ਕੈਨੋਲਾ ਸਰ੍ਹੋਂ: ਖਾਣਾ ਪਕਾਉਣ ਲਈ ਉੱਤਮ ਅਤੇ ਪਸ਼ੂਆਂ ਲਈ ਵਧੀਆ ਖੁਰਾਕ ਦਾ ਸਰੋਤ
ਸੰਜੁਲਾ ਸ਼ਰਮਾ ਅਤੇ ਛਾਇਆ ਅਤਰੀ
ਪਲਾਂਟ ਬ੍ਰੀਡਿੰਗ ਅਤੇ ਜੈਨੇਟਿਕਸ ਵਿਭਾਗ
ਭਾਰਤੀ ਖਪਤਕਾਰਾਂ ਲਈ ਕਈ ਤਰ੍ਹਾਂ ਦੇ ਸਬਜ਼ੀਆਂ ਅਤੇ ਖਾਣਾ ਪਕਾਉਣ ਵਾਲੇ ਤੇਲ ਉਪਲੱਬਧ ਹਨ I ਇਹਨਾਂ ਵਿੱਚ
ਰੇਪਸੀਡ-ਸਰ੍ਹੋਂ, ਮੂੰਗਫਲੀ, ਸੋਇਆਬੀਨ, ਸੂਰਜਮੁਖੀ ਅਤੇ ਨਾਰੀਅਲ ਤੇਲ ਦੇ ਨਾਲ-ਨਾਲ ਉਨ੍ਹਾਂ ਦੇ ਮਿਸ਼ਰਣ ਵੀ ਸ਼ਾਮਲ ਹਨ I
ਭਾਰਤ ਦੇ ਉੱਤਰੀ, ਉੱਤਰ-ਪੂਰਬੀ ਅਤੇ ਪੂਰਬੀ ਖੇਤਰਾਂ ਵਿੱਚ ਲਗਭਗ 67% ਅਬਾਦੀ ਸਰ੍ਹੋਂ ਦਾ ਤੇਲ, ਪਾਮ ਤੇਲ ਅਤੇ
ਸੋਇਆਬੀਨ ਤੇਲ ਦੀ ਖਪਤ ਕਰਦੀ ਹੈ I ਸਰ੍ਹੋਂ ਦੇ ਤੇਲ ਦੇ ਵੱਖਰੇ ਤਿੱਖੇਪਣ ਕਰਕੇ ਇਹ ਤੇਲ ਭੋਜਨ ਦੇ ਸੁਆਦ ਵਧਾਉਣ ਲਈ
ਉੱਤਮ ਮੰਨਿਆ ਜਾਂਦਾ ਹੈ I ਸਰ੍ਹੋਂ ਦਾ ਤੇਲ ਆਪਣੇ ਸਰਵਪੱਖੀ ਵਰਤੋਂ ਅਤੇ ਲਾਭਦਾਇਕ ਗੁਣਾਂ ਕਰਕੇ ਖਾਣ ਵਾਲੇ ਤੇਲਾਂ ਵਿੱਚ
ਪ੍ਰਮੁੱਖ ਸਥਾਨ ਬਣਾ ਰਿਹਾ ਹੈ I ਹਾਲਾਂਕਿ, ਰਵਾਇਤੀ ਗੋਭੀ ਸਰ੍ਹੋਂ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ ਜ਼ਿਆਦਾ (40-
50%) ਹੁੰਦੀ ਹੈ, ਜੋ ਕਿ ਰਕਤਕੋਸ਼ਿਕਾਵਾਂ ਵਿੱਚ ਜੰਮ ਸਕਦੀ ਹੈ I ਅਤੇ ਸੰਭਾਵੀ ਤੌਰ ਤੇ ਦਿਲ ਦੀਆਂ ਸਮੱਸਿਆਵਾਂ ਦਾ ਕਾਰਨ
ਬਣ ਸਕਦੀ ਹੈ ਕਿਉਂਕਿ ਇਰੂਸਿਕ ਐਸਿਡ ਪ੍ਰਭਾਵਸ਼ਾਲੀ ਢੰਗ ਨਾਲ ਆਕਸੀਡਾਈਜ਼ਡ ਨਹੀਂ ਹੁੰਦਾ I ਇਸ ਤੋਂ ਇਲਾਵਾ ਇਹਨਾਂ
ਵਿੱਚ ਤੇਲ ਕੱਢਣ ਤੋਂ ਬਾਅਦ ‘ਖਲ਼’ ਵਿੱਚ ਗਲੂਕੋਸੀਨੋਲੇਟਸ ਦੀ ਜ਼ਿਆਦਾ ਮਾਤਰਾ (45-130 ਮਾਈਕਰੋ ਮੋਲ ਪ੍ਰਤੀ ਗ੍ਰਾਮ
ਖਲ) ਹੋਣ ਕਰਕੇ ਇਹ ਪਸ਼ੂ ਖੁਰਾਕ ਲਈ ਬਹੁਤੀ ਢੁਕਵੀਂ ਨਹੀ ਹੁੰਦੀ ਕਿਉਂਕਿ ਇਸ ਨਾਲ ਖੁਰਾਕ ਵਿੱਚ ਨਾ ਸਿਰਫ਼ ਜ਼ਿਆਦਾ
ਤਿੱਖਾਪਨ ਆਉਂਦਾ ਹੈ ਸਗੋਂ ਪਸ਼ੂਆਂ ਦੀ ਪਾਚਨ ਸ਼ਕਤੀ ਤੇ ਮਾੜਾ ਅਸਰ ਪਾਉਂਦਾ ਹੈ I ਇਸ ਨਾਲ ਜਾਨਵਰਾਂ ਵਿੱਚ ਵੱਖ-ਵੱਖ
ਤਰਾਂ ਦੇ ਪੋਸ਼ਣ ਸੰਬੰਧੀ ਵਿਕਾਰ ਪੈਦਾ ਹੋ ਸਕਦੇ ਹਨ I ਸੋ, ਇਹਨਾਂ ਦੇ ਮੱਦੇਨਜ਼ਰ, ਕੈਨੋਲਾ ਨੂੰ ਸੋਧੀ ਹੋਈ ਫੈਟੀ ਐਸਿਡ ਰਚਨਾ
ਅਤੇ ਘੱਟ ਗਲੂਕੋਸੀਨੋਲੇਟਸ ਦੀ ਮਾਤਰਾ ਦੇ ਨਾਲ ਗੋਭੀ ਸਰ੍ਹੋਂ ਦੀ ਇੱਕ ਕਿਸਮ ਵਜੋਂ ਵਿਕਸਿਤ ਕੀਤਾ ਗਿਆ ਹੈ I ਕੈਨੋਲਾ ਸ਼ਬਦ
ਕੈਨੇਡਾ ਨਾਲ ਸਬੰਧ ਰੱਖਦਾ ਹੈ ਕਿਉਂਕਿ ਇਹ ਕਿਸਮ ਨੂੰ ਸਭ ਤੋਂ ਪਹਿਲਾਂ ਇਥੇ ਵਿਕਸਤ ਕੀਤਾ ਗਿਆ ਸੀ I ਇਸਦਾ ਅਰਥ
ਕੈਨੇਡੀਅਨ ਆਇਲ ਵਿਦ ਲੋ ਐਸਿਡ ਹੈ I ਇਸਦੇ ਤੇਲ ਵਿੱਚ 2.0% ਤੋਂ ਘੱਟ ਇਰੂਸਿਕ ਐਸਿਡ ਹੁੰਦਾ ਹੈ ਅਤੇ ਤੇਲ ਕੱਢਣ ਤੋਂ
ਬਾਅਦ ਖਲ ਵਿੱਚ ਸਿਰਫ਼ 30 ਮਾਈਕਰੋ ਮੋਲ ਤੋਂ ਵੀ ਘੱਟ ਗਲੂਕੋਸੀਨੋਲੇਟਸ ਪ੍ਰਤੀ ਗ੍ਰਾਮ ਹੁੰਦਾ ਹੈ I ਕੈਨੋਲਾ ਵਿੱਚ ਹੁਣ ਗੋਭੀ
ਸਰ੍ਹੋਂ ਦੀਆਂ ਉਹ ਸਾਰੀਆਂ ਕਿਸਮਾਂ ਸ਼ਾਮਲ ਹਨ, ਜਿੰਨਾ ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਘੱਟ ਮਾਤਰਾ ਅਤੇ ਖਲ ਵਿੱਚ
ਗਲੂਕੋਸੀਨੋਲੇਟਸ ਪੂਰੇ ਮਾਪ ਦੰਡਾਂ ਨੂੰ ਪੂਰਾ ਕਰਦੇ ਹਨ I
ਕੈਨੋਲਾ ਤੇਲ ਵਿੱਚ ਆਮ ਤੌਰ ਤੇ 7% ਤੋਂ ਘੱਟ ਸੈਚੁਰੇਟਿਡ ਫੈਟੀ ਐਸਿਡ (SFA), ਪਾਲਮੀਟਿਕ ਐਸਿਡ (16:0) + ਸਟੀਰਿਕ
ਐਸਿਡ (18:0), 60% ਮੋਨੋ ਅਨਸੈਚੁਰੇਟਿਡ ਫੈਟੀ ਐਸਿਡ (MUFA); ਓਲੀਕ ਐਸਿਡ (18:1), 30 %
ਪੌਲੀਅਨਸੈਚੁਰੇਟਿਡ ਫੈਟੀ ਐਸਿਡ (PUFA), 20% ਲਿਨੋਲੀਕ ਐਸਿਡ (18:2, ਓਮੇਗਾ 6) ਅਤੇ 10% ਲਿਨੋਲੀਨਿਕ
ਐਸਿਡ (18:3, ਓਮੇਗਾ 3), ਅਤੇ <2% ਇਰੂਸਿਕ ਐਸਿਡ (22:1) ਸ਼ਾਮਲ ਹੁੰਦੇ ਹਨ I ਗੈਰ-ਕੈਨੋਲਾ ਗੋਭੀ ਸਰ੍ਹੋਂ ਦੀਆਂ
ਕਿਸਮਾਂ ਦੀ ਤੁਲਨਾ ਵਿੱਚ, ਕੈਨੋਲਾ ਦੇ ਤੇਲ ਵਿੱਚ ਕਾਫ਼ੀ ਜ਼ਿਆਦਾ ਓਲੀਕ ਐਸਿਡ ਹੁੰਦਾ ਹੈ, ਜੋ ਉਹਨਾਂ ਦੀ ਥਰਮੋਸਟੈਬਿਲਟੀ
ਨੂੰ ਵਧਾਉਂਦਾ ਹੈ, ਜਿਸ ਨਾਲ ਇਸ ਨੂੰ ਲੰਬੇ ਸਮੇ ਤੱਕ ਸਟੋਰ ਕੀਤਾ ਜਾ ਸਕਦਾ ਹੈ I ਕੈਨੋਲਾ ਗੋਭੀ ਸਰ੍ਹੋਂ ਦੇ ਤੇਲ ਵਿੱਚ ਓਲੀਕ
ਐਸਿਡ ਦੀ ਮਾਤਰਾ (62-65%) ਮੌਜੂਦ ਹੁੰਦੀ ਹੈ ਜਦੋਂ ਕਿ ਕੈਨੋਲਾ ਸਰ੍ਹੋਂ/ਰਾਇਆ ਵਿੱਚ ਇਹ 41-42% ਹੁੰਦੀ ਹੈ I ਕੈਨੋਲਾ
ਤੇਲ ਵਿੱਚ ਲਿਨੋਲੀਕ ਐਸਿਡ (ਓਮੇਗਾ 6) ਅਤੇ ਲਿਨੋਲੇਨਿਕ ਐਸਿਡ (ਓਮੇਗਾ 3) ਕਾਫ਼ੀ ਮਾਤਰਾ ਵਿੱਚ ਉਪਲੱਬਧ ਹੁੰਦਾ ਹੈ ,
ਜੋ ਕਿ ਮਨੁੱਖੀ ਸਿਹਤ ਲਈ ਚੰਗੇ ਹੁੰਦੇ ਹਨ I ਇਹ ਦੋਵੇਂ ਐਸਿਡ ਖੂਨ ਵਿਚਲੇ ਕੋਲੇਸਟ੍ਰੋਲ ਦੇ ਪੱਧਰਾਂ ਨੂੰ ਸੰਤੁਲਿਤ ਕਰਦੇ ਹਨ
ਅਤੇ ਦਿਲ ਨਾਲ ਸਬੰਧਤ ਬਿਮਾਰੀਆਂ ਦੇ ਜੋਖਮ ਨੂੰ ਘੱਟ ਕਰਦੇ ਹਨ I ਕੈਨੋਲਾ ਤੇਲ ਸਭ ਤੋਂ ਸਿਹਤਮੰਦ ਖਾਣ ਵਾਲਾ ਤੇਲ ਇਸ
ਲਈ ਵੀ ਹੈ ਕਿਉਂਕਿ ਇਸ ਵਿੱਚ ਪਾਲਮੀਟਿਕ ਅਤੇ ਸਟੀਰਿਕ ਐਸਿਡ ਘੱਟ ਹੁੰਦਾ ਹੈ ਅਤੇ ਓਲੀਕ ਐਸਿਡ, ਲਿਨੋਲੀਕ ਐਸਿਡ
ਅਤੇ ਲਿਨੋਲੇਨਿਕ ਐਸਿਡ ਦਾ ਪੱਧਰ ਦਰਮਿਆਨਾਂ ਹੋਣ ਦੇ ਨਾਲ ਨਾਲ ਓਮੇਗਾ 6 :ਓਮੇਗਾ 3 ਦਾ ਅਨੁਪਾਤ 2:1 ਹੁੰਦਾ ਹੈ I
ਕੈਨੋਲਾ ਤੇਲ ਦਾ ਸਮੋਕਿੰਗ ਪੁਆਇੰਟ 220–255.67 ਡਿਗਰੀ ਸੈਲਸੀਅਸ ਹੁੰਦਾ ਹੈ ਜਿਸ ਕਰਕੇ ਇਸ ਨੂੰ ਉੱਚ ਤਾਪਮਾਨ ਤੇ
ਬਣਨ ਵਾਲੇ ਖਾਣੇ ਬਨਾਉਣ ਲਈ ਠੀਕ ਮੰਨਿਆ ਜਾਂਦਾ ਹੈ I
ਗੋਭੀ ਸਰ੍ਹੋਂ ਅਤੇ ਸਰ੍ਹੋਂ ਦੇ ਬੀਜਾਂ ਤੋਂ ਤੇਲ ਕੱਢਣ ਤੋਂ ਬਾਅਦ ਬਚੇ-ਖੁਚੇ ਪਦਾਰਥ ‘ਖਲ’ ਜੋ ਕਿ ਖਣਿਜਾਂ, ਵਿਟਾਮਿਨਾਂ, ਅਤੇ ਉੱਚ-
ਗੁਣਵੱਤਾ ਵਾਲੇ ਪ੍ਰੋਟੀਨ (35-40%) ਨਾਲ ਭਰਪੂਰ ਹੁੰਦੀ ਹੈ, ਪਸ਼ੂਆਂ, ਸੂਰਾਂ, ਮੁਰਗੀਆਂ ਅਤੇ ਮੱਛੀਆਂ ਦੀ ਖੁਰਾਕ ਲਈ
ਢੁਕਵੀਂ ਹੁੰਦੀ ਹੈ I ਗੋਭੀ ਸਰ੍ਹੋਂ ਦੀਆਂ ਕਿਸਮਾਂ ਵਿੱਚ ਗਲੂਕੋਸੀਨੋਲੇਟਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸ ਨੂੰ ਵਧੀਆ ਨਹੀ
ਮੰਨਿਆ ਜਾਂਦਾ ਹੈ, ਕਿਉਂਕਿ ਇਸ ਦੀ ਖਪਤ ਨਾਲ ਜਾਨਵਰਾਂ ਦੀ ਆਇਓਡੀਨ ਪਾਚਕ ਪ੍ਰਨਾਲੀ ਪ੍ਰਭਾਵਿਤ ਹੁੰਦੀ ਹੈ ਜਿਸ ਨਾਲ
ਇਹ ਥਾਇਰਾਇਡ ਅਤੇ ਹੋਰ ਗੋਇਟ੍ਰੋਜਨਿਕ ਸਮੱਸਿਆਵਾਂ ਦਾ ਕਾਰਨ ਬਣਦੀ ਹੈ I ਕੈਨੋਲਾ ਕੁਆਲਟੀ ਗੋਭੀ ਸਰ੍ਹੋਂ ਦੀਆਂ ਕਿਸਮਾਂ
ਦੀ ਖਲ ਵਿੱਚ ਗਲੂਕੋਸੀਨੋਲੇਟ ਦੀ ਮਾਤਰਾ 30 ਮਾਈਕਰੋਮੋਲ ਪ੍ਰਤੀ ਗ੍ਰਾਮ ਤੋਂ ਵੀ ਘੱਟ ਹੁੰਦੀ ਹੈ ਜਿਸ ਕਰਕੇ ਪਸ਼ੂਆਂ ਵਿੱਚ
ਥਾਈਰੋਇਡ-ਸਬੰਧਤ ਅਲਾਮਤਾਂ ਦੇ ਖਤਰੇ ਤੋਂ ਬਿਨਾਂ ਵਰਤਿਆ ਜਾ ਸਕਦਾ ਹੈ I
ਸੋ, ਕੈਨੋਲਾ ਤੇਲ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲੁਧਿਆਣਾ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੈਨੋਲਾ ਦੀਆਂ
ਗੁਣਵੱਤਾ ਵਾਲੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ I ਇਹਨਾਂ ਵਿੱਚ ਰਾਇਆ ਦੀ RLC 3 ਅਤੇ RCH 1
(ਹਾਈਬ੍ਰਿਡ) ਅਤੇ GSC 6 ਅਤੇ GSC 7 (ਕਿਸਮਾਂ), GSH 1707 (ਹਾਈਬ੍ਰਿਡ) ਗੋਭੀ ਸਰ੍ਹੋਂ ਸ਼ਾਮਲ ਹਨ I ਉਪਰੋਕਤ
ਕਿਸਮਾਂ ਅਤੇ ਹਾਈਬ੍ਰਿਡਾਂ ਤੋਂ ਪੈਦਾ ਹੋਏ ਤੇਲ ਦੀ ਗੁਣਵੱਤਾ ਕੈਨੇਡਾ ਵਰਗੇ ਉੱਨਤ ਦੇਸ਼ਾਂ ਤੋਂ ਆਯਾਤ ਕੀਤੇ ਗਏ ਕੈਨੋਲਾ ਤੇਲ
ਵਰਗੀ ਹੀ ਹੁੰਦੀ ਹੈ I ਇਸ ਲਈ ਕਿਸਾਨ ਵੀਰੋ ਆਪਣੀ ਫਸਲ ਦੇ ਚੰਗੇ ਉਤਪਾਦਨ ਅਤੇ ਵਧੇਰੇ ਮੁਨਾਫ਼ੇ ਲਈ, ਖਪਤਕਾਰਾਂ
ਲਈ ਉੱਚ ਗੁਣਵੱਤਾ ਤੇਲ ਦੀ ਉਪਲੱਬਧਤਾ ਲਈ ਅਤੇ ਪਸ਼ੂਆਂ ਲਈ ਉੱਚ ਗੁਣਵੱਤਾ ਵਾਲੀ ਖਲ ਬਨਾਉਣ ਲਈ ਕਨੋਲਾ ਕਿਸਮਾਂ
ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ I
-
ਸੰਜੁਲਾ ਸ਼ਰਮਾ ਅਤੇ ਛਾਇਆ ਅਤਰੀ, Writer
------------
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.