ਝੋਨੇ ਦੀ ਪਰਾਲੀ ਦੀ ਖੇਤ ਵਿੱਚ ਸੰਭਾਲ ਲਈ ਖੇਤੀ ਮਸ਼ੀਨਰੀ ਅਤੇ ਇਸ ਦੀ ਵਰਤੋਂ
ਮਨਦੀਪ ਸਿੰਘ
ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ, ਸੰਗਰੂਰ
ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਰਮਿਆਨ ਸਮੇਂ ਦੀ ਘਾਟ ਕਾਰਨ ਝੋਨੇ ਦੀ ਪਰਾਲੀ ਨੂੰ ਲਗਾਈ ਜਾਂਦੀ ਅੱਗ ਪੰਜਾਬ ਅਤੇ ਇਸ
ਦੇ ਨਾਲ ਲੱਗਦੇ ਸੂਬਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਬਹੁਮੁੱਲੇ ਖੁਰਾਕੀ ਤੱਤ ਸੜ
ਜਾਂਦੇ ਹਨ ਅਤੇ ਨਾਲ ਹੀ ਵਾਤਾਵਰਣ ਵੀ ਪਲੀਤ ਹੁੰਦਾ ਹੈ। ਇਸ ਨਾਲ ਧਰਤੀ ਵਿਚਲੇ ਸੂਖਮ ਜੀਵ ਨਸ਼ਟ ਹੋਣ ਦੇ ਨਾਲ-ਨਾਲ ਰੁੱਖਾਂ,
ਪਸ਼ੂਆਂ ਅਤੇ ਪੰਛੀਆਂ ਦਾ ਵੀ ਨੁਕਸਾਨ ਹੁੰਦਾ ਹੈ। ਪਰ ਜੇਕਰ ਇਸ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਲਿਆ ਜਾਵੇ ਤਾਂ ਮਿੱਟੀ ਦੀ ਗੁਣਵੱਤਾ
ਵਿੱਚ ਚੰਗਾ ਸੁਧਾਰ ਆਉਂਦਾ ਹੈ ਅਤੇ ਫ਼ਸਲਾਂ ਦੇ ਝਾੜ ਵਿੱਚ ਵਾਧਾ ਹੁੰਦਾ ਹੈ। ਪਰਾਲੀ ਨੂੰ ਖੇਤ ਵਿੱਚ ਸੰਭਾਲਣ ਲਈ ਪੰਜਾਬ ਐਗਰੀਕਲਚਰਲ
ਯੂਨੀਵਰਸਿਟੀ, ਲੁਧਿਆਣਾ ਵੱਲੋਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਈਜ਼ਾਦ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਵੇਰਵਾ ਅਤੇ ਵਰਤਣ ਦਾ ਤਰੀਕਾ
ਹੇਠ ਲਿਖੇ ਅਨੁਸਾਰ ਹੈ:
1. ਸੁਪਰ ਐਸ. ਐਮ. ਐਸ. ਵਾਲੀ ਕੰਬਾਈਨ: ਇਸ ਕੰਬਾਈਨ ਨਾਲ ਝੋਨੇ ਦੀ ਵਾਢੀ ਕਰਨ ਤੇ ਕੰਬਾਈਨ ਦੇ ਪਿੱਛੇ ਨਿਕਲਣ ਵਾਲੇ ਪਰਾਲ
ਦਾ ਕੁਤਰਾ ਹੋ ਜਾਂਦਾ ਹੈ ਅਤੇ ਖੇਤ ਵਿੱਚ ਇਕਸਾਰ ਖਿੱਲਰ ਜਾਂਦਾ ਹੈ। ਜਿਸ ਤੋਂ ਬਾਅਦ ਖੇਤ ਵਿੱਚ ਪਰਾਲੀ ਸਮੇਤ ਕਣਕ ਦੀ ਬਿਜਾਈ ਕਰਨ
ਲਈ ਕੋਈ ਵੀ ਮਸ਼ੀਨ ਵਰਤਣ ਵਿੱਚ ਦਿੱਕਤ ਨਹੀਂ ਆਉਂਦੀ। ਇਸ ਮਸ਼ੀਨ ਦੇ ਸਹੀ ਤਰੀਕੇ ਨਾਲ ਕੰਮ ਕਰਨ ਲਈ ਇਸ ਦਾ ਪਿਛਲਾ ਰੋਟਰ
1600-1800 ਚੱਕਰਾਂ ਤੇ ਚੱਲਣਾ ਚਾਹੀਦਾ ਹੈ ਅਤੇ ਇਸ ਦੀ ਵਾਈਬ੍ਰੇਸ਼ਨ ਘਟਾਉਣ ਲਈ ਡਾਇਨਾਮਿਕ ਬੈਲੇਂਸਿੰਗ ਹੋਣੀ ਬਹੁਤ ਜ਼ਰੂਰੀ ਹੈ।
ਰੋਟਰ ਦੇ ਬਲੇਡਾਂ ਅਤੇ ਫਿਕਸ ਬਲੇਡਾਂ ਵਿਚਲੀ ਦੂਰੀ ਸਹੀ ਹੋਣੀ ਚਾਹੀਦੀ ਹੈ।
2. ਹੈਪੀ ਸੀਡਰ: ਇਸ ਮਸ਼ੀਨ ਨੂੰ ਸੁਪਰ ਐਸ. ਐਮ. ਐਸ. ਵਾਲੀ ਕੰਬਾਈਨ ਵਰਤਣ ਤੋਂ ਬਾਅਦ ਕਣਕ ਦੀ ਬਿਜਾਈ ਲਈ ਵਰਤਿਆ ਜਾ
ਸਕਦਾ ਹੈ। ਇਸ ਮਸ਼ੀਨ ਵਿੱਚ ਅੱਗੇ ਲੱਗੇ ਹੋਏ ਫਲੇਲ ਬਲੇਡ ਫਾਲਿਆਂ ਦੇ ਅੱਗੇ ਆਉਣ ਵਾਲੀ ਪਰਾਲੀ ਨੂੰ ਕੱਟ ਕੇ ਪਿੱਛੇ ਸੁੱਟਦੇ ਜਾਂਦੇ ਹਨ।
ਜਿਸ ਨਾਲ ਫ਼ਾਲਿਆਂ ਵਿੱਚ ਪਰਾਲੀ ਨਹੀਂ ਫਸਦੀ ਅਤੇ ਕਣਕ ਦੀ ਬਿਜਾਈ ਸੁਖਾਲੀ ਹੋ ਜਾਂਦੀ ਹੈ। ਹੈਪੀ ਸੀਡਰ ਵਿੱਚ ਪਹੀਆਂ ਵਾਲੀ
ਅਟੈਚਮੈਂਟ ਵਰਤਣ ਨਾਲ ਫਾਲਿਆਂ ਵਿਚਲੀ ਪਰਾਲੀ ਹੇਠਾਂ ਦੱਬ ਜਾਂਦੀ ਹੈ ਅਤੇ ਬੀਜ ਦਾ ਮਿੱਟੀ ਨਾਲ ਸੰਪਰਕ ਵਧੀਆ ਹੋ ਜਾਂਦਾ ਹੈ। ਜਿਸ
ਨਾਲ ਕਣਕ ਇਕਸਾਰ ਨਿਕਲਦੀ ਹੈ। ਹੈਪੀ ਸੀਡਰ ਨਾਲ ਬੀਜੀ ਕਣਕ ਪਰਾਲੀ ਦੀ ਮਲਚਿੰਗ ਹੋਣ ਕਾਰਨ ਗੁੱਲੀ-ਡੰਡੇ ਦੀ ਸਮੱਸਿਆ ਘੱਟ
ਆਉਂਦੀ ਹੈ। ਇਸ ਤਰੀਕੇ ਨਾਲ ਬੀਜੀ ਕਣਕ ਡਿੱਗਦੀ ਵੀ ਘੱਟ ਹੈ। ਇਹ ਮਸ਼ੀਨ 45-50 ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ
ਅਤੇ ਇੱਕ ਦਿਨ ਵਿੱਚ 7-8 ਏਕੜ ਬੀਜ ਦਿੰਦੀ ਹੈ। ਇਸ ਮਸ਼ੀਨ ਦੀ ਵਰਤੋਂ ਸਵੇਰੇ ਜਾਂ ਸ਼ਾਮ ਦੇ ਸਮੇਂ ਜਦੋਂ ਜ਼ਿਆਦਾ ਤ੍ਰੇਲ ਪਈ ਹੋਵੇ ਤਾਂ ਨਹੀਂ
ਕਰਨੀ ਚਾਹੀਦੀ। ਜਿਸ ਖੇਤ ਵਿੱਚ ਇਹ ਮਸ਼ੀਨ ਵਰਤਣੀ ਹੋਵੇ ਉੱਥੇ ਕੰਬਾਈਨ ਦੇ ਟਾਇਰਾਂ ਦੀਆਂ ਲੀਹਾਂ ਨਾ ਪਈਆਂ ਹੋਣ। ਬੀਜ ਦੀ
ਡੂੰਘਾਈ 2 ਇੰਚ ਰੱਖੋ ਅਤੇ ਬੀਜ ਰਿਵਾਇਤੀ ਬਿਜਾਈ ਲਈ ਸਿਫਾਰਿਸ਼ ਕੀਤੀ (40 ਕਿਲੋ ਪ੍ਰਤੀ ਏਕੜ) ਮਾਤਰਾ ਤੋਂ 5 ਕਿੱਲੋ ਪ੍ਰਤੀ ਏਕੜ
ਜ਼ਿਆਦਾ ਪਾਉ। ਬਿਜਾਈ ਸਮੇਂ ਖੇਤ ਵਿੱਚ ‘ਕੂਲਾ ਵੱਤਰ’ ਹੋਣਾ ਚਾਹੀਦਾ ਹੈ। ਹੈਪੀ ਸੀਡਰ ਨੂੰ ਖੇਤ ਵਿੱਚ ਤੋਰਨ ਤੋਂ ਪਹਿਲਾ ਉਸ ਦੇ ਪੂਰੇ
ਚੱਕਰ ਬਣਾ ਲਉ ਅਤੇ ਫੇਰ ਲਿਫ਼ਟ ਨੀਚੇ ਸੁੱਟ ਕੇ ਤੋਰੋ। ਇਸ ਤਰ੍ਹਾਂ ਬਲੇਡਾਂ ਵਿੱਚ ਪਰਾਲੀ ਫਸ ਕੇ ਮਸ਼ੀਨ ਦੇ ਰੁਕਣ ਦੀ ਸਮੱਸਿਆ ਨਹੀਂ
ਆਏਗੀ। ਇਸ ਤਰੀਕੇ ਨਾਲ ਬੀਜੀ ਕਣਕ ਨੂੰ ਪਹਿਲਾ ਪਾਣੀ ਹਲਕਾ ਲਗਾਉ ਪਰ ਭਾਰੀਆਂ ਜ਼ਮੀਨਾਂ ਵਿੱਚ ਪਹਿਲਾ ਪਾਣੀ ਇੱਕ ਤੋਂ ਦੋ
ਹਫ਼ਤੇ ਹੋਰ ਲੇਟ ਕਰ ਦਿਉੁ।
3. ਸੁਪਰ ਸੀਡਰ: ਸੁਪਰ ਸੀਡਰ ਮਸ਼ੀਨ ਵਿੱਚ ਅੱਗੇ ਰੋਟਾਵੇਟਰ ਵਾਲਾ ਸਿਸਟਮ ਲੱਗਾ ਹੁੰਦਾ ਜੋ ਕਿ ਸਾਰੀ ਪਰਾਲੀ ਨੂੰ ਮਿੱਟੀ ਵਿੱਚ
ਮਿਲਾਉਂਦਾ ਹੈ ਅਤੇ ਪਿੱਛੇ ਬੀਜ ਕੇਰਨ ਵਾਲਾ ਸਿਸਟਮ ਲੱਗਾ ਹੁੰਦਾ ਹੈ। ਇਸ ਮਸ਼ੀਨ ਨਾਲ ਕੀਤੀ ਬਿਜਾਈ ਕਿਸਾਨ ਵੀਰਾਂ ਨੂੰ ਬਹੁਤ ਪਸੰਦ
ਆਉਂਦੀ ਹੈ ਕਿਉਂਕਿ ਖੇਤ ਦੇਖਣ ਵਿੱਚ ਸਾਫ ਲਗਦਾ ਹੈ। ਇਸ ਮਸ਼ੀਨ ਨੂੰ ਵਰਤਣ ਸਮੇਂ ਖੇਤ ਵਿੱਚ ਨਮੀ ਦੀ ਮਾਤਰਾ ਆਮ ਵੱਤਰ ਨਾਲੋਂ
ਜ਼ਿਆਦਾ ਹੋਣੀ ਚਾਹੀਦੀ ਹੈ। ਬਿਜਾਈ ਦੇ ਮੂਹਰੇ 25 ਕਿੱਲੋ ਯੂਰੀਆ ਦਾ ਛੱਟਾ ਦੇ ਦੇਣਾ ਚਾਹੀਦਾ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 60
ਜਾਂ ਜ਼ਿਆਦਾ ਹਾਰਸਪਾਵਰ ਦਾ ਟਰੈਕਟਰ ਚਾਹੀਦਾ ਹੈ। ਜਿਸ ਵਿੱਚ ਘੱਟ ਤੋਰੇ ਵਾਲਾ ਗੇਅਰ ਹੋਵੇ। ਇਹ ਮਸ਼ੀਨ ਇੱਕ ਦਿਨ ਵਿੱਚ 3-4
ਏਕੜ ਵਿੱਚ ਬਿਜਾਈ ਕਰ ਦਿੰਦੀ ਹੈ। ਜਿਹਨਾਂ ਖੇਤਾਂ ਵਿੱਚ ਗੁੱਲੀ-ਡੰਡੇ ਦੀ ਸਮੱਸਿਆ ਬਹੁਤ ਜ਼ਿਆਦਾ ਹੋਵੇ, ਉੱਥੇ ਇਸ ਮਸ਼ੀਨ ਦੀ ਵਰਤੋਂ
ਨਹੀਂ ਕਰਨੀ ਚਾਹੀਦੀ। ਪਿੱਛੇ ਚੱਲਣ ਵਾਲੇ ਰੋਲਰ ਦੀ ਦਾਬ ਏਨੀ ਕੁ ਰੱਖੋ ਕਿ ਸਖ਼ਤ ਪਰਤ ਨਾ ਬਣੇ, ਨਹੀਂ ਤਾਂ ਕਣਕ ਨੂੰ ਬਾਹਰ ਨਿਕਲਣ
ਵਿੱਚ ਦਿੱਕਤ ਆਉਂਦੀ ਹੈ। ਇਸ ਮਸ਼ੀਨ ਦੀਵਰਤੋਂ ਲਈ ਵੀ ਝੋਨੇ ਦੀ ਕਟਾਈ ਲਈ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਦੀ ਵਰਤੋਂ
ਯਕੀਨੀ ਬਣਾਉ।
4. ਪੀਏਯੂ ਸਮਾਰਟ ਸੀਡਰ: ਇਹ ਮਸ਼ੀਨ ਹੈਪੀ ਸੀਡਰ ਅਤੇ ਸੁਪਰ ਸੀਡਰ ਦਾ ਸੁਮੇਲ ਹੈ। ਇਸ ਮਸ਼ੀਨ ਦੀ ਵਰਤੋਂ ਸਮੇਂ 2-2.5 ਇੰਚ ਦੀਆਂ
ਪੱਟੀਆਂ ਦੇ ਸਿਆੜਾਂ ਦੀ ਪਰਾਲੀ ਹੀ ਖੇਤ ਵਿੱਚ ਮਿਕਸ ਹੁੰਦੀ ਹੈ ਅਤੇ ਸਿਆੜਾਂ ਦੇ ਵਿਚਾਲੇ ਦੀ ਪਰਾਲੀ ਹੈਪੀ ਸੀਡਰ ਦੀ ਤਰ੍ਹਾਂ ਖੇਤ ਵਿੱਚ
ਹੀ ਪਈ ਰਹਿੰਦੀ ਹੈ। ਇਸ ਮਸ਼ੀਨ ਦੇ ਪਿੱਛੇ ਬੀਜ ਕੇਰਨ ਵਾਲੇ ਸਿਸਟਮ ਵਿੱਚ ਦੋ ਤਵੀਆਂ ਲੱਗੀਆਂ ਹਨ ਜੋ ਕਿ ਆਹਮਣੇ-ਸਾਹਮਣੇ ਸਿੱਧੀਆਂ
ਚਲਦੀਆਂ ਹਨ, ਜਿਹਨਾਂ ਦੇ ਵਿਚਾਲੇ ਬੀਜ ਗਿਰਦਾ ਹੈ ਅਤੇ ਪਿੱਛੇ ਚਲਦਾ ਮਿੱਟੀ ਦੱਬਣ ਵਾਲਾ ਪਹੀਆ ਇਸ ਬੀਜ ਨੂੰ ਦੱਬਦਾ ਜਾਂਦਾ ਹੈ।
ਇਸ ਤਰੀਕੇ ਬੀਜੀ ਕਣਕ ਦਾ ਜੰਮ ਬਹੁਤ ਵਧੀਆ ਹੁੰਦਾ ਹੈ। ਬਿਜਾਈ ਸਮੇਂ ਖੇਤ ਦੀ ਨਮੀ ਆਮ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇਸ
ਮਸ਼ੀਨ ਨੂੰ ਚਲਾਉਣ ਲਈ ਜ਼ਿਆਦਾ ਨਿਪੁੰਨ ਬੰਦੇ ਦੀ ਵੀ ਲੋੜ ਨਹੀਂ ਪੈਂਦੀ ਕਿਉਂਕਿ ਇਸ ਵਿੱਚ ਬਿਜਾਈ ਦੀ ਡੂੰਘਾਈ ਸੈੱਟ ਕਰਨ ਦੀ
ਜਰੂਰਤ ਨਹੀਂ ਹੁੰਦੀ। ਇਸ ਮਸ਼ੀਨ ਨਾਲ ਕਣਕ ਬੀਜਣ ‘ਤੇ ਹੈਪੀ ਸੀਡਰ ਦੀ ਤਰ੍ਹਾਂ ਗੁੱਲੀ-ਡੰਡਾ ਵੀ ਘੱਟ ਉੱਗਦਾ ਹੈ। ਇਹ ਮਸ਼ੀਨ 45 ਜਾਂ
ਜ਼ਿਆਦਾ ਹਾਰਸਪਾਵਰ ਦੇ ਟਰੈਕਟਰ ਨਾਲ ਚੱਲਦੀ ਹੈ ਅਤੇ ਇੱਕ ਘੰਟੇ ਵਿੱਚ ਇੱਕ ਏਕੜ ਬੀਜ ਦਿੰਦੀ ਹੈ।
5. ਮਲਚਿੰਗ ਵਿਧੀ: ਪਿਛਲੇ ਕੁਝ ਸਾਲਾਂ ਤੋਂ ਮਲਚਿੰਗ ਵਿਧੀ ਕਿਸਾਨਾਂ ਵਿੱਚ ਕਾਫੀ ਪ੍ਰਚੱਲਿਤ ਹੋਈ ਹੈ। ਇਸ ਵਿਧੀ ਵਿੱਚ ਕਿਸਾਨਾਂ ਵੱਲੋਂ ਝੋਨੇ
ਦੀ ਵਾਢੀ ਤੋਂ ਬਾਅਦ ਖੜੇ ਕਰਚਿਆਂ ਵਿੱਚ ਹੀ ਬੀਜ ਅਤੇ ਡੀ ਏ ਪੀ ਖਾਦ ਦਾ ਇਕਸਾਰ ਛਿੱਟਾ ਦੇ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਰਚਾ
ਕਟਰ ਜਾਂ ਕਟਰ-ਕਮ-ਸਪਰੈਡਰ ਵਰਤ ਕੇ ਕਰਚਿਆਂ ਅਤੇ ਪਰਾਲੀ ਦਾ ਕੁਤਰਾ ਕਰਦੇ ਹੋਏ ਖੇਤ ਵਿਚ ਇੱਕਸਾਰ ਖਿਲਾਰ ਦਿੱਤਾ ਜਾਂਦਾ ਹੈ।
ਕੁਝ ਕਿਸਾਨਾਂ ਵਲੋਂ ਮਲਚਰ ਮਸ਼ੀਨ ਵੀ ਵਰਤੀ ਜਾਂਦੀ ਹੈ। ਮਲਚਿੰਗ ਕਰਨ ਤੋਂ ਬਾਅਦ ਖੇਤ ਵਿੱਚ ਪਾਣੀ ਲਗਾ ਦਿੱਤਾ ਜਾਂਦਾ ਹੈ। ਇਸ
ਤਕਨੀਕ ਵਿੱਚ ਖਰਚਾ ਬਾਕੀ ਤਕਨੀਕਾਂ ਦੇ ਮੁਕਾਬਲੇ ਬਹੁਤ ਘੱਟ ਆਉਂਦਾ ਹੈ। ਪਰ ਇਸ ਤਕਨੀਕ ਵਿੱਚ ਬੀਜ ਇਕਸਾਰ ਕੇਰਨ ਦੀ
ਸਮੱਸਿਆ ਆਉਂਦੀ ਸੀ। ਉਸ ਕੰਮ ਦਾ ਮਸ਼ੀਨੀਕਰਨ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਰਫੇਸ ਸੀਡਰ ਮਸ਼ੀਨ
ਤਿਆਰ ਕੀਤੀ ਗਈ ਹੈ। ਜਿਸ ਵਿੱਚ ਕਟਰ-ਕਮ-ਸਪਰੈਡਰ ਮਸ਼ੀਨ ਉੱਪਰ ਦੋ ਵੱਖ-ਵੱਖ ਬਕਸਿਆਂ ਰਾਹੀਂ ਬੀਜ ਅਤੇ ਖਾਦ ਕੇਰਨ ਵਾਲਾ
ਸਿਸਟਮ ਲਗਾਇਆ ਗਿਆ ਹੈ। ਕਟਰ-ਕਮ-ਸਪ੍ਰੈਡਰ ਮਸ਼ੀਨ ਦੇ ਅੱਗੇ ਪਾਈਪਾਂ ਰਾਹੀਂ ਬੀਜ ਅਤੇ ਡੀ. ਏ. ਪੀ. ਕਤਾਰਾਂ ਵਿੱਚ ਕੇਰਿਆ ਜਾਂਦਾ
ਹੈ, ਪਿੱਛੇ ਕਟਰ-ਕਮ-ਸਪ੍ਰੈਡਰ ਪਰਾਲੀ ਦਾ ਕੁਤਰਾ ਕਰ ਕੇ ਖੇਤ ਵਿੱਚ ਇੱਕਸਾਰ ਖਿਲਾਰਦਾ ਜਾਂਦਾ ਹੈ। ਇਸ ਤਕਨੀਕ ਨਾਲ ਬਿਜਾਈ ਕਰਨ
ਲਈ ਖੇਤ ਨੂੰ ਲੇਜ਼ਰ ਲੈਵਲ ਕਰਨਾ ਬਹੁਤ ਜ਼ਰੂਰੀ ਹੈ। ਖੇਤ ਵਿੱਚ ਝੋਨੇ ਦੀ ਲਵਾਈ ਸਮੇਂ ਹੀ ਕਿਆਰੇ ਛੋਟੇ ਪਾਉਣੇ ਚਾਹੀਦੇ ਹਨ। ਝੋਨੇ ਨੂੰ
ਆਖਰੀ ਪਾਣੀ ਵੀ ਵਾਢੀ ਤੋਂ ਲਗਭਗ 20 ਕੁ ਦਿਨ ਪਹਿਲਾਂ ਲਗਾ ਦੇਣਾ ਚਾਹੀਦਾ ਹੈ ਤਾਂ ਜੋ ਵਾਢੀ ਸਮੇਂ ਖੇਤ ਸੁੱਕਾ ਹੋਵੇ। ਬੀਜ ਦੀ ਮਾਤਰਾ
ਸਿਫਾਰਿਸ਼ ਤੋਂ ਥੋੜੀ ਘੱਟ ਰੱਖੀ ਜਾਵੇ ਤਾਂ ਚੰਗਾ ਹੁੰਦਾ ਹੈ। ਸਰਫ਼ੇਸ ਸੀਡਰ ਵਰਤਣ ਤੋਂ ਬਾਅਦ ਖੇਤ ਨੂੰ ਪਾਣੀ ਪਤਲਾ ਲਗਾਇਆ ਜਾਵੇ।
6. ਪਲਟਾਊ ਹਲ: ਪਲਟਾਊ ਹਲਾਂ ਦੀ ਮਦਦ ਨਾਲ ਪਰਾਲੀ ਨੂੰ ਮਲਚਰ ਨਾਲ ਕੁਤਰਾ ਕਰਨ ਤੋਂ ਬਾਅਦ ਖੇਤ ਵਿੱਚ ਮਿਲਾਇਆ ਜਾ
ਸਕਦਾ ਹੈ ਅਤੇ ਬਾਅਦ ਵਿੱਚ ਖੇਤ ਤਿਆਰ ਕਰ ਕੇ ਕਣਕ ਜਾਂ ਹਾੜੀ ਦੀਆਂ ਹੋਰ ਫਸਲਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ। ਕਣਕ ਦੀ
ਬਿਜਾਈ ਲਈ ਪਲਟਾਊ ਹਲਾਂ ਨੂੰ 8-10 ਇੰਚ ਡੂੰਘਾ ਹੀ ਮਾਰਨਾ ਚਾਹੀਦਾ ਹੈ ਨਹੀਂ ਤਾਂ ਨੀਚੇ ਤੋਂ ਘੱਟ ਖੁਰਾਕੀ ਤੱਤਾਂ ਵਾਲੀ ਮਿੱਟੀ ਉੱਪਰ
ਆ ਜਾਂਦੀ ਹੈ। ਜਿਸ ਵਿੱਚ ਕਣਕ ਦੀ ਬਿਜਾਈ ਕਰਨ ਨਾਲ ਕਈ ਤਰ੍ਹਾਂ ਦੇ ਖੁਰਾਕੀ ਤੱਤਾਂ ਦੀਆਂ ਘਾਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ
ਕਣਕ ਦਾ ਵਾਧਾ ਇੱਕਸਾਰ ਨਹੀਂ ਹੁੰਦਾ।
-
ਮਨਦੀਪ ਸਿੰਘ, Writer
------------
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.