ਬਾਬਾ ਫ਼ਰੀਦ ਦੀ ਬਾਣੀ ਵਿਚ ਸਮੁੱਚੀ ਲੋਕਾਈ ਲਈ ਜੀਵਨ ਜਿਉਣ ਦਾ ਫਲਸਫਾ
ਬਾਬਾ ਫ਼ਰੀਦ ਦੀ ਬਾਣੀ ਨੂੰ ਸ੍ਰੀ ਗੁਰੂ ਗਰੰਥ
ਸਾਹਿਬ ‘ਚ ਵਿਸ਼ੇਸ਼ ਸਥਾਨ
-----------------------------------------------------------
ਫ਼ਰੀਦ-ਉਦ-ਦੀਨ ਮਸੂਦ ਗੰਜਸ਼ਕਰ(1173-1266) ਨੂੰ ਆਮ ਲੋਕ ਬਾਬਾ ਸ਼ੇਖ ਫ਼ਰੀਦ
ਜਾਂ ਬਾਬਾ ਫ਼ਰੀਦ ਦੇ ਨਾਮ ਨਾਲ ਯਾਦ ਕਰਦੇ ਹਨ।ਉਹ ਬਾਰ੍ਹਵੀ ਸਦੀ ਦੇ ਚਿਸਤੀ ਸਿਲਸਿਲੇ
ਦੇ ਸੂਫੀ ਸੰਤ ਪ੍ਰਚਾਰਕ ਸਨ।ਉਨ੍ਹਾਂ ਦਾ ਜਨਮ ਮੁਲਤਾਨ(ਪਾਕਿਸਤਾਨ) ਤੋਂ ਦੱਸ ਕਿਲੋਮੀਟਰ
ਦੂਰ ਪਿੰਡ ਕੋਠੀਵਾਲ ਵਿਖੇ ਹੋਇਆ।ਉਨ੍ਹਾਂ ਦੇ ਪਿਤਾ ਜੀ ਜਮਾਲ-ਉਦ-ਦੀਨ ਸੁਲਮਾਨ ਅਤੇ
ਮਾਤਾ ਜੀ ਮਰੀਅਮ ਬੀਬੀ(ਕਰੁਸਮ ਬੀਬੀ) ਸਨ। ਬਾਬਾ ਫ਼ਰੀਦ ਜੀ ਨੂੰ ਪੰਜਾਬੀ ਬੋਲੀ ਦੇ
ਆਦਿ ਕਵੀ ਵਜੋਂ ਜਾਣਿਆ ਜਾਂਦਾ ਹੈ।ਬਾਬਾ ਫ਼ਰੀਦ ਜੀ ਦੀ ਬਾਣੀ ਦੇ ਚਾਰ ਸ਼ਬਦ ਤੇ 112
ਸਲੋਕ ਸ੍ਰੀ ਗੁਰੁ ਸਾਹਿਬ ਜੀ ਵਿਚ ਦਰਜ਼ ਹਨ। ਉਨ੍ਹਾਂ ਦੀ ਬਾਣੀ ਵਿਚਲੀ ਰੱਬ ਨੂੰ ਮਿਲਣ
ਦੀ ਤਾਂਘ,ਨਿਮ੍ਰਤਾ,ਸਾਦਗੀ ਅਤੇ ਮਿਠਾਸ ਮਨੁੱਖਤਾ ਨੂੰ ਜੀਵਨ ਜਾਚ ਸਿਖਾਉਦੀ ਹੈ।
ਬਾਬਾ ਫ਼ਰੀਦ ਸ਼ੱਕਰਗੰਜ ਖ਼ੋਜ਼ ਕਰਦਿਆਂ ਕਰਦਿਆਂ ਇਧਰ ਸ਼ਹਿਰ ਮੋਕਲਹਰ ਪੁੱਜ
ਗਏ। ਸ਼ਹਿਰ ਦੇ ਬਾਹਰਵਾਰ ਉਸ ਅਸਥਾਨ ਤੇ ਠਹਿਰੇ ਜਿਸ ਨੂੰ ਅੱਜ ਗੁਰਦਵਾਰਾ ਗੋਦੜੀ ਸਾਹਿਬ
ਕਿਹਾ ਜਾਂਦਾ ਹੈ। ਗੁਰਦੁਆਰਾ ਗੋਦੜੀ ਸਾਹਿਬ ਦਾ ਇਤਿਹਾਸ ਵੀ ਨਿਰਾਲਾ ਹੈ। ਕਹਿੰਦੇ ਹਨ
ਕਿ 1215 ਈ: ਵਿੱਚ ਬਾਬਾ ਫ਼ਰੀਦ ਜੀ ਪਾਕਪਟਨ ਜਾ ਰਹੇ ਸਨ ਤਾਂ ਇਸ ਮੁਕਾਮ ਉੱਤੇ ਉਹਨਾਂ
ਨੇ ਸਾਥੀਆਂ ਸਮੇਤ ਇੱਕ ਛੱਪੜੀ ਦੇ ਕਿਨਾਰੇ ਵਿਸ਼ਰਾਮ ਕੀਤਾ ਅਤੇ ਆਪਣੇ ਮੁਰਸ਼ਦ ਬੱਖਤਿਆਰ
ਕਾਕੀ ਜੀ ਦੀ ਬਖਸ਼ੀ ਹੋਈ ਗੋਦੜੀ ਇੱਕ ਦਰੱਖਤ ਉੱਤੇ ਟੰਗ ਕੇ ਖ਼ੁਦ ਖਾਣ ਪੀਣ ਦਾ ਸਮਾਨ
ਲੈਣ ਵਾਸਤੇ ਸ਼ਹਿਰ ਪਹੁੰਚ ਗਏ। ਉਸ ਵੇਲੇ ਰਾਜਾ ਮੋਕਲਹਰ, ਗੜ੍ਹੀ ਵਿੱਚ ਵੱਸਦਾ ਸੀ ਅਤੇ
ਨਵੇ ਕਿਲ੍ਹੇ ਦੀ ਨਵ ਉਸਾਰੀ ਅਰੰਭ ਸੀ। ਬਾਬਾ ਫਰੀਦ ਜੀ ਨੂੰ ਵੀ ਰਾਜੇ ਦੇ ਅਹਿਲਕਾਰਾਂ
ਨੇ ਫੜ ਕੇ ਬੇਗਾਰ ਵਿਚ ਲਗਾ ਲਿਆ। ਬਾਬਾ ਜੀ ਦੇ ਕ੍ਰਿਸ਼ਮਈ ਦ੍ਰਿਸ਼ ਨੂੰ ਵੇਖਦਿਆਂ ਰਾਜੇ
ਨੂੰ ਸੀਸ ਝੁਕਾ ਕੇ ਪਛਚਾਤਾਪ ਕਰਨਾ ਪਿਆ। ਉੱਥੇ ਬੇਗਾਰ ਵਿੱਚ ਪਕੜੇ ਹੋਏ ਗਰੀਬ ਲੋਕਾਂ
ਦੀ ਰਿਹਾਈ ਕਰਵਾਉਣ ਤੋਂ ਬਾਅਦ ਬਾਬਾ ਜੀ ਜਦ ਮੁੜ ਛੱਪੜੀ ਦੇ ਕਿਨਾਰੇ ਪਹੁੰਚੇ ਤਾਂ
ਦੇਖਿਆ ਕਿ ਆਜੜੀ ਮੁੰਡੇ ਬਾਬਾ ਜੀ ਦੀ ਗੋਦੜੀ ਦੀ ਖੁਦੋ ਬਣਾ ਕੇ ਖੇਡ ਰਹੇ ਸਨ। ਬਾਬਾ
ਜੀ ਨੇ ਆਪਣੇ ਮੁਰਸ਼ਦ ਵੱਲੋਂ ਬਖਸ਼ੀ ਗੋਦੜੀ ਤੋਂ ਜ਼ੁਦਾ ਹੋਣ ਦੀ ਆਪਣੀ ਭੁੱਲ ਨੂੰ ਬਖਸ਼ਉਣ
ਲਈ ਇਸ ਸਥਾਨ ਤੇ 40 ਦਿਨ ਤਪੱਸਿਆ(ਚਾਲੀ ਕੀਤੀ , ਇਸੇ ਲਈ ਇਸ ਥਾਂ ਦਾ ਨਾਂ ਗੋਦੜੀ
ਸਾਹਿਬ ਪੈ ਗਿਆ।
ਪੰਜਾਬ ਦੇ ਇਤਿਹਾਸ ਵਿਚ ਵਿਸ਼ੇਸ਼ ਮਹੱਤਤਾ ਰੱਖਣ ਵਾਲੇ ਇਤਿਹਾਸਕ ਸ਼ਹਿਰ
ਫ਼ਰੀਦਕੋਟ ਵਿੱਚ ਗੁਰਦੁਆਰਾ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਸਥਿਤ ਹੈ,ਜੋ ਅੱਜ ਸੰਸਾਰ
ਪ੍ਰਸਿੱਧ ਹੋ ਚੁੱਕਾ ਹੈ। ਉਹ ਪਵਿੱਤਰ ਵਣ ਦੀ ਲੱਕੜੀ, ਜਿਸ ਨਾਲ ਬਾਬਾ ਸ਼ੇਖ ਫ਼ਰੀਦ ਜੀ
ਨੇ ਮੋਕਲਸੀ ਰਾਜੇ ਦੀ ਬੇਗਾਰ ਕਰਦਿਆਂ ਗਾਰੇ ਦੀ ਟੋਕਰੀ ਚੁੱਕਦੇ ਸਮੇਂ ਲਿਬੜੇ ਹੱਥ
ਪੂੰਜੇ ਸਨ, ਇਹ ਗੋਲ ਗੁੰਬਦ ਵਿਚ ਇਸ ਗੁਰਦੁਆਰੇ ਵਿਖੇ ਸੁਸ਼ੋਭਿਤ ਹੈ। ਇਹ ਲੱਕੜੀ
ਸੈਂਕੜੇ ਸਾਲ ਵਣ ਦੇ ਦਰੱਖਤ ਦੇ ਰੂਪ ਵਿਚ ਇਸ ਅਸਥਾਨ ਤੇ ਖੜੀ ਰਹੀ। ਲੋਕ ਸਦੀਆਂ ਤੋਂ
ਇਸ ਦੀ ਪੂਜਾ ਕਰਦੇ ਆ ਰਹੇ ਹਨ ਅਤੇ ਸ਼ਰਧਾਲੂਆਂ ਦੇ ਹੱਥਾਂ ਦੀ ਛੋਹ ਨਾਲ ਇਸ ਦੇ ਹਿੱਸੇ
ਗੋਲ ਹੋ ਗਏ। ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਕਿਸੇ ਸ਼ਰਧਾਲੂ ਨੇ ਇੱਕ ਛੋਟਾ ਜਿਹਾ
ਗੁੰਬਦ ਬਣਾ ਕੇ ਉਸ ਵਣ ਦੀ ਲੱਕੜ ਨੂੰ ਸਤਿਕਾਰ ਵਾਲੀ ਥਾਂ ਤੇ ਟਿਕਾ ਦਿੱਤਾ ਅਤੇ ਉੱਥੇ
ਜੋਤ ਜਗਾ ਦਿੱਤੀ ਤੇ ਉਹ ਜੋਤ ਲਗਾਤਾਰ ਜਲ ਰਹੀ ਹੈ ਜੋ ਬਾਬਾ ਜੀ ਦੇ ਮਨੁੱਖਤਾ ਨੂੰ
ਦਿੱਤੇ ਹੋਏ ਗਿਆਨ ਦੀ ਰੋਸਨੀ ਦੀ ਪ੍ਰਤੀਕ ਹੈ। ਇਸ ਇਲਾਕੇ ਦੇ ਹੀ ਨਹੀਂ ਸਗੋਂ ਦੇਸ਼
ਵਿਦੇਸ਼ ਦੇ ਲੋਕਾਂ ਦੀ ਬਾਬਾ ਫ਼ਰੀਦ ਜੀ ਵਿੱਚ ਅਥਾਹ ਆਸਥਾ ਹੈ, ਇਸ ਗਲ ਦਾ ਪਤਾ ਇਸ ਤੱਥ
ਤੋਂ ਲਗਦਾ ਹੈ ਕਿ ਹਰ ਵੀਰਵਾਰ ਇਸ ਅਸਥਾਨ ਤੇ ਵੱਡੀ ਗਿਣਤੀ ਵਿੱਚ ਲੋਕ ਆਉਦੇ ਹਨ। ਬਾਬਾ
ਫ਼ਰੀਦ ਜੀ ਦੀ ਆਮਦ ਤੋਂ ਪਹਿਲਾਂ ਇਸ ਸ਼ਹਿਰ ਦਾ ਨਾਂ ਮੋਕਲਹਰ ਸੀ,ਉਨ੍ਹਾ ਦੀ ਇਸ ਫੇਰੀ
ਉਪਰੰਤ ਇਸ ਸ਼ਹਿਰ ਦਾ ਨਾਂ ਫ਼ਰੀਦਕੋਟ ਪਿਆ।
ਬਾਬਾ ਫ਼ਰੀਦ ਜੀ ਦੀ ਬਾਣੀ ਦੁਨੀਆਂ ਨੂੰ ਪਿਆਰ,ਸਦਭਾਵਨਾ, ਮਨੁੱਖੀ ਭਾਈਚਾਰਾ,
ਸਹਿਣਸ਼ੀਲਤਾ, ਸਾਦਗੀ ਅਤੇ ਚੰਗਿਆਈ ਦਾ ਸੰਦੇਸ਼ ਦਿੰਦੀ ਹੈ ਅਤੇ ਫਾਨੀ ਦੁਨੀਆਂ ਵਿਚੋਂ
ਕੂਚ ਕਰਨ ਦਾ ਸੱਦਾ ਦਿੰਦਿਆ ‘ਮੌਤ’ ਨੂੰ ਹਮੇਸਾ ਯਾਦ ਰਖਦਿਆਂ ਨੇਕ,ਚੰਗੇ ਕੰਮ ਕਰਨ ਦੀ
ਪ੍ਰੇਰਨਾ ਕਰਦੀ ਹੈ। ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਵਿਚ
ਅੰਕਿਤ ਕਰਕੇ ਸਿੱਖ ਗੁਰੂ ਸਾਹਿਬਾਨ ਨੇ ਬਰਾਬਰਤਾ ਦਾ ਦਰਜ਼ਾ ਪ੍ਰਦਾਨ ਕੀਤਾ ਹੈ।ਬਾਬਾ
ਫ਼ਰੀਦ ਜੀ ਦੇ ਸ਼ਲੋਕ,
‘ਫ਼ਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨ ਹੰਢਾਇ।
ਦੇਹੀ ਰੋਗੁ ਨ ਲਗਈ ਪਲੈ ਸਭ ਕਿਛੁ ਪਾਇ’॥
ਬਾਬਾ ਫ਼ਰੀਦ ਜੀ ਨ ੇ ਇਸ ਸ਼ਲੋਕ ਰਾਂਹੀ ਮਨੁੱਖਤਾ ਨੂੰ ਅਜਿਹਾ ਸੰਦੇਸ਼ ਦਿੱਤਾ ਹੈ,ਇਸ ਨੂੰ
ਅਮਲ ਵਿਚ ਲਿਆਉਣ ਨਾਲ ਇਨਸਾਨ ਨੂੰ ਜਿੰਦਗੀ ਜਿਓਣ ਦੀ ਜਾਚ ਆ ਜਾਂਦੀ ਹੈ। ਉਹ ਆਪਣੇ
ਜੀਵਨ ਨੂੰ ਸੁਖੀ ਜੀਵਨ ਬਣਾ ਸਕਦਾ ਹੈ। ਬਾਬਾ ਫ਼ਰੀਦ ਜਿੱਥੇ ਮਾਨਵਤਾ ਨੂੰ ਕੋ੍ਰਧ ਤਿਆਗਣ
ਦੀ ਪ੍ਰੇਰਨ ਕਰਦਾ ਹੈ,ਨਾਲ ਹੀ ਉਸ ਪਰਵਰਦਿਗਾਰ ਨੂੰ ਹਮੇਸਾ ਯਾਦ ਵਿਚ ਰੱਖਣ ਦੀ ਤਾਕੀਦ
ਕਰਦਿਆਂ,ਆਪਣਾ ਜੀਵਨ ਉਸਦੀ ਰਜ਼ਾ ਵਿਚ ਨਾ ਜਿਓਣ ਵਾਲੇ ਨੂੰ ਆਪਣਾ ਫ਼ਰਜ਼ ਯਾਦ ਕਰਵਾਉਦਿਆਂ
ਤਾਹਨਾ ਮਾਰਦੇ ਹਨ,
‘ਫ਼ਰੀਦਾ ਬੇਨਿਵਾਜ਼ਾ ਕੁਤਿਆ ਏਹ ਨ ਭਲੀ ਰੀਤਿ।
ਕਬਹੀ ਚਲਿ ਨਾ ਆਇਆ ਪੰਜੇ ਵਖਤ ਮਸੀਤਿ’॥
ਇਥੇ ਹੀ ਬਸ ਨਹੀਂ ਬਾਬਾ ਫ਼ਰੀਦ ਹਜ਼ਰਤ ਮਹੁੰਮਦ ਸਾਹਿਬ ਦੇ ਬਚਨ ਅਤੇ ਕੁਰਾਨ ਦੀਆਂ ਆਇਤਾਂ
ਨੂੰ ਨਿਤਾਪ੍ਰਤਿ ਜੀਵਨ ਵਿਚ ਅਮਲ ਵਿਚ ਨਾ ਲਿਆਉਣ ਵਾਲੇ ਬੇਮੁਖ ਵਿਅਕਤੀ ਨੂੰ ਜੀਵਨ
ਜਿਓਣ ਦਾ ਕੋਈ ਹੱਕ ਨਹੀਂ,
‘ਉਠ ਫ਼ਰੀਦਾ ਉਜੂ ਸਾਜਿ ਸੁਬਹ ਨਿਵਾਜ਼ ਗੁਜਾਰਿ।
ਜੋ ਸਿਰ, ਸਾਂਈ ਨਾ ਨਿਵੇ ਸੋ ਸਿਰ ਕਪਿ ਉਤਾਰਿ’॥
ਬਾਬਾ ਫ਼ਰੀਦ ਇਨਸਾਨ ਨੂੰ ਪ੍ਰੇਰਨਾ ਕਰਦੇ ਹਨ ਕਿ ਜੀਵਨ ਨੂੰ ਰੱਬੀ ਰੰਗ ਵਿਚ ਰੰਗਣ ਲਈ
ਮੁਰਸ਼ਦਿ ਕਾਮਿਲ ਦੀ ਲੋੜ ਹੈ ਤੇ ਪ੍ਰੇਰਨਾ ਕਰਦੇ ਹਨ,
‘ਤੁਰਿਆ ਤੁਰਿਆ ਜਾ ਫ਼ਰੀਦਾ ਤੁਰਿਆ ਤੁਰਿਆ ਜਾਹ।
ਜੇ ਕੋਈ ਬਖਸ਼ਿਆ ਮਿਲ ਜੇ, ਤੰੂ ਵੀ ਬਖਸ਼ਿਆ ਜਾਹ’॥
ਬਾਬਾ ਫ਼ਰੀਦ ਜੀ ਦੀਆਂ ਸਿੱਖਿਆਵਾਂ ਸਾਨੂੰ ਆਤਮ ਚਿੰਤਨ ਕਰਨ ਦਾ ਸੰਦੇਸ ਦਿੰਦੀਆਂ ਹਨ,
‘ਫ਼ਰੀਦਾ ਜੇ ਤੂ³ ਅਕਲ ਲਤੀਫ ਕਾਲੇ ਲਿਖ ਨਾ ਲੇਖ।
ਆਪਨੜੇ ਗਿਰਵਾਨ ਮੇਂ ਸਿਰ ਨੀਵਾਂ ਕਰ ਵੇਖ’॥
ਇਥੇ ਹੀ ਬਸ ਨਹੀਂ ਬਾਬਾ ਫ਼ਰੀਦ ਸਾਨੂੰ ਆਪਣੀ ਪਵਿੱਤਰ ਬਾਣੀ ਰਾਂਹੀ ਨਿਮਾਣੇ ਹੋਕੇ ਜਿਓਣ
ਦਾ ਸੰਦੇਸ ਦਿੰਦੇ ਹੋਏ ਕਹਿੰਦੇ ਹਨ,
‘ਫ਼ਰੀਦਾ ਜੋ ਤੈਂ ਮਾਰਨਿ ਮੁਕੀਆਂ, ਤਿਨ੍ਹਾ ਨ ਮਾਰੇ ਘੁੰਮਿ।
ਆਪਨੜੈ ਘਰਿ ਜਾਇਐ, ਪੈਰ ਤਿਨਾ ਦੇ ਚੁੰਮ’॥
ਬਾਬਾ ਫ਼ਰੀਦ ਜੀ ਮਨੁੱਖਤਾ ਨੂੰ ਪ੍ਰੇਰਨਾ ਕਰਦੇ ਹੋਏ ਚਿਤਾਵਨੀ ਦਿੰਦੇ ਹਨ ਕਿ ਹੇ
ਇਨਸਾਨ ਜੋ ਦੁਨੀਆ ਵਿਚ ਕਾਰਨਾਮੇ ਕਰਦਾ ਹੈਂ ਇਸ ਦਾ ਹਿਸਾਬ ਦੇਣਾ ਪੈਣਾ ਹੈ,
‘ਫ਼ਰੀਦਾ ਜਿਨੀ ਕੰਮੀ ਨਾਹਿ ਗੁਣ, ਤੇ ਕੰਮੜੇ ਵਿਸਾਰ।
ਮਤੁ ਸਰਮਿੰਦਾ ਥੀਵਹੀ, ਸਾਂਈ ਦੇ ਦਰਬਾਰ’॥
ਮਹਾਂਪੁਰਸ਼ਾ ਗੁਰੂਆਂ,ਪੀਰਾਂ,ਪੈਗੰਬਰਾਂ ਦੀ ਯਾਦ ਵਿਚ ਕੀਤੇ ਜਾਂਦੇ ਸਮਾਗਮਾਂ ਦਾ ਮੰਤਵ
ਉਨ੍ਹਾਂ ਵਲੋਂ ਮਾਨਵਤਾ ਦੀ ਭਲਾਈ ਲਈ ਕੀਤੇ ਕੰਮਾਂ ਅਤੇ ਉਨ੍ਹਾਂ ਦੇ ਉਪਦੇਸ਼ਾ ਨੂੰ ਅਸੀਂ
ਆਪਣੇ ਜੀਵਨ ਵਿਚ ਅਪਨਾਈਏ। ਪ੍ਰਮਾਤਮਾ ਵਲੋਂ ਸਾਜੀ ਸਾਰੀ ਸ੍ਰਿਸਟੀ ਵਿਚ ਇੱਕ ਜੋਤ ਦਾ
ਵਾਸਾ ਹੈ, ਫਿਰ ਅਸੀਂ ਦੂਜੇ ਨੂੰ ਆਪਣੇ ਤੋਂ ਨੀਵਾਂ ਕਿਓਂ ਵੇਖਦੇ ਹਾਂ। ਸਾਰੇ ਮਾਨਵ
ਹਿਰਦੇ ਅਮੋਲਕ ਰਤਨ ਹਨ, ਇਨ੍ਹਾ ਨੂੰ ਤੋੜਨਾ,ਇਨ੍ਹਾ ਨੂੰ ਠੀਸ ਪਹੁੰਚਾਣੀ ਅਪਰਾਧ ਹੈ।
ਜਿਸਦਾ ਨਿਰਨਾ ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਦੇ ਸੰਦੇਸ ਰਾਂਹੀਂ ਕੀਤਾ ਹੈ,
‘ਇਕ ਫਿੱਕਾ ਨਾ ਗਾਲਾਇ, ਸਭਨਾ ਮੈ ਸਚਾ ਧਣੀ।
ਹਿਆਉ ਨ ਕੈਹੀ ਠਾਹਿ, ਮਾਣਕ ਸਭ ਅਮੋਲਵੇ’॥
ਫਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੀ ਆਮਦ ਦੇ ਸਬੰਧ ਵਿਚ 1986 ਵਿਚ
ਪਹਿਲੀਵਾਰ ਉਤਰੀ ਖੇਤਰ ਸੱਭਿਆਚਾਰ ਕੇਂਦਰ,ਪਟਿਆਲਾ ਵਲੋਂ ਪ੍ਰਸ਼ਾਸਨ, ਸਮਾਜਿਕ, ਧਾਰਮਿਕ,
ਸੱਭਿਆਚਾਰਕ ਸੰਸਥਾਵਾਂ ਦੇ ਸਹਿਯੋਗ ਨਾਲ 21 ਤੋਂ 23 ਸਤੰਬਰ ਤਕ ੰਿਤੰਨ ਰੋਜ਼ਾ ਫ਼ਰੀਦ
ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ ਅਤੇ
ਹਿਮਾਚਲ ਪ੍ਰਦੇਸ਼ ਤੋਂ ਵੱਖ ਵੱਖ ਸੱਭਿਆਚਾਰਕ ਟੋਲੀਆਂ ਨੇ ਆਪਣੇ ਆਪਣੇ ਸੂਬੇ ਦੇ ਲੋਕ
ਨਾਚਾਂ ਦਾ ਪ੍ਰਦਰਸ਼ਨ ਕੀਤਾ। ਸਾਲ 1987 ਤੋਂ ਲਗਾਤਾਰ ਕੇਂਦਰ/ਰਾਜ ਸਰਕਾਰ, ਜ਼ਿਲ੍ਹਾ
ਪ੍ਰਸ਼ਾਸਨ,ਰੈਡ ਕਰਾਸ/ ਪ੍ਰਸ਼ਾਸਨ/ ਸਭਿਆਰਕ ਸੁਸਾਇਟੀ, ਸਵੈਸੇਵੀ ਸੰਸਥਾਂਵਾ ਅਤੇ
ਵਿੱਦਿਅਕ ਸੰਸਥਾਵਾਂ ਦੇ ਸਹਿਯੋਗ ਨਾਲ ਬਾਬਾ ਫ਼ਰੀਦ ਵਿਰਾਸਤੀ ਮੇਲਾ ਮਨਾਇਆ ਜਾ ਰਿਹਾ ।
ਜਦੋਂ ਤੋਂ ਫਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ਨੂੰ ਮਨਾਉਣਾ ਸੁਰੂ ਕੀਤਾ
ਗਿਆ ਹੈ,ਇਸ ਸ਼ਹਿਰ ਦਾ ਨਾਂ ਸੰਸਾਰ ਭਰ ਵਿੱਚ ਪ੍ਰਸਿੱਧ ਹੋ ਗਿਆ।ਇਸ ਸਾਲ ਇਹ ਪ੍ਰੋਗਰਾਮ
ਧਾਰਮਿਕ ਤੌਰ ਤੇ 5 ਦਿਨ ਅਤੇ ਪ੍ਰਸ਼ਾਸਨ ਵਲੋ 10 ਦਿਨ ਮਨਾਇਆ ਜਾ ਰਿਹਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਮਹਾਨ ਸੂਫੀ ਸੰਤ
ਬਾਬਾ ਸ਼ੇਖ ਫ਼ਰੀਦ ਜੀ ਦੇ ਦਸ ਰੋਜ਼ਾ ਆਗਮਨ ਪੁਰਬ ਨੂੰ ਸ਼ਰਧਾ ਪੂਰਵਿਕ ਮਨਾਉਣ ਲਈ ਅਤੇ
ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਲੋਕਾਂ ਤੱਕ ਪਹੁੰਚਾਉਣ ਲਈ ਫ਼ਰੀਦਕੋਟ ਨੂੰ ਸੂਫੀਆਨਾ
ਰੰਗਾਂ ਵਿਚ ਰੰਗਿਆ ਗਿਆ। ਇਸ ਵਿਰਾਸਤੀ ਦਿੱਖ ਵਾਲੇ ਧਾਰਮਿਕ ਮੇਲੇ ਪ੍ਰਤੀ ਲੋਕਾਂ ਦਾ
ਭਾਰੀ ਉਤਸਾਹ ਵੇਖਦਿਆਂ ਕੇਂਦਰ ਸਰਕਾਰ ਵਲੋਂ ਇਸ ਨੂੰ ਕੌਮੀ ਮੇਲਿਆ ਦੀ ਸੂਚੀ ਵਿਚ
ਸਾਮਲ ਕੀਤੇ ਜਾਣ ਨਾਲ ਇਸ ਪ੍ਰਤੀ ਦੇਸ਼ ਵਿਦੇਸ਼ ਦੇ ਲੱਖਾਂ ਲੋਕਾਂ ਦੀ ਸ਼ਰਧਾ ਵਿਚ ਹੋਰ
ਵਾਧਾ ਹੋਇਆ ਹੈ। ਰਾਸ਼ਟਰੀ / ਅੰਤਰ ਰਾਸ਼ਟਰੀ ਪੱਧਰ ਤੇ ਲੋਕਾਂ ਅਤੇ ਸੰਸਥਾਵਾਂ ਵਲੋਂ ਇਸ
ਧਾਰਮਿਕ ਵਿਰਾਸਤ ਵਾਲੇ ਬਾਬਾ ਫ਼ਰੀਦ ਆਗਮਨ ਪੁਰਬ ਨੂੰ ਮਨਾਉਣ ਲਈ ਵਿਸ਼ੇਸ਼ ਯੋਗਦਾਨ ਪਾਇਆ
ਜਾਂਦਾ ਹੈ।
ਆਗਮਨ ਪੁਰਬ ਦਾ ਸ਼ੁਭ ਆਰੰਭ ਕਰਨ ਸਮੇਂ ਗੁਰਦੁਆਰਾ ਟਿੱਲਾ ਬਾਬਾ ਫ਼ਰੀਦ ਜੀ
ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਅਰਦਾਸ ਕੀਤੀ ਜਾਂਦੀ ਹੈ। ਇਸ ਮੇਲੇ ਵਿਚ
ਵਿਰਾਸਤੀ ਪੋ੍ਰਗਰਾਮ, ਨਾਟਕ, ਸੂਫ਼ੀਆਨਾ ਕਲਾਮ, ਸੈਮੀਨਾਰ, ਕੌਮੀ ਲੋਕ ਨਾਚ ਅਤੇ ਪੇਂਡੂ
ਖੇਡਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ।ਬਾਬਾ ਫ਼ਰੀਦ ਮੇਲੇ ਵਿਚ ਵਿਰਾਸਤੀ
ਨੁਮਾਇਸਾਂ,ਪੰਜਾਬੀ ਲੋਕ ਗਾਇਕੀ, ਸੈਮੀਨਾਰ,ਪੁਸ਼ਤਕ ਪ੍ਰਦਰਸ਼ਨੀ ਅਤੇ ਕਵੀ
ਦਰਬਾਰ,ਕੈਲੀਗਰਾਫੀ ਮੁਕਾਬਲੇ ਮੇਲੇ ਵਿਚ ਆਉਣ ਵਾਲੇ ਸ਼ਰਧਾਲੂਆਂ ਤਕ ਬਾਬਾ ਫ਼ਰੀਦ ਦਾ
ਸੰਦੇਸ਼ ਪਹੁੰਚਾਉਣ ਲਈ ਕੀਤੇ ਜਾਂਦੇ ਹਨ।ਖੇਡਾਂ ਵਿਚ ਕਬੱਡੀ, ਫੁੱਟਬਾਲ, ਹਾਕੀ,
ਬਾਸਕਿਟਬਾਲ, ਕ੍ਰਿਕਟ, ਦੰਗਲ, ਸ਼ੂਟਿੰਗ ਬਾਲ ਚੈਂਪੀਅਨਸਿਪ,ਬੈਡਮਿੰਟਨ,ਟੂਰਨਾਂਮੈਂਟ,
ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ।
ਬਾਬਾ ਫ਼ਰੀਦ ਆਗਮਨ ਪੁਰਬ ਦੇ ਆਖਰੀ ਦਿਨ 23 ਸਤੰਬਰ ਨੂੰ ਧਾਰਮਿਕ ਸਮਾਗਮਾਂ
ਦੌਰਾਨ ਗੁਰਦੁਆਰਾ ਟਿੱਲਾ ਬਾਬਾ ਸ਼ੇਖ ਫ਼ਰੀਦ ਤੋਂ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਤਕ
ਨਗਰ ਕੀਰਤਨ ਸਜਾਇਆ ਜਾਂਦਾ ਹੈ। ਗੁਰਦੁਆਰਾ ਸ੍ਰੀ ਗੋਦੜੀ ਵਿਖੇ ਕੀਰਤਨ ਦਰਬਾਰ, ਧਾਰਮਿਕ
ਸਮਾਗਮ ਅਤੇ ਸਨਮਾਨ ਸਮਾਰੋਹ ਕੀਤਾ ਜਾਦਾ ਹੈ। ਸਭਿਆਚਾਰਕ ਪ੍ਰੋਗਰਾਮਾਂ ਰਾਹੀ ਦਰਸ਼ਕਾਂ
ਦਾ ਮਨੋਰੰਜਨ ਕੀਤਾ ਜਾਂਦਾ ਹੈ। ਸ਼ਹਿਰ ਨਿਵਾਸੀ 22 ਅਤੇ 23 ਸਤੰਬਰ ਨੂੰ ਆਪਣੇ ਘਰਾਂ
ਵਿੱਚ ਰੋਸ਼ਨੀ ਕਰਕੇ ਬਾਬਾ ਸ਼ੇਖ ਫਰੀਦ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕਰਦੇ ਹਨ।ਬਾਬਾ
ਫ਼ਰੀਦ ਗੁਰੂਦਵਾਰਾ ਗੋਦੜੀ ਕਮੇਟੀ ਵਲੋਂ ਇਮਾਨਦਾਰੀ ਅਤੇ ਮਨੁੱਖਤਾ ਦੀ ਸੇਵਾ ਲਈ ਦੋ
ਇਨਾਮ ਦਿੱਤੇ ਜਾਂਦੇ ਸਨ ਪਰ ਇਸ ਵਾਰ ਇਮਾਨਦਾਰੀ ਵਾਲਾ ਇਨਾਮ ਬੰਦ ਕਰ ਦਿੱਤਾ ਕਿਉਕਿ ਇਸ
ਦੀ ਅਲੋਚਨਾ ਹੋਣੀ ਸੁਰੂ ਹੋ ਗਈ ਸੀ।ਇਸ ਵਾਰ ਬਾਬਾ ਫਰੀਦ ਮਨੁੱਖਤਾ ਦੀ ਭਲਾਈ ਐਵਾਰਡ
ਦੇਣ ਲਈ ‘ਸਮਾਜ ਸੇਵਾ ਸੁਸਾਇਟੀ(ਰਜਿ) ਮੋਗਾ ਨੂੰ ਚੁਣਿਆ ਗਿਆ।
-
ਗਿਆਨ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ (ਸੇਵਾ ਮੁਕਤ)
gyankhiva@gmail.com
9815784100
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.