ਮਰਹੂਮ ਕਰਨੈਲ ਸਿੰਘ ਪਾਰਸ (ਕਵੀਸ਼ਰ) ਦੀ ਨਜ਼ਮ ਨੂੰ ਹੇਠਲੇ ਸੰਦਰਭ 'ਚ ਰੱਖ ਕੇ ਪੜ੍ਹਿਆ ਜਾਵੇ:
ਸੰਦਰਭ: NEP-2020 ਦੀ ਦਿਸ਼ਾ- ਸੇਧ ਤਹਿਤ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸਕੂਲੀ ਪਾਠਕ੍ਰਮ ਦੀ ਕੀਤੀ ਗਈ/ਕੀਤੀ ਜਾ ਰਹੀ ਛੰਗਾਈ (Deletion) ਦੌਰਾਨ 9ਵੀਂ ਤੇ 10ਵੀਂ ਸ਼੍ਰੇਣੀ ਦੀਆਂ ਵਿਗਿਆਨ ਦੀਆਂ ਪਾਠ ਪੁਸਤਕਾਂ ਵਿੱਚੋਂ ਮਹਾਨ ਜੀਵ ਵਿਗਿਆਨੀ ਚਾਰਲਸ ਡਾਰਵਿਨ ਦੇ ਸੰਸਾਰ- ਪ੍ਰਵਾਨਿਤ 'ਜੀਵ ਵਿਕਾਸ ਸਿਧਾਂਤ'(Theory of Evolution)'ਤੇ ਚਲਾਇਆ ਗਿਆ ਕੁਹਾੜਾ।
ਤਰਕਸ਼ੀਲਤਾ/ਵਿਗਿਆਨ ਬਨਾਮ ਧਾਰਮਿਕ ਅੰਧਵਿਸ਼ਵਾਸ
ਪੇਸ਼ਕਸ਼:
(ਯਸ਼ ਪਾਲ,ਵਰਗ ਚੇਤਨਾ)
ਫਸਿਆ ਵਹਿਮਾਂ 'ਚ ਇਨਸਾਨ /- ਪੜ੍ਹੋ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੀ ਕਲਮ ਤੋਂ
ਕੁਝ ਹਜ਼ਾਰ ਸਾਲ ਤੋਂ ਪਹਿਲਾਂ, ਰੱਬ ਦੀ ਕੋਈ ਮਿੱਥ ਨਹੀਂ ਸੀ ।
ਵਣ ਮਾਨਸ ਅਤੇ ਪਸ਼ੂ ਪੱਧਰ ਵਿੱਚ, ਲੰਬੀ ਚੌੜੀ ਵਿੱਥ ਨਹੀਂ ਸੀ ।
ਵਣ ਮਾਨਸ ਦਾ ਮਗ਼ਜ ਫਿਤਰਤੀ, ਗਿਆਨ ਗ੍ਰਹਿਣ ਕਰਨੇ ਸਮਰੱਥ ।
ਰੂਹ ਚੇਤੰਨਤਾ ਉਪਜ ਏਸ ਦੀ, ਸਾਇੰਸਦਾਨਾਂ ਖੋਜਿਆ ਤੱਥ ।
ਜਦ ਮਾਨਵ ਕੁਝ ਵਿਕਸਿਤ ਹੋਇਆ, ਵਾਪਰਦੇ ਵਰਤਾਰੇ ਦੇਖੇ ।
ਕੁਦਰਤ ਮਾਂ ਦੇ ਸਹਿਜ ਰਚੇਵੇਂ, ਅਜਬੋ ਅਜ਼ਬ ਨਜ਼ਾਰੇ ਦੇਖੇ ।
ਬਦਲ ਗਰਜੇ ਬਿਜਲੀ ਚਮਕੀ, ਵਣ ਮਾਨਸ ਡਰ ਹੋਇਆ ਹੈਰਾਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਬਾਅਦ ਭੁਚਾਲੋਂ ਸਾਗਰ ਉੱਛਲਿਆ, ਮੀਂਹ ਝੜੀ ਫਿਰ ਲੱਗ ਗਈ ਲੰਬੀ ।
ਪੂਰਵਜਾਂ ਨੇ ਮੀਂਹ ਦਾ ਦਿਉਤਾ, ਇੰਦਰ ਨਾਮੀ ਮਿੱਥ ਆਰੰਭੀ ।
ਫਿਰ ਭਾਰਤੀਆਂ ਈਸ਼ਵਰ ਸਿਰਜਿਆ, ਤਿੰਨ ਦੇਵਤੇ ਵੱਡੇ ਮੰਨੇ ।
ਬ੍ਰਹਮਾ ਸਿਰਜੇ, ਵਿਸ਼ਨੂੰ ਪਾਲੇ, ਸ਼ਿਵ ਜੀ ਮਾਰ ਲਗਾਵੇ ਬੰਨੇ ।
ਕੁਝ ਲੋਕਾਂ ਨੇ ਘੜਿਆ ਰੱਬ ਦਾ, ਭੌਤਕ ਤੱਤਾਂ ਬਿਨ ਕਲਬੂਤ ।
ਸਦੀਆਂ ਤੱਕ ਹੈ ਲੱਭਣਾ ਮੁਸ਼ਕਲ, ਇਸ ਦਾ ਕੋਈ ਠੋਸ ਸਬੂਤ ।
ਹੈ ਕੋਈ ਸ਼ਕਤੀ ਉੱਪਰ ਬੈਠੀ, ਸਿਆਣਿਆਂ ਨੇ ਲਾ ਲਿਆ ਅਨੁਮਾਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਨਰਕ ਸੁਰਗ ਦੀ ਕੂੜ ਕਲਪਨਾ, ਕੀਤੀ ਭਾਰਤ ਵਰਸ਼ੀ ਰਿਖੀਆਂ ।
ਅਟਕਲ-ਪੱਚੂ ਜੋ ਮਨ ਆਈਆਂ, ਠੋਸ ਹਕੀਕਤ ਕਹਿ-ਕਹਿ ਲਿਖੀਆਂ ।
ਪੁਰਖਿਆਂ ਕੋਲ ਪ੍ਰਾਪਤ ਨਾ ਸੀ, ਅੱਜ ਵਰਗੀ ਵਿਗਿਆਨਕ ਸੂਹ ।
ਉਹ ਮੰਨ ਬੈਠੇ ਚੇਤੰਨਤਾ ਨੂੰ, ਜਨਮ ਕਿਸੇ ਪਿਛਲੇ ਦੀ ਰੂਹ ।
ਜਨਮ ਸਮੇਂ ਨ ਸਨ ਸਾਡੇ ਵਿੱਚ, ਰੂਹ ਚੇਤੰਨਤਾ ਅਕਲ ਵਜੂਦ ।
ਇਹ ਵੀ ਵਿਕਸਤ ਹੁੰਦੀਆਂ ਗਈਆਂ, ਜਿਉਂ-ਜਿਉਂ ਵਧਦਾ ਗਿਆ ਵਜੂਦ ।
ਸਾਇੰਸਦਾਨ ਬੁੱਝਣ ਲੱਗੇ, ਪ੍ਰਕ੍ਰਿਤੀ ਦਾ ਗੁਹਜ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਕਹਿੰਦੇ ਰੱਬ ਨਹੀਂ ਜੂਨ 'ਚ ਆਉਂਦਾ, ਜਨਮ ਮਰਨ ਦੇ ਚੱਕਰੋਂ ਬਾਹਰ ।
ਓਸੇ ਮੂੰਹ ਨਾਲ ਆਖੀ ਜਾਂਦੇ, ਧਾਰ ਚੁੱਕਾ ਚੌਵੀ ਅਵਤਾਰ ।
ਮਹਾਂ ਕਵੀ ਇੱਕ ਲਿਖ ਗਿਆ ਰੱਬ ਹੈ, ਇੱਕ ਬੁਝਾਰਤ, ਗੋਰਖ ਧੰਦਾ ।
ਖੋਹਲਣ ਲੱਗਾ ਪੇਚ ਏਸ ਦੇ, ਬਣ ਜਾਂਦਾ ਹੈ ਕਾਫ਼ਰ ਬੰਦਾ ।
ਜੱਗ ਪ੍ਰਵਾਣਤ ਰੱਬ ਦੀ ਵਿਆਖਿਆ ਕਰ ਨਾ ਸਕੇ ਈਸਾ-ਮੂਸਾ ।
ਉਹਨਾਂ ਦੇ ਵੀ ਦੋ ਮਜ੍ਹਬਾਂ ਵਿਚ, ਪਸਰਿਆ ਵਾ ਹੈ ਭੰਬਲ ਭੂਸਾ ।
ਚਿਹਨ ਚੱਕਰ ਰੰਗ ਰੂਪ ਤੋਂ ਵਾਂਝਾ, ਲਿਖ ਗਏ ਗੁਰ ਸੋਢੀ ਸੁਲਤਾਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਕਹਿਣ ਕਤੇਬਾਂ ਮੁਸਲਮਾਨੀਆਂ, ਰੱਬ ਨੇ ਦੁਨੀਆਂ ਜਦੋਂ ਬਣਾਈ ।
ਨਰ ਮਾਦੇ ਦਾ ਜੋੜਾ ਸਿਰਜਿਆ, ਬਾਬਾ ਆਦਮ ਹੱਵਾ ਮਾਈ ।
ਏਸੇ ਕੁੱਲ 'ਚੋਂ ਪੈਦਾ ਹੋਏ ਇੱਕ ਲੱਖ ਚੌਵੀ ਹਜ਼ਾਰ ਪੈਗੰਬਰ ।
ਆਖਰ ਵਾਰ ਮੁਹੰਮਦ ਭੇਜਿਆ, ਰੱਬ ਨੇ ਆਪਣਾ ਯਾਰ ਪੈਗੰਬਰ ।
ਉਸ ਦੀ ਉੱਮਤ ਦੇ ਦੋ ਫ਼ਿਰਕਿਆਂ, ਲੜਦਿਆਂ ਨੂੰ ਲੰਘ ਗਈਆਂ ਸਦੀਆਂ ।
ਅੱਜ ਵੀ ਉਸ ਦੇ ਪਾਕਿ ਨਾਮ 'ਤੇ, ਲਹੂ ਦੀਆਂ ਵਗ ਰਹੀਆਂ ਨਦੀਆਂ ।
ਸ਼ੀਆ ਸੁੰਨੀ ਕੌਮ ਇਰਾਕੀ, ਆਪੋ ਦੇ ਵਿੱਚ ਲਹੂ ਲੁਹਾਣ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਬੁੱਤਾਂ ਅੱਗੇ ਨੱਕ ਰਗੜਦਾ, ਫਿਰਦਾ ਬੰਦਾ ਕਿਹੜੇ ਨਾਤੇ ।
ਤੀਰਥ ਤੀਰਥ ਫਿਰੇ ਯਬਕਦਾ, ਕਰਦਾ ਪਾਠ ਜਾਪ ਜਗਰਾਤੇ ।
ਕਹਿੰਦੇ ਰੱਬ ਨੂੰ ਇੱਕ ਬਰਾਬਰ, ਹੁੰਦੀ ਉਸ ਦੀ ਉਸਤਤ ਨਿੰਦਾ ।
ਉਸਤਤੀਏ ਨੂੰ ਨਹੀ ਸਿਰੋਪਾ, ਨਿੰਦਕ ਨੂੰ ਕੋਈ ਦੰਡ ਨਹੀਂ ਦਿੰਦਾ ।
ਸਾਡੇ ਅੰਦਰ ਠੋਸਿਆ ਹੋਇਆ, ਵਕਤ ਵਿਹਾਇਆ ਦ੍ਰਿਸ਼ਟੀਕੋਣ ।
ਸਾਨੂੰ ਹੱਕ ਹੋਵੇ ਕਿ ਕਰੀਏ, ਆਪਣੇ ਦ੍ਰਿਸ਼ਟੀਕੋਣ ਦੀ ਚੋਣ ।
ਕੁਦਰਤ ਮਾਂ ਤੋਂ ਬਿਨ ਜੋ ਰੱਬ ਹੈ, ਸਿਰਜਿਆ ਬੰਦੇ ਦਾ ਭਗਵਾਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਨਿਰਾਕਾਰ ਹੈ ਖੁਦ ਬੇ ਦੇਹਾ, ਉਸ ਕਿਸ ਤਰ੍ਹਾਂ ਰਚ ਲਈ ਦੇਹ ।
ਉਹ ਕਥਨੀ ਹੈ ਮਹਿਲ ਹਵਾਈ, ਬਿਨਾ ਭੁਚਾਲੋਂ ਬਣਗੀ ਥੇਹ ।
ਬ੍ਰਹਿਮੰਡਾਂ ਦਾ ਮਾਲਕ ਚਾਲਕ, ਅਸੀਂ ਰੱਬ ਲਿਆ ਆਪੇ ਥਾਪ ।
ਜਿਸਦੀ ਆਪਣੀ ਹੋਂਦ ਨਾ ਕੋਈ, ਨਾ ਧੀ ਪੁੱਤ ਨਾ ਮਾਈ ਬਾਪ ।
ਈਸ਼ਵਰ, ਅੱਲਾ, ਗਾਡ, ਵਾਹਿਗੁਰੂ, ਦੇਹ ਕੋਈ ਨਾ, ਨਾਮ ਅਨੇਕ ।
ਪੜਦਾਦੇ ਨੇ ਜੋ ਅਪਣਾ ਲਿਆ, ਪੜਪੋਤਾ ਜਪ ਰਿਹਾ ਹਰੇਕ ।
ਸਿਰਜਣਹਾਰ ਹੈ ਕੰਨ-ਵਿਹੂਣਾ, ਇਸ ਗੱਲ ਵੱਲ ਬਿਨ ਧਰੇ ਧਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਸਾਇੰਸਦਾਨਾਂ ਨੇ ਜੋ ਖੋਜਿਆ, ਮਾਦਾ ਮੰਨਿਆ ਗਿਆ ਅਨਾਦੀ ।
ਏਸੇ ਦਾ ਹੈ ਬ੍ਰਹਿਮੰਡ ਰਚਿਆ, ਏਸੇ ਦੀ ਹੈ ਧਰਤ ਆਬਾਦੀ ।
ਬਹੁਮੱਤਾਂ ਦੇ ਗ੍ਰੰਥ ਅਧਿਐਨਿਆ, ਸਮਝ 'ਚ ਆਉਂਦੀ ਗੱਲ ਯਥਾਰਥ ।
ਹੋਰ ਵਸਤ ਦੀ ਹੋਂਦ ਨਾ ਕੋਈ, ਜੋ ਦਿਸਦਾ ਸਭ ਠੋਸ ਪਦਾਰਥ ।
ਅੱਜ ਤੱਕ ਰੱਬ ਕਿਸੇ ਨਾ ਡਿੱਠਾ, ਨਾ ਦੇਖਣ ਦਾ ਕੀਤਾ ਦਾਅਵਾ ।
ਨਾ ਉਹ ਦੱਸਦਾ ਹੋਂਦ ਆਪਣੀ, ਮੂੰਹੋਂ ਬੋਲ ਮਿੱਟੀ ਦਾ ਬਾਵਾ ।
ਧਰਮ ਸਮੂਹ ਵਿੱਚ ਸਖ਼ਤ ਵਿਵਰਜਿਤ, ਕਿੰਤੂ ਪ੍ਰੰਤੂ ਤਰਕ ਗਿਆਨ ।
ਫਸਿਆ ਵਹਿਮਾਂ ਵਿੱਚ ਇਨਸਾਨ.....
ਗੁਰੂ ਨਾਨਕ ਕਹਿ ਗਏ ਕਾਬਲੋਂ, ਚੜ੍ਹੀਆਂ ਪਾਪ ਜਬਰ ਦੀਆਂ ਜੰਨਾਂ ।
ਢਾਹ ਬ੍ਰਿਜ ਮੰਦਰ ਲੁੱਟ ਲਿਆ ਸੋਨਾ, ਇੱਕ ਮੁਗ਼ਲ ਨਾ ਹੋਇਆ ਅੰਨ੍ਹਾ ।
ਅੱਜ ਵੀ ਸਾਲ 'ਚ ਕੁਝ ਥਾਵਾਂ ਤੇ, ਜੁੜਦੀਆਂ ਲੱਖ ਕਰੋੜੀ ਭੀੜਾਂ ।
ਮਾੜੀ ਜਿਹੀ ਖਤਰੇ ਦੀ ਸੋਅ ਸੁਣ, ਭੀੜਾਂ ਦੀਆਂ ਜਦ ਪੈਣ ਪਦੀੜਾਂ ।
ਭਗਦੜ ਦੇ ਵਿੱਚ ਦਰੜੇ ਜਾਂਦੇ, ਸੈਂਕੜਿਆਂ ਵਿੱਚ ਬੁੱਢੇ ਠੇਰੇ ।
ਕਿੰਨੇ ਮਰੇ ਤੇ ਕਿੰਨੇ ਜ਼ਖਮੀ, ਛਪ ਜਾਂਦੀ ਹੈ ਖ਼ਬਰ ਸਵੇਰੇ ।
ਪਾਪ ਲਾਹੁਣ ਤੇ ਸਵਰਗ ਜਾਣ ਲਈ, ਦੇ ਬਹਿੰਦੇ ਅਣਮੁੱਲੀ ਜਾਨ ।
ਫਸਿਆ ਵਹਿਮਾਂ ਵਿੱਚ ਇਨਸਾਨ।
-
ਕਰਨੈਲ ਸਿੰਘ ਪਾਰਸ ਰਾਮੂਵਾਲੀਆ, ਲੇਖਕ
yashpal.vargchetna@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.