ਫਾਇਰਵਾਲ ਕੀ ਹੈ ਅਤੇ ਇਹ ਕਿਵੇਂ ਕੰਮ ਕਰਦੀ ਹੈ?
ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਤਕਨੀਕ ਜਾਂ ਤਕਨਾਲੌਜੀ ਦੀ ਦੁਨੀਆ ਵਿੱਚ ਕੰਪਿਊਟਰ ਇੱਕ ਅਹਿਮ ਰੋਲ ਨਿਭਾ ਰਿਹਾ ਹੈ।ਕੰਪਿਊਟਰ ਦੀ ਸ਼ਬਦਾਵਲੀ ਵਿੱਚ ਸ਼ਬਦ “ਫਾਇਰਵਾਲ” ਅਕਸਰ ਸੁਨਣ ਨੂੰ ਮਿਲਦਾ ਹੈ।ਆਓ ਜਾਣਦੇ ਹਾਂ ਕੀ ਹੈ ਇਹ ਫਾਇਰਵਾਲ?
ਸ਼ਬਦ ਫਾਇਰਵਾਲ ਦੇ ਜੇਕਰ ਆਪਾਂ ਆਸਾਨ ਭਾਸ਼ਾ ਵਿੱਚ ਅਰਥ ਕਰੀਏ ਤਾਂ ਕਹਿ ਸਕਦੇ ਹਾਂ ਕਿ ਅਜਿਹੀ ਕੰਧ ਜੋ ਅੱਗ ਤੋਂ ਬਚਾਉਂਦੀ ਹੋਵੇ।ਉਦਾਹਰਨ ਦੇ ਤੌਰ ਤੇ ਜੇਕਰ ਕਿਸੇ ਘਰ ਦੇ ਵਿੱਚ ਅੱਗ ਲੱਗ ਜਾਵੇ ਅਤੇ ਨਾਲ ਵਾਲੇ ਘਰ ਦੀਆਂ ਕੰਧਾਂ ੳੱਚੀਆਂ ਹੋਣ ਤਾਂ ਉਹ ਅੱਗ ਉਸ ਘਰ ਤੱਕ ਨਹੀਂ ਪਹੁੰਚੇਗੀ।ਇਸੇ ਤਰਾਂ ਅਗਰ ਅੱਗ ਉੱਚੀ ਕੰਧ ਵਾਲੇ ਘਰ ਦੇ ਅੰਦਰ ਲੱਗੀ ਹੋਵੇ ਤਾਂ ਉਹ ਵੀ ਨਾਲ ਵਾਲੇ ਘਰ ਵਿੱਚ ਨਹੀਂ ਪਹੁੰਚੇਗੀ।
ਆਓ ਹੁਣ ਇਸ ਬਾਰੇ ਵਿਸਥਾਰ ਸਹਿਤ ਪੜੀਏ। ਫਾਇਰਵਾਲ ਇੱਕ ਅਜਿਹੀ ਸੁਰੱਖਿਆ ਪ੍ਰਣਾਲੀ ਹੈ ਜਿਸਦੀ ਵਰਤੋਂ ਇੰਟਰਨੈੱਟ ਦੀ ਵਰਤੋਂ ਕਰਦੇ ਸਮੇਂ ਪੈਂਦੀ ਹੈ। ਵਰਤੋਂ ਤੋਂ ਭਾਵ ਕੋਈ ਵੈਬਸਾਈਟ ਖੋਲਣਾ, ਵੀਡੀਓ ਦੇਖਣਾ, ਕੋਈ ਫਾਈਲ ਡਾਊਨਲੋਡ ਕਰਨਾ, ਈ ਮੇਲ ਕਰਨਾ ਆਦਿ ਕੁਝ ਵੀ ਹੋ ਸਕਦਾ ਹੈ। ਸੋ ਅਜਿਹੇ ਸਮੇਂ ਇੰਟਰਨੈੱਟ ਰਾਹੀ ਜੋੋ ਵੀ ਟ੍ਰੈਫਿਕ ਤੁਹਾਡੇ ਕੰਪਿਊਟਰ ਵੱਲ ਆ ਰਿਹਾ ਹੁੰਦਾ ਹੈ, ਉਹ ਤੁਹਾਨੂੰ ਦੱਸੇ ਬਗੈਰ ਤੁਹਾਡੇ ਕੰਪਿਊਟਰ ਵਿੱਚ ਕੋਈ ਸਾਫਟਵੇਅਰ ਇੰਸਟਾਲ ਨਾ ਕਰੇ, ਕੋਈ ਅਣਚਾਹੀਆਂ ਫਾਈਲਾਂ ਤੁਹਾਡੇ ਕੰਪਿਊਟਰ ਵਿੱਚ ਨਾ ਆਉਣ।ਇਸ ਵਾਸਤੇ ਫਾਇਰਵਾਲ ਇੱਕ ਸੁਰੱਖਿਆ ਪ੍ਰਣਾਲੀ ਜਾਂ ਕੰਧ ਤੁਹਾਡੇ ਕੰਪਿਊਟਰ ਦੇ ਚਾਰੇ ਪਾਸੇ ਬਣਾ ਕੇ ਰੱਖਦਾ ਹੈ।
ਜੇਕਰ ਕੋਈ ਵਾਇਰਸ ਜਾਂ ਮਾਲਵੇਅਰ ਪਹਿਲਾਂ ਹੀ ਤੁਹਾਡੇ ਕੰਪਿਊਟਰ ਅੰਦਰ ਪ੍ਰਵੇਸ਼ ਕਰ ਚੁੱਕਾ ਹੈ ਅਤੇ ਤੁਹਾਡਾ ਕੰਪਿਊਟਰ ਕਿਸੇ ਨੈਟਵਰਕ ਦਾ ਹਿੱਸਾ ਹੈ ਜਿਸ ਵਿੱਚ ਹੋਰ ਵੀ ਕਾਫੀ ਕੰਪਿਊਟਰ ਹਨ ਤਾਂ ਫਾਇਰਵਾਲ ਤੁਹਾਡੇ ਕੰਪਿਊਟਰ ਤੋਂ ਨੈਟਵਰਕ ਦੇ ਬਾਕੀ ਕੰਪਿਊਟਰਾਂ ਵਿੱਚ ਇਹ ਵਾਇਰਸ ਜਾਂ ਮਾਲਵੇਅਰ ਜਾਣ ਤੋਂ ਰੋਕਣ ਦਾ ਕੰਮ ਵੀ ਕਰਦਾ ਹੈ।
ਫਾਇਰਵਾਲ ਦੋ ਤਰ੍ਹਾਂ ਦੇ ਹੁੰਦੇ ਹਨ- ਹਾਰਡਵੇਅਰ ਅਧਾਰਿਤ ਅਤੇ ਸਾਫਟਵੇਅਰ ਅਧਾਰਿਤ ਫਾਇਰਵਾਲ।ਹਾਰਡਵੇਅਰ ਅਧਾਰਿਤ ਫਾਇਰਵਾਲ ਹਾਰਡਵੇਅਰ ਯੰਤਰ ਉੱਪਰ ਹੀ ਇੰਸਟਾਲ ਹੁੰਦਾ ਹੈ। ਉਦਾਹਰਨ ਦੇ ਤੌਰ ਤੇ ਜੇਕਰ ਤੁਹਾਡੇ ਘਰ ਵਿੱਚ ਬਰਾਡਬੈਂਡ ਕੁਨੈਕਸ਼ਨ ਹੈ ਅਤੇ ਤੁਸੀ ਰਾਊਟਰ ਦੀ ਮਦਦ ਨਾਲ ਕਈ ਯੰਤਰਾਂ ਉੱਪਰ ਇੰਟਰਨੈੱਟ ਚਲਾਉਂਦੇ ਹੋ ਤਾਂ ਜੇਕਰ ਰਾਊਟਰ ਉੱਪਰ ਫਾਇਰਵਾਲ ਇੰਸਟਾਲ ਹੈ ਤਾਂ ਉਹ ਉਹਨਾਂ ਸਾਰੇ ਯੰਤਰਾਂ ਨੂੰ ਸੁਰੱਖਿਆ ਦੇਵੇਗਾ ਜਿਹੜੇ ਇਸ ਨਾਲ ਜੁੜੇ ਹੋਏ ਹਨ।
ਫਾਇਰਵਾਲ ਇਹਨਾਂ ਸਾਰੇ ਯੰਤਰਾਂ ਨੂੰ ਇੱਕ ਨੈਟਵਰਕ ਸਮਝੇਗਾ ਅਤੇ ਜਦੋਂ ਵੀ ਇਸ ਨੈਟਵਰਕ ਤੋਂ ਡਾਟਾ ਬਾਹਰ ਭਾਵ ਸਰਵਰ ਤੇ ਭੇਜਿਆ ਜਾਵੇਗਾ ਤਾਂ ਫਾਇਰਵਾਲ ਡਾਟਾ ਦਾ ਪੈਕਟ ਅਤੇ ਨੈਟਵਰਕ ਦੀ ਆਈ ਡੀ ਨੋਟ ਕਰੇਗਾ। ਸਰਵਰ ਤੋਂ ਡਾਟਾ ਵਾਪਸ ਆਉਣ ਸਮੇਂ ਉਸ ਨਾਲ ਇੱਕ ਆਈ ਡੀ ਅਟੈਚ ਹੋਈ ਹੁੰਦੀ ਹੈ , ਫਾਇਰਵਾਲ ਉਸ ਆਈ ਡੀ ਨੂੰ ਚੈੱਕ ਕਰਦਾ ਹੈ ਅਤੇ ਜੇ ਇਹ ਆਈ ਡੀ ਨੈਟਵਰਕ ਵਲੋਂ ਭੇਜੀ ਜਾਣ ਵਾਲੀ ਆਈ ਡੀ ਨਾਲ ਮੇਲ ਖਾਂਦੀ ਹੈ ਤਾਂ ਹੀ ਉਸ ਡਾਟਾ ਨੂੰ ਅੰਦਰ ਆਉਣ ਦੀ ਆਗਿਆ ਦਿੱਤੀ ਜਾਂਦੀ ਹੈ ਨਹੀਂ ਤਾਂ ਉਸ ਡਾਟਾ ਨੂੰ ਰੋਕ ਦਿੱਤਾ ਜਾਂਦਾ ਹੈ।
ਸਾਫਟਵੇਅਰ ਅਧਾਰਿਤ ਫਾਇਰਵਾਲ ਵੱਖ-2 ਐਂਟੀਵਾਇਰਸ ਕੰਪਨੀਆਂ ਜਿਵੇਂ ਕਿ ਨਾਰਟਨ, ਅਵਾਸਟ, ਮਕੈਫੇ ਆਦਿ ਵਲੋਂ ਤਾਂ ਮਿਲ ਹੀ ਜਾਂਦੇ ਹਨ। ਇਸਤੋਂ ਇਲਾਵਾ ਮਾਈਕੋ੍ਰਸਾਫਟ ਵਿੰਡੋਂਜ ਅੰਦਰ ਵੀ ਪਹਿਲਾਂ ਤੋਂ ਹੀ ਮੌਜੂਦ ਫਾਇਰਵਾਲ ਦੀਆਂ ਆਪਸ਼ਨਾਂ ਵੀ ਮਿਲ ਜਾਂਦੀਆਂ ਹਨ।ਫਾਇਰਵਾਲ ਧਿਆਨ ਰੱਖਦਾ ਹੈ ਕਿ ਤੁਹਾਡੇ ਕੰਪਿਊਟਰ ਤੇ ਜੋ ਟਰੈਫਿਕ ਆ ਰਹੀ ਹੈ ਜਾਂ ਜਾ ਰਹੀ ਹੈ ਉਸਦਾ ਸੋਰਸ ਕੀ ਹੈ, ਡੈਸਟੀਨੇਸ਼ਨ ਕੀ ਹੈ, ਆਈ ਪੀ ਐਡਰੈਸ ਕੀ ਹੈ ਅਤੇ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਫੈਸਲਾ ਕਰਦਾ ਹੈ ਕਿ ਇਸਨੂੰ ਆਉਣ ਦੇਣਾ ਹੈ ਕਿ ਨਹੀਂ।
ਫਾਇਰਵਾਲ ਇੱਕ ਹੋਰ ਕੰਮ ਵੀ ਕਰਦਾ ਹੈ ਜੋ ਕਿ ਕਈ ਵਾਰ ਸਾਨੂੰ ਕਾਫੀ ਪਰੇਸ਼ਾਨੀ ਭਰਪੂਰ ਵੀ ਲਗਦਾ ਹੈ।ਤੁਸੀਂ ਆਪਣੇ ਕੰਪਿਊਟਰ ਉੱਪਰ ਕੋਈ ਗੇਮ ਜਾਂ ਸਾਫਟਵੇਅਰ ਇੰਸਟਾਲ ਕਰਦੇ ਹੋ ਅਤੇ ਜਦੋਂ ਤੁਸੀਂ ਇਸਨੂੰ ਓਪਨ ਕਰਦੇ ਹੋ ਤਾਂ ਫਾਇਰਵਾਲ ਤੁਹਾਨੂੰ ਸਕਰੀਨ ਤੇ ਮੈਸੇਜ ਦਿਖਾਉਦੇ ਹੋਏ ਪੁੱਛਦਾ ਹੈ “ਕੀ ਤੁਸੀਂ ਇਸ ਫਾਈਲ ਨੂੰ ਖੋਲਣ ਤੋਂ ਪਹਿਲਾਂ ਦੁਬਾਰਾ ਚੈੱਕ ਕਰਨਾ ਹੈ”।ਕਿੳਂਕਿ ਇਸਨੂੰ ਵਿੰਡੋਜ਼ ਫਾਇਰਵਾਲ ਨੇ ਡਿਸੇਬਲ ਕਰ ਦਿੱਤਾ ਹੈ।ਫਿਰ ਸਾਨੂੰ ਇਸ ਆਪਸ਼ਨ ਨੂੰ ਇਨੇਬਲ ਜਾਂ ਡਿਸੇਬਲ ਕਰਕੇ ਦੱਸਣਾ ਪੈਂਦਾ ਹੈ ਕਿ ਇਸਨੂੰ ਚਲਾਉਣਾ ਹੈ ਕਿ ਨਹੀਂ।
ਕੰਪਿਊਟਰ ਵਿੱਚ ਫਾਇਰਵਾਲ ਨਾ ਹੋਵੇ ਤਾਂ ਕੀ ਹੋਵੇਗਾ? ਅਜਿਹੇ ਸਮੇਂ ਵਿੱਚ ਮੰਨ ਲਉ ਜੇਕਰ ਤੁਸੀਂ ਆਪਣੇ ਕੰਪਿਊਟਰ ਵਿੱਚ google.com ਚਲਾ ਰਹੇ ਹੋ ਅਤੇ ਪਿੱਛੇ ਤੁਹਾਡੇ ਕੰਪਿਊਟਰ ਵਿੱਚ ਕੀ ਡਾਊਨਲੋਡ ਜਾਂ ਇੰਸਟਾਲ ਹੋ ਰਿਹਾ ਹੈ ਉਹ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ।ਜਿਸ ਨਾਲ ਤੁਹਾਡੇ ਕੰਪਿਊਟਰ ਵਿੱਚੋਂ ਤੁਹਾਡਾ ਚੋਰੀ ਹੋ ਸਕਦਾ ਹੈ ਅਤੇ ਤੁਹਾਡੀ ਬੈਕਿੰਗ ਨਾਲ ਸਬੰਧਿਤ ਨਿੱਜੀ ਜਾਣਕਾਰੀ ਲੀਕ ਹੋ ਸਕਦੀ ਹੈ।
ਸੋ ਜੇਕਰ ਤੁਸੀਂ ਇੰਟਰਨੈੱਟ ਦੀ ਵਰਤੋਂ ਕਰਦੇ ਹੋ ਤਾਂ ਭਾਂਵੇ ਹਾਰਡਵੇਅਰ ਹੋਵੇ ਜਾਂ ਸਾਫਟਵੇਅਰ ਫਾਇਰਵਾਲ ਦਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਇੰਟਰਨੈੱਟ ਉੱਪਰ ਬਹੁਤ ਸਾਰੀਆਂ ਖਤਰਨਾਕ ਵੈਬਸਾਈਟਾਂ ਹਨ।ਕਈ ਵਾਰ ਕੁਝ ਸਾਫਟਵੇਅਰ ਅਜਿਹੇ ਹੁੰਦੇ ਹਨ ਜੋ ਸਾਡੇ ਕੰਪਿਊਟਰ ਉਪਰ ਐਂਟੀਵਾਇਰਸ ਬਣਕੇ ਆਉਂਦੇ ਹਨ ਜੋ ਕਿ ਖੁਦ ਵਾਇਰਸ ਹੁੰਦੇ ਹਨ ਜਾਂ ਕਈ ਵਾਰ ਕਿਸੇ ਵੈਬਸਾਈਟ ਤੇ ਜਾਣ ਤੇ ਸਾਨੂੰ ਮੈਸੇਜ ਦਿਖਦਾ ਹੈ ਕਿ ਤੁਹਾਡੇ ਕੰਪਿਊਟਰ ਦੀ ਮੈੈਮਰੀ ਭਰੀ ਹੋਈ ਹੈ ਤੁਸੀਂ ਮੈਮਰੀ ਨੂੰ ਸਾਫ ਕਰਨ ਲਈ ਇਥੇ ਕਲਿੱਕ ਕਰੋ, ਜਿਉਂ ਹੀ ਤੁਸੀਂ ਉਸ ਕੰਪਿਊਟਰ ਉੱਪਰ ਕਲਿੱਕ ਕਰਦੇ ਹੋ ਤਾਂ ਉਹ ਪ੍ਰੋਗਰਾਮ ਤੁਹਾਡੇ ਕੰਪਿਊਟਰ ਉੱਪਰ ਇੰਸਟਾਲ ਹੋ ਜਾਂਦਾ ਹੈ ਅਤੇ ਕੰਪਿਊਟਰ ਦੀ ਮੈਮਰੀ ਸਾਫ ਕਰਨ ਦੀ ਬਜਾਏ ਉਸਨੂੰ ਹੋਰ ਭਰ ਦਿੰਦਾ ਹੈ ਅਤੇ ਕੰਪਿਊਟਰ ਦੀ ਸਪੀਡ ਹੋਰ ਘੱਟ ਜਾਂਦੀ ਹੈ। ਇਹਨਾਂ ਸਾਰੀਆਂ ਸਮੱਸਿਆਂਵਾਂ ਤੋਂ ਬਚਣ ਲਈ ਫਾਇਰਵਾਲ ਦਾ ਹੋਣਾ ਬਹੁਤ ਜਰੂਰੀ ਹੈ। ਉੁਮੀਦ ਕਰਦਾਂ ਹਾਂ ਕਿ ਤੁਸੀਂ ਫਾਇਰਵਾਲ ਅਤੇ ਇਸਦੇ ਕੰਮ ਕਰਨ ਤੇ ਤਰੀਕੇ ਨੂੰ ਚੰਗੀ ਤਰਾਂ ਸਮਝ ਗਏ ਹੋਵੋਗੇ।
-
ਰਮਨਦੀਪ ਸਿੰਘ, ਐੱਮ ਸੀ ਏ
************************
8146645400
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.