ਅਧਿਆਪਕ ਦਿਵਸ ਤੇ ਵਿਸ਼ੇਸ਼( 05 ਸਤੰਬਰ )।
ਬੱਚਿਆਂ ਦਾ ਪਹਿਲਾਂ ਰੋਲ ਮਾਡਲ ਅਧਿਆਪਕ ਹੁੰਦਾ ਹੈ।
ਅਧਿਆਪਕ ਨੂੰ ਉਸਾਰੂ ਸਮਾਜ ਅਤੇ ਰਾਸ਼ਟਰ ਦਾ ਨਿਰਮਾਤਾ ਕਿਹਾ ਜਾਂਦਾ ਹੈ। ਅਧਿਆਪਕ ਵੱਲੋਂ ਹੀ ਦੁਨੀਆਂ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣ ਵਾਲੀ ਪੀੜ੍ਹੀ ਤਿਆਰ ਕੀਤੀ ਜਾਂਦੀ ਹੈ। ਅਧਿਆਪਕ ਦੀ ਸਮਾਜ ਵਿੱਚ ਮਹੱਤਤਾ ਨੂੰ ਸਮਝਦੇ ਹੋਏ ਅਤੇ ਉਨ੍ਹਾਂ ਦਾ ਮਾਣ ਸਤਿਕਾਰ ਕਰਨ ਦੇ ਲਈ ਵਿਸ਼ਵ ਦੇ ਬਹੁਗਿਣਤੀ ਦੇਸ਼ਾਂ ਵਿੱਚ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਜਿਸ ਤਰੀਕੇ ਨਾਲ 05 ਅਕਤੂਬਰ ਦਾ ਦਿਨ ਵਿਸ਼ਵ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ । ਉਸੇ ਹੀ ਤਰ੍ਹਾਂ ਪੂਰੇ ਭਾਰਤ ਵਰਸ਼ ਵਿੱਚ 05 ਸਤੰਬਰ ਦਾ ਦਿਨ ਅਧਿਆਪਕ ਦਿਵਸ ਵਜੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਰਾਜ ਸਰਕਾਰਾਂ ਅਤੇ ਕੇਂਦਰ ਸਰਕਾਰ ਵੱਲੋਂ ਸ਼ਲਾਘਾਯੋਗ ਉਪਲੱਬਧੀਆਂ ਵਾਲੇ ਅਧਿਆਪਕਾਂ ਨੂੰ ਰਾਜ ਪੁਰਸਕਾਰ ਅਤੇ ਨੈਸ਼ਨਲ ਅਵਾਰਡ ਦੇ ਕੇ ਨਿਵਾਜਿਆ ਜਾਂਦਾ ਹੈ ।
ਆਜ਼ਾਦ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਸਰੇ ਰਾਸ਼ਟਰਪਤੀ ਡਾ ਸਰਵਪੱਲੀ ਰਾਧਾ ਕ੍ਰਿਸ਼ਨਨ ਜੀ ਜੋ ਉੱਚ ਕੋਟੀ ਦੇ ਵਿਦਵਾਨ ਦਾਰਸ਼ਨਿਕ ਅਤੇ 40 ਸਾਲ ਅਧਿਆਪਨ ਦੇ ਕਿੱਤੇ ਵਿੱਚ ਬਿਤਾਉਣ ਵਾਲੀ ਮਹਾਨ ਸ਼ਖ਼ਸੀਅਤ ਸਨ । ਉਨ੍ਹਾਂ ਨੇ ਆਪਣਾ ਜਨਮ ਦਿਵਸ ਅਧਿਆਪਕਾਂ ਨੂੰ ਸਮਰਪਿਤ ਕਰਕੇ 05 ਸਤੰਬਰ 1962 ਤੋ ਅਧਿਆਪਕ ਦਿਵਸ ਵਜੋਂ ਮਨਾਉਣ ਦੀ ਸ਼ੁਰੂਆਤ ਕੀਤੀ। ਭਾਰਤ ਦੇ ਗੌਰਵਮਈ ਇਤਿਹਾਸ ਵਿੱਚ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਰਿਹਾ ਹੈ । ਗੁਰੂ ਚੇਲੇ ਦੇ ਰਿਸ਼ਤੇ ਦੀ ਮਹਾਨਤਾ ਨੂੰ ਦਰਸਾਉਣ ਲਈ ਅੱਜ ਵੀ ਦਰੋਣਾਚਾਰੀਆ ਅਤੇ ਚਾਣਕਿਆ ਵਰਗੇ ਗੁਰੂ ਦੀ ਸਿੱਖਿਆ ਦੀਆਂ ਅੱਜ ਵੀ ਉਦਾਹਰਨਾ ਬੜੇ ਮਾਣ ਨਾਲ ਦਿੱਤੀਆਂ ਜਾਂਦੀਆਂ ਹਨ ।ਆਧੁਨਿਕ ਯੁੱਗ ਵਿੱਚ ਡਾ. ਸਰਵਪੱਲੀ ਰਾਧਾ ਕ੍ਰਿਸ਼ਨਨ ,ਡਾ ਏ ਪੀ ਜੇ ਅਬਦੁਲ ਕਲਾਮ ਅਤੇ ਪ੍ਰੋਫੈਸਰ ਯਸ਼ਪਾਲ ਜੀ ਵਰਗੀਆਂ ਉੱਚ ਕੋਟੀ ਦੀਆਂ ਸ਼ਖਸੀਅਤਾਂ ਨੂੰ ਵੀ ਇੱਕ ਆਦਰਸ਼ ਅਧਿਆਪਕ ਵਜੋਂ ਯਾਦ ਕੀਤਾ ਜਾਦਾ ਹੈ।
ਚੰਗੇ ਅਧਿਆਪਕ ਦਾ ਕੰਮ ਸਿਰਫ ਸਾਖਰਤਾ ਦਰ ਵਧਾਉਣਾ ਜਾਂ ਕਿਤਾਬੀ ਗਿਆਨ ਦੇਣਾ ਹੀ ਨਾ ਹੋ ਕੇ, ਬਲਕਿ ਇੱਕ ਮਿੱਤਰ ,ਦਾਰਸ਼ਨਿਕ ਅਤੇ ਨਿਰਦੇਸ਼ਕ ਦੇ ਰੂਪ ਵਿੱਚ ਵਿਦਿਆਰਥੀ ਦਾ ਸਰੀਰਕ ,ਮਾਨਸਿਕ ,ਬੌਧਿਕ ,ਸਮਾਜਿਕ ਅਤੇ ਭਾਵਨਾਤਮਿਕ ਵਿਕਾਸ ਕਰਕੇ ਉਸ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਾਉਣ ਵਿੱਚ ਮਦਦ ਕਰਨਾ ਵੀ ਹੁੰਦਾ ਹੈ ਇਸੇ ਕਾਰਨ ਹੀ ਤਾਂ ਭਗਤ ਕਬੀਰ ਜੀ ਨੇ ਦੇ ਅਨੁਸਾਰ
ਗੁਰੂ ਗੋਬਿੰਦ ਦੋਉ ਖੜ੍ਹੇ ਕਾਕੇ ਲਾਗੂ ਪਾਏ ।
ਬਲਿਹਾਰੀ ਗੁਰ ਆਪਣੇ ਗੋਬਿੰਦ ਦੀੳ ਮਿਲਾਏ।
ਅਰਥਾਤ ਸੰਸਾਰ ਵਿੱਚ ਈਸ਼ਵਰ ਤੋਂ ਵੀ ਉੱਚਾ ਦਰਜਾ ਗੁਰੂ ਨੂੰ ਪ੍ਰਾਪਤ ਹੈ ।
ਅਧਿਆਪਕ ਦਿਵਸ ਦੇ ਮੌਕੇ ਤੇ ਉਨ੍ਹਾਂ ਮਹਾਨ ਅਧਿਆਪਕਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੂੰ ਸਲਾਮ ਕਰਦੇ ਹਾ।ਜਿਨ੍ਹਾਂ ਦੀ ਬਦੌਲਤ ਦੇਸ਼ ਨੂੰ ਮਹਾਨ ਵਿਗਿਆਨੀ ਡਾਕਟਰ ,ਇੰਜੀਨੀਅਰ, ਉੱਚ ਕੋਟੀ ਦੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਮਾਜ ਦੇ ਸਿਰਜਣਹਾਰੇ ਮਿਲੇ ਹਨ ਅਤੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਹੋਈ ਹੈ ।
ਗੁਰੂ ਨਾਨਕ ਦੇਵ ਜੀ ਜੀ ਨੇ ਵੀ ਆਪਣੀ ਗੁਰਬਾਣੀ ਵਿੱਚ ਗੁਰੂ ਦੀ ਕ੍ਰਿਪਾ ਨਾਲ ਹੀ ਮਾਣ ਇੱਜ਼ਤ ਪ੍ਰਾਪਤ ਕਰਨ ਦੀ ਗੱਲ ਕੀਤੀ ਹੈ।
ਗੁਰ ਪਰਸਾਦੀ ਵਿਦਿਆ ਵੀਚਾਰੇ ਪੜਿ ਪੜਿ ਪਾਵੇ ਮਾਨ ।
ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਜਪੁਜੀ ਸਾਹਿਬ ਦੀ ਬਾਣੀ ਵਿੱਚ ਵੀ ਗੁਰੂ ਦੀ ਮਹਿਮਾ ਦਾ ਜ਼ਿਕਰ ਕਰਦੇ ਹਨ ।
ਮੱਤ ਵਿੱਚ ਰਤਨ ਜਵਾਹਰ ਮਾਨਿਕ ਜੇ ਇਕ ਗੁਰ ਕੀ ਸਿੱਖ ਸੁਣੀ ।
ਮਾਤਾ ਪਿਤਾ ਬੱਚੇ ਨੂੰ ਜਨਮ ਦਿੰਦੇ ਹਨ, ਪ੍ਰੰਤੂ ਅਧਿਆਪਕ ਬੱਚੇ ਦੇ ਚਰਿੱਤਰ ਨਿਰਮਾਣ ਵਿਚ ,ਚੰਗਾ ਇਨਸਾਨ ਬਣਾਉਣ ਅਤੇ ਉਸ ਦੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਂਦੇ ।ਅਰਥਾਤ ਅਧਿਆਪਕ ਇਨਸਾਨ ਦੀ ਜ਼ਿੰਦਗੀ ਰੂਪੀ ਵਿਸ਼ਾਲ ਇਮਾਰਤ ਦੀ ਨੀਂਹ ਦਾ ਪੱਥਰ ਰੱਖਣ ਦਾ ਕੰਮ ਕਰਦਾ ਹੈ ।
ਚੰਗੇ ਅਧਿਆਪਕ ਦੀ ਅਣਹੋਂਦ ਨਾਲ ਬੇਹਤਰੀਨ ਸਿੱਖਿਆ ਵਿਧੀਆਂ ਵੀ ਅਸਫਲ ਹੋ ਜਾਂਦੀਆਂ ਹਨ। ਜਦਕਿ ਚੰਗੇ ਅਧਿਆਪਕ ਦੀ ਹੋਂਦ ਸਿੱਖਿਆ ਪ੍ਰਣਾਲੀ ਦੇ ਸਭ ਦੋਸ਼ਾਂ ਵੀ ਬਹੁਤ ਹੱਦ ਤੱਕ ਦੂਰ ਕਰ ਦਿੰਦੀ ਹੈ। ਮੌਜੂਦਾ ਵਪਾਰੀਕਰਨ ਦੇ ਦੌਰ ਵਿੱਚ ਅਧਿਆਪਕ ਦਾ ਬਦਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪ੍ਰੰਤੂ ਕੋਈ ਕਿਤਾਬ ,ਕੰਪਿਊਟਰ ,ਦਸਤਾਵੇਜ ਜਾਂ ਮੋਬਾਇਲ ਐੱਪ ਅਧਿਆਪਕ ਦਾ ਬਦਲ ਨਹੀਂ ਹੋ ਸਕਦਾ ।ਇੰਟਰਨੈੱਟ, ਸਮਾਰਟਫੋਨ ,ਗੂਗਲ ,ਸਮਾਰਟ ਕਲਾਸਰੂਮ ਗਿਆਨ ਦੇਣ ਦੇ ਪੱਖੋਂ ਤਾਂ ਕੁਝ ਹੱਦ ਤੱਕ ਬਿਹਤਰ ਹੋ ਸਕਦੇ ਹੋਣਗੇ। ਕਰੋਨਾ ਕਾਲ ਦੇ ਸੰਕਟਕਾਲ ਸਥਿਤੀ ਅਤੇ ਲੱਗੇ ਲੋਕਡਾਉਨ ਦੌਰਾਨ ਥੋੜ੍ਹੇ ਸਮੇਂ ਲਈ ਤਾਂ ਬਿਹਤਰ ਸਾਬਿਤ ਹੋ ਸਕਦੇ ਹਨ ,ਪ੍ਰੰਤੂ ਲੰਮੇ ਸਮੇ ਲਈ ਨਹੀ ਕਿਉਕਿ ਇਹ ਸਭ ਮਸ਼ੀਨਾਂ ਹੀ ਹਨ। ਬੱਚੇ ਦੇ ਸਰਬਪੱਖੀ ਵਿਕਾਸ ਲਈ ਲੋੜੀਂਦੀਆਂ ਕਦਰਾਂ ਕੀਮਤਾਂ ਜਿਵੇਂ ਪਿਆਰ ,ਲਗਾਅ , ਸਨੇਹ ,ਹਮਦਰਦੀ ਅਤੇ ਤਿਆਗ ਸਿਰਫ਼ ਅਧਿਆਪਕ ਤੋ ਹੀ ਮਿਲ ਸਕਦਾ ਹੈ ।ਇਸ ਲਈ ਅਧਿਆਪਕ ਦਾ ਸਤਿਕਾਰ ਬੇਹੱਦ ਜ਼ਰੂਰੀ ਹੈ ।ਜੇ ਅਧਿਆਪਕ ਬਚੇਗਾ ਤਾਂ ਦੇਸ਼ ਬਚੇਗਾ। ਗੁਰੂ ਅੰਗਦ ਦੇਵ ਜੀ ਵੀ ਫਰਮਾਉਂਦੇ ਹਨ
ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜਾਰ ।
ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ।
ਅਧਿਆਪਕ ਦੀ ਇੰਨੀ ਮਹੱਤਤਾ ਹੋਣ ਦੇ ਬਾਵਜੂਦ ਵੀ ਅਜੋਕੇ ਪਦਾਰਥਵਾਦੀ ਯੁੱਗ ਵਿੱਚ ਅਧਿਆਪਕ ਦੇ ਸਤਿਕਾਰ ਵਿੱਚ ਕਮੀ ਆਈ ਹੈ ।ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਵਿੱਚ ਵੀ ਤਰੇੜ ਪੈਦਾ ਹੁੰਦੀ ਨਜ਼ਰ ਆ ਰਹੀ ਹੈ। ਇਸ ਦਾ ਮੂਲ ਕਾਰਨ ਵੀ ਵਿੱਦਿਆ ਦਾ ਵਪਾਰੀਕਰਨ ਹੋਣਾ ਹੀ ਹੈ । ਸਕੂਲਾਂ ਅਤੇ ਕਾਲਜਾਂ ਦਾ ਮਾਹੌਲ ਪੂਰੀ ਤਰ੍ਹਾਂ ਵਪਾਰਕ ਲੀਹਾਂ ਤੇ ਤੋਰ ਦਿੱਤਾ ਗਿਆ ਹੈ। ਇਹ ਹੋ ਸਕਦਾ ਹੈ ਕਿ ਸਿੱਖਿਆ ਦੇ ਵਪਾਰੀਕਰਨ ਨਾਲ ਕਿਤਾਬੀ ਪੜ੍ਹਾਈ ਦਾ ਮਿਆਰ ਉੱਚਾ ਹੋਇਆ ਹੋਵੇਗਾ । ਸਕੂਲਾਂ ਅਤੇ ਕਾਲਜਾਂ ਦੀਆਂ ਇਮਾਰਤਾਂ 5 ਤਾਰਾ ਹੋਈਆਂ ਹਨ, ਅਧਿਆਪਕਾਂ ਅਤੇ ਪ੍ਰਬੰਧਕਾਂ ਦਾ ਆਰਥਿਕ ਪੱਧਰ ਵੀ ਉੱਚਾ ਹੋਇਆ ਹੋਵੇਗਾ । ਪਰ ਸਿੱਖਿਆ ਦੇ ਅਸਲ ਉਦੇਸ਼ ਤੋਂ ਅਸੀਂ ਭਟਕ ਗਏ ਹਾਂ। ਸਿੱਖਿਆ ਦੇ ਮੰਦਰਾਂ ਵਿੱਚ ਅਨੁਸ਼ਾਸਨਹੀਣਤਾ ਵਧੀ ਹੈ ,ਮਨੁੱਖੀ ਕਦਰਾਂ ਕੀਮਤਾਂ ਵਿੱਚ ਕਮੀ ਆਈ ਹੈ, ਇਨਸਾਨੀ ਸ਼ਖ਼ਸੀਅਤ ਦਾ ਪੱਧਰ ਨੀਵਾਂ ਹੋਇਆ ਹੈ ।
ਅੱਜ ਸਿਖਿਆ ਦਾ ਮੁੱਖ ਉਦੇਸ਼ ਨੀਟ ਅਤੇ ਜੇ ਈ ਈ ਦਾ ਟੈਸਟ ਚੰਗੇ ਰੈਂਕ ਨਾਲ ਪਾਸ ਕਰਨਾ ਅਤੇ ਡਾਕਟਰ ਜਾ ਆਈ ਆਈ ਟੀ ਪਾਸ ਇੰਜੀਨੀਅਰ ਬਨਣਾ । ਇਸ ਤੋ ਇਲਾਵਾ ਸਿਵਲ ਸੇਵਾਵਾਂ ਅਤੇ ਹੋਰ ਮਹੱਤਵਪੂਰਣ ਮਹਿਕਮੇ ਵਿੱਚ ਭਰਤੀ ਹੋਣਾ ਅਤੇ ਵੱਧ ਤੋਂ ਵੱਧ ਪੈਸੇ ਕਮਾਉਣ ਦੀ ਅੰਨ੍ਹੀ ਦੌੜ ਵਿੱਚ ਸ਼ਾਮਲ ਹੋਣਾ। ਇਸ ਅੰਨ੍ਹੀ ਦੌੜ ਨੇ ਵਿਦਿਆਰਥੀ ਵਰਗ ਵਿੱਚ ਤਣਾਓ ਦੀ ਫਸਲ ਬੀਜ ਦਿੱਤੀ ਹੈ ।ਜਿਸ ਸਿੱਖਿਆ ਨੇ ਸ਼ਖ਼ਸੀਅਤ ਦਾ ਨਿਰਮਾਣ ਕਰਨਾ ਸੀ, ਚੰਗਾ ਵਿਵਹਾਰ ਪੈਦਾ ਕਰਨ ਵਿੱਚ ਮਦਦ ਕਰਨੀ ਸੀ ,ਉਸੇ ਸਿੱਖਿਆ ਦੇ ਕਾਰਨ ਵਿਦਿਆਰਥੀ ਤਣਾਅ'ਚ ਆਇਆ ਆਤਮ ਹੱਤਿਆ ਵਰਗੇ ਗੰਭੀਰ ਕਦਮ ਵੀ ਚੁੱਕ ਲੈਂਦਾ ਹੈ । ਇਨ੍ਹਾਂ ਹਾਲਾਤਾਂ ਵਿੱਚ ਅਧਿਆਪਕ ਵਰਗ ਦੀ ਜ਼ਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਵਿਦਿਆਰਥੀਆਂ ਨੂੰ ਖੁਦਗਰਜ਼ ਅਤੇ ਸਵਾਰਥੀ ਬਣਨ ਤੋਂ ਰੋਕੇ ,ਦੇਸ਼ ਦੇ ਮੌਜੂਦਾ ਦੌਰ ਦੇ ਮੁੱਦਿਆਂ ਬਾਰੇ ਆਲੋਚਨਾਤਮਕ ਤੌਰ ਤੇ ਸੋਚਣ ਲਈ ਉਤਸ਼ਾਹਿਤ ਕਰੇ ਅਤੇ ਚੰਗਾ ਇਨਸਾਨ ਬਣਨ ਦੀ ਪ੍ਰੇਰਿਤ ਕਰੇ ।
ਧਰਤੀ ਕੋ ਹਮ ਨੇ ਨਾਪ ਲਿਆ, ਹਮ ਚਾਂਦ ਸਿਤਾਰੋਂ ਤੱਕ ਪਹੁੰਚੇ ।
ਕੁੱਲ ਕਾਇਨਾਤ ਕੋ ਜੀਤ ਲਿਆਂ ,ਖਾਲੀ ਇਨਸਾਨ ਗਵਾ ਬੈਠੇ ।
ਮੌਜੂਦਾ ਹਾਲਾਤ ਵਿੱਚ ਚੰਗੇ ਇਨਸਾਨ ਪੈਦਾ ਕਰਨਾ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ।ਜੋ ਅਧਿਆਪਕ ਵਰਗ ਹੀ ਕਰ ਸਕਦਾ ਹੈ । ਕਿਉਂਕਿ ਬੱਚੇ ਅੱਜ ਵੀ ਅਧਿਆਪਕ ਨੂੰ ਆਪਣਾ ਪਹਿਲਾ ਰੋਲ ਮਾਡਲ ਮੰਨਦੇ ਹਨ ।ਬੱਚੇ ਮਾਤਾ ਪਿਤਾ ਤੋਂ ਵੱਧ ਅਧਿਆਪਕ ਦੀ ਕਹੀ ਗੱਲ ਨੂੰ ਤਰਜੀਹ ਦਿੰਦੇ ਹਨ ।ਮੇਰੇ 25 ਸਾਲ ਦੇ ਅਧਿਆਪਨ ਕਿੱਤੇ ਦੇ ਤਜਰਬੇ ਦੇ ਆਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਵਿਦਿਆਰਥੀਆਂ ਦਾ ਚਹੇਤਾ ਅਤੇ ਆਦਰਸ਼ ਅਧਿਆਪਕ ਉਹੀ ਹੈ, ਜੋ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਸਮਝਦਾ ਹੈ । ਜਿੰਨੀ ਵਿਦਿਆਰਥੀਆਂ ਪ੍ਰਤੀ ਅਧਿਆਪਕ ਦੀ ਸਮਝ ਚੰਗੀ ਹੋਵੇਗੀ ,ਉਨਾ ਹੀ ਉਹ ਚੰਗਾ ਅਧਿਆਪਕ ਬਣੇਗਾ ।
ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਰੂਪੀ ਅਧਿਆਪਕ ਨੂੰ ਤਨਦੇਹੀ ਨਾਲ ਸਿਖਿਆ ਦੇਨ ਦੀ ਗੱਲ ਕਹੀ ਹੈ...
ਪਾਧਾ ਗੁਰਮਖਿ ਆਖੀਐ ਚਾਟੜਿਆ ਮਤਿ ਦੇਇ ।
ਅਧਿਆਪਨ ਦਾ ਕਿੱਤਾ ਕਦੇ ਵੀ ਖ਼ਤਮ ਨਾ ਹੋਣ ਵਾਲਾ ਇੱਕ ਮਿਸ਼ਨ ਹੈ। ਡਾ. ਏ ਪੀ ਜੇ ਅਬਦੁਲ
ਕਲਾਮ ਜੀ , ਜੇ ਰਾਸ਼ਟਰਪਤੀ ਦੇ ਮਹੱਤਵਪੂਰਣ ਅਹੁਦੇ ਤੋਂ ਬਾਅਦ ਫਿਰ ਅਧਿਆਪਨ ਦੇ ਕਿੱਤੇ ਨਾਲ ਜੁੜਦੇ ਹਨ ਤਾਂ ਇਸ ਤੋਂ ਵੱਡੀ ਪ੍ਰੇਰਨਾਦਾਇਕ ਉਦਾਹਰਨ ਕੋਈ ਹੋਰ ਹੋ ਹੀ ਨਹੀਂ ਸਕਦੀ ।
ਅਧਿਆਪਕ ਦਾ ਸਨਮਾਨ ਸਿਰਫ਼ ਇੱਕ ਦਿਨ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ।ਬਲਕਿ ਇਹ ਸਤਿਕਾਰ ਪੂਰੀ ਜ਼ਿੰਦਗੀ ਦਿਲੋਂ ਹੋਣਾ ਚਾਹੀਦਾ ਹੈ। ਅਧਿਆਪਕ ਨੂੰ ਦਿੱਤੇ ਜਾਂਦੇ ਸਨਮਾਨ ਸਿਰਫ਼ ਚੰਗੀ ਸਕੂਲੀ ਕਾਰਜ਼ਗਾਰੀ ਲਈ ਹੀ ਨਹੀਂ ਸਗੋਂ ਉਨ੍ਹਾਂ ਦੀ ਪ੍ਰਭਾਵਸ਼ਾਲੀ , ਬੋਧਿਕ ਸਖਸ਼ੀਅਤ , ਮਨੁੱਖੀ ਅਤੇ ਸਮਾਜਿਕ ਗੁਣਾਂ ਦਾ ਵੀ ਸਨਮਾਨ ਕਰਨਾ ਹੋਰ ਵੀ ਪ੍ਰਸੰਸਾਯੋਗ ਹੋਵੇਗਾ ।
ਆਓ ਅੱਜ ਅਧਿਆਪਕ ਦਿਵਸ ਦੇ ਪਵਿੱਤਰ ਮੌਕੇ ਤੇ ਪ੍ਰਣ ਕਰੀਏ ਕਿ ਅਸੀਂ ਸਭ ਅਧਿਆਪਕ ਅਤੇ ਬੁੱਧੀਜੀਵੀ ਮੌਜੂਦਾ ਪਦਾਰਥਵਾਦੀ ਅਤੇ ਵਪਾਰੀਕਰਨ ਦੇ ਦੌਰ ਵਿੱਚ ਵੀ ਆਪਣੀ ਜ਼ਮੀਰ, ਬੁੱਧੀ ਅਤੇ ਗਿਆਨ ਦੀ ਰੌਸ਼ਨੀ ਦੇ ਚਿਰਾਗ ਨੂੰ ਬਲਦਾ ਰੱਖਾਂਗੇ । ਦੇਸ਼ ਦੀ ਸਿੱਖਿਆ ਅਤੇ ਸਮਾਜਿਕ ਵਿਕਾਸ ਲਈ ਯਤਨਸ਼ੀਲ ਰਹਾਂਗੇ ਇਸ ਅਹਿਸਾਸ ਨਾਲ ਕੀ....
" ਹਮ ਜਲੇਂਗੇ ਤੋਂ ਜ਼ਮਾਨੇ ਮੇਂ ਉਜਾਲਾ ਹੋਗਾ "
-
ਡਾ. ਸਤਿੰਦਰ ਸਿੰਘ, ਪ੍ਰਿੰਸੀਪਲ
harishmongadido@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.