ਸਾਡੇ ਜੀਵਨ ਵਿੱਚ ਗੁਰੂ ਦੀ ਅਹਿਮੀਅਤ ਬਾਰੇ ਚਾਨ੍ਹਣਾ ਪਾਉਂਦਿਆਂ ਮਹਾਨ ਭਗਤ ਕਬੀਰ ਜੀ ਪਰਮਾਤਮਾ ਤੋਂ ਵੀ ਪਹਿਲਾਂ ਆਪਣੇ ਗੁਰੂ ਦੇ ਚਰਨ ਸਪਰਸ਼ ਕਰਨ ਦੀ ਨਸੀਹਤ ਦਿੰਦੇ ਹਨ । ਉਹ ਮਹਾਨ ਗੁਰੂ ਜਿਨ੍ਹਾਂ ਦੀ ਕਿਰਪਾ ਸਦਕਾ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਅਧਿਆਤਮਕ ਗੁਰੂ ਤੋਂ ਇਲਾਵਾ ਸਾਡੇ ਜੀਵਨਕਾਲ ਦੌਰਾਨ ਸਾਨੂੰ ਕਿਸੇ ਨਾ ਕਿਸੇ ਰੂਪ ਵਿੱਚ ਸਿੱਖਿਅਤ ਕਰਨ ਵਾਲੇ ਅਨੇਕਾਂ ਚਿਹਰੇ ਮਿਲਦੇ ਹਨ । ਇਹਨਾਂ ਵਿੱਚੋਂ ਸਾਡੇ ਵਿੱਦਿਆ ਗੁਰੂ ਦੀ ਅਤੋੜ ਮਹਾਨਤਾ ਹੈ । ਗੁਰੂ ਆਪਣੇ ਗਿਆਨ ਅਤੇ ਤਜ਼ੁਰਬੇ ਨੂੰ ਆਪਣੇ ਵਿਦਿਆਰਥੀਆਂ ਦੇ ਮਨਾਂ ਵਿੱਚ ਇਸ ਕਦਰ ਉਤਾਰ ਦਿੰਦਾ ਹੈ ਕਿ ਗਿਆਨ ਦੇ ਇਸ ਸਮੁੰਦਰ ਵਿੱਚ ਡੁਬਕੀਆਂ ਲਾਉਂਦੇ ਵਿਦਿਆਰਥੀ ਇੱਕ ਦਿਨ ਆਪਣੀ ਮੰਜ਼ਲ ਸਰ ਕਰਦਿਆਂ ਜੀਵਨ ਵਿੱਚ ਉੱਚ ਮੁਕਾਮ ਹਾਸਲ ਕਰ ਜਾਂਦੇ ਹਨ । ਇਤਿਹਾਸ ਗਵਾਹ ਹੈ ਕਿ ਗੁਰੂ ਦੀ ਦਿੱਤੀ ਸਿੱਖਿਆ ਤੇ ਆਪਣੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਹਰ ਖੇਤਰ ਵਿੱਚ ਨਾਮਣਾ ਖੱਟਿਆ ਹੈ। ਗੁਰੂ ਭਾਵ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਉਹਨਾਂ ਦੀ ਸਿੱਖਣ ਸਮਰੱਥਾ ਮੁਤਾਬਕ ਸਿੱਖਿਆ ਪ੍ਰਦਾਨ ਕਰਦਿਆਂ ਉਹਨਾਂ ਅੰਦਰ ਲੁਕੇ ਹੁਨਰਾਂ ਨੂੰ ਤਰਾਸ਼ਦਾ ਹੈ । ਮਹਾਂਭਾਰਤ ਵਿੱਚ ਅਸੀਂ ਦੇਖਦੇ ਹਾਂ ਕਿ ਦਰੋਣਾਚਾਰੀਆ ਨੇ ਕੌਰਵਾਂ ਅਤੇ ਪਾਂਡਵਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਸਿੱਖਿਆ ਦਿੱਤੀ । ਠੀਕ ਇਸੇ ਤਰ੍ਹਾਂ ਭਗਵਾਨ ਪਰਸ਼ੂਰਾਮ ਨੇ ਵੀ ਆਪਣੇ ਚੇਲਿਆਂ ਨੂੰ ਅਜਿਹੀ ਸ਼ਾਸਤਰ ਵਿੱਦਿਆ ਦਿੱਤੀ ਜਿਸ ਸਦਕਾ ਉਹਨਾਂ ਯੁੱਧ ਦੇ ਮੈਦਾਨ ਵਿੱਚ ਆਪਣੀ ਯੁੱਧ-ਕਲਾ ਦਾ ਬਾਕਮਾਲ ਪ੍ਰਦਰਸ਼ਨ ਕੀਤਾ । ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਅਤੇ ਡਾ. ਏ ਪੀ ਜੇ ਅਬਦੁਲ ਕਲਾਮ ਵਰਗੇ ਮਹਾਨ ਵਿਗਿਆਨੀ ਅਤੇ ਦੇਸ਼ ਦੇ ਰਾਸ਼ਟਰਪਤੀ ਵੀ ਆਪਣੇ ਆਪ ਨੂੰ ਵਿਗਿਆਨੀ ਕਹਾਉਣ ਦੀ ਥਾਂ ਗੁਰੂ ਅਖਵਾਉਣ ਵਿੱਚ ਵਧੇਰੇ ਮਾਣ ਮਹਿਸੂਸ ਕਰਦੇ ਰਹੇ ਹਨ । ਗੁਰੂ ਦੀ ਇਸ ਮਹਾਨਤਾ ਨੂੰ ਵਿਚਾਰਦਿਆਂ ਉਦੋਂ ਅਫ਼ਸੋਸ ਜਿਹਾ ਹੁੰਦਾ ਹੈ ਜਦੋਂ ਵਰਤਮਾਨ ਸਮੇਂ ਵਿੱਚ ਅਧਿਆਪਕ-ਵਿਦਿਆਰਥੀ ਰਿਸ਼ਤੇ ਉੱਪਰ ਝਾਤ ਮਾਰਦੇ ਹਾਂ, ਨਿਸ਼ਚੇ ਹੀ ਇਹ ਰਿਸ਼ਤਾ ਹੁਣ ਪਹਿਲਾਂ ਵਾਲ਼ਾ ਨਹੀਂ ਰਿਹਾ । ਹਰ ਰੋਜ਼ ਅਖਬਾਰਾਂ ਅਤੇ ਟੀ ਵੀ ਦੇ ਮਾਧਿਅਮ ਰਾਹੀਂ ਇਹ ਪੜ੍ਹਨ-ਸੁਣਨ ਨੂੰ ਮਿਲਦਾ ਹੈ ਕਿ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਬਣਦਾ ਸਤਿਕਾਰ ਨਹੀਂ ਦੇ ਰਹੇ । ਜਦੋਂ ਕਿ ਵਿਦਿਆਰਥੀਆਂ ਨੂੰ ਏਕਲਵਿਆ ਜਿਹਾ ਬਣਨਾ ਚਾਹੀਦਾ ਹੈ ਜਿਸਨੇ ਗੁਰੂ ਦਕਸ਼ਣਾਂ ਵਿੱਚ ਆਪਣੇ ਗੁਰੂ ਨੂੰ ਆਪਣੇ ਸੱਜੇ ਹੱਥ ਦਾ ਅੰਗੂਠਾ ਹੀ ਭੇਟ ਕਰ ਦਿੱਤਾ ਸੀ । ਹਰ ਅਧਿਆਪਕ ਆਪਣੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਸਫ਼ਲ ਹੁੰਦਿਆਂ ਦੇਖਣ ਦਾ ਚਾਹਵਾਨ ਹੁੰਦਾ ਹੈ । ਗੁਰੂ ਤਾਂ ਇੱਕ ਚਾਨ੍ਹਣ ਮੁਨਾਰਾ ਹੈ, ਜਿਹੜਾ ਵਿਦਿਆਰਥੀ ਜੀਵਨ ਵਿੱਚੋਂ ਅਗਿਆਨਤਾ ਦੇ ਹਨ੍ਹੇਰੇ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕਰਦਾ ਹੈ। ਗੁਰਬਾਣੀ ਵਿੱਚ ਕਿਹਾ ਗਿਆ ਹੈ ਕਿ ਸੈਂਕੜੇ ਚੰਨ੍ਹ ਅਤੇ ਹਜ਼ਾਰਾਂ ਸੂਰਜ ਵੀ ਇੱਕ ਗੁਰੂ ਦੇ ਬਰਾਬਰ ਨਹੀਂ ਹਨ।
ਆਸ ਹੈ ਕਿ ਅਧਿਆਪਕ ਵਿਦਿਆਰਥੀਆਂ ਦੀ ਜੀਵਨ ਕਿਸ਼ਤੀ ਦਾ ਮਲਾਹ ਬਣ ਏਸੇ ਕਦਰ ਝੱਖੜਾਂ-ਹਨ੍ਹੇਰੀਆਂ ਅਤੇ ਅੰਧਕਾਰਾਂ ਤੋਂ ਬਚਾਉਂਦਿਆਂ ਉਹਨਾਂ ਨੂੰ ਇੱਕ ਉੱਜਵਲ ਤੇ ਸੁਰੱਖਿਅਤ ਥਾਂ 'ਤੇ ਪਹੁੰਚਾਉਂਦੇ ਰਹਿਣਗੇ ਤੇ ਅਧਿਆਪਕਾਂ ਦੀਆਂ ਦਿੱਤੀਆਂ ਇਹ ਨਸੀਹਤਾਂ ਪੂਰਾ ਜੀਵਨ ਵਿਦਿਆਰਥੀਆਂ ਦੇ ਅਚੇਤ ਮਨਾਂ ਅੰਦਰ ਗੂੰਜਦੀਆਂ ਉਹਨਾਂ ਦਾ ਜੀਵਨ ਪੱਥ ਰੁਸ਼ਨਾਉਂਦੀਆਂ ਰਹਿਣਗੀਆਂ।
ਆਮੀਨ।।
-
ਰੰਧਾਵਾ ਸਿੰਘ, ਪਿ੍ੰਸੀਪਲ
jakhwali89@gmail.com
941713133
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.