ਵਿਆਹ ਹਰ ਪਰਿਵਾਰ ਵਿੱਚ ਹੁੰਦਾ ਹੈ, ਉਹ ਚਾਹੇ ਮੁੰਡੇ ਦਾ ਹੋਵੇ ਜਾਂ ਕੁੜੀ ਦਾ ਹੋਵੇ | ਵਿਆਹ ਇੱਕ ਸਮਾਜਿਕ ਅਤੇ ਧਾਰਮਿਕ ਰੂਹ-ਰੀਤ ਹੈ, ਜਿਸ ਵਿਚ ਦੋ ਪਰਿਵਾਰਾਂ ਦਾ ਮੇਲ ਹੋਣਾ ਹੁੰਦਾ ਹੈ | ਪੁਰਾਤਨ ਵਿਆਹ ਬਹੁਤ ਸਾਦੇ ਢੰਗ ਨਾਲ ਹੁੰਦੇ ਸਨ, ਜਿਸ ਵਿੱਚ ਪਿੰਡ ਦੇ ਬਹੁਤ ਸਾਰੇ ਮੈਂਬਰਾਂ ਦੀ ਸ਼ਮੂਲੀਅਤ ਹੁੰਦੀ ਸੀ | ਹਲਵਾਈ , ਸ਼ਮਿਆਨਾ, ਕਰਿਆਨੇ ਦੀ ਦੁਕਾਨ, ਅਤੇ ਬੈਂਡ ਬਾਜਾ ਹਰ ਪਿੰਡ ਦਾ ਆਪਣਾ ਹੁੰਦਾ ਸੀ , ਅਤੇ ਉਹ ਵਿਆਹ ਪਰਿਵਾਰ ਤੋਂ ਪੈਸੇ ਵੀ ਵਾਜ਼ਿਬ ਲੈਦੇਂ ਸਨ , ਵਿਆਹ ਲਈ ਕੁਝ ਚਾਵਲ,ਅਨਾਜ,ਸ਼ਬਜੀ,ਤੇਲ,ਘਿਉ ਅਤੇ ਹੋਰ ਨਿੱਕੇ ਮੋਟੇ ਸਮਾਨ ਦੀ ਪੂਰਤੀ ਘਰ ਵਿੱਚੋਂ ਹੀ ਹੋ ਜਾਂਦੀ ਸੀ, ਵਿਆਹ ਲਈ ਦੁੱਧ ਦੀ ਲੋੜ ਤਕਰੀਬਨ ਪਿੰਡ ਦੇ ਨਜ਼ਦੀਕ ਗਵਾਂਢੀਆਂ ਤੋਂ ਪੂਰੀ ਹੋ ਜਾਂਦੀ ਸੀ ਕਿਉਂਕਿ ਇਹ ਇੱਕ ਰੀਤ ਬਣੀ ਹੋਈ ਸੀ ਕਿ ਜਿਸ ਘਰ ਵਿਆਹ ਹੁੰਦਾ ਹੈ ਉਸ ਘਰ ਵਿੱਚ ਪਿੰਡ ਦੇ ਹਰ ਘਰ ਤੋਂ ਦੋਵੇਂ ਡੰਗ ਦਾ ਦੁੱਧ ਆਉਂਦਾ ਹੁੰਦਾ ਸੀ |
ਵਿਆਹ ਲਈ ਕੋਈ ਵੇਟਰ ਜਾਂ ਕੇਟਰਿੰਗ ਦੀ ਲੋੜ ਮਹਿਸੂਸ ਨਹੀਂ ਹੁੰਦੀ ਸੀ ਸਾਰੇ ਰਿਸ਼ਤੇਦਾਰ ਮਿਲ ਕੇ ਸਬਜ਼ੀ ਕੱਟਣ ਤੋਂ ਲੈਕੇ ਬਰਾਤੀਆਂ ਨੂੰ ਖਾਣਾ ਖੁਆਉਣ ਦੀ ਜ਼ਿੰਮੇਵਾਰੀਆਂ ਬਾਖੂਬੀ ਮਿਲ ਜੁਲ ਕੇ ਨਿਭਾਂਉਦੇ ਸਨ। ਬਰਾਤ ਦੇ ਸਵਾਗਤ ਵਿੱਚ ਬਹੁਤ ਸਾਦਾਪਣ ਹੁੰਦਾ ਸੀ | ਬਰਾਤ ਦੇ ਖਾਸ ਰਿਸ਼ਤੇਦਾਰਾਂ ਦੀਆਂ ਮਿਲਣੀਆਂ ਬਿਨਾਂ ਮੁੰਦਰੀਆਂ ਜਾਂ ਛੱਲੇ ਦੀਆਂ ਚੇਨੀਆਂ ਤੋਂ ਹੁੰਦੀਆਂ ਸਨ । ਬਰਾਤੀਆਂ ਲਈ ਸਬਜ਼ੀਆਂ ਜ਼ਿਆਦਾ ਮਸਾਲੇਦਾਰ ਨਹੀਂ ਹੁੰਦੀਆਂ ਸਨ। ਜਿਸਨੇ ਜਿੰਨਾ ਖਾਣਾ ਹੁੰਦਾ ਸੀ ਓਨਾ ਹੀ ਥਾਲੀ ਵਿਚ ਪਾਉਂਦਾ ਸੀ ਭਾਵ ਖਾਣੇ ਦੀ ਬਰਬਾਦੀ ਨਹੀਂ ਹੁੰਦੀ ਸੀ | ਕੁੜੀ ਜਾਂ ਮੁੰਡੇ ਲਈ ਲਹਿੰਗਾ ਜਾਂ ਸ਼ੇਰਵਾਨੀ ਕਿਰਾਏ ਤੇ ਲੈਣ ਦਾ ਰਿਵਾਜ਼ ਨਹੀਂ ਹੁੰਦਾ ਸੀ |
ਜੇਕਰ ਕੁੜੀ ਦੇ ਦਾਜ ਦੀ ਗੱਲ ਕਰੀਏ ਤਾਂ ਸਾਰਾ ਸਮਾਨ ਹੱਥੀਂ ਤਿਆਰ ਕੀਤਾ ਜਾਂਦਾ ਸੀ , ਮਾਪੇ ਜ਼ਰੂਰਤ ਦਾ ਸਮਾਨ ਜ਼ਰੂਰ ਦਿੰਦੇ ਸਨ, ਜਿਸ ਨੂੰ ਨਵੇਂ ਵਿਆਹੇ ਆਪਣੀ ਨਵੀਂ ਗ੍ਰਹਿਸਥੀ ਜੀਵਨ ਨੂੰ ਚਲਾਉਣ ਲਈ ਵਰਤੋਂ ਕਰਦੇ ਸਨ | ਵਿਆਹ ਸਾਦੇ ਹੋਣ ਕਰਕੇ ਮਾਪਿਆਂ ਨੂੰ ਕੋਈ ਕਰਜ਼ਾ ਨਹੀਂ ਚੁੱਕਣਾ ਪੈਂਦਾ ਸੀ, ਜ਼ੇਕਰ ਥੋੜ੍ਹੀ-ਮੋਟੀ ਰਕਮ ਦੀ ਜ਼ਰੂਰਤ ਵੀ ਪੈਂਦੀ ਸੀ ਤਾਂ ਕਿਸੇ ਸਾਕ ਸੰਬੰਧੀ ਤੋਂ ਹੱਥ ਉਧਾਰ ਫੜ ਲੈਦਾਂ ਸੀ ਤੇ ਆਉਣ ਵਾਲੀ ਫਸਲ ਵੇਲੇ ਇਹ ਉਧਾਰ ਚੁੱਕਾ ਦਿੱਤਾ ਜਾਂਦਾ ਸੀ |
ਉਪਰੋਕਤ ਸਭ ਦੇ ਉਲਟ ਹੁਣ ਪਹਿਲਾਂ ਤਾਂ ਕੁੜੀ ਮੁੰਡੇ ਦੀ ਵੇਖਾਂ ਵਖਾਈ ਵੀ ਕਿਸੇ ਖਰਚੀਲੇ ਹੋਟਲ ਵਿੱਚ ਰੱਖੀ ਜਾਂਦੀ ਹੈ ਤੇ ਫੇਰ ਮੰਗਣੀ ਦੀ ਰਸਮ ਵੀ ਵਿਆਹ ਤੋਂ ਘੱਟ ਨਹੀਂ ਹੁੰਦੀ, ਜਿਸਤੇ ਕਾਫੀ ਖ਼ਰਚ ਹੁੰਦਾ ਹੈ | ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਸ਼ੂਟ ਰੱਖਿਆ ਜਾਂਦਾ ਹੈ ਜਿਸਨੂੰ ਫ਼ਿਲਮਾਉਂਣ ਲਈ ਤੇ ਨਵੀਆਂ ਪੁਸ਼ਾਕਾਂ ਲਈ ਲੱਖਾਂ ਖ਼ਰਚ ਹੋ ਜਾਂਦੇ ਹਨ | ਮਹਿੰਗੇ ਹੋਟਲ ਜਾਂ ਪੈਲੇਸ ਵਿੱਚ ਵਿਆਹ ਦਾ ਪ੍ਰਬੰਧ ਕਰਨਾ ਜਿਵੇ ਫੁੱਲਾਂ ਦੀ ਸਜਾਵਟ, ਗੇਟ ਦੀ ਸਜਾਵਟ ਤੇ ਕੈਟੇਰਿੰਗ ਤੇ ਬਹੁਤ ਜ਼ਿਆਦਾ ਖਰਚ ਕੀਤਾ ਜਾਂਦਾ ਹੈ ਅਤੇ ਬਹੁਤ ਜ਼ਿਆਦਾ ਗਿਣਤੀ ਵਿੱਚ ਖਾਣ ਵਾਲੀਆਂ ਵਸਤਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ | ਖਾਣੇ ਦੀ ਬਹੁਤ ਫਾਲਤੂ ਬਰਬਾਦੀ ਹੁੰਦੀ ਹੈ |
ਮਹਿੰਗਾ ਡੀ.ਜੇ. ਜਾਂ ਮਹਿੰਗਾ ਅਖਾੜਾ ਲਵਾਉਣਾ ਇੱਕ ਰਿਵਾਜ਼ ਬਣ ਗਿਆ ਹੈ ਜਿਸਤੇ ਹੋਏ ਖ਼ਰਚ ਦੀ ਕੋਈ ਸੀਮਾ ਨਹੀਂ ਹੁੰਦੀ | ਕੁੜੀ ਦੇ ਪਰਿਵਾਰ ਵੱਲੋਂ , ਮੁੰਡੇ ਵਾਲੇ ਪਰਿਵਾਰ ਨੂੰ ਮਹਿੰਗੇ ਤੋਹਫ਼ੇ, ਗਹਿਣਾ ਆਦਿ ਦਿੱਤਾ ਜਾਂਦਾ ਹੈ | ਇਹ ਸਭ ਤੇ ਲੱਗਭਗ ਪੱਚੀ ਤੋਂ ਤੀਹ ਲੱਖ ਦਾ ਖਰਚ ਹੋ ਹੀ ਜਾਂਦਾ ਹੈ | ਏਨੇ ਵੱਡੇ ਖ਼ਰਚ ਦਾ ਭਾਰ ਚੁੱਕਣ ਲਈ ਕੁੜੀ ਦੇ ਮਾਪਿਆਂ ਨੂੰ ਕਰਜ਼ਾ ਚੁੱਕਣਾ ਪੈਂਦਾ ਹੈ ਤੇ ਬੜੇ ਲੰਬੇ ਸਮੇਂ ਤੱਕ ਇਹ ਕਰਜ਼ਾ ਨਹੀਂ ਉਤਰਦਾ ਕਿਓਂਕਿ ਇਸ ਨਾਲ ਵਿਆਜ ਵੀ ਜੁੜਦਾ ਰਹਿੰਦਾ ਹੈ | ਪੁਰਾਣੇ ਸਮੇਂ ਚ' ਬਰਾਤ ਇੱਕ ਬੱਸ ਤੇ ਜਾਂਦੀ ਸੀ ਪਰ ਹੁਣ ਜਿੰਨੇ ਰਿਸ਼ਤੇਦਾਰ ਓਨੀਆਂ ਕਾਰਾਂ ਹੁੰਦੀਆਂ ਨੇ |
ਅੱਜਕਲ੍ਹ ਮਿਲਣੀਆਂ ਦਾ ਰਿਵਾਜ਼ ਵੀ ਵੱਧ ਗਿਆ ਹੈ ਇਸ ਵਰਤਾਰੇ ਨੂੰ ਜੇ ਧਿਆਨਪੂਰਵਕ ਵੇਖਿਆ ਜਾਵੇ ਤਾਂ ਇਸ ਵਿੱਚ ਫਜ਼ੂਲਖਰਚੀ ਤੋਂ ਇਲਾਵਾ ਕੁੱਝ ਵੀ ਨਹੀਂ | ਵਿਆਹ ਜੇਕਰ ਦੋ ਰੂਹਾਂ ਦਾ ਮੇਲ ਹੈ ਤਾਂ ਇਸਨੂੰ ਸਾਦੇ ਢੰਗ ਨਾਲ ਹੀ ਨੇਪਰੇ ਚਾੜ੍ਹਿਆ ਜਾਵੇ, ਰੀਸੋ ਰੀਸ ਕੰਗਾਲ਼ ਹੋਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ | ਅੱਜ ਦੇ ਸਮੇਂ ਦੀ ਜ਼ਰੂਰਤ ਹੈ ਕਿ ਅਸੀਂ ਸਾਦੇ ਢੰਗ ਨਾਲ ਵਿਆਹ ਦੀਆਂ ਰਸਮਾਂ ਨਿਭਾਉਣ ਵਾਲਾ ਰਿਵਾਜ਼ ਦੁਬਾਰਾ ਆਪਣੇ ਤੋਂ ਹੀ ਸ਼ੁਰੂ ਕਰੀਏ | ਇਹ ਰਿਵਾਜ਼ ਬਦਲਣ ਲਈ ਕਿਸੇ ਨੂੰ ਤਾਂ ਪਹਿਲ ਕਰਨੀ ਹੀ ਪੈਣੀ ਹੈ।ਕਿਉਂ ਨਾ ਸ਼ੁਰੂਆਤ ਮੇਰੇ ਜਾ ਤੁਹਾਡੇ ਤੋਂ ਹੀ ਕੀਤੀ ਜਾਵੇ ? ਤੁਹਾਡੇ ਜਵਾਬ ਦੀ ਉਡੀਕ ਵਿੱਚ ਹੈ ਸਾਰਾ ਸਮਾਜ.....
-
ਪ੍ਰਿੰਸੀਪਲ ਰੰਧਾਵਾ ਸਿੰਘ, ਪ੍ਰਿੰਸੀਪਲ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.