ਹਰ ਵਿਅਕਤੀ ਦੀ ਬੌਧਿਕ, ਭਾਵੁਕ ਯੋਗਤਾ ਤੇ ਸਮਰੱਥਾ ਦਾ ਮਿਆਰ ਉਸ ਦੀ ਲਿਖਾਈ ਤੋਂ ਪਛਾਣਿਆ ਜਾ ਸਕਦਾ ਹੈ। ਵਿਅਕਤੀ ਦੀ ਸ਼ਖ਼ਸੀਅਤ ਤੇ ਉਸ ਦੀ ਲਿਖਾਈ ਇਕ-ਦੂਜੀ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ। ਜਿਨ੍ਹਾਂ ਦੀ ਲਿਖਾਈ ਵਿਚ ਇਕਸਾਰਤਾ, ਤਾਲਮੇਲ, ਰਵਾਨੀ ਸੁੰਦਰਤਾ ਤੇ ਰਫ਼ਤਾਰ ਨਹੀਂ ਹੁੰਦੀ, ਉਨ੍ਹਾਂ ਦੇ ਵਿਹਾਰ ਵਿਚ ਵੀ ਇਹ ਲੱਛਣ ਨਹੀਂ ਹੁੰਦੇ।
ਅਭਿਆਸ ਤੇ ਪ੍ਰੇਰਨਾ ਦੀ ਘਾਟ
ਜੇ ਸੁੰਦਰ ਲਿਖਾਈ ਦਾ ਸਬੰਧ ਸਕੂਲਾਂ ਦੇ ਵਿਦਿਆਰਥੀਆਂ ਨਾਲ ਜੋੜੀਏ ਤਾਂ ਇਨ੍ਹਾਂ ਦੀ ਗਿਣਤੀ ਆਟੇ ’ਚ ਲੂਣ ਦੇ ਬਰਾਬਰ ਹੈ। ਵਿਦਿਆਰਥੀਆਂ ਦੀ ਲਿਖਾਈ ਦਾ ਸੁੰਦਰ ਤੇ ਆਕਰਸ਼ਕ ਨਾ ਹੋਣ ਦਾ ਕਾਰਨ ਸ਼ੁਰੂਆਤੀ ਦੌਰ ’ਚ ਮਾਪਿਆਂ ਜਾਂ ਅਧਿਆਪਕ ਵੱਲੋਂ ਯੋਗ ਅਗਵਾਈ, ਅਭਿਆਸ ਤੇ ਪ੍ਰੇਰਨਾ ਦੀ ਘਾਟ, ਵਿਦਿਆਰਥੀਆਂ ਵੱਲੋਂ ਅਣਗਹਿਲੀ, ਮੁੱਢਲੇ ਪੱਧਰ ਤੋਂ ਹੀ ਲਿਖਣ ਕਲਾ ਨੂੰ ਸਿੱਖਣ-ਸਿਖਾਉਣ ਤੋਂ ਹੀਣੇ ਅਥਾਹ ਸਿਲੇਬਸ ਦੀ ਹੋਂਦ ਆਦਿ ਹੈ।
ਅਧਿਆਪਕਾਂ ਤੇ ਸਿੱਖਿਆ ਵਿਭਾਗ ਦਾ ਸੰਜੀਦਾ ਹੋਣਾ ਜ਼ਰੂਰੀ
ਵਿਦਿਆਰਥੀਆਂ ’ਚ ਸੁੰਦਰ ਲਿਖਾਈ ਦੀ ਕਲਾ ਨੂੰ ਵਿਕਸਤ ਕਰਨ ਵਾਸਤੇ ਮਾਪਿਆਂ ਤੋਂ ਵੀ ਵਧੇਰੇ ਅਧਿਆਪਕਾਂ ਤੇ ਸਿੱਖਿਆ ਵਿਭਾਗ ਦਾ ਸੰਜੀਦਾ ਹੋਣਾ ਜ਼ਰੂਰੀ ਹੈ। ਵਿਦਿਆਰਥੀਆਂ ਵਿਚ ਲਗਾਤਾਰ ਪ੍ਰੇਰਨਾ, ਨਿਰੰਤਰ ਅਭਿਆਸ, ਸਕੂਲਾਂ ’ਚ ਸੁੰਦਰ ਲਿਖਾਈ ਮੁਕਾਬਲਿਆਂ ਦਾ ਆਯੋਜਨ, ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਦਾ ਸਵੇਰ ਦੀਆਂ ਸਭਾਵਾਂ ਤੋਂ ਇਲਾਵਾ ਹੋਰ ਪ੍ਰੋਗਰਾਮਾਂ ’ਚ ਵਿਸ਼ੇਸ ਸਨਮਾਨ, ਸਕੂਲ-ਘਰ ਦੇ ਕੰੰਮ ਵਾਸਤੇ ਸਾਰੇ ਵਿਦਿਆਰਥੀਆਂ ਵਾਸਤੇ ਸਿਆਹੀ ਵਾਲੇ ਜਾਂ ਜੈੱਲ ਪੈੱਨ ਦੀ ਵਰਤੋਂ ਲਾਜ਼ਮੀ ਕਰਨਾ ਆਦਿ ਸਕੂਲ ਪੱਧਰ ’ਤੇ ਚੁੱਕੇ ਜਾਣ ਵਾਲੇ ਸਕਾਰਾਤਮਿਕ ਕਦਮ ਕਾਰਗਰ ਸਿੱਧ ਹੋ ਸਕਦੇ ਹਨ।
ਹੱਥਾਂ ਦੀਆਂ ਉਂਗਲੀਆ ’ਚ ਸਹਿਜ ਹੋਣਾ
ਸਕੂਲਾਂ ’ਚ ਫੱਟੀਆਂ ਦੀ ਪ੍ਰਥਾ ਲੋਪ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਹੱਥ ਬਾਲ ਪੁਆਇੰਟ ਪੈੱਨ ਆਏ, ਤਾਂ ਉਹ ਸੁੰਦਰ ਲਿਖਾਈ ਦੀ ਕਲਾ ਤੋਂ ਦੂਰ ਹੋਣਾ ਸ਼ੁਰੂ ਹੋ ਗਏ। ਇਨ੍ਹਾਂ ਪੈੱਨਾਂ ਨਾਲ ਲ਼ਿਖਾਈ ਲ਼ਿਖਣ ਵੇਲੇ ਹੱਥਾਂ ਦੇ ਸਹਿਜ ਦੀ ਥਾਂ ਤੇਜ਼ੀ ਨੇ ਲੈ ਲਈ, ਜੋ ਅੱਖਰਾਂ ਦੀ ਬੇਤਰਤੀਬੀ, ਤਾਲਮੇਲ, ਰਵਾਨਗੀ, ਦਿਖ ਤੇ ਆਕਾਰ ਦੀ ਇਕਸੁਰਤਾ ਦੀ ਘਾਟ ਆਦਿ ਦਾ ਸਬੱਬ ਬਣੀ। ਸਿੱਟੇ ਵਜੋਂ ਵਿਦਿਆਰਥੀਆਂ ਦੀ ਲਿਖਾਈ ’ਚ ਭੱਦਾਪਣ ਆ ਗਿਆ। ਸਕੂਲਾਂ ’ਚ ਜਿਹੜੇ ਅਧਿਆਪਕਾਂ ਦੀ ਲਿਖਾਈ ਸੁੰਦਰ ਹੈ, ਉਹ ਆਪਣੇ ਵਿਦਿਆਰਥੀਆਂ ਤੋਂ ਵੀ ਸੁੰਦਰ ਲਿਖਾਈ ਦੀ ਆਸ ਕਰਦੇ ਹੋਏ ਉਨ੍ਹਾਂ ਨੂੰ ਸਿਆਹੀ ਵਾਲੇ ਜਾਂ ਜੈੱਲ ਪੈੱਨਾਂ ਨਾਲ ਲਿਖਣ ਵਾਸਤੇ ਪ੍ਰੇਰਦੇ ਹਨ ਕਿਉਂਕਿ ਇਹ ਸਹਿਜ ਨਾਲ ਚੱਲਦੇ/ਲਿਖਦੇੇ ਹਨ ਤੇ ਲਿਖਤ ’ਚ ਰਵਾਨਗੀ ਦਾ ਸਬੱਬ ਬਣਦੇ ਹਨ। ਲਿਖਾਈ ਦੀ ਸੁੰਦਰਤਾ ਵਾਸਤੇ ਹੱਥਾਂ ਦੀਆਂ ਉਂਗਲੀਆ ਵਿਚ ਸਹਿਜ ਦਾ ਹੋਣਾ ਪਹਿਲੀ ਸ਼ਰਤ ਹੈ।
ਸੁੰਦਰ ਲਿਖਾਈ ਮੁਹਿੰਮ ਦਾ ਆਗ਼ਾਜ਼
ਮੌਜੂਦਾ ਸਮੇਂ ਦੌਰਾਨ ਸਿੱਖਿਆ ਵਿਭਾਗ ਜਾਂ ਸਰਕਾਰੀ ਪੱਧਰ ’ਤੇ ਮਹਿਕਮੇ ਵੱਲੋਂ ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਵਾਸਤੇ ਸਕੂਲ ਪੱਧਰ ’ਤੇ ਪ੍ਰਸ਼ੰਸਾ ਪੱਤਰ, ਇਨਾਮਾਂ ਦੀ ਪ੍ਰੰਪਰਾ ਨੂੰ ਸ਼ੁਰੂ ਕਰਦਿਆਂ ਹਰ ਸਕੂਲ ਦੀ ਸ਼ਮੂਲੀਅਤ ਨੂੰ ਲਾਜ਼ਮੀ ਕਰਨਾ, ਵਿਦਿਆਰਥੀਆਂ ਵਾਸਤੇ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ ’ਚ ਸੁੰਦਰ ਲਿਖਾਈ ਵਾਸਤੇ ਵੱਖਰੇ/ਵਾਧੂ ਅੰਕ ਦੇਣ ਦੀ ਨੀਤੀ ’ਤੇ ਵਿਚਾਰ ਕਰਨਾ ਚਾਹੀਦਾ ਹੈ। ਨਿਰੀਖਣ ਟੀਮਾਂ ਵੱਲੋਂ ਸੁੰਦਰ ਲਿਖਾਈ ਵਾਲੇ ਵਿਦਿਆਰਥੀਆਂ ਦੀ ਫ਼ੀਸਦੀ ਰਿਪੋਰਟ ਮਹਿਕਮੇ ਨੂੰ ਭੇਜਣਾ, ਸੁੰਦਰ ਲਿਖਾਈ ਦੀ ਕਲਾ ਨੂੰ ਪ੍ਰਫੁੱਲਤ ਕਰਨ ਵਾਸਤੇ ਅਧਿਆਪਕਾਂ ਦੇ ਸੈਮੀਨਾਰਾਂ/ਟ੍ਰੇਨਿੰਗਾਂ/ ਵਰਕਸ਼ਾਪਾਂ ਆਦਿ ਦਾ ਆਯੋਜਨ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰੇਕ ਵਰ੍ਹੇ ਕਰਵਾਏ ਜਾਂਦੇ ਵਿੱਦਿਅਕ ਮੁਕਾਬਲਿਆਂ ਵਿਚ ਹਰੇਕ ਸਕੂਲ ਨੂੰ ਹੇਠਲੇ ਪੱਧਰ ਤੋਂ ਇਸ ਵਿਚ ਹਿੱਸਾ ਲੈਣ ਵਾਸਤੇ ਪਾਬੰਦ ਕਰਨਾ ਤੇ ਸੁੰਦਰ ਲਿਖਾਈ ਮੁਹਿੰਮ ਦਾ ਸਰਕਾਰੀ ਸਕੂਲਾਂ ’ਚ ਆਗ਼ਾਜ਼ ਕਰਨਾ ਚਾਹੀਦਾ ਹੈ।
ਲਿਖਾਈ ਸੁੰਦਰ ਬਣਾਉਣ ’ਚ ਲਾਹੇਵੰਦ ਸਨ ਫੱਟੀਆਂ
ਅਜੋਕੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਫੱਟੀਆਂ ’ਤੇ ਲਿਖਣ ਦੀ ਪ੍ਰਥਾ ਲਗਭਗ ਪੰਦਰਾਂ-ਵੀਹ ਵਰ੍ਹਿਆਂ ਤੋਂ ਖ਼ਤਮ ਹੋ ਚੁੱਕੀ ਹੈ। ਫੱਟੀਆਂ ਵਿਦਿਆਰਥੀਆਂ ਦੀ ਲਿਖਾਈ ਨੂੰ ਸੁੰਦਰ ਬਣਾਉਣ ’ਚ ਬਹੁਤ ਲਾਹੇਵੰਦ ਸਨ। ਅਧਿਆਪਕ ਵੱਲੋਂ ਫੱਟੀ ’ਤੇ ਮਿਲੀ ‘ਗੁੱਡ’ ਵਿਦਿਆਰਥੀਆਂ ਨੂੰ ਆਪਣੀ ਲਿਖਾਈ ’ਚ ਸੁੰਦਰਤਾ ਲਿਆਉਣ ਵਾਸਤੇ ਖ਼ੂਬ ਉਤਸ਼ਾਹਿਤ ਕਰਦੀ ਸੀ। ਇਸ ਤਰ੍ਹਾਂ ਵਿਦਿਆਰਥੀ ਕਲਮ ਤੇ ਸਿਆਹੀ ਨਾਲ ਵਾਰ-ਵਾਰ ਫੱਟੀਆਂ ’ਤੇ ਲਿਖਣ ਸਦਕਾ ਸੁੰਦਰ ਲਿਖਾਈ ’ਚ ਪ੍ਰਪੱਕ ਹੋ ਜਾਂਦੇ ਸਨ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.