ਕੀ ਸੁਆਲ ਵਧੇਰੇ ਅਹਿਮੀਅਤ ਰਖਦੇ ਹਨ ਜਾਂ ਜੁਆਬ ? ਜਾਪਦਾ ਹੈ ਕਿ ਸੁਆਲ ਵਧੇਰੇ ਅਹਿਮੀਅਤ ਰੱਖਦੇ ਹਨ ਕਿਉਂਕਿ ਉਹ ਨਵੇਂ ਮਾਰਗ ਅਤੇ ਚਿੰਤਨ ਦੀਆਂ ਨਵੀਆਂ ਦਿਸ਼ਾਵਾਂ ਦਿਖਾਉਂਦੇ ਹਨ| ਨਤੀਜ਼ਨ ਗਿਆਨ ਦਾ ਮਾਰਗ ਖੋਲ੍ਹਦੇ ਹਨ| ਚਿੰਤਨ, ਸੁਆਲਾਂ ਰਾਹੀਂ ਹੀ ਅੱਗੇ ਤੁਰਦਾ ਹੈ| ਜੁਆਬਾਂ ਰਾਹੀਂ ਤਾਂ ਕਦੇ ਕਦਾਈਂ ਹੀ|
• ਜੁਆਬ ਅਕਸਰ ਹੀ ਸੰਤੁਸ਼ਟੀ ਦਾ ਇਜ਼ਹਾਰ ਹੁੰਦੇ ਹਨ ਭਾਵ ਚਿੰਤਨ ਦੇ ਅਮਲ ਦਾ ਠੱਪ ਹੋਣਾ| ਇਹ ਤਾਂ ਉਦੋਂ ਹੀ ਚਿੰਤਨ ਦਾ ਅਮਲ ਅੱਗੇ ਤੁਰਦਾ ਹੈ ਜਦ ਜੁਆਬ ਨਵੇਂ ਸੁਆਲਾਂ ਤੇ ਨਵੇਂ ਖਿਆਲਾਂ ਦੀ ਚਿਣਗ ਲਾਉਂਦੇ ਹਨ| ਜਦ ਕਿ ਦੂਜੇ ਪਾਸੇ, ਸੁਆਲ ਹਮੇਸ਼ਾ ਹੀ ਚਿੰਤਨ ਦੀ ਦਿਸ਼ਾ ਵੱਲ ਧੱਕਦੇ ਹਨ, ਮੌਜੂਦਾ ਹਾਸਲ ਗਿਆਨ ਤੋਂ ਅੱਗੇ ਝਾਤੀ ਮਾਰਨ ਦੀ ਉਤਸੁਕਤਾ ਜਗਾਉਂਦੇ ਹਨ ਅਤੇ ਲੁਕੀਆਂ ਪਰਤਾਂ ਨੂੰ ਲੱਭਣ ਤੇ ਖੋਜਣ ਦੀ ਤਾਂਘ ਪੈਦਾ ਕਰਦੇ ਹਨ|
• ਵਿਗਿਆਨ ਅੰਦਰ ਬਹੁਤੀ ਤੱਰਕੀ ਸੁਆਲਾਂ ਦੇ ਪਹਿਲੂ ਰਾਹੀਂ ਹੀ ਹੋਈ ਹੈ| ਰੁੱਖ ਤੋਂ ਟੁੱਟ ਕੇ ਸੇਬ ਨੂੰ ਧਰਤੀ ‘ਤੇ ਡਿਗਦਾ ਦੇਖ ਕੇ, ਨਿਊਟਨ ਦੇ ਮਨ ਅੰਦਰ ਪੈਦਾ ਹੋਏ ਸੁਆਲ ਨੇ ਹੀ ਉਸਨੂੰ ਗੁਰੂਤਾ ਦੇ ਖਿਆਲ ਤੱਕ ਪਹੁੰਚਾਇਆ| ‘ਪੈਰਸੀ ਸਪੈਂਸਰ’ ਨੇ ਦੇਖਿਆ ਕਿ ਕਾਰਜਸ਼ੀਲ ‘ਰਾਡਾਰ’ ਦੇ ਸਾਹਮਣੇ ਖੜ੍ਹਿਆਂ ਉਸਦੀ ਜੇਬ ‘ਚ ਪਈ ‘ਟੌਫੀ’ ਪਿਘਲ ਗਈ| ਉਹ ਕੋਈ ਪਹਿਲਾਂ ਹੀ ਵਿਅਕਤੀ ਨਹੀਂ ਸੀ ਜਿਸਨੇ ‘ਰਾਡਾਰ’ ਰਾਹੀਂ ਅਜਿਹਾ ਦੇਖਿਆ ਹੋਵੇਗਾ| ਪਰੰਤੂ ਇਹ ਕਿਉਂ ਹੋਇਆ, ਇਹ ਸੁਆਲ ਪੁੱਛਣ ਵਾਲਾ ਉਹ ਪਹਿਲਾ ਹੀ ਸੀ| ਤੇ ਸਪੈਂਸਰ ‘ਸੂਖਮ ਤਰੰਗੀ ਚੁਲ੍ਹੇ’ ਦੀ ਖੋਜ ਕਰਨ ਤੱਕ ਜਾ ਪਹੁੰਚਿਆ| ਅਜਿਹੀਆਂ ਹੋਰ ਕਿੰਨੀਆਂ ਹੀ ਮਿਸਾਲਾਂ ਹਨ|
• ਇਸੇ ਕਰਕੇ, ‘ਕਲਾਸ ਰੂਮ’ ਸਿੱਖਿਆ ਨੂੰ ਵੀ, ਵਿਸ਼ੇਸ਼ ਕਰਕੇ ਵਿਗਿਆਨ ਦੀ ਸਿੱਖਿਆ ਨੂੰ, ਉਸ ਵਿਧੀ ਤੋਂ ਹਟ ਕੇ ਸੋਚਣ ਦੀ ਲੋੜ ਹੈ ਜਿਸ ਵਿਧੀ ਅੰਦਰ ਸਿਰਫ ਅਧਿਆਪਕ ਹੀ ਸੁਆਲ ਪੁੱਛਦਾ ਹੈ ਅਤੇ ਵਿਦਿਆਰਥੀ ਜੁਆਬ ਹੀ ਦਿੰਦੇ ਹਨ| ਇਹ ਵਿਧੀ ਦੱਬੂ ਵਿਧੀ ਹੈ| ਵਿਦਿਆਰਥੀਆਂ ਤੋਂ ਜੁਆਬ ਦੀ ਤਵੱਕੋਂ ਰੱਖਣ ਬਜਾਇ ਸਗੋਂ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਅਧਿਐਨ ਸਮੱਗਰੀ ਸਬੰਧੀ ਸੁਆਲ ਪੁੱਛਣ ਲਈ ਪ੍ਰੇਰਿਤ ਤੇ ਉਤੇਜਿਤ ਕਰਨ| ਇਹ ਅਹਿਸਾਸ ਕਰਨ ਦੀ ਲੋੜ ਹੈ ਕਿ ਚਿੰਤਨ ਦੀ ਉਚੇਰੀ ਪੌੜੀ ‘ਤੇ ਚੜ੍ਹਣ ਲਈ ਵਿਦਿਆਰਥੀਆਂ ਦੇ ਜੁਆਬ-ਹੁੰਗਾਰੇ ਦਾ ਅੰਕਣ ਕਰਨ ਦੀ ਬਜਾਇ, ਉਨ੍ਹਾਂ ਦੇ ਸੁਆਲਾਂ ਦੀ ਕਦਰ ਕਰਨੀ ਲਾਜਮੀ ਬਣਦੀ ਹੈ|
• ਇਸ ਗੱਲ ਦੀ ਬੇਹੱਦ ਅਹਿਮੀਅਤ ਹੈ ਕਿ ਵਿਦਿਆਰਥੀਆਂ ਨੂੰ ਇਹ ਸਮਝਾਇਆ ਜਾਵੇ ਕਿ ਕੋਈ ਵੀ ਸੁਆਲ ਮੂੜਮੱਤਾ ਜਾਂ ਉਜੱਡ ਨਹੀਂ ਹੁੰਦਾ| ਉਨ੍ਹਾਂ ਨੂੰ ਇਹ ਭਰੋਸਾ ਬੱਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸੁਆਲਾਂ ਨੂੰ ਅਧਿਆਪਕ ਵਲੋਂ ਸੁਣਿਆ ਜਾਵੇਗਾ ਤੇ ਸਵੀਕਾਰ ਕੀਤਾ ਜਾਵੇਗਾ| ਸੁਆਲ ਪੁੱਛਣਾ ਇੱਕ ਚੁਣੌਤੀ ਭਰਿਆ ਕਾਰਜ ਹੈ ਪਰੰਤੂ ਜੇ ਇਕ ਵਾਰ ਵਿਦਿਆਰਥੀਆਂ ਅੰਦਰ ਸੁਆਲ ਪੁੱਛਣ ਦਾ ਸਾਹਸ ਤੇ ਭਰੋਸਾ ਪੈਦਾ ਹੋ ਜਾਵੇ ਤਾਂ ਉਨ੍ਹਾਂ ਨੂੰ ਜਲਦੀ ਹੀ ਇਹ ਅਹਿਸਾਸ ਹੋ ਜਾਵੇਗਾ ਕਿ ਇਹ ਅਮਲ ਲਾਹੇਵੰਦਾ ਹੈ| ਉਨ੍ਹਾਂ ਨੂੰ ‘ਫਰਾਂਸਿਸ ਬੇਕਨ’ ਦਾ ਇਹ ਕਥਨ ਚੇਤੇ ਕਰਾਉਣ ਦੀ ਲੋੜ ਹੈ ਕਿ ”ਜਿਹੜਾ ਵਧੇਰੇ ਸੁਆਲ ਪੁੱਛਦਾ ਹੈ, ਉਹ ਹੀ ਵਧੇਰੇ ਸਿਖਦਾ ਹੈ ਤੇ ਵਧੇਰੇ ਚੇਤੇ ਰਖਦਾ ਹੈ|”
• ਖੋਜਾਰਥੀਆਂ ਨੇ ਵੀ ਇਹ ਦਰਸਾਇਆ ਹੈ ਕਿ ਉਥੇ ਹੀ ਵਿਦਿਆਰਥੀਆਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ ਜਿਥੇ ‘ਕਲਾਸ ਰੂਮ’ ਦਾ ਮਾਹੌਲ ਅਜਿਹਾ ਹੁੰਦਾ ਹੈ ਕਿ ਵਿਦਿਆਰਥੀ ਸਹਿਜ ਮਹਿਸੂਸ ਕਰਦੇ ਹਨ ਅਤੇ ਉਹ ਇਹ ਜਾਣਦੇ ਹਨ ਕਿ ਉਨ੍ਹਾਂ ਵਲੋਂ ਗਲਤ ਸੁਆਲ ਪੁੱਛੇ ਜਾਣ ‘ਤੇ, ਨਾ ਤਾਂ ਉਨ੍ਹਾਂ ਦੀ ਨੁਕਤਾਚੀਨੀ ਹੋਵੇਗੀ ਤੇ ਨਾ ਹੀ ਉਨ੍ਹਾਂ ਦੀ ਕੋਈ ਖਿੱਲੀ ਉਡਾਈ ਜਾਵੇਗੀ ਸਗੋਂ ਜਿੱਥੇ ਵਿਦਿਆਰਥੀਆਂ ਨੂੰ ਮੁੜ ਜੁਆਬ ਦੇਣ ਦੇ ਜਤਨ ਲਈ ਉਤਸਾਹਿਤ ਕੀਤਾ ਜਾਵੇਗਾ|
• ਸ਼ਾਇਦ, ਸਾਡੇ ਸਿਖਿਆ ਵਿਧੀ-ਸ਼ਾਸ਼ਤਰ ਅੰਦਰ ਅਜਿਹੇ ਸਿੱਖਿਆ ਮਾਪ-ਦੰਡ ਅਪਣਾਉਣ ਦੀ ਲੋੜ ਹੈ ਜਿਥੇ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਵੱਡੇ ਸੁਆਲ, ਸਿਰਜਾਨਤਮਿਕ ਸੁਆਲ ਤੇ ਚੁਣੌਤੀ ਭਰੇ ਸੁਆਲ ਪੁੱਛਣ ਲਈ ਵੰਗਾਰਨ ਤੇ ਉਕਸਾਉਣ| ਇੱਥੇ ਨੋਬਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ‘ਲਿਜੀਡੋਰ ਲਿਜ਼ਾਕ ਰਬੀ’ ਦੇ ਇਸ ਸਬੰਧੀ ਕਹੇ ਇਨ੍ਹਾਂ ਸ਼ਬਦਾਂ ਨੂੰ ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਉਹ ਵਿਦਿਆਨੀ ਕਿਵੇਂ ਬਣਿਆ, ”ਮੇਰੀ ਮਾਂ ਨੇ ਮੈਨੂੰ ਅਣਜਾਣੇ ‘ਚ ਹੀ ਵਿਗਿਆਨੀ ਬਣਾ ਦਿੱਤਾ| ਬਰੂਕਲਿਨ ‘ਚ ਹਰ ਯਹੂਦੀ ਮਾਂ ਸਕੂਲੋਂ ਪਰਤਣ ‘ਤੇ ਆਪਣੇ ਬੱਚੇ ਨੂੰ ਪੁੱਛਿਆ ਕਰਦੀ ਸੀ, ‘ਅੱਛਾ? ਤੂੰ ਅੱਜ ਕੁੱਝ ਸਿੱਖਿਆ ਵੀ ਹੈ?’ ਪਰ ਮੇਰੀ ਮਾਂ ਨਹੀਂ ਸੀ ਇਹ ਪੁੱਛਦੀ| ਉਹ ਸਗੋਂ ਇਹ ਕਿਹਾ ਕਰਦੀ ਸੀ, ‘ਲੱਜ਼ੀ, ਕੀ ਤੂੰ ਕੋਈ ਵਧੀਆ ਜਿਹਾ ਸੁਆਲ ਪੁੱਛਿਆ ਅੱਜ?’ ਇਸੇ ਫਰਕ ਨੇ ਹੀ, ਵਧੀਆ ਸੁਆਲ ਪੁੱਛਣ ਨੇ, ਮੈਨੂੰ ਇੱਕ ਵਿਗਿਆਨੀ ਬਣਾ ਦਿੱਤਾ|”
-
ਯਸ਼ਪਾਲ, ਲੇਖਕ
yashpal.vargchetna@gmail.com
98145-35005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.