ਜਸਵੀਰ ਸਿੰਘ ਆਹਲੂਵਾਲੀਆ ਬਹੁ-ਪੱਖੀ ਸਾਹਿਤਕਾਰ ਹੈ। ਉਹ ਕਹਾਣੀਆਂ ਦੇ ਨਾਲ ਰੰਗ ਮੰਚ ਦਾ ਨਿਰਦੇਸ਼ਕ ਅਤੇ ਅਦਾਕਾਰ ਹੈ। ਉਸ ਦੇ ਹੁਣ ਤੱਕ ਤਿੰਨ ਸਾਂਝੇ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਪ੍ਰੰਤੂ ‘ਦੋ ਕੱਪ ਚਾਹ’ ਉਸ ਦਾ ਇਕੱਲਿਆਂ ਦਾ ਪਲੇਠਾ ਕਹਾਣੀ ਸੰਗ੍ਰਹਿ ਹੈ। ਇਹ ਕਹਾਣੀ ਸੰਗ੍ਰਹਿ ਵੀ ਬਹੁ ਰੰਗਾ ਹੈ ਕਿਉਂਕਿ ਇਸ ਸੰਗ੍ਰਹਿ ਦੀਆਂ ਕਹਾਣੀਆਂ ਦੇ ਵਿਸ਼ਿਆਂ ਦੇ ਅਨੇਕਾਂ ਰੰਗ ਦਿ੍ਰਸ਼ਟਾਂਤਿਕ ਰੂਪ ਵਿੱਚ ਸਾਹਮਣੇ ਆਉਂਦੇ ਹਨ। ਉਸ ਦੀਆਂ ਕਹਾਣੀਆਂ ਇਨਸਾਨੀ ਜੀਵਨ ਦਾ ਯਥਾਰਥ ਪੇਸ਼ ਕਰਦੀਆਂ ਹਨ। ਇਸ ਸੰਗ੍ਰਹਿ ਵਿੱਚ 16 ਕਹਾਣੀਆਂ ਹਨ, ਜਿਹੜੀਆਂ ਜ਼ਿੰਦਗੀ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਨਾਲ ਸੰਬੰਧਤ ਹਨ। ਇਸ ਲਈ ਇਹ ਕਹਾਣੀਆਂ ਹਰ ਪਾਠਕ ਨੂੰ ਆਪਣੇ ਨਾਲ ਵਾਪਰਦੀਆਂ ਘਟਨਾਵਾਂ ਲਗਦੀਆਂ ਹਨ। ਨਿੱਜੀ ਛੋਹ ਹੋਣ ਕਰਕੇ ਕਹਾਣੀਆਂ ਵਿੱਚ ਦਿਲਚਸਪੀ ਬਣੀ ਰਹਿੰਦੀ ਹੈ। ਆਧੁਨਿਕ ਪਾਠਕ ਦੀ ਲੋੜ ਅਨੁਸਾਰ ਇਹ ਦੋ ਕਹਾਣੀਆਂ ਨੂੰ ਛੱਡ ਕੇ ਬਹੁਤੀਆਂ ਲੰਬੀਆਂ ਨਹੀਂ ਸਗੋਂ ਦਰਮਿਆਨੇ ਦਰਜੇ ਦੀਆਂ ਹਨ। ਕੁਦਰਤ ਕੇ ਸਭ ਬੰਦੇ, ਇਸ਼ਾਰਾ ਅਤੇ ਮਿਸਿਜ਼ ਸੰਧੂ ਤਿੰਨ ਕਹਾਣੀਆਂ ਵਿੱਚ ਆਧੁਨਿਕ ਖੁਰਾਕ ਦੇ ਨਤੀਜੇ ਵਜੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪਾਤਰਾਂ ਦੇ ਮਰਨ ਦਾ ਜ਼ਿਕਰ ਕੀਤਾ ਗਿਆ ਹੈ। ਜਸਵੀਰ ਸਿੰਘ ਆਹਲੂਵਾਲੀਆ ਨੂੰ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਹਾਣੀਕਾਰ ਕਿਹਾ ਜਾ ਸਕਦਾ ਹੈ। ਕਹਾਣੀਆਂ ਲਿਖਣ ਦਾ ਸ਼ੌਕ ਜਸਵੀਰ ਸਿੰਘ ਆਹਲੂਵਾਲੀਆ ਨੂੰ ਕਾਲਜ ਦੀ ਪੜ੍ਹਾਈ ਦੌਰਾਨ ਹੀ ਪੈਦਾ ਹੋ ਗਿਆ ਸੀ। ਖਾਲਸਾ ਕਾਲਜ ਅੰਮਿ੍ਰਤਸਰ ਦੇ ਮੈਗਜ਼ੀਨ ਵਿੱਚ ਉਸ ਦੀਆਂ ਕਹਾਣੀਆਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਕਾਲਜ ਪੜ੍ਹਦਿਆਂ ਹੀ ਉਸ ਨੂੰ ਰੰਗ ਮੰਚ ਨਾਲ ਲਗਾਅ ਹੋ ਗਿਆ ਸੀ। ਉਹ ਵੱਡੇ ਨਾਟਕਕਾਰਾਂ ਭਾਅ ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਨਾਟਕਾਂ ਵਿੱਚ ਅਦਾਕਾਰੀ ਕਰਦਾ ਰਿਹਾ। ਫਿਰ ਉਸ ਨੇ ਆਪਣੀ ਨਾਟ ਮੰਡਲੀ ‘ਪੰਜਾਬ ਕਲਾ ਸੰਗਮ’ ਬਣਾ ਲਈ ਸੀ। ਇਸ ਸੰਸਥਾ ਰਾਹੀਂ ਉਹ ਆਪਣਾ ਰੰਗ ਮੰਚ ਦਾ ਸ਼ੌਕ ਪੂਰਾ ਕਰਦਾ ਰਿਹਾ। ਫਿਰ ਉਹ ਆਸਟਰੇਲੀਆ ਚਲਾ ਗਿਆ, ਜਿਥੇ ਉਸ ਨੇ ਰੰਗ ਮੰਚ ਨਾਲ ਆਪਣਾ ਨਾਤਾ ਬਰਕਰਾਰ ਰੱਖਦਿਆਂ ਨਾਟਕਾਂ ਦੀ ਨਿਰਦੇਸ਼ਨਾ ਅਤੇ ਅਦਾਕਾਰੀ ਕਰਦਾ ਰਿਹਾ। ਆਸਟਰੇਲੀਆ ਪਹੁੰਚ ਕੇ ਉਸ ਨੇ ਜਿਹੜਾ ਪਰਵਾਸ ਦਾ ਦਰਦ ਹੰਢਾਇਆ ਉਸ ਨੂੰ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਅਦ ਮਹਿਸੂਸ ਹੁੰਦਾ ਹੈ ਕਿ ਕਹਾਣੀਕਾਰ ਸਾਰੀਆਂ ਕਹਾਣੀਆਂ ਵਿੱਚ ਅੱਗੇ ਕੀ ਹੋਇਆ ਦੀ ਸਥਿਤੀ ਪੈਦਾ ਕਰਕੇ ਕਹਾਣੀਆਂ ਨੂੰ ਰੌਚਿਕ ਬਣਾਉਂਦਾ ਹੈ, ਜਿਸ ਕਰਕੇ ਪਾਠਕ ਕਹਾਣੀ ਪੂਰੀ ਪੜ੍ਹੀ ਬਿਨਾ ਛੱਡ ਨਹੀਂ ਸਕਦਾ। ਇਸ ਕਹਾਣੀ ਸੰਗ੍ਰਹਿ ਦੇ ਨਾਮ ਵਾਲੀ ਪਹਿਲੀ ਕਹਾਣੀ ‘ਦੋ ਕੱਪ ਚਾਹ’ ਬਹੁ-ਪਰਤੀ ਕਹਾਣੀ ਹੈ। ਇਸ ਨੂੰ ਮਨੋਵਿਗਿਆਨਕ ਕਹਾਣੀ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਹਾਣੀ ਇਨਸਾਨ ਦੀ ਇਕੱਲਤਾ ਦੇ ਸਮੇਂ ਮਾਨਸਿਕ ਅਵਸਥਾ ਦਾ ਬਾਖ਼ੂਬੀ ਪ੍ਰਗਟਾਵਾ ਕਰਦੀ ਹੈ। ਇਹ ਵੀ ਮਹਿਸੂਸ ਹੁੰਦਾ ਹੈ ਕਿ ਇਨਸਾਨ ਲਈ ਇਕੱਲਤਾ ਸਰਾਪ ਹੁੰਦੀ ਹੈ। ਉਸ ਸਰਾਪ ਨੂੰ ਦੂਰ ਕਰਨ ਲਈ ਮੁਹੱਬਤ ਦਾ ਜਾਮਾ ਪਹਿਨਾਉਣਾ ਇਨਸਾਨ ਦੀ ਕਮਜ਼ੋਰੀ ਬਣ ਜਾਂਦਾ ਹੈ। ਇਸਤਰੀ ਆਪਣੇ ਪਤੀ ਦੀ ਮੌਤ ਦਾ ਗ਼ਮ ਭੁਲਾਉਣ ਲਈ ਮਰਦ ਦਾ ਸਹਾਰਾ ਲੈਂਦੀ ਹੈ। ਉਡੀਕ ਤੇ ਉਤਸੁਕਤਾ ਜ਼ਿੰਦਗੀ ਨੂੰ ਤਰੋ ਤਾਜ਼ਾ ਕਰਦੇ ਹਨ। ਇਸੇ ਤਰ੍ਹਾਂ ‘ਮੈਂ ਤੇ ਮਿਸਿਜ ਸੰਧੂ’ ਕਹਾਣੀ ਵੀ ਇਸਤਰੀ ਦੇ ਪਤੀ ਕਰਨਲ ਸੰਧੂ ਅਤੇ ਇਕ ਹੋਰ ਮਰਦ ਦੀ ਪਤਨੀ ਦੀ ਮੌਤ ਤੋਂ ਬਾਅਦ ਇਕੱਲਾਪਣ ਮਹਿਸੂਸ ਕਰਦੇ ਸੀ। ਦੋਵੇਂ ਕੈਂਸਰ ਦੀ ਬਿਮਾਰੀ ਨਾਲ ਸਵਰਗਵਾਸ ਹੋਏ ਸਨ। ਦੋਹਾਂ ਦੀ ਦੋਸਤੀ ਜ਼ਿੰਦਗੀ ਵਿੱਚ ਰੰਗੀਨਤਾ ਲਿਆਉਂਦੀ ਹੈ। ‘ਕਾਰਜ ਆਇਆ ਰਾਸ’ ਭਾਵੇਂ ਕਾਲਪਨਿਕ ਲੱਗਦੀ ਹੈ ਪ੍ਰੰਤੂ ਧਾਰਮਿਕ ਆਸਥਾ ਦਾ ਪ੍ਰਤੀਕ ਬਣਦੀ ਹੈ। ‘ਹਵਾਈ ਫਾਇਰ’ ਕਹਾਣੀ ਆਸਟਰੇਲੀਆ ਦੀ ਪੁਲਿਸ ਦੀ ਬਿਹਤਰੀਨ ਕਾਰਗੁਜ਼ਾਰੀ ਦਾ ਪਰਦਰਸ਼ਨ ਕਰਦੀ ਹੈ। ‘ਇਮਾਨ’ ਕਹਾਣੀ ਪੰਜਾਬ ਦੇ ਮਾੜੇ ਦਿਨਾ, ਭਰਿਸ਼ਟਾਚਾਰ ਅਤੇ ਧੋਖੇ ਫਰੇਬ ਦੇ ਹਾਲਾਤ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਗੁਰਦੀਪ ਸਿੰਘ ਵਰਗੇ ‘ਕੋਈ ਹਰਿਓ ਬੂਟ ਰਹਿਓ ਰੀ’ ਦੀ ਤਰ੍ਹਾਂ ਹਨ, ਜਿਹੜੇ ਧੋਖਾ ਕਰਨ ਵਾਲੇ ਵਿਅਕਤੀ ਨੂੰ ਮੁਆਫ ਕਰਨ ਲਈ ਤਿਆਰ ਹਨ। ਇਸ਼ਾਰਾ ਕਹਾਣੀ ਵੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਿਸਿਜ਼ ਚੋਪੜਾ ਦੇ ਪਤੀ ਕਰਨਲ ਚੋਪੜਾ ਦੇ ਸਵਰਗਵਾਸ ਹੋਣ ਬਾਰੇ ਜਾਣਕਾਰੀ ਦਿੰਦੀ ਹੈ ਮਿਸਿਜ਼ ਚੋਪੜਾ ਅਤੇ ਨਿਤਿਨ ਵੀ ਦੋਵੇਂ ਇਕੱਲਤਾ ਦੇ ਮਰੀਜ਼ ਹਨ। ਦੋਵੇਂ ਦੋਸਤ ਬਣਕੇ ਜੀਵਨ ਬਸਰ ਕਰਨ ਬਾਰੇ ਸਚਦੇ ਹਨ। ‘ਇਹ ਕੈਸੀ ਅੱਗ’ ਕਹਾਣੀ ਆਸਟਰੇਲੀਆ ਵਿੱਚ ਗਰਮੀ ਦੇ ਮੌਸਮ ਦੌਰਾਨ ਕੁਦਰਤੀ ਅੱਗਾਂ ਲੱਗਣ ਨਾਲ ਹੋਣ ਬਾਰੇ ਨੁਕਸਾਨ ਦੀ ਜਾਣਕਾਰੀ ਦਿੰਦੀਆਂ ਅੰਗਾਂ ਤੋਂ ਪ੍ਰਭਾਵਤ ਲੋਕਾਂ ਨੂੰ ਸਮਾਜ ਅਤੇ ਸਰਕਾਰ ਮੁੜ ਵਸੇਬੇ ਲਈ ਆਰਥਕ ਮਦਦ ਕਰਦੇ ਹਨ ਪ੍ਰੰਤੂ ਭਾਰਤ ਵਿੱਚ ਧਾਰਮਿਕ ਕੱਟੜਤਾ ਕਰਕੇ ਦੰਗੇ, ਜਲਸੇ, ਜਲੂਸ ਅਤੇ ਅੱਗਾਂ ਲਗਾਈਆਂ ਜਾਂਦੀਆਂ ਹਨ। ਭਾਰਤ ਵਿੱਚ ਇਨਸਾਨ ਇਨਸਾਨ ਦਾ ਵੈਰੀ ਬਣਦਾ ਹੈ ਜਦੋਂ ਕਿ ਆਸਟਰੇਲੀਆ ਵਿੱਚ ਮਦਦਗਾਰ ਬਣਦਾ ਹੈ। ਭਾਰਤ ਦੀ ਵੱਧਦੀ ਆਬਾਦੀ ਬਾਰੇ ਵੀ ਕਹਾਣੀਕਾਰ ਚਿੰਤਾ ਕਰਦਾ ਹੈ, ਜਿਸ ਸੰਬੰਧੀ ਲੀਜ਼ਾ ਕੋਲੋਂ ਕਹਾਉਂਦਾ ਹੈ ਕਿ ਉਹ ਭੀੜ ਵੇਖਕੇ ਘਬਰਾ ਗਈ। ‘ਕੈਫ਼ੇ ਵਾਲੀ ਜੈਸਿਕਾ’ ਕਹਾਣੀ ਤਸਦੀਕ ਕਰਦੀ ਹੈ ਕਿ ਪਰਵਾਸ ਵਿੱਚ ਜ਼ਿੰਦਗੀ ਜਦੋਜਹਿਦ ਵਾਲੀ ਹੁੰਦੀ ਹੈ। ਪਰਵਾਸ ਵਿੱਚ ਵੀ ਮਾੜੀ ਸੋਚ ਵਾਲੇ ਕੁਝ ਲੋਕ ਰਹਿੰਦੇ ਹਨ ਜਿਹੜੇ ਲੜਕੀਆਂ ਨੂੰ ਗ਼ਲਤ ਨਜ਼ਰ ਨਾਲ ਵੇਖਦੇ ਹਨ। ਘੱਟ ਉਜਰਤ ਤੇ ਵਧੇਰੇ ਕੰਮ ਲੈਂਦੇ ਹਨ ਪ੍ਰੰਤੂ ਇਸ ਦੇ ਨਾਲ ਹੀ ਕਹਾਣੀਕਾਰ ਦੱਸਦਾ ਹੈ ਕਿ ਸੁਰਜੀਤ ਵਰਗੇ ਚੰਗੇ ਇਨਸਾਨ ਵੀ ਹੁੰਦੇ ਹਨ ਜਿਹੜੇ ਲੜਕੀਆਂ ਦੀ ਮਦਦ ਕਰਦੇ ਹਨ। ਜੈਸਿਕਾ ਵੱਲੋਂ ਸੁਰਜੀਤ ਦਾ ਮੋਬਾਈਲ ਮੋੜਨਾ ਇਮਾਨਦਾਰੀ ਦਾ ਪ੍ਰਤੀਕ ਹੈ। ‘ਕਿਰਨਾ ਵਾਲਾ ਸੂਰਜ’ ਕਹਾਣੀ ਸੰਸਾਰ ਵਿੱਚ ਹੜ੍ਹਾਂ ਦੀ ਤ੍ਰਾਸਦੀ ਦਾ ਜ਼ਿਕਰ ਕਰਦੀ ਹੈ ਤੇ ਬਚਪਨ ਦੀਆਂ ਯਾਦਾਂ ਤਾਜਾ ਕਰਵਾਉਂਦੀ ਹੈ ਕਿ ਬੱਚੇ ਕਿਵੇਂ ਡਰਦੇ ਸਨ। ‘ਰਿਸਦੇ ਜ਼ਖ਼ਮ’ ਕਹਾਣੀ ਭਾਰਤ ਵਿੱਚ ਇਮਾਨਦਾਰ ਤੇ ਸ਼ਰੀਫ ਇਨਸਾਨਾ ਨਾਲ ਹੋ ਰਹੀਆਂ ਵਧੀਕੀਆਂ ਬਾਰੇ ਜਾਣਕਾਰੀ ਦਿੰਦੀ ਹੈ। ਇਸ ਕਹਾਣੀ ਦਾ ਸਿੱਟਾ ਇਹ ਵੀ ਨਿਕਲਦਾ ਹੈ ਕਿ ਮੁਆਫ਼ੀ ਦੇਣ ਨਾਲ ਇਨਸਾਨ ਖੁਦ ਵੀ ਭਾਰ ਮੁਕਤ ਹੋ ਜਾਂਦਾ ਹੈ। ‘ਸਰਦਾਰੋ’ ਕਹਾਣੀ ਪੰਜਾਬ ਵਿੱਚ ਮਾਪਿਆਂ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਜਾਇਦਾਦਾਂ ਨੂੰ ਹੜੱਪਣ ਲਈ ਪਰਿਵਾਰਾਂ ਦੀ ਪ੍ਰਵਿਰਤੀ ਬਾਰੇ ਹੈ ਪ੍ਰੰਤੂ ਇਹ ਕਹਾਣੀ ਬਚਪਨ ਦੀਆਂ ਦੋਸਤੀਆਂ ਦੀ ਪਵਿਤਰਤਾ ਦਾ ਪ੍ਰਗਟਾਵਾ ਵੀ ਕਰਦੀ ਹੈ। ‘ਅਸੀਂ ਜਾਨੀ ਜਾਣ ਹੁੰਦੇ ਹਾਂ’ ਇਹ ਵੀ ਪੰਜਾਬ ਵਿੱਚ ਖੁੰਬਾਂ ਵਾਂਗੂੰ ਪੈਦਾ ਹੋਏ ਸਾਧਾਂ ਸੰਤਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੀ ਹੈ ਕਿ ਕਿਵੇਂ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਪੰਜਾਬ ਵਿਚਲੀਆਂ ਹੇਰਾ ਫੇਰੀਆਂ ਤੋਂ ਇਲਾਵਾ ਪਰਵਾਸ ਵਿੱਚ ਜਾ ਕੇ ਵੀ ਆਪਣੇ ਚੇਲਿਆਂ ਰਾਹੀਂ ਅਮੀਰ ਲੋਕਾਂ ਤੋਂ ਪੈਸੇ ਹੜੱਪਦੇ ਹਨ। ‘ਕੁਦਰਤ ਕੇ ਸਭ ਬੰਦੇ’ ਕਹਾਣੀ ਵਿੱਚ ਜ਼ਾਤਪਾਤ ਅਤੇ ਨਸਲੀ ਵਿਤਕਰੇ ਦਾ ਖੰਡਨ ਕੀਤਾ ਗਿਆ ਹੈ। ਕਿ੍ਰਸ਼ਨ ਮੁਸਲਮਾਨ ਦੀ ਦੁਕਾਨ ਤੋਂ ਸੌਦਾ ਲੈਣ ਨੂੰ ਤਿਆਰ ਨਹੀਂ ਸੀ ਪ੍ਰੰਤੂ ਜਦੋਂ ਕੈਂਸਰ ਦੀ ਬਿਮਾਰੀ ਵਿੱਚ ਖ਼ੂਨ ਦੀ ਲੋੜ ਪਈ ਤਾਂ ਉਸ ਦੇ ਦਿਮਾਗ ਤੋਂ ਜਾਤਪਾਤ ਦਾ ਭੂਤ ਉਤਰ ਗਿਆ ਕਿਉਂਕਿ ਖ਼ੂਨ ਦੀ ਕੋਈ ਜਾਤ ਤੇ ਧਰਮ ਨਹੀਂ ਹੁੰਦਾ। ‘ਤਿੰਨ ਬਲ ਰਹੇ ਸਿਵੇ’ ਕਹਾਣੀ ਪਰਵਾਸ ਵਿੱਚ ਵੀ ਪੰਜਾਬੀਆਂ ਦੀ ਧੋਖੇ, ਫਰੇਬ ਅਤੇ ਵਿਸ਼ਵਾਸ਼ਘਾਤ ਦੀ ਪ੍ਰਵਿਰਤੀ ਬਾਰੇ ਜਾਣਕਾਰੀ ਦਿੰਦੀ ਹੈ। ਜਗਮੋਹਨ ਅਤੇ ਗੁਰਮੀਤ ਨੇ ਆਪਣੇ ਦੋਸਤ ਗੁਰ ਸੇਵਕ ਦੀ ਲੜਕੀ ਨੂੰ ਵਰਗਲਾ ਕੇ ਕੁਛੜ ਵਿੱਚ ਬਹਿ ਕੇ ਦਾਹੜੀ ਮੁੰਨੀ ਹੈ। ਇਸ ਕਹਾਣੀ ਤੋਂ ਇਹ ਵੀ ਪਤਾ ਲਗਦਾ ਹੈ ਕਿ ਪਰਵਾਸ ਵਿੱਚ ਬਾਲਗ ਬੱਚੇ ਮਾਂ ਪਿਓ ਨੂੰ ਵੀ ਟਿਚ ਸਮਝਦੇ ਹਨ। ‘ਮੈਂ ਹੁਣ ਕਿਹਦੇ ਨਾਲ ਖੇਡਾਂਗੀ’ ਪੰਜਾਬ ਵਿੱਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦੇ ਹੋਏ ਕਤਲਾਂ ਦੀ ਦਾਸਤਾਂ ਹੈ। ਇਸ ਕਤਲ ਨੇ ਹਿੰਦੂਆਂ ਅਤੇ ਸਿੱਖਾਂ ਵਿੱਚ ਨਫ਼ਰਤ ਪੈਦਾ ਕਰ ਦਿੱਤੀ ਸੀ। ਹਾਲਾਂ ਕਿ ਜਨਰਲ ਸ਼ਰਮਾਂ ਨੂੰ ਹਰਟ ਅਟੈਕ ਹੋਣ ‘ਤੇ ਸਿੱਖ ਗੁਆਂਢੀ ਨੇ ਉਸ ਦੀ ਜਾਨ ਬਚਾਈ ਸੀ ਪ੍ਰੰਤੂ ਜਨਰਲ ਸ਼ਰਮਾ ਦੀ ਪਤਨੀ ਕਮਲਾ ਸ਼ਰਮਾ ਸਿੱਖ ਪਰਿਵਾਰ ਦੀ ਲੜਕੀ ਨਾਲ ਹਿੰਦੂ ਬੱਚਿਆਂ ਨੂੰ ਖੇਡਣ ਤੋਂ ਰੋਕਦੀ ਹੈ। ਇਹ ਤ੍ਰਾਸਦੀ ਬੜੀ ਦੁਖਦਾਈ ਹੈ। ਨਸਲੀ ਵਿਤਕਰਾ ਬਰਕਰਾਰ ਰਿਹਾ। ‘ਬੰਦ ਡੱਬਾ’ ਕਹਾਣੀ ਬੀਨਾ ਅਤੇ ਜਗਤਾਰ ਦੇ ਜੀਵਨ ਸਾਥੀਆਂ ਦੀ ਮੌਤ ਤੋਂ ਬਾਅਦ ਇਕੱਲਪਣ ਦੂਰ ਕਰਨ ਲਈ ਜੀਵਨ ਬਸਰ ਕਰਨ ਲਈ ਦੋਸਤੀ ਜ਼ਰੂਰੀ ਵਿਖਾਈ ਗਈ ਹੈ।
128 ਪੰਨਿਆਂ, ਭਾਰਤ 200 ਰੁਪਏ, ਅਸਟਰੇਲੀਆ 15 ਡਾਲਰ ਕੀਮਤ, ਦਿਲਕਸ਼ ਰੰਗਦਾਰ ਮੁੱਖ ਕਵਰ ਵਾਲਾ ਕਹਾਣੀ ਸੰਗ੍ਰਹਿ ਨਾਨਕ ਪੁਸਤਕ ਮਾਲਾ ਅੰਮਿ੍ਰਤਸਰ ਵੱਲੋਂ ਪ੍ਰਕਾਸ਼ਤ ਕੀਤਾ ਗਿਆ ਹੈ।
-
ਉਜਾਗਰ ਸਿੰਘ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.