ਵੱਡੀ ਇਤਿਹਾਸਿਕ ਮਹੱਤਤਾ ਰੱਖਦਾ ਹੈ ਵਟਾਲਾ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਕਾਰਨ ਵਟਾਲਾ ਪੂਰੀ ਦੁਨਿਆਂ ‘ਚ ਪ੍ਰਸਿੱਧ ਹੋਇਆ।
ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮੇਂ ਦਿੱਲੀ ਵਿੱਚ ਬਾਦਸ਼ਾਹ ਬਹਿਲੋਲ ਲੋਧੀ ਦਾ ਰਾਜ ਸੀ। ਉਸ ਸਮੇਂ ਲੋਧੀ ਹਕੂਮਤ ਵਲੋਂ ਤਤਾਰ ਖਾਨ ਲਾਹੌਰ ਦਾ ਸੂਬੇਦਾਰ ਸੀ। ਤਤਾਰ ਖਾਨ ਦਾ ਮਾਲ ਠੇਕੇਦਾਰ ਰਾਜਾ ਰਾਮ ਦੇਓ ਭੱਟੀ ਸੀ।ਜਿਸ ਨੇ ਸੰਨ 1465 ਈ: ਨੂੰ ਵਟਾਲਾ ਸ਼ਹਿਰ ਦੀ ਨੀਂਹ ਰੱਖੀ।ਬਟਾਲਾ ਸ਼ਹਿਰ ਦੀ ਬੁਨਿਆਦ ਰੱਖਣ ਤੋਂ ਲੈ ਕੇ ਸ਼ਹਿਰ ਦੇ ਵਿਕਾਸ ਵਿੱਚ ਰਾਜਾ ਰਾਮ ਦੇਓ ਭੱਟੀ ਦਾ ਬਹੁਤ ਅਹਿਮ ਰੋਲ ਰਿਹਾ ਹੈ। ਸੰਨ 1487 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਵਟਾਲਾ ਵਿਖੇ ਮਾਤਾ ਸੁਲੱਖਣੀ ਜੀ ਨੂੰ ਵਿਆਹੁਣ ਆਏ ਤਾਂ ਇਸ ਸ਼ਹਿਰ ਦੀ ਪ੍ਰਸਿੱਧੀ ਪੂਰੀ ਦੁਨੀਆਂ ਵਿੱਚ ਫੈਲ ਗਈ।
ਅੰਗਰੇਜ਼ ਇਤਿਹਾਸਕਾਰ ਲੇਪਲ ਐੱਚ ਗਰੀਫਨ ਦੀ ਪੁਸਤਕ ‘ਚੀਫਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ’ ਵਿਚ ਬਟਾਲੇ ਸ਼ਹਿਰ ਬਾਰੇ ਹਵਾਲਾ ਮਿਲਦਾ ਹੈ ਕਿ ਇਸ ਸ਼ਹਿਰ ਬਟਾਲਾ ਦੇ 12 ਗੇਟ ਸਨ। ਖਜ਼ੂਰੀ ਗੇਟ, ਪੁਰੀਆਂ ਮੋਰੀ ਗੇਟ, ਪਹਾੜੀ ਗੇਟ, ਕਪੂਰੀ ਗੇਟ, ਮੀਆਂ ਗੇਟ, ਅੱਚਲੀ ਗੇਟ, ਹਾਥੀ ਜਾਂ ਫਿਲੀ ਗੇਟ, ਕਾਜ਼ੀ ਮੋਰੀ ਗੇਟ, ਠਠਿਆਰੀ ਗੇਟ, ਭੰਡਾਰੀ ਗੇਟ, ਓਹਰੀ ਗੇਟ ਅਤੇ ਤੇਲੀ ਗੇਟ ਜਿਸਨੂੰ ਹੁਣ ਸ਼ੇਰਾਂ ਵਾਲਾ ਗੇਟ ਵੀ ਕਿਹਾ ਜਾਂਦਾ ਹੈ, ਇਹ ਬਾਰਾਂ ਗੇਟ ਸਨ। ਇਨ੍ਹਾਂ ਦਰਵਾਜਿਆਂ ਵਿਚੋਂ ਬਹੁਤੇ ਖਤਮ ਹੋ ਚੁੱਕੇ ਹਨ ਅਤੇ ਕੁਝ ਕੁ ਹੀ ਬਾਕੀ ਬਚੇ ਹਨ।ਸ਼ਮਸ਼ੇਰ ਖਾਨ ਵਲੋਂ ਸ਼ਹਿਰ ਦੇ ਪੂਰਬ ਵਾਲੇ ਪਾਸੇ ਇੱਕ ਬਹੁਤ ਵੱਡਾ ਤੇ ਸੁੰਦਰ ਤਲਾਬ ਬਣਾਇਆ ਗਿਆ।ਉਸ ਨੇ ਜਦੋਂ ਦੇਖਿਆ ਕਿ ਹਿੰਦੂ ਧਰਮ ਦੇ ਲੋਕ ਇਸ ਤਲਾਬ ਵਿੱਚ ਨਹਾਉਣ ਤੋਂ ਝਿਜਕਦੇ ਤੇ ਨੱਕ ਮੂੰਹ ਵੱਟਦੇ ਹਨ। ਤਾਂ ਉਸ ਨੇ ਬਟਾਲਾ ਤੋਂ 300 ਊਠ ਹਰਿਦੁਆਰ ਨੂੰ ਗੰਗਾ ਜਲ ਲੈਣ ਲਈ ਭੇਜੇ। ਜਦੋਂ ਬਟਾਲਾ ਦੇ ਇਸ ਤਲਾਬ ਵਿੱਚ ਗੰਗਾ ਜਲ ਪਾਇਆ ਗਿਆ ਤਾਂ ਹਿੰਦੂ ਧਰਮ ਦੇ ਲੋਕਾਂ ਦੀ ਆਸਥਾ ਇਸ ਤਲਾਬ ਲਈ ਪੈਦਾ ਹੋ ਗਈ।
ਬਟਾਲਾ ਸ਼ਹਿਰ ਦੇ ਆਲੇ-ਦੁਆਲੇ ਕਈ ਹੋਰ ਵੀ ਤਲਾਬ ਬਣਾਏ ਗਏ ਜਿਨ੍ਹਾਂ ਵਿੱਚ ਓਹਰੀ ਗੇਟ ਤੋਂ ਬਾਹਰ 2 ਤਲਾਅ, ਸ਼ੇਰਾਂ ਵਾਲੇ ਦਰਵਾਜੇ ਤੋਂ ਬਾਹਰ ਹੰਸਲੀ ਕੰਢੇ ਤਲਾਅ, ਲੀਕ ਵਾਲਾ ਤਲਾਅ, ਸੀਤਲਾ ਮੰਦਰ ਤਲਾਅ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ ਸ਼ਹਿਰ ਦੇ ਬਾਹਰਵਰ ਕਈ ਢਾਬਾਂ ਵੀ ਸਨ ਜੋ ਪਾਣੀ ਨਾਲ ਭਰੀਆਂ ਰਹਿੰਦੀਆਂ ਸਨ। ਬਟਾਲਾ ਵਾਸੀਆਂ ਲਈ ਪਾਣੀ ਦੇ ਬਹੁਤ ਸੋਮੇ ਸਨ ਜਿਨ੍ਹਾਂ ਵਿੱਚ ਤਲਾਅ, ਢਾਬਾਂ ਅਤੇ ਹੰਸਲੀ ਨਾਲਾ ਮੁੱਖ ਸੀ। ਇਨ੍ਹਾਂ ਤਲਾਬਾਂ ਵਿੱਚੋਂ ਕੁਝ ਤਲਾਬ ਅੱਜ ਵੀ ਮੌਜੂਦ ਹਨ।
ਮੁਗਲ ਹਕੂਮਤ ਸਮੇਂ ਬਾਦਸ਼ਾਹ ਅਕਬਰ ਦੇ ਚਚੇਰੇ ਭਰਾ ਫੌਜਦਾਰ ਸ਼ਮਸ਼ੇਰ ਖਾਨ ਨੇ ਵਟਾਲਾ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਵਲੋਂ ਦੋ ਵਾਰ ਵਟਾਲਾ ਸ਼ਹਿਰ ਨੂੰ ਫਤਿਹ ਕੀਤਾ ਗਿਆ। ਸਿੱਖ ਮਿਸਲਾਂ ਦੇ ਦੌਰ ਵਿੱਚ ਰਾਮਗੜ੍ਹੀਆ ਅਤੇ ਕਨ੍ਹਈਆ ਮਿਸਲਾਂ ਵਲੋਂ ਰਾਣੀ ਸਦਾ ਕੌਰ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਵਟਾਲਾ ਸ਼ਹਿਰ ਦੇ ਵਿਕਾਸ ਵਿੱਚ ਵਿਸ਼ੇਸ਼ ਭੂਮਿਕਾ ਰਹੀ ਹੈ। ਲੋਹਾ ਸਨਅਤ ਦੇ ਖੇਤਰ ਵਿੱਚ ਵਟਾਲਾ ਦੇ ਨਾਮ ਦਾ ਲੋਹਾ ਕਈ ਦਹਾਕਿਆਂ ਤੱਕ ਦੁਨੀਆਂ ਵਿਚ ਗੂੰਜਦਾ ਰਿਹਾ ਹੈ।ਵਟਾਲਾ ਸ਼ਹਿਰ ਜੋ ਕਿ ਧਾਰਮਿਕ, ਇਤਿਹਾਸਕ, ਸਾਹਿਤ, ਵਪਾਰ ਅਤੇ ਸਨਅਤ ਦੇ ਖੇਤਰ ਵਿੱਚ ਦੁਨੀਆਂ ਭਰ ਵਿੱਚ ਆਪਣਾ ਖਾਸ ਮੁਕਾਮ ਰੱਖਦਾ ਹੈ।ਬਾਅਦ ਵਿਚ ਅੰਗਰੇਜ਼ ਰਾਜ ਦੌਰਾਨ ਬਟਾਲਾ ਕੁਝ ਸਮਾਂ ਜ਼ਿਲ੍ਹਾ ਸਦਰ ਮੁਕਾਮ ਵੀ ਰਿਹਾ ਅਤੇ ਫਿਰ ਅੰਗਰੇਜ਼ ਹਕੂਮਤ ਨੇ ਸੰਨ 1878 ਵਿੱਚ ਬਟਾਲਾ ਸ਼ਹਿਰ ਨੂੰ ਈਸਾਈ ਮਿਸ਼ਨਰੀ ਰੇਵ ਹੈਨਰੀ ਫਰਾਂਸਿਸ ਨੂੰ ਸੌਂਪ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਿਕ ਅਸਥਾਨ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਸੁਸ਼ੋਭਿਤ ਹਨ। ਇਥੇ ਹੀ ਛੇਵੇਂ ਪਾਤਸ਼ਾਹ ਨਾਲ ਸਬੰਧਤ ਗੁਰਦੁਆਰਾ ਸਤਿਕਰਤਾਰੀਆਂ ਵੀ ਹੈ। ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਇਤਿਹਾਸਿਕ ਕੰਧ ਅੱਜ ਵੀ ਮੌਜੂਦ ਹੈ ਅਤੇ ਇਥੇ ਹਰ ਸਾਲ ਵੱਡਾ ਜੋੜ ਮੇਲਾ ਲਗਦਾ ਹੈ।
ਗੁਰਦੁਆਰਾ ਸ੍ਰੀ ਕੰਧ ਸਾਹਿਬ ਉਸ ਸਮੇਂ ਦੀ ਇਤਿਹਾਸਕ ਯਾਦਗਾਰ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਗਰ ਵਿਚ ਬਰਾਤ ਲੈ ਕੇ ਆਏ ਸਨ। ਜਿਸ ਸਥਾਨ ’ਤੇ ਬਰਾਤ ਦਾ ਉਤਾਰਾ ਕੀਤਾ ਗਿਆ, ਇਹ ਹਵੇਲੀ ਭਾਈ ਜਮੀਤ ਰਾਏ ਬੰਸੀ ਦੀ ਸੀ। ਇਤਿਹਾਸ ਅਨੁਸਾਰ ਗੁਰੂ ਜੀ ਦੇ ਸਹੁਰਾ ਪਰਿਵਾਰ ਦੀਆਂ ਲੜਕੀਆਂ ਨੇ ਹਾਸਾ-ਮਖੌਲ ਕਰਨ ਲਈ ਲਾੜੇ (ਗੁਰੂ ਜੀ) ਦਾ ਮੰਜਾ ਇਕ ਪੁਰਾਣੀ (ਕੱਚੀ ਕੰਧ) ਨੇੜੇ ਡਾਹ ਦਿੱਤਾ। ਉਥੇ ਮੌਜੂਦ ਇਕ ਬਜ਼ੁਰਗ ਮਾਤਾ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਧ ਕੱਚੀ ਹੈ ਜੋ ਢਹਿਣ ਹੀ ਵਾਲੀ ਹੈ, ਇਥੋਂ ਉੱਠ ਕੇ ਜ਼ਰਾ ਪਰੇ੍ਹ ਹੋ ਜਾਓ। ਬਜ਼ੁਰਗ ਮਾਤਾ ਦੇ ਇਹ ਬੋਲ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ “ਮਾਤਾ ਜੀ, ਇਹ ਕੰਧ ਜੁਗੋ-ਜੁਗ ਕਾਇਮ ਰਹੇਗੀ।” ਉਹ ਕੱਚੀ ਕੰਧ ਗੁਰਦੁਆਰਾ ਸਾਹਿਬ ਅੰਦਰ ਸ਼ੀਸ਼ੇ ਦੇ ਫਰੇਮ ਵਿੱਚ ਸੁਰੱਖਿਅਤ ਅੱਜ ਵੀ ਮੌਜੂਦ ਹੈ। ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਰਾਜ-ਕਾਲ ਦੌਰਾਨ ਇਸ ਸਥਾਨ ’ਤੇ ਪੱਕਾ ਗੁਰੂ-ਅਸਥਾਨ ਬਣਾਇਆ ਜੋ ਕਿ ਸੰਗਤਾਂ ਲਈ ਦਰਸ਼ਨ ਕਰਨ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਬੰਧੀ ਇਤਿਹਾਸ ਦੇ ਪੰਨਿਆਂ ’ਤੇ ਅੰਕਿਤ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਵੱਡੀ ਭੈਣ ਬੇਬੇ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ (ਕਪੂਰਥਲਾ) ਰਹਿਣ ਲਗ ਪਏੇ ਤਾਂ ਉਥੇ ਗੁਰੂ ਜੀ ਦੇ ਜੀਜਾ ਜੈ ਰਾਮ ਜੀ ਨੇ ਇਨ੍ਹਾਂ ਨੂੰ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿਖੇ ਉਪਜੀਵਕਾ ਲਈ ਕੰਮ ’ਤੇ ਲਗਵਾ ਦਿੱਤਾ। ਇਥੇ ਹੀ ਗੁਰੂ ਸਾਹਿਬ ਜੀ ਦੀ ਕੁੜਮਾਈ ਹੋਈ। ਜੀਵਨ ਬ੍ਰਿਤਾਂਤ ਸ੍ਰੀ ਗੁਰੂ ਨਾਨਕ ਦੇਵ ਜੀ, ਪੰਨਾ 22 ਡਾ. ਸਾਹਿਬ ਸਿੰਘ ਜੀ ਅਨੁਸਾਰ, ਗੁਰੂ ਨਾਨਕ ਦੇਵ ਜੀ ਦੀ ਕੁੜਮਾਈ, ਵਿਸਾਖ ਵਦੀ ਇੱਕ ਸੰਮਤ 1542 ਨੂੰ ਹੋਈ।
ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਭਾਦੋਂ ਸੁਦੀ ਸਤਵੀਂ ਸੰਮਤ 1544 ਮੁਤਾਬਿਕ 1487 ਈਸਵੀ ਨੂੰ, ਭਾਈ ਮੂਲ ਚੰਦ ਖੱਤਰੀ ਅਤੇ ਮਾਤਾ ਚੰਦੋ ਰਾਣੀ ਜੀ ਦੀ ਸਪੁੱਤਰੀ ਬੀਬੀ ਸੁਲੱਖਣੀ ਜੀ ਨਾਲ ਹੋਇਆ। ਗੁਰੂ ਸਾਹਿਬ ਦੀ ਬਰਾਤ ਵਿਚ ਬਾਦਸ਼ਾਹ ਤੋਂ ਲੈ ਕੇ ਰੱਬੀ-ਫ਼ਕੀਰਾਂ ਤੱਕ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸੁਲਤਾਨਪੁਰ ਦੇ ਨਵਾਬ ਦੌਲਤ ਖਾਂ ਲੋਧੀ ਤੇ ਰਾਏ ਭੋਏ ਦੀ ਤਲਵੰਡੀ ਦੇ ਮਾਲਕ ਰਾਏ ਬੁਲਾਰ ਵੀ ਸਨ। ਵਟਾਲਾ ਦੀ ਪਵਿੱਤਰ ਧਰਤੀ ’ਤੇ ਬਰਾਤ ਦੀ ਅਗਵਾਈ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਕੀਤੀ, ਜਿਨ੍ਹਾਂ ਵਿੱਚ ਪਰਗਣੇ ਦਾ ਮੁਖੀ ਅਜਿੱਤਾ ਰੰਧਾਵਾ ਵੀ ਸ਼ਾਮਲ ਸੀ। ਬਰਾਤ ਦਾ ਉਤਾਰਾ ਪਹਿਲਾਂ ਗੁਰਦੁਆਰਾ ਸ੍ਰੀ ਕੰਧ ਸਾਹਿਬ ਵੱਲੇ ਅਸਥਾਨ ’ਤੇ ਕੀਤਾ ਅਤੇ ਵਿਆਹ ਗੁਰੂ ਜੀ ਦੇ ਸਹੁਰਾ-ਘਰ ਮਾਤਾ ਸੁਲੱਖਣੀ ਜੀ ਦੇ ਜਨਮ ਅਸਥਾਨ ਜੋ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਦੇ ਅਸਥਾਨ ਨਾਲ ਪ੍ਰਸਿੱਧ ਹੈ ਵਿਖੇ ਹੋਇਆ।ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦਾ ਸੰਮਤ 1551 ਸੰਨ 1494 ਈ: ਅਤੇ ਛੋਟੇ ਸ੍ਰੀ ਲਖਮੀ ਦਾਸ ਜੀ ਦਾ ਜਨਮ ਸੰਮਤ 1553 ਸੰਨ 1497 ਈ: ਵਿੱਚ ਸੁਲਤਾਨਪੁਰ ਲੋਧੀ ਵਿਖੇ ਹੋਇਆ।
ਵਟਾਲਾ ਵਿਖੇ ਹੀ ਗੁਰਦੁਆਰਾ ਸਤਿਕਰਤਾਰੀਆਂ ਵੀ ਸਥਿਤ ਹੈ। ਮੀਰੀ-ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸੰਮਤ 1681 ਵਿੱਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਵਾਸਤੇ ਜਦ ਵਟਾਲੇ ਆਏ ਤਾਂ ਗੁਰਦੁਆਰਾ ਸਤਿਕਰਤਾਰੀਆਂ ਵਿਖੇ ਠਹਿਰੇ ਅਤੇ ਇਸ ਅਸਥਾਨ ਦੀ ਮਹਾਨਤਾ ਪ੍ਰਗਟ ਕੀਤੀ।ਗੁਰਦੁਆਰਾ ਸ੍ਰੀ ਕੰਧ ਸਾਹਿਬ, ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਅਤੇ ਗੁਰਦੁਆਰਾ ਸ੍ਰੀ ਸਤਿਕਰਤਾਰੀਆਂ ਦਾ ਸਮੁੱਚਾ ਪ੍ਰਬੰਧ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਤ ਜੋੜ ਮੇਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਰੂਪ ਵਿੱਚ ਹਰ ਸਾਲ ਇਨ੍ਹਾਂ ਤਿੰਨਾਂ ਇਤਿਹਾਸਕ ਅਸਥਾਨਾਂ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼-ਵਿਦੇਸ਼, ਦੂਰ-ਦੁਰਾਡੇ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿਚ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਮੌਕੇ ਇਤਿਹਾਸਿਕ ਨਗਰ ਕੀਰਤਨ ਸੱਜਦਾ ਹੈ, ਇਸ ਨਗਰ ਕੀਰਤਨ ਵਿਚ ਪੁਰਾਤਨ ਪ੍ਰੰਪਰਾ ਅਨੁਸਾਰ ਸੰਗਤਾਂ ਵੱਡੀ ਗਿਣਤੀ ਵਿਚ ਸ਼ਾਮਲ ਹੁੰਦੀਆਂ ਹਨ ਅਤੇ ਟਹਿਲ-ਸੇਵਾ ਕਰ ਕੇ ਗੁਰੂ ਘਰ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ।
-
ਦਿਲਜੀਤ ਸਿੰਘ ਬੇਦੀ, Writer
dsbedisgpc@gmail.com
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.