਬਸੂਰਤੀ ਇਹ ਹੈ ਕਿ ਇਸ ਵਿਚ ਸੈਂਕੜੇ ਕਿਸਮਾਂ ਸ਼ਾਮਲ ਹਨ ਪਰ ਸਿੱਖਣ ਦੀ ਸੁਰੂਆਤ ਮਾਂ ਅਤੇ ਮਾਂ ਬੋਲੀ ਤੋ ਹੀ ਹੁੰਦੀ ਹੈ । ਇਹ ਭਾਵਨਾਵਾਂ ਨੂੰ ਪ੍ਰਗਟਾਉਣ ਦਾ ਸਭ ਤੋਂ ਉੱਤਮ ਵਸੀਲਾ ਹੈ। ਭਾਸ਼ਾ ਨਾਲ ਮਾਂ ਹੀ ਬੱਚੇ ਦੀ ਪਹਿਲੀ ਸਾਂਝ ਪੁਆਉਂਦੀ ਹੈ । ਬੱਚੇ ਵੀ ਸਭ ਤੋ ਪਹਿਲਾ ਮਾਂ ਸਬਦ ਹੀ ਬੋਲਦੇ ਹਨ ।ਜਨਮ ਤੋਂ ਬਾਅਦ ਜਿਹੜੀ ਭਾਸ਼ਾ ਵਿਚ ਲੋਰੀਆਂ ਬਾਤਾਂ, ਕਹਾਣੀਆਂ, ਗੀਤ,ਘੋੜੀਆਂ, ਸੁਹਾਗ ਅਤੇ ਖ਼ੁਸ਼ੀ-ਗ਼ਮੀ ਸਮੇ ਜੋ ਬੋਲਦਾ ਸੁਣਦੇ ਹਾ।ਉਹ ਭਾਸ਼ਾ ਹੀ ਬੱਚੇ ਦੀ ਮਾਂ-ਬੋਲੀ ਅਖਵਾਉਂਦੀ ਹੈ । ਮਾਂ ਬੱਚੇ ਨੂੰ ਜਨਮ ਦੇਣ ਵਾਲੀ ਹੀ ਨਹੀਂ, ਬੱਚੇ ਦੀ ਪਹਿਲੀ ਅਧਿਆਪਕ ਵੀ ਹੁੰਦੀ ਹੈ । ਜਿਥੋ ਉੁਹ ਸਿੱਖਣ ਦੀ ਪਹਿਲੀ ਪੁਲਾਘ ਪੁੱਟਦਾ ਹੈ ।
ਬੋਲਚਾਲ ਅਤੇ ਲਿਖਤੀ ਬੋਲੀ - ਜਦੋਂ ਅਸੀਂ ਆਪਣੇ ਮਨ ਦੇ ਵਿਚਾਰਾਂ ਨੂੰ ਬੋਲ ਕੇ ਪ੍ਰਗਟ ਕਰਦੇ ਉਸ ਨੂੰ ਬੋਲਚਾਲ ਦੀ ਜਾਂ ਮੌਖਿਕ ਬੋਲੀ ਆਖਦੇ ਹਨ। ਇਸ ਦੀ ਵਰਤੋ ਆਮ ਗੱਲਬਾਤ ਲਈ ਕੀਤੀ ਜਾਦੀ ਹੈ । ਆਪਣੇ ਮਨ ਦੇ ਭਾਵਾਂ ਨੂੰ ਲਿਖ ਕੇ ਪੇਸ਼ ਕਰਦੇ ਹਾਂ ਤਾਂ ਉਸ ਨੂੰ ਲਿਖਤੀ ਬੋਲੀ, ਟਕਸਾਲੀ ਬੋਲੀ ਜਾਂ ਸਾਹਿਤਕ ਬੋਲੀ ਆਖਦੇ ਹਨ। ਇਹ ਭਾਸ਼ਾ ਵਿਆਕਰਨਿਕ ਨਿਯਮਾਂ ਵਿੱਚ ਬੱਝੀ ਹੁੰਦੀ ਹੈ। ਭਾਵਾਂ ਦਾ ਪ੍ਰਗਟਾਵਾ ਠੀਕ ਕਰਨ ਲਈ ਢੁੱਕਵੇਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਲੇਖਕ, ਸਾਹਿਤਕਾਰ, ਵਿਦਵਾਨ ਆਪਣੀਆਂ ਲਿਖਤਾ ਵਿੱਚ ਭਾਸ਼ਾ ਦੀ ਸੁਚੱਜੀ ਵਰਤੋ ਨਾਲ ਪਾਠਕਾ ਨੂੰ ਜੋੜ ਕੇ ਰੱਖਦੇ ਹਨ ।
ਰਾਜ ਭਾਸ਼ਾ - ਰਾਜ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਨੂੰ ਰਾਜ ਭਾਸ਼ਾ ਆਖਦੇ ਹਨ। ਉਸ ਰਾਜ ਵਿੱਚ ਵਿਦਿਅਕ ਅਦਾਰੇ ਤੇ ਸਰਕਾਰੀ ਦਫਤਰਾ ਦੇ ਕੰਮ ਕਾਜ ਰਾਜ ਭਾਸ਼ਾ ਵਿੱਚ ਹੀ ਹੁੰਦੇ ਹਨ। ਸਰਕਾਰੀ ਨੌਕਰੀ ਪ੍ਰਪਤ ਕਰਨ ਲਈ ਦਸਵੀ ਜਮਾਤ ਵਿੱਚ ਰਾਜ ਭਾਸ਼ਾ ਪੜੀ ਹੋਣਾ ਲਾਜਮੀ ਹੈ ਤਾ ਜੋ ਸਥਾਨਕ ਲੋਕੀ ਦੀਆ ਮੁਸਕਲਾ ਸੋਖਿਆ ਸਮਝਿਆ ਜਾ ਸਕੇ । ਰਾਜ ਦਾ ਸੱਭਿਆਚਾਰ,ਸੰਸਕ੍ਰਿਤੀ,ਰੀਤੀ-ਰਿਵਾਜਾ ਨੂੰ ਸਥਾਨਕ ਭਾਸ਼ਾ ਤੋ ਬਿਨਾ ਨਹੀ ਸਮਝਿਆ ਜਾ ਸਕਦਾ । ਇਲਾਕੇ ਦੀ ਭਿੰਨਤਾ ਆ ਜਾਣ ਦੇ ਕਾਰਨ ਬੋਲੀ ਦੇ ਜੋ ਵੱਖ-ਵੱਖ ਰੂਪ ਮਿਲਦੇ ਹਨ, ਉਸ ਨੂੰ ਉਪ-ਬੋਲੀ ਜਾਂ ਉਪ-ਭਾਸ਼ਾ ਆਖਦੇ ਹਨ। ਭਾਸ਼ਾ ਸਾਰੇ ਭੂਗੋਲਿਕ ਇਲਾਕਿਆਂ ਵਿੱਚ ਇੱਕੋ ਜਿਹੀ ਨਹੀਂ ਹੁੰਦੀ। ਸਥਾਨ ਬਦਲਣ ਕਾਰਨ ਭਾਸ਼ਾ ਵਿੱਚ ਵਿਸ਼ੇਸ਼ ਸਥਾਨਕ ਰੰਗ ਵੇਖਣ ਨੂੰ ਮਿਲਦੇ ਹਨ।
ਪੰਜਾਬੀ ਦੀਆਂ ਉਪ--ਬੋਲੀਆਂ
ਪੰਜਾਬੀ ਭਾਸ਼ਾ ਵਿੱਚ ਮਾਝੀ, ਦੁਆਬੀ, ਮਲਵਈ, ਮੁਲਤਾਨੀ, ਪੋਠੋਹਾਰੀ ਪੁਆਧੀ ਆਦਿ ਪ੍ਰਸਿੱਧ ਉਪ-ਬੋਲੀਆਂ ਹਨ। 1947 ਵਿੱਚ ਦੇਸ਼ ਦੀ ਵੰਡ ਸਮੇਂ ਪੰਜਾਬੀ ਬੋਲਦਾ ਵੱਡਾ ਹਿੱਸਾ ਪਾਕਿਸਤਾਨ ਵਿੱਚ ਜਾਣ ਕਰਕੇ ਪੋਠੋਹਾਰੀ ਅਤੇ ਮੁਲਤਾਨੀ ਉਪ-ਭਾਸ਼ਾਵਾਂ ਪਾਕਿਸਤਾਨ ਵਿੱਚ ਬੋਲਦੇ ਹਨ। (1) ਅੰਮ੍ਰਿਤਸਰ, ਗੁਰਦਾਸਪੁਰ, ਬਟਾਲਾ, ਤਰਨਤਾਰਨ, ਬਿਆਸ, ਪਠਾਨਕੋਟ ਆਦਿ ਇਲਾਕਿਆਂ ਵਿੱਚ ਮਾਝੀ ਬੋਲੀ ਜਾਂਦੀ ਹੈ। ਇਹ ‘ਮਾਝੇ ਦੇ ਇਲਾਕੇ ਦੇ ਨਾਂ ਨਾਲ ਪ੍ਰਚੱਲਤ ਹੈ। ਇੱਥੋਂ ਦੇ ਰਹਿਣ ਵਾਲਿਆਂ ਨੂੰ ‘ਮਝੈਲ’ਕਹਿੰਦੇ ਹਨ। ਇੱਥੇ ਵਰਤੇ ਜਾਂਦੇ ਡਿਹਾ, ਉਹਦਾ, ਬੱਧਾ, ਡਿੱਠਾ ਖਾਸ ਸ਼ਬਦ ਪ੍ਰਚਿੱਲਤ ਹਨ। (2) ਦੁਆਬਾ ਖੇਤਰ –ਦਰਿਆ ਸਤਲੁਜ ਅਤੇ ਬਿਆਸ ਦੇ ਨਾਲ ਲਗਦੇ ਜਿਲੇ ਜਿਵੇ ਜਲੰਧਰ, ਕਪੂਰਥਲਾ, ਨਕੋਦਰ, ਨਵਾਂਸ਼ਹਿਰ, ਫਗਵਾੜਾ ਹੁਸ਼ਿਆਰਪੁਰ, ਬੰਗਾ, ਫਿਲੌਰ ਅਤੇ ਸਹੀਦ ਭਗਤ ਸਿੰਘ ਨਗਰ ਆਦਿ ਇਲਕਿਆਂ ਵਿੱਚ ਦੁਆਬੀ ਬੋਲੀ ਜਾਂਦੀ ਹੈ ।ਇਸ ਖੇਤਰ ਨੂੰ ਦੁਆਬਾ ਤੇ ਲੋਕਾ ਨੂੰ ਦੁਆਬੀਏ ਆਖਦੇ ਹਨ। ਇੱਥੇ ਮੁੱਖ ਤੌਰ ਤੇ ਬਿਚੋਲਾ, ਬੱਖੀ, ਖੱਟਾ, ਬੰਗਾ ਆਦਿ ਸ਼ਬਦ ਬੋਲਦੇ ਹਨ (3) ਮਾਲਵਾ ਖੇਤਰ -- ਬਠਿੰਡਾ, ਮੁਕਤਸਰ, ਮਾਨਸਾ ਬਰਨਾਲਾ, ਫਿਰੋਜਪੁਰ, ਫਰੀਦਕੋਟ,ਮੋਗਾ, ਲੁਧਿਆਣਾ, ਸੰਗਰੂਰ, ਪਟਿਆਲਾ, ਫਤਹਿਗੜ ਸਾਹਿਬ ਅਤੇ ਸਿਰਸਾ (ਹਰਿਆਣਾ) ਸਤਲੁਜ ਤੋਂ ਉਪਰ ਦੇ ਪਾਸੇ ਮਲਵਈ ਬੋਲਦੇ ਹਨ। ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਇਥੇ ਦੇ ਲੋਕਾ ਨੂੰ ਮਲਵਈ ਆਖਦੇ ਹਨ ਤੇ ਇਹ ਇਲਾਕਾ ‘ਮਾਲਵੇ ਦੇ ਨਾਂ ਨਾਲ ਮਸਹੂਰ ਹੈ। ਅਸੀਂ ਦੀ ਥਾਂ ਆਪ, ਕਰਦਾ ਦੀ ਥਾਂ ਕਰਨਾ, ਖੜ੍ਹ ਜਾ ਆਦਿ ਸ਼ਬਦ ਵਰਤਦੇ ਹਨ। (4) ਪੁਆਧੀ ਉਪ-ਬੋਲੀ ਜ਼ਿਲ੍ਹਾ ਰੋਪੜ,ਮੋਹਾਲੀ ਅਤੇ ਸਿਰਸਾ,ਅੰਬਾਲਾ (ਹਰਿਆਣਾ)ਜਿਲ੍ਹੇ ਦੇ ਪੇਂਡੂ ਇਲਾਕਿਆ ,ਪਟਿਆਲਾ ਪੂਰਬੀ ਤੇ ਫਤਹਿਗੜ੍ਹ ਸਾਹਿਬ, ਦੇ ਕੁਝ ਹਿੱਸਿਆਂ ਵਿੱਚ ਪੁਆਧੀ ਬੋਲਦੇ ਹਨ । ਇਸ ਨੂੰ ‘ਪੁਆਧ ਦਾ ਇਲਾਕਾ ਕਹਿੰਦੇ ਹਨ ਤੇ ਰਹਿਣ ਵਾਲਿਆਂ ਨੂੰ ‘ਪੁਆਧੜ ਜਾ ਪੁਆਧੀ ਆਖਦੇ ਹਨ।ਇਸ ਇਲਾਕੇ ਵਿੱਚ ਸਾਨੂੰ ਦੀ ਜਗ੍ਹਾ ਹਮੇਂ ਸ਼ਬਦਾ ਦੀ ਵਰਤੋਂ ਕੀਤੀ ਜਾਂਦੀ ਹੈ। (5) ਪੋਠੋਹਾਰੀ ਭਾਸ਼ਾ ਪਾਕਿਸਤਾਨ ਦੇ ਜਿਹਲਮ ,ਕੈਮਲਪੁਰ ਅਤੇ ਰਾਵਲਪਿੰਡੀ ਦੇ ਪਹਾੜੀ ਇਲਾਕੇ ਵਿੱਚ ਬੋਲਦੇ ਹਨ। ਇਸ ਇਲਾਕੇ ਵਿੱਚ ਨੂੰ ਦੀ ਥਾ ਕੀ ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ- ਉਸ ਨੂੰ ਦੀ ਥਾਂ ਉਸ ਕੀ ਸ਼ਬਦ ਵਰਤਿਆ ਜਾਂਦਾ ਹੈ। (6) ਮੁਲਤਾਨੀ ਪਾਕਿਸਤਾਨ ਦੇ ਮੁਲਤਾਨ, ਬਹਾਵਲਪੁਰ, ਝੰਗ ਅਤੇ ਡੇਰਾ ਗਾਜੀ ਖਾਂ ,ਮੁਜ਼ਫਰਗੜ ਵਿੱਚ ਇਹ ਉਪ-ਬੋਲੀ ਬੋਲਦੇ ਹਨ। ਇਸ ਉਪ-ਬੋਲੀ ਵਿੱਚ ਮੁੰਡਾ, ਤੋੜਾ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ। -(7). ਡੋਗਰੀ - ਜੰਮੂ ਅਤੇ ਕਾਂਗੜੇ ਵਿੱਚ ਬੋਲਦੇ ਹਨ। ਇੱਥੋਂ ਦੇ ਲੋਕ ਦੇ, ਦੀ ਸ਼ਬਦ ਬਹੁਤ ਵਰਤੋਂ ਕਰਦੇ ਹਨ । ਜਿਵੇਂ - ਗਏ ਦੋ ਨੇ, ਆਇਆ ਦਾ ਏ ਆਦਿ।
ਰਾਸ਼ਟਰੀ ਭਾਸ਼ਾ – ਹਿੰਦੀ ਸਮੁੱਚੇ ਭਾਰਤ ਦੀ ਸਾਂਝੀ ਰਾਸ਼ਟਰੀ ਭਾਸ਼ਾ ਭਾਸ਼ਾ ਹੈ। ਇਹ ਦੇਸ਼ ਵਿੱਚ ਬੋਲਚਾਲ ਦਾ ਮੁੱਖ ਸਾਧਨ ਹੈ, ਜਿਸਦੀ ਵਰਤੋਂ ਸਰਕਾਰ, ਸਿੱਖਿਆ, ਸਿਨੇਮਾ, ਮੀਡੀਆ ਅਤੇ ਕਾਰੋਬਾਰ ਵਿੱਚ ਕੀਤੀ ਜਾਂਦੀ ਹੈ। ਹਿੰਦੀ ਦਾ ਗਿਆਨ ਭਾਰਤੀ ਸੱਭਿਆਚਾਰ ਅਤੇ ਸਮਾਜ ਵਿੱਚ ਡੂੰਘੀ ਸਮਝ ਅਤੇ ਏਕੀਕਰਨ ਦੀ ਆਗਿਆ ਦਿੰਦਾ ਹੈ ਹਾਲਾਂਕਿ ਬਹੁਤ ਸਾਰਾ ਰਾਸ਼ਟਰੀ ਕਾਰੋਬਾਰ ਅੰਗਰੇਜ਼ੀ ਅਤੇ ਭਾਰਤੀ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ ਹੋਰ ਭਾਸ਼ਾਵਾਂ ਵਿੱਚ ਵੀ ਕੀਤਾ ਜਾਂਦਾ ਹੈ। ਹਿੰਦੀ ਦੇਸ਼ ਦੀ ਅਨੇਕਤਾ ਨੂੰ ਏਕਤਾ ਦੀ ਲੜੀ ਵਿੱਚ ਬੰਨਣ ਲਈ ਅਹਿਮ ਰੋਲ ਨਿਭਾਉਦੀ ਹੈ । ਹਿੰਦੀ ਕੇਦਰ ਦੇ ਦਫਤਰੀ ਦੀ ਸਰਕਾਰੀ ਭਾਸ਼ਾ ਹੈ । ਪਰ ਅਜਿਹਾ ਵੀ ਨਹੀ ਕਿ ਅੰਗਰੇਜੀ ਵਿੱਚ ਕੰਮ ਦੀ ਮਨਾਹੀ ਹੈ ।
ਅੰਤਰਰਾਸ਼ਟਰੀ ਭਾਸ਼ਾ - ਅੰਗਰੇਜ਼ੀ ਅੰਤਰਰਾਸ਼ਟਰੀ ਪੱਧਰ ਬੋਲੀ ਜਾਣ ਵਾਲੀ ਭਾਸ਼ਾ ਹੈ । ਜਿਸ ਦੁਵਾਰਾ ਕੁਲ ਸੰਸਾਰ ਵਪਾਰ,ਕੂਟਨੀਤਕ ਸਮਝੋਤੇ ,ਅੰਤਰਰਾਸ਼ਟਰੀ ਪੱਧਰ ਦੇ ਸਮਾਜਿਕ ਮੰਚ ਆਪਣੇ ਵਿਚਾਰਾ ਦਾ ਆਦਨ-ਪ੍ਰਦਾਨ ਕਰਦੇ ਹਨ । ਕਿਸੇ ਵੀ ਦੇਸ਼ ਦਾ ਨਾਗਰਿਕ ਦੂਜੇ ਮੁਲਕਾ ਵਿੱਚ ਕੰਮ,ਵਪਾਰ ਜਾ ਪੜਾਈ ਕਰਨ ਲੱਗਿਆ ਮੁਸਕਲ ਨਹੀ ਆਉਦੀ। ਸੰਸਾਰ ਦੇ ਲਗਭਗ ਸਾਰੇ ਦੇਸ਼ਾ ਵਿੱਚ ਅੰਗਰੇਜੀ ਬੋਲੀ ਜਾਦੀ ਹੈ ।
ਭਾਸ਼ਾਵਾਂ ਦੀ ਸੰਵਿਧਾਨ ਮਾਨਤਾ
ਸਾਡੇ ਭਾਰਤ ਦੇ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ 22 ਭਾਸ਼ਾਵਾਂ ਪੰਜਾਬੀ, ਅਸਾਮੀ, ਬੰਗਾਲੀ, ਗੁਜਰਾਤੀ, ਹਿੰਦੀ, ਕੰਨੜ, ਕਸ਼ਮੀਰੀ, ਕੋਂਕਣੀ, ਮਲਿਆਲਮ, ਮਨੀਪੁਰੀ, ਮਰਾਠੀ, ਨੇਪਾਲੀ, ਉੜੀਆ, ਸੰਸਕ੍ਰਿਤ, ਸਿੰਧੀ, ਤਾਮਿਲ, ਤੇਲਗੂ, ਉਰਦੂ, ਬੋਡੋ, ਸੰਥਾਲੀ, ਮੈਥਿਲੀ ਅਤੇ ਡੋਗਰੀ ਸੰਵਿਧਾਨ ਪ੍ਰਵਾਨਿਤ ਹਨ। ਪੰਜਾਬੀ ਭਾਸ਼ਾ ਵੀ ਉਨ੍ਹਾਂ ਬਾਈ ਭਾਸ਼ਾਵਾਂ ਵਿੱਚੋਂ ਇੱਕ ਹੈ।
ਇਸ ਆਧੁਨਿਕ ਅਤੇ ਸਭਿਅਕ ਸੰਸਾਰ ਵਿੱਚ ਜਿਉਂਦੇ ਰਹਿਣ ਲਈ ਭਾਸ਼ਾ ਗਿਆਨ ਬਹੁਤ ਜ਼ਰੂਰੀ ਹੈ। ਅੱਜ ਭਾਸ਼ਾ ਵੱਡਾ ਵਪਾਰ ਦਾ ਸਾਧਨ ਹੈ । ਬਹੁਤ ਸਾਰੀਆਂ ਅਨੁਵਾਦ ਕੰਪਨੀਆਂ ਅਨੁਵਾਦ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। ਗਲੋਬਲ ਪੱਧਰ ਤੇ ਵਪਾਰ ਵਧਣ ਦੇ ਕਾਰਨ ਅਨੁਵਾਦ ਸੇਵਾਵਾਂ ਵਿੱਚ ਅਥਾਹ ਵਾਧਾ ਹੋਇਆ।ਸਾਨੂੰ ਫਖ਼ਰ ਹੋਣਾ ਚਾਹੀਦਾ ਹੈ ਕਿ ਮਾਂ- ਬੋਲੀ ਪੰਜਾਬੀ ਹੁਣ ਦੇਸ਼ਾਂ- ਵਿਦੇਸ਼ਾਂ ਵਿਚ ਵੀ ਬੋਲੀ, ਸੁਣੀ ਤੇ ਲਿਖੀ ਜਾ ਰਹੀ ਹੈ।ਪਰ ਸਾਡੇ ਘਰਾ ਵਿੱਚ ਰੋਜ਼ਮੱਰ੍ਹਾ ਦੀ ਬੋਲਚਾਲ ਵਿਚੋਂ ਘਟਦੀ ਜਾ ਰਹੀ ਹੈ। ਸਮਾਜ ਵਿਚ ਵਿਚਰਦਿਆਂ ਸਾਨੂੰ ਪੰਜਾਬੀ ਬੋਲਣ ਮਾਣ ਹੋਣਾ ਚਾਹੀਦੀ। ਗੁਰੂਆ ਪੀਰਾ ਦੀ ਸੋਹ ਪ੍ਰਪਤ ਭਾਸ਼ਾ ਦਾ ਦੁਨੀਆ ਵਿੱਚ ਬੋਲਬਾਲਾ ਹੈ।ਸਭ ਭਾਸ਼ਾਵਾਂ ਸਿੱਖੀਏ,ਬੋਲੀਏ,ਪੜ੍ਹੀਏ ਤੇ ਲਿਖੀਏ ਸਾਰੀਆਂ ਭਾਸ਼ਾਵਾਂ ਬਹੁਤ ਵਧੀਆ ਹਨ । ਹਰ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ ਪਰ ਮਾਂ ਬੋਲੀ ਪੰਜਾਬੀ ਨਾਲੋਂ ਮੁੱਖ ਨਹੀ ਮੋੜਨਾ ਚਾਹੀਦਾ। ਪੰਜਾਬੀ ਜੁਬਾਨ ਦੇ ਸੰਜੀਦੇ ਕਲਾਕਾਰ,ਸਹਿਤ,ਸਹਿਤਕਾਰ,ਸੱਭਿਆਚਾਰ,ਵਿਰਾਸਤੀ ਸਥਾਨਾ ਦੀ ਅਹਿਮੀਅਤ ਬਾਰੇ ਬੱਚਿਆ ਨੂੰ ਦੱਸਣਾ ਚਾਹੀਦਾ ਹੈ ਤਾ ਜੋ ਆਉਣ ਵਾਲੀਆ ਪੀੜੀਆ ਬਦਸਤੂਰ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਨੂੰ ਹੋਰ ਬੁਲੰਦੀਆ ਵੱਲ ਲੈ ਕੇ ਜਾਵਣ।
-
ਐਡਵੋਕੈਟ ਰਵਿੰਦਰ ਧਾਲੀਵਾਲ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ
Adv.dhaliwal@gmail.com
78374 90309
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.