ਅੱਖੀਂ ਡਿੱਠਾ ਤੇ ਹੰਢਾਇਆ ਐਂਟੀ ਸੋਜੀ ਮੁਹਿੰਮ ਦਾ ਨਫ਼ਰਤ ਭਰਿਆ ਵਤੀਰਾ
ਪਰਮਿੰਦਰ ਕੌਰ ਸਵੈਚ
20 ਸਤੰਬਰ,2023 ਨੂੰ ਕੈਨੇਡਾ ਦੇ ਵੱਡੇ ਸ਼ਹਿਰਾਂ ਵਿੱਚ ਪਬਲਿਕ ਸਕੂਲਾਂ ਦੀ ਐਜੂਕੇਸ਼ਨ ਵਿੱਚ ਸੋਜੀ ਦੀ ਸ਼ਮੂਲੀਅਤ ਵਾਲੀ ਪੜ੍ਹਾਈ ਬਾਰੇ ਉਸਦੇ ਵਿਰੋਧ ਵਿੱਚ ਤੇ ਹੱਕ ਵਿੱਚ ਰੈਲੀਆਂ ਤੇ ਮੁਜ਼ਾਹਰੇ ਕੀਤੇ ਗਏ। ਕਈਆਂ ਥਾਵਾਂ ਤੇ ਹੱਕ ਵਿੱਚ ਜ਼ਿਆਦਾ ਲੋਕ ਪਹੁੰਚੇ ਤੇ ਕਈਆਂ ਵਿੱਚ ਵਿਰੋਧ ਵਿੱਚ। ਸਰ੍ਹੀ ਵਿੱਚ ਇਸ ਪੜ੍ਹਾਈ ਦੇ ਵਿਰੋਧ ਵਿੱਚ ਰਲਵੇਂ ਮਿਲਵੇਂ ਭਾਈਚਾਰੇ ਵਲੋਂ ਬਹੁਤ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜੋ ਬੇਅਰ ਕਰੀਕ ਪਾਰਕ ਤੋਂ ਚੱਲ ਕੇ ਰਚਨਾ ਸਿੰਘ ( ਐਜੂਕੇਸ਼ਨ ਮਨਿਸਟਰ) ਦੇ ਦਫਤਰ ਤੱਕ ਪਹੁੰਚਿਆ। ਰਚਨਾ ਸਿੰਘ ਦੇ ਦਫਤਰ ਅੱਗੇ ਪਹਿਲਾਂ ਹੀ ਸੋਜੀ ਦੇ ਹੱਕ ਵਿੱਚ ਟੀਚਰ ਯੂਨੀਅਨ, LGBTQ+ ਵੱਲੋਂ ਮੁਜ਼ਾਹਰਾ ਹੋ ਰਿਹਾ ਸੀ ਜਿਸ ਵਿੱਚ ਅਸੀਂ ਪੰਜਾਬੀ ਭਾਈਚਾਰੇ ਵਿੱਚੋਂ ਕੁੱਝ ਲੋਕ ਪਹੁੰਚੇ ਸਾਂ। ਜਦੋਂ ਦੋਨਾਂ ਦਾ ਆਹਮੋ ਸਾਹਮਣਾ ਹੋਇਆ ਤਾਂ ਸੋਜੀ ਵਿਰੋਧੀ ਲੋਕਾਂ ਨੇ ਸਾਡੇ ‘ਤੇ ਗਾਲ਼ੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਅਸੀਂ ਉਹ ਮੈਂਬਰ ਸਾਂ ਜੋ ਸਮਾਜ ਵਿੱਚ ਮਨੁੱਖੀ ਹੱਕਾਂ ਦੇ ਮਸਲਿਆਂ ਲਈ ਡਟ ਕੇ ਖੜ੍ਹਦੇ ਹਾਂ ਭਾਵੇਂ ਨਸਲਵਾਦ ਦਾ ਮੁੱਦਾ ਹੋਵੇ ਭਾਵੇਂ ਔਰਤਾਂ, ਦਲਿਤਾਂ ਜਾਂ ਘੱਟ ਗਿਣਤੀਆਂ ਉੱਤੇ ਹੋ ਰਹੇ ਤਸ਼ੱਦਦ ਦੀ ਗੱਲ ਹੋਵੇ ਜਾਂ ਮਜ਼ਦੂਰਾਂ ਕਿਸਾਨਾਂ ਦੇ ਮੁੱਦੇ ਹੋਣ ਜਾਂ ਹੁਣ LGBTQ+ ਭਾਈਚਾਰੇ ਨਾਲ ਹੋ ਰਹੇ ਨਫ਼ਰਤ ਭਰੇ ਵਿਤਕਰੇ ਕਰਕੇ ਸ਼ਾਮਲ ਹੋਏ ਸਾਂ।
ਜਦੋਂ ਉਹ ਸਾਡੇ ਸਾਹਮਣੇ ਆਏ ਤਾਂ ਇਹ ਮੁੱਦਾ ਸੋਜੀ ਦਾ ਨਾ ਰਹਿ ਕੇ ਸਗੋਂ ਸਾਡੇ ਭਾਈਚਾਰੇ ਦਾ ਪੰਜ ਮੈਂਬਰਾਂ ਦੇ ਖਿਲਾਫ ਵੱਡੀ ਭੀੜ ਦਾ ਬਣ ਗਿਆ ਸੀ। ਮੇਰਾ ਉੱਥੇ ਪਹੁੰਚਣਾ ਤਾਂ ਔਰਤ ਵਿਰੋਧੀ ਲੋਕਾਂ ਦੇ ਢਿੱਡੀਂ ਪੀੜਾਂ ਪਾ ਗਿਆ। ਕਿ ਇੱਕ ਔਰਤ ਦੀ ਆਪਣੀ ਸਮਝ ਹੋ ਨਹੀਂ ਸਕਦੀ, ਇਸਨੂੰ ਧੱਕੇ ਨਾਲ ਕਿਸੇ ਖੜ੍ਹਾ ਕੀਤਾ ਹੈ। ‘ਸੋ ਕਿਉ ਮੰਦਾ ਆਖੀਐ’ ਨੂੰ ਹਰ ਰੋਜ਼ ਸੁਣਨ ਵਾਲਿਆਂ ਨੇ ਮੇਰੇ ਪਾਇਆ ਪੰਜਾਬੀ ਸੂਟ ਤੇ ਸਾਡੇ ਇੱਕ ਮੈਂਬਰ ਦੇ ਬੰਨ੍ਹੀ ਪੱਗ ਦੇਖ ਕੇ ਪਹਿਲਾਂ ਬਹੁਤ ਹੈਰਾਨ ਹੋਏ ਤੇ ਸਾਨੂੰ ਮਜਬੂਰ ਕਰਨ ਲੱਗੇ ਕਿ ਐਧਰ ਆ ਜਾਓ। ਕਹਿੰਦੇ ਤੁਸੀਂ ਸੂਟ ਜਾਂ ਪੱਗ ਬੰਨ੍ਹ ਕੇ ਸਾਡੀ ਸਿੱਖੀ ਨੂੰ ਲਾਜ ਲਾ ਰਹੇ ਹੋ। ਤੁਸੀਂ ਸਾਡੇ ਗੁਰਦਵਾਰੇ ਵੜ ਕੇ ਦਿਖਾਇਓ, ਫਿਰ ਪੁੱਛਾਂਗੇ। ਅਸੀਂ ਉਹਨਾਂ ਨੂੰ ਬਹੁਤ ਕਿਹਾ ਕਿ ਸਾਡੀ ਮਰਜ਼ੀ ਹੈ, ਅਸੀਂ ਕਿੱਥੇ ਖੜ੍ਹੇ ਹਾਂ, ਕੀ ਪਹਿਨ ਰਹੇ ਹਾਂ, ਕੀ ਖਾ ਰਹੇ ਹਾਂ। ਸਾਨੂੰ ਤੰਗ ਨਾ ਕਰੋ। ਭੀੜ ਨੇ ਫਿਰ ਮੈਨੂੰ ਔਰਤ ਹੋਣ ਕਰਕੇ ਹਮਲਾ ਕਰਨਾ ਸ਼ੁਰੂ ਕੀਤਾ ਕਿ ਤੂੰ ਕਿੰਨੇ ਪੈਸੇ ਲੈ ਕੇ ਇਹਨਾਂ ਨਾਲ ਖੜ੍ਹੀ ਹੈਂ। ਉਦੋਂ ਹੀ ਪੋਸਟਰ ਬਣਾ ਦਿੱਤੇ-‘ਇਹ ਆਂਟੀ ਵਿਕਾਊ ਹੈ’ ‘ਇਹ ਆਂਟੀ ਗੇਅ ਹੈ’ ਮੈਨੂੰ ਖੁਸਰਾ ਕਿਹਾ ਗਿਆ, ਮੇਰੇ ਉੱਤੋਂ ਦੋ ਸੌ ਡਾਲਰ ਵਾਰ ਰਹੇ ਸਨ। ਕਹਿ ਰਹੇ ਸਨ ਸਾਡੇ ਸਾਹਮਣੇ ਆ ਕੇ ਨੱਚ ਤੈਨੂੰ ਵਧਾਈ ਦਿੰਦੇ ਹਾਂ। ਸਾਡੇ ਖਿਲਾਫ ਸ਼ੇਮ ਸ਼ੇਮ ਦੇ ਨਾਹਰੇ ਲਗਾਏ ਗਏ। ਕਈਆਂ ਵੱਲੋਂ ਕਿਹਾ ਗਿਆ ਕਿ ਚੱਪਣੀ ਵਿੱਚ ਨੱਕ ਡੋਬ ਕੇ ਮਰ ਜਾਓ। ਇਹ ਸਾਰਾ ਕੁੱਝ ਤਕਰੀਬਨ 12 ਵਜੇ ਤੋਂ ਲੈ ਕੇ ਸਾਢੇ 5 ਵਜੇ ਤੱਕ ਚੱਲਿਆ। ਜਿੰਨੀ ਭੀੜ ਖੜ੍ਹੀ ਸੀ ਜਿਸ ਨਾਲ ਵੀ ਅੱਖ ਮਿਲਦੀ ਸੀ, ਉਹੀ ਗਾਲ਼ਾਂ ਕੱਢਣ ਲੱਗ ਜਾਂਦਾ ਸੀ। ਅਸੀਂ ਵਾਰ ਵਾਰ ਉਹਨਾਂ ਨੂੰ ਬਹੁਤ ਹੀ ਠਰ੍ਹੰਮੇ ਨਾਲ ਕਿਹਾ ਕਿ ਤੁਸੀਂ ਆਪਣਾ ਪ੍ਰੋਟੈਸਟ ਕਰ ਰਹੇ ਹੋ, ਕਰੋ ਤੇ ਅਸੀਂ ਆਪਣਾ। ਤੁਹਾਨੂੰ ਸਾਨੂੰ ਮੰਦਾ ਚੰਗਾ ਬੋਲਣ ਦੀ ਜ਼ਰੂਰਤ ਨਹੀਂ ਆਪਣੀ ਆਪਸ ਵਿੱਚ ਕੋਈ ਲੜਾਈ ਨਹੀਂ ਹੈ। ਅਗਰ ਤੁਸੀਂ ਸਹੀ ਹੋ ਤਾਂ ਬਿਹਤਰ ਤਰੀਕੇ ਨਾਲ ਅਥੌਰਟੀਜ਼ ਨਾਲ ਮਿਲ ਕੇ ਆਪਣੀਆਂ ਮੰਗਾਂ ਮਨਵਾਓ ਪਰ ਸਾਨੂੰ ਕੁੱਝ ਨਾ ਕਹੋ। ਪਰ ਭੀੜ ਨੇ ਸਾਰੀਆਂ ਹੱਦਾਂ ਪਾਰ ਕਰਕੇ ਸਾਡੀ ਬੇਇੱਜ਼ਤੀ ਕੀਤੀ। ਇੱਥੋਂ ਤੱਕ ਕੇ ਛੋਟੇ ਛੋਟੇ ਬੱਚਿਆਂ ਨੂੰ ਅੱਗੇ ਕਰਕੇ ਜੋ ਸਾਡੇ ਪੋਤੇ ਪੋਤੀਆਂ, ਦੋਹਤੇ ਦੋਹਤੀਆਂ ਦੇ ਹਾਣ ਦੇ ਸਨ, ਉਹਨਾਂ ਕੋਲ਼ੋਂ ਜ਼ਲੀਲ ਕਰਵਾਇਆ ਗਿਆ।
ਉਹ ਲੋਕ ਜਿਹੜੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਦਾਹਵੇਦਾਰ ਬਣ ਕੇ ਆਏ ਸਨ। ਉਹਨਾਂ ਨੂੰ ਸਬਕ ਦਿਵਾ ਕੇ ਲੈ ਗਏ ਕਿ ਤੁਸੀਂ ਆਪਣੇ ਬਜ਼ੁਰਗਾਂ ਦੀ ਇਸ ਹੱਦ ਤੱਕ ਬੇਇੱਜ਼ਤੀ ਕਰ ਸਕਦੇ ਹੋ। ਬੱਚਿਆਂ ਨੂੰ ਟੀਚਰ ਦਾ ਸੋਜੀ ਬਾਰੇ ਪੜ੍ਹਾਇਆ ਹੋਇਆ ਯਾਦ ਰਹੇ, ਨਾ ਰਹੇ ਪਰ ਉਸ ਦਿਨ ਇਸ ਜਲੂਸ ਰਾਹੀਂ ਜੋ ਬੱਚਿਆਂ ਨੂੰ ਸਿੱਖਿਆ ਦਿੱਤੀ ਗਈ, ਉਹ ਕਦੇ ਨਹੀਂ ਭੁੱਲਣਗੇ। ਇਸ ਤੋਂ ਸਾਫ਼ ਹੈ ਕਿ ਉਹ ਲੋਕਾਂ ਨੂੰ ਸੋਜੀ ਪ੍ਰੋਗਰਾਮ ਬਾਰੇ ਕੱਖ ਵੀ ਪਤਾ ਨਹੀਂ ਸੀ, ਨਹੀਂ ਤਾਂ ਉਹਨਾਂ ਨੂੰ ਸਾਡੇ ਨਾਲ ਖਹਿਬੜਨ ਦੀ ਜ਼ਰੂਰਤ ਨਹੀਂ ਸੀ। ਉਹਨਾਂ ਨੂੰ ਤਾਂ ਕਿਸੇ ਨੇ ਗੁੰਮਰਾਹ ਕਰਕੇ ਸੜਕਾਂ ਤੇ ਤਾਂ ਲਿਆਂਦਾ ਪਰ ਉਹਨਾਂ ਨੇ ਆਪਣੇ ਵੱਡੇ ਮੁੱਦੇ ਜਾਂ ਬੱਚਿਆਂ ਦੇ ਫਿਕਰ ਨੂੰ ਸਿਰਫ਼ ਪੰਜ ਪੰਜਾਬੀਆਂ ਨਾਲ ਨਫ਼ਰਤ ਦਾ ਮੁੱਦਾ ਬਣਾ ਲਿਆ। ਅੱਜ ਮੈਂ ਇਹ ਸੋਚਦੀ ਹਾਂ ਕਿ ਚੰਗੀ ਗੱਲ ਹੈ ਅਸੀਂ ਆਪਣੇ ਬੱਚਿਆਂ ਬਾਰੇ ਫ਼ਿਕਰ ਕਰਦੇ ਹਾਂ, ਕਰਨਾ ਵੀ ਚਾਹੀਦਾ ਹੈ। ਪ੍ਰੋਟੈਸਟ ਕਰਨਾ ਵੀ ਸਹੀ ਹੈ ਪਰ ਐਨੀ ਨਫ਼ਰਤ ਤੋਬਾ !!
ਸੋਚਣ ਵਾਲੀ ਗੱਲ ਹੈ ਕਿ ਮੈਨੂੰ LGBTQ+ ਭਾਈਚਾਰੇ ਦਾ ਸਿਰਫ਼ ਇੱਕ ਦਿਨ ਸਾਥ ਦੇਣ ਤੇ ਐਨਾ ਸੰਤਾਪ ਝੱਲਣਾ ਪਿਆ ਹੈ। ਪਰ ਉਹ ਭਾਈਚਾਰਾ ਜੋ ਕੁਦਰਤੀ ਜਮਾਂਦਰੂ ਹੀ ਅਜਿਹਾ ਹੈ, ਉਹਨਾਂ ਨੂੰ ਤਾਂ ਇਹ ਲੋਕ ਹਰ ਪਲ, ਹਰ ਘੜੀ, ਹਰ ਦਿਨ, ਹਰ ਸਮੇਂ ਕਿਤੇ ਵੱਧ ਜ਼ਲੀਲ ਕਰਦੇ ਹੋਣਗੇ ਤਾਂ ਹੀ ਅੰਕੜੇ ਦਰਸਾ ਰਹੇ ਹਨ ਕਿ ਉਹਨਾਂ ਲੋਕਾਂ ਦੇ ਸੂਅਸਾਈਡ ਰੇਟ ਬਹੁਤ ਵਧ ਰਹੇ ਹਨ। ਉਹ ਬੱਚੇ ਹਰ ਰੋਜ਼ ਡਿਪਰੈਸ਼ਨ ਵਰਗੀਆਂ ਮਾਨਸਿਕ ਬਿਮਾਰੀਆਂ ਨਾਲ ਜੂਝ ਰਹੇ ਹਨ। ਉਹਨਾਂ ਬੱਚਿਆਂ ਨੂੰ ਸਕੂਨ ਦੇ ਪਲ ਦੇਣ ਲਈ ਅਗਰ ਸੋਜੀ ਵਰਗੀ ਪੜ੍ਹਾਈ ਮੱਦਦ ਕਰਦੀ ਹੈ ਤਾਂ ਅਸੀਂ ਆਪਣੀ ਸੋਚ ਦੀ ਤੰਗਦਿਲੀ ਕਿਉਂ ਦਿਖਾ ਰਹੇ ਹਾਂ। ਮੇਰਾ ਖਿਆਲ ਹੈ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਵੇ। ਉਸਨੇ ਹੀ ਇਹ ਭੰਬਲ਼ਭੂਸਾ ਦੂਰ ਕਰਨਾ ਹੈ। ਜਿੰਨਾ ਚਿਰ ਉਹ ਸਹੀ ਜਾਣਕਾਰੀ ਨਹੀਂ ਦਿੰਦੇ ਤਾਂ ਲੋਕਾਂ ਵਿੱਚ ਆਪਸੀ ਨਫ਼ਰਤ ਜ਼ਿਆਦਾ ਫੈਲੇਗੀ। ਮਨੁੱਖੀ ਹੱਕਾਂ ਲਈ ਖੜ੍ਹੇ ਲੋਕ ਤੇ ਘੱਟ ਗਿਣਤੀਆਂ ਨਫ਼ਰਤ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ। ਜਿਸ ਤੋਂ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।
ਉਸ ਦਿਨ ਜਦੋਂ ਅਸੀਂ ਤਿੰਨ ਕੁ ਵਜੇ ਉੱਥੋਂ ਜਾਣ ਲੱਗੇ ਤਾਂ ਭੀੜ ਸਾਡੇ ਤੇ ਹਮਲਾ ਕਰਨ ਲੱਗੀ ਸੀ ਤੇ ਪੁਲੀਸ ਨੇ ਵਿੱਚ ਪੈ ਕੇ ਰੋਕਿਆ ਤੇ ਸਾਨੂੰ ਅੰਦਰ ਬਿਲਡਿੰਗ ਵਿੱਚ ਭੇਜ ਦਿੱਤਾ ਗਿਆ ਕਿ ਜਦ ਉਹ ਚਲੇ ਜਾਣ, ਤਦ ਤੁਸੀਂ ਜਾਇਓ। ਪਰ ਉਹ ਭੀੜ ਟੱਸ ਤੋਂ ਮੱਸ ਨਾ ਹੋਈ। ਅਸੀਂ ਪੁਲੀਸ ਨੂੰ ਕਿਹਾ ਕਿ ਸਾਨੂੰ ਸਾਡੀਆਂ ਕਾਰਾਂ ਤੱਕ ਪਹੁੰਚਾ ਦਿਓ ਤਾਂ ਉਹਨਾਂ ਦਾ ਜਵਾਬ ਸੀ ਕਿ ਅਸੀਂ ਕਿਸੇ ਦਾ ਪੱਖ ਨਹੀਂ ਪੂਰ ਸਕਦੇ। ਜਦਕਿ ਪੁਲੀਸ ਦਾ ਕੰਮ ਹੈ ਜਿਸ ਨੂੰ ਸੁਰੱਖਿਆ ਦੀ ਲੋੜ ਹੈ, ਉਸ ਨੂੰ ਸੁਰੱਖਿਆ ਦਿੱਤੀ ਜਾਵੇ, ਉਹ ਚਾਹੇ ਭੀੜ ਹੁੰਦੀ ਜਾਂ ਅਸੀਂ। ਪਰ ਸਾਡੀ ਉਹਨਾਂ ਕੋਈ ਮੱਦਦ ਨਹੀਂ ਕੀਤੀ। ਇਸੇ ਤਰ੍ਹਾਂ ਹਰ ਮੀਡੀਆ ਪੰਜਾਬੀ, ਅੰਗਰੇਜ਼ੀ ਉੱਥੇ ਸਭ ਭੀੜ ਨੂੰ ਕਵਰ ਕਰ ਰਿਹਾ ਸੀ ਪਰ ਉਹਨਾਂ ਨੇ ਦੂਜੀ ਸਾਈਡ ਬਾਰੇ ਜਾਨਣ ਦਾ ਕੋਈ ਮਤਲਬ ਹੀ ਨਹੀਂ ਸਮਝਿਆ। ਮੀਡੀਏ ਦਾ ਮਤਲਬ ਹੁੰਦਾ
ਹੈ ਮਿਡਲ ਵਿੱਚ ਰਹਿ ਕੇ ਦੋਹਾਂ ਧਿਰਾਂ ਬਾਰੇ ਸਹੀ ਜਾਣਕਾਰੀ ਲੈ ਕੇ ਲੋਕਾਂ ਤੱਕ ਪਹੁੰਚਾਉਣੀ। ਅੰਤ ਵਿੱਚ ਸਾਨੂੰ LGBTQ+ ਭਾਈਚਾਰੇ ਵਿੱਚੋਂ ਹੀ ਇੱਕ ਲੜਕੀ ਨੇ ਰਾਈਡ ਦਿੱਤੀ। ਅਸੀਂ ਸਾਰੇ ਅੱਜ ਵੀ ਇਸ ਘੱਟ ਗਿਣਤੀ ਭਾਈਚਾਰੇ ਨਾਲ ਖੜ੍ਹੇ ਹਾਂ, ਹਮੇਸ਼ਾਂ ਲਈ ਉਹਨਾਂ ਦੇ ਹੱਕਾਂ ਲਈ ਖੜ੍ਹੇ ਰਹਾਂਗੇ।
Email: pswaich@hotmail.com
ਫੋਨ: +1 (604) 760-4794
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
-
ਪਰਮਿੰਦਰ ਕੌਰ ਸਵੈਚ, ਲੇਖਕ
pswaich@hotmail.com
+1 (604) 760-4794
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.