ਜਿੱਥੇ ਅਧਿਆਪਕ ਨੂੰ ਕੌਮ ਦਾ ਨਿਰਮਾਤਾ ਤੇ ਸਿਰਜਣਹਾਰ ਮੰਨਿਆ ਜਾਂਦਾ ਹੈ ਉੱਥੇ ਵਿਦਿਆਰਥੀ ਸਾਡੀ ਕੌਮ ਦਾ ਸਰਮਾਇਆ ਹਨ ।ਸਾਡਾ ਆਉਣ ਵਾਲਾ ਕੱਲ ਤੇ ਸਾਡੀ ਕੌਮ ਤੇ ਦੇਸ਼ ਦਾ ਭਵਿਖ ਹਨ । ਬੱਚੇ ਦਾ ਮਨ ਇਕ ਕੋਰੇ ਕਾਗ਼ਜ਼ ਵਾਂਗ ਹੁੰਦਾ ਹੈ । ਉਸ ਤੇ ਜੋ ਉੱਕਰ ਦਿਆਂਗੇ ਉਹ ਉਸਦੇ ਮਨ ਤੇ ਲਿੱਖਿਆ ।ਅਧਿਆਪਕ ਆਪਣੇ ਗਿਆਨ ਦੀ ਜੋਤ ਰਾਹੀਂ ਵਿੱਦਿਆਰਥੀਆਂ ਦੇ ਮਨਾਂ ਦਾ ਹਨੇਰਾ ਦੂਰ ਕਰਦੇ ਨੇ ਤੇ ਉਹਨਾਂ ਵਿੱਚ ਨੈਤਿਕ ਗੁਣਾਂ ਨੂੰ ਵੀ ਭਰਦੇ ਨੇ ।ਅਧਿਆਪਕ ਦੀ ਸਿਰਤੋੜ ਕੋਸ਼ਿਸ਼ ਹੁੰਦੀ ਹੈ ਕਿ ਉਸਦਾ ਸ਼ਾਗਿਰਦ ਵੱਡਾ ਹੋ ਕੇ ਕਿਸੇ ਉੱਚ ਪਦਵੀ ਉੱਤੇ ਪਹੁੰਚੇ ।
ਮਾਂ-ਬਾਪ ਬੱਚੇ ਨੂੰ ਜਨਮ ਜ਼ਰੂਰ ਦਿੰਦੇ ਨੇ ਪਰ ਜ਼ਿੰਦਗੀ ਅਧਿਆਪਕ ਦਿੰਦੇ ਨੇ ।ਬੱਚੇ ਦਾ ਪਹਿਲਾ ਗੁਰੂ ਮਾਂ ਬਾਪ ਤੇ ਦੂਸਰਾ ਗੁਰੂ ਅਧਿਆਪਕ ਹੁੰਦੇ ਨੇ ।ਬੱਚੇ ਦੀ ਵਾਗ-ਡੋਰ ਇਹਨਾਂ ਦੋਨਾਂ ਦੇ ਹੱਥ ਵਿੱਚ ਹੁੰਦੀ ਹੈ ।ਮਾਂ ਤੋਂ ਉੱਤਮ ਦਰਜਾ ਇਕ ਅਧਿਆਪਕ ਦਾ ਹੁੰਦਾ ਹੈ ।ਅਧਿਆਪਕ ਕੋਲ ਬੱਚਾ ਜ਼ਿਆਦਾ ਸਮਾਂ ਬਿਤਾਂਉਂਦਾ ਹੈ ।ਇਸੇ ਲਈ ਕਿਸੇ ਵਿਦਵਾਨ ਨੇ ਕਿਹਾ ਹੈ ਕਿ ਮਾਂ-ਬਾਪ ਜਨਮ ਦਿੰਦੇ ਨੇ ਤੇ ਅਧਿਆਪਕ ਬੱਚਿਆਂ ਦਾ ਜੀਵਨ ਚੰਗਾ ਤੇ ਯਕੀਨੀ ਬਣਾਂਉਂਦੇ ਨੇ ।
ਅਰਸਤੂ ਦੇ ਅਨੁਸਾਰ :-
ਅਧਿਆਪਕ ਬੱਚਿਆਂ ਨੂੰ ਸਿੱਖਿਆ ਦਿੰਦਾ ਹੈ ਇਸ ਲਈ ਜਨਮ ਦੇਣ ਵਾਲੇ ਮਾਂਪਿਉ ਤੋਂ ਜ਼ਿਆਦਾ ਸਤਿਕਾਰ ਦਾ ਦਰਜਾ ਰੱਖਦੇ ਨੇ ।
ਅਧਿਆਪਕ ਵੀ ਆਪਣੇ ਵਿਦਿਆਰਥੀ ਨਾਲ ਰਿਸ਼ਤਾ ਮਾਂ-ਬਾਪ ਤੇ ਦੋਸਤੀ ਵਾਲਾ ਨਿਭਾਉਂਦਾ ਹੈ ਤੇ ਨਿਭਾਉਣਾ ਵੀ ਚਾਹੀਦਾ ਹੈ ।ਅਧਿਆਪਕ ਦੀ ਦਿੱਤੀ ਸਿੱਖਿਆ ਗ੍ਰਹਿਣ ਕਰਕੇ ਹੀ ਵਿਦਿਆਰਥੀ ਵੱਡੇ ਹੋ ਕੇ ਪ੍ਰੋਫ਼ੈਸਰ , ਡਾਕਟਰ , ਇੰਜੀਨੀਅਰ , ਸਾਇੰਸਦਾਨ , ਵਿਗਿਆਨੀ ਤੇ ਲੇਖਕ ਬਣਦੇ ਨੇ ।ਸਿੱਖਿਆ ਪ੍ਰਾਪਤ ਕਰਨ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਹਿੰਮਤ ਆਉਂਦੀ ਹੈ ।ਸਾਨੂੰ ਆਪਣੇ ਅਧਿਕਾਰਾਂ ਦਾ ਵੀ ਸਹੀ ਗਿਆਨ ਹੁੰਦਾ ਹੈ ।
ਕਿਤਾਬਾਂ ਦੀ ਮੱਹਤਤਾ ਬਾਰੇ ਮੈਕਸਿਮ ਗੋਰਕੀ ਦਾ ਵਿਚਾਰ ਹੈ ਕਿ ਪੁਸਤਕਾਂ ਮਨੁੱਖ ਦੁਆਰਾ ਸਿਰਜੇ ਸਾਰੇ ਚਮਤਕਾਰਾਂ ਵਿੱਚੋਂ ਸੱਭ ਤੋਂ ਵੱਡਾ ਚਮਤਕਾਰ ਹੈ ।
ਬਾਸ਼ਰਤੇ ਕਿ ਇਕ ਅਧਿਆਪਕ ਵਿੱਚ ਵੀ ਇਕ ਚੰਗੇ ਅਧਿਆਪਕ ਵਾਲੇ ਉਹ ਸਾਰੇ ਗੁਣ ਹੋਣੇ ਚਾਹੀਦੇ ਨੇ ਜਿਸ ਨਾਲ ਬੱਚੇ ਦੀ ਨੁਹਾਰ ਬਦਲ ਜਾਵੇ ।ਉਸਨੂੰ ਹਰ ਵਿਸ਼ੇ ਦਾ ਗਿਆਨ ਹੋਣਾ ਚਾਹੀਦਾ ਹੈ ।ਅਧਿਆਪਕ ਦਾ ਪੜਾਉਣ , ਸਮਝਾਉਣ ਤੇ ਬੋਲਣ ਦਾ ਤਰੀਕਾ ਅਜਿਹਾ ਹੋਣਾ ਚਾਹੀਦਾ ਹੈ ਕਿ ਬੱਚੇ ਨੂੰ ਤੁਰੰਤ ਸਮਝ ਵਿੱਚ ਆ ਜਾਵੇ ।ਅਧਿਆਪਕ ਵਿੱਚ ਨਿਮਰਤਾ , ਮਿਠਾਸ , ਹਲੀਮੀ ਤੇ ਸਹਿਣਸ਼ਕਤੀ ਵੀ ਹੋਣੀ ਚਾਹੀਦੀ ਹੈ ।ਬੱਚੇ ਨੂੰ ਮਾਰ ਕੁੱਟ ਤੇ ਗ਼ੁੱਸੇ ਦੀ ਜਗਹ ਨਿਮਰਤਾ ਤੇ ਪਿਆਰ ਨਾਲ ਸਮਝਾਉਣਾ ਚਾਹੀਦਾ ਹੈ ।ਇਹ ਮੇਰਾ ਵਿਚਾਰ ਹੈ ।ਬੱਚੇ ਨੂੰ ਮਾਰ ਕੁੱਟ ਤੇ ਗ਼ੁੱਸੇ ਨਾਲ ਕਹਾਂਗੇ ਤੇ ਉਹ ਢੀਠ ਤੇ ਜ਼ਿੱਦੀ ਬਣ ਜਾਏਗਾ । ਅਧਿਆਪਕ ਦਾ ਡਰ ਵੀ ਨਹੀਂ ਰਹੇਗਾ ਤੇ ਉਸਦੀ ਇਜ਼ਤ ਵੀ ਨਹੀਂ ਕਰੇਗਾ ।ਬੱਚੇ ਨੂੰ ਬਾਰ ਬਾਰ ਨਲਾਇਕ ਵੀ ਨਹੀਂ ਕਹਿਣਾ ਚਾਹੀਦਾ ਕਿਉਂਕਿ ਇਸ ਨਾਲ ਉਸ ਵਿੱਚ ਹੀਨ ਭਾਵਨਾ ਪੈਦਾ ਹੁੰਦੀ ਹੈ । ਇਸ ਤਰਾਂ ਕਈ ਵਾਰ ਬੱਚੇ ਆਤਮ ਹੱਤਿਆ ਤੱਕ ਕਰ ਲੈਂਦੇ ਹਨ ।
ਮਿਡਲ ਸਕੂਲ ਵਿੱਚ ਸਾਡਾ ਇਕ ਅਧਿਆਪਕ ਹੁੰਦਾ ਸੀ ਜੱਦ ਉਸਨੇ ਜਮਾਤ ਵਿੱਚ ਆਉਣਾ ਤੇ ਬੱਚੇ ਗੱਲਾਂ ਤੇ ਸ਼ੋਰ ਕਰ ਰਹੇ ਹੁੰਦੇ ਸੀ ।ਅਧਿਆਪਕ ਨੇ ਕੁਰਸੀ ਪਿੱਛੇ ਚੁੱਪ ਕਰਕੇ ਖੜੇ ਹੋ ਜਾਣਾ ।ਜੱਦ ਵਿਦਿਆਰਥੀਆਂ ਨੇ ਦੇਖਣਾ ਕਿ ਟੀਚਰ ਤੇ ਕਲਾਸ ਵਿੱਚ ਹਨ ।ਸ਼ਰਮਿੰਦੇ ਹੋ ਜਾਣਾ ਤੇ ਕਲਾਸ ਸਟੈਂਡ ਕਰਨੀ ।ਅਧਿਆਪਕ ਨੇ ਮੁਸਕਰਾ ਕੇ ਕਹਿਣਾ ਬੱਸ ਹੋ ਗਈਆਂ ਗੱਲਾਂ ਖਤਮ ਨਹੀਂ ਤੇ ਹੋਰ ਕਰ ਲਉ ।ਬੱਚੇ ਉਸ ਟੀਚਰ ਤੋਂ ਸੱਭ ਤੋਂ ਵੱਧ ਡਰਦੇ ਸੀ ਤੇ ਸਤਿਕਾਰ ਵੀ ਕਰਦੇ ਸੀ ਉਸ ਅਧਿਆਪਕ ਦਾ ।
ਪਹਿਲਾਂ ਅਧਿਆਪਕ ਵੀ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਨੂੰ ਵਿਸ਼ਵਾਸ ਵੀ ਹੁੰਦਾ ਸੀ ਕਿ ਇਹ ਬੱਚਾ ਜ਼ਰੂਰ ਵੱਡਾ ਹੋ ਕੇ ਕੋਈ ਉੱਚ - ਪਦਵੀ ਨੂੰ ਹਾਸਿਲ ਕਰੇਗਾ .
ਪਹਿਲਾਂ ਅਧਿਆਪਕ ਵਿਦਿਆਰਥੀ ਨਾਲ ਰਾਬਤਾ ਰੱਖਦੇ ਸੀ ।ਖੁੱਦ ਦਾ ਤਾਜ਼ੁਰਬਾ ਹੈ ਜੱਦ ਦਸਵੀਂ ਦੇ ਪੇਪਰਾਂ ਤੋਂ ਬਾਦ ਪਾਪਾ ਜੀ ਦੀ ਪੋਸਟਿੰਗ ਅੰਮ੍ਰਿਤਸਰ ਦੀ ਹੋ ਗਈ ਤੇ ਅਧਿਆਪਕਾਂ ਦੀਆਂ ਚਿੱਠੀਆਂ ਆਉਣੀਆਂ । ਗਾਈਡ ਕਰਦੇ ਰਹਿੰਦੇ ਸੀ ਕਿ ਹੁਣ ਦਸਵੀਂ ਦੇ ਬਾਦ ਕੀ ਕਰਨਾ ਚਾਹੀਦਾ ਹੈ ਤੇ ਇਹ ਰਾਬਤਾ ਮਿਡਲ ਸਕੂਲ ਤੋਂ ਲੈ ਕੇ ਸ਼ਾਦੀ ਦੇ ਕਈ ਸਾਲ ਬਾਦ ਤੱਕ ਬਣਿਆ ਰਿਹਾ ।ਪਹਿਲਾਂ ਅਧਿਆਪਕ ਤੇ ਵਿਦਿਆਰਥੀ ਵਿੱਚ ਇਕ ਰੂਹਾਨੀ ਰਿਸ਼ਤਾ ਹੁੰਦਾ ਸੀ ।
ਮੈਨੂੰ ਤੇ ਆਪ ਪਹਿਲੀ ਕਲਾਸ ਤੋਂ ਬੀਂਏ ਤੱਕ ਬਹੁਤ ਹੀ ਅੱਛੇ ਅਧਿਆਪਕ ਮਿਲੇ ਨੇ ਜਿਹਨਾਂ ਨੂੰ ਅਜੇ ਵੀ ਯਾਦ ਕਰਦੇ ਹਾਂ ਤੇ ਉਹਨਾਂ ਦੀਆਂ ਦਿੱਤੀਆਂ ਨੈਤਿਕ ਸਿੱਖਿਆ ਉੱਪਰ ਚੱਲਣ ਦਾ ਹਮੇਸ਼ਾਂ ਯਤਨ ਕਰੀਦਾ ਹੈ ।ਬਾਕੀ ਗਿਆਨ ਸਾਹਿਤਕ ਤੇ ਧਾਰਮਿਕ ਪੁਸਤਕਾਂ ਨੂੰ ਪੜ੍ਹ ਕੇ ਹੀ ਪ੍ਰਾਪਤ ਹੋਇਆ ਹੈ ।
ਅਧਿਆਪਕ ਆਪ ਸਰਬ ਕਲਾ ਸੰਪੂਰਨ ਹੋਣਾ ਚਾਹੀਦਾ ਹੈ ।ਅਧਿਆਪਕ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਪਾਠ ਪੁਸਤਕਾਂ ਦੇ ਇਲਾਵਾ ਵਧੀਆ ਸਾਹਿਤ ਵੀ ਪੜ੍ਹਣ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਉਹਨਾਂ ਦਾ ਮਾਨਸਿਕ ਤੇ ਬੋਧਿਕ ਵਿਕਾਸ ਹੋ ਸਕੇ ।ਕਿਤਾਬਾਂ ਪੜ੍ਹ ਕੇ ਹੀ ਅਸੀਂ ਦੁਨੀਆਂ ਭਰ ਦਾ ਵੱਡ ਮੁੱਲਾ ਗਿਆਨ ਹਾਸਿਲ ਕਰ ਸਕਦੇ ਹਾਂ ।
ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸੀ ਤੇ ਬੱਚੇ ਨੂੰ ਨੈਤਿਕ ਸਿੱਖਿਆ ਪਰਿਵਾਰ ਵਿੱਚੋਂ ਆਪਣੇ ਵੱਡੇ ਵੱਡੇਰਿਆਂ ਤੋਂ ਮਿੱਲ ਜਾਂਦੀ ਸੀ । ਪਰ ਹੁਣ ਭੱਜ-ਨੱਠ ਤੇ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਕਿਸੇ ਕੋਲ ਐਨਾ ਸਮਾਂ ਨਹੀਂ ਕਿ ਉਹ ਬੱਚੇ ਨੂੰ ਨੈਤਿਕ ਸਿੱਖਿਆ ਬਾਰੇ ਸਹੀ ਗਿਆਨ ਦੇਣ ।ਇਸ ਲਈ ਹੁਣ ਇਹ ਜ਼ਰੂਰੀ ਮਹਿਸੂਸ ਹੁੰਦਾ ਹੈ ਕਿ ਸਕੂਲਾਂ ਵਿੱਚ ਨੈਤਿਕਤਾ ਦਾ ਵਿਸ਼ਾ ਲਾਜ਼ਮੀ ਹੋਣਾ ਚਾਹੀਦਾ ਹੈ ਤਾਂਕਿ ਬੱਚੇ ਅਧਿਆਪਕ ਤੋਂ ਇਹ ਗਿਆਨ ਹਾਸਿਲ ਕਰ ਸਕਣ ।
ਅਧਿਆਪਕ ਨੂੰ ਚਾਹੀਦਾ ਹੈ ਕਿ ਕਿਤਾਬੀ ਵਿੱਦਿਆ ਦੇ ਨਾਲ ਨੈਤਿਕਤਾ ਦੀ ਵੀ ਸਿੱਖਿਆ ਦਿੱਤੀ ਜਾਵੇ ।ਨੈਤਿਕ ਸਿੱਖਿਆ ਤੋਂ ਬਿਨਾਂ ਹਰ ਤਰਾਂ ਦੀ ਪੜ੍ਹਾਈ ਅਧੂਰੀ ਹੈ ।ਅਧਿਆਪਕਾਂ ਨੂੰ ਚਾਹੀਦਾ ਹੈ ਕਿ ਜਿੱਥੋਂ ਤੱਕ ਹੋ ਸਕੇ ਰੋਜ਼ ਪ੍ਰਾਰਥਨਾ ਸਭਾ ਵਿੱਚ ਨੈਤਿਕ ਸਿੱਖਿਆ ਸੰਬੰਧੀ ਕੋਈ ਕਹਾਣੀ ਕਵਿਤਾ ਜਾਂ ਕੋਈ ਐਸੀ ਗੱਲ ਦੱਸੀ ਜਾਵੇ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵਿੱਚ ਨੈਤਿਕ ਕੱਦਰਾਂ ਕੀਮਤਾਂ ਕੁੱਟ ਕੁੱਟ ਕੇ ਭਰੀਆਂ ਹੋਣ ।
ਮੇਰੇ ਵਿਚਾਰ ਵਿੱਚ ਹਰ ਸਕੂਲ ਵਿੱਚ ਨੈਤਿਕਤਾ ਦਾ ਵਿਸ਼ਾ ਪੜ੍ਹਾਈ ਵਿੱਚ ਲਾਜ਼ਮੀ ਹੋਣਾ ਚਾਹੀਦਾ ਹੈ ਤੇ ਉਸ ਵਿੱਚ ਸਾਡੇ ਗੁਰੂਆਂ , ਪੀਰਾਂ , ਫ਼ਕੀਰਾਂ , ਵਿਦਵਾਨਾਂ ਤੇ ਉੱਘੇ ਵਿਚਾਰਵਾਨਾਂ ਦੀਆਂ ਗੱਲਾਂ ਨੂੰ ਅਮਲ ਵਿੱਚ ਲਿਆਉਂਦਾ ਜਾ ਸਕੇ ।ਵੱਡਾ ,ਛੋਟਾ ,ਅਮੀਰ , ਗਰੀਬ ਆਪਣੇ ਗੁਣਾਂ ਨਾਲ ਹੁੰਦੇ ਨੇ ।ਜੇ ਕੋਈ ਵੱਡਾ ਜਾਂ ਅਮੀਰ ਵਿਅੱਕਤੀ ਹੈ ਪਰ ਉਸਦੇ ਪੱਲੇ ਕੋਈ ਗੁਣ ਨਹੀਂ ਤੇ ਜੇ ਕੋਈ ਗਰੀਬ ਤੇ ਛੋਟਾ ਹੈ ਤੇ ਉਸਦੇ ਪੱਲੇ ਚੰਗੇ ਗੁਣ ਹਨ ਉਸਦੀ ਪਹਿਚਾਨ ਉਸਦੇ ਗੁਣਾਂ ਨਾਲ ਹੋਏਗੀ ਵਿੱਅਕਤੀ ਆਪਣੇ ਗੁਣਾਂ ਨਾਲ ਹੀ ਪਹਿਚਾਣਿਆ ਜਾਂਦਾ ਹੈ ।
ਗੁਰਬਾਣੀ ਵਿੱਚ ਵੀ ਸ਼ਬਦ ਹੈ :-
( ਸਾਂਝ ਕਰੀਜੈ ਗੁਣਹੁ ਕੈਰੀ
ਛੋਡਿ ਅਵਗੁਣਿ ਚਲੀਐ )
ਅਧਿਆਪਕ ਹੀ ਹੈ ਜੋ ਬੱਚੇ ਨੂੰ ਸਮੇਂ ਦੀ ਕਦਰ ਕਰਨਾ ਵੀ ਦੱਸਦੇ ਨੇ ਤੇ ਬੱਚੇ ਨੂੰ ਵਿੱਦਿਅਕ ਸਿੱਖਿਆ ਦੇ ਨਾਲ ਹਰ ਤਰਾਂ ਦੀ ਨੈਤਿਕ ਸਿੱਖਿਆ ਦਾ ਗਿਆਨ ਦੇ ਕੇ ਇਕ ਹੋਣਹਾਰ ਵਿਦਿਆਰਥੀ ਬਣਾਉਂਦੇ ਨੇ ।ਅਧਿਆਪਕ ਹੀ ਹੈ ਜੋ ਕਿ ਵਿੱਦਿਆ ਦੇ ਮਾਧਿਅਮ ਰਾਹੀਂ ਵਿਦਿਆਰਥੀ ਵਿੱਚ ਅਜਿਹੀ ਰੂਹ ਫੂਕ ਸਕਦਾ ਹੈ ਜਿਸਨੂੰ ਸਾਡੀ ਆਉਣ ਵਾਲੀ ਪੀੜ੍ਹੀ ਸੱਦੀਆਂ ਤੱਕ ਯਾਦ ਕਰਦੀ ਰਹੇਗੀ ਤੇ ਇਕ ਮਿਸਾਲ ਬਣ ਕੇ ਸਾਹਮਣੇ ਆਏਗੀ ।ਇਸੇ ਲਈ ਕਹਿੰਦੇ ਨੇ ਕਿ ਜਿੱਥੇ ਧਨਵਾਨ ਆਦਮੀ ਨਹੀਂ ਪਹੁੰਚ ਸਕਦਾ ਉੱਥੇ ਇਕ ਵਿਦਵਾਨ ਪਹੁੰਚ ਜਾਂਦਾ ਹੈ ਤੇ ਇਹ ਵਿਦਵਾਨ ਹੋਰ ਕੋਈ ਨਹੀਂ ਸਾਡੇ ਅਧਿਆਪਕ ਦੁਆਰਾਂ ਦਿੱਤੀਆਂ ਗਈਆਂ ਨੈਤਿਕ ਕਦਰਾਂ ਕੀਮਤਾਂ ਹੀ ਹਨ ।
ਅਧਿਆਪਕ ਇਕ ਅੱਛਾ ਬੁਲਾਰਾ ਵੀ ਹੋਣਾ ਚਾਹੀਦਾ ਹੈ । ਬੱਚੇ ਨੂੰ ਇਸ ਤਰੀਕੇ ਨਾਲ ਸਮਝਾਏ ਕਿ ਤੁਰੰਤ ਸਮਝ ਵਿੱਚ ਆ ਜਾਏ । ਇਕ ਸਪੀਕਰ ਜੱਦ ਸਟੇਜ ਤੇ ਲੈਕਚਰ ਦੇਣ ਲਈ ਜਾਏ ਤੇ ਉਸਦਾ ਪਹਿਰਾਵਾ ਠੀਕ ਹੋਣਾ ਚਾਹੀਦਾ ਹੈ । ਬੋਲਣ ਲੱਗਿਆਂ ਐਵੇਂ ਇੱਧਰ ਉੱਧਰ ਨਾ ਦੇਖੀ ਜਾਏ ਤੇ ਨਾਹੀ ਹੋਲੀ ਤੇ ਘੱਗੀ ਅਵਾਜ਼ ਵਿੱਚ ਬੋਲੇ । ਸਪੀਕਰ ਨੂੰ ਚਾਹੀਦਾ ਹੈ ਕਿ ਸ੍ਰੋਤਿਆਂ ਵੱਲ ਦੇਖ ਕੇ ਉੱਚੀ ਤੇ ਰੋਬਦਾਰ ਅਵਾਜ਼ ਵਿੱਚ ਬੋਲੇ ।
ਅਧਿਆਪਕ ਦਾ ਦਰਜਾ ਇਕ ਮਾਂ ਵਾਂਗ ਹੁੰਦਾ ਹੈ ਜਿਵੇਂ ਇਕ ਮਾਂ ਆਪਣੇ ਬੱਚੇ ਦਾ ਹਮੇਲਾਂ ਭਲਾ ਹੀ ਚਾਹੁੰਦੀ ਹੈ ਤੇ ਉਸੇ ਤਰਾਂ ਅਧਿਆਪਕ ਵੀ ਇਕ ਮਾਂ ਵਾਂਗ ਹੀ ਇਹੀ ਚਾਹੁੰਦਾ ਹੈ ਕਿ ਉਸਦਾ ਵਿਦਿਆਰਥੀ ਵੀ ਸਹੀ ਗਿਆਨ ਹਾਸਿਲ ਕਰਕੇ ਇਕ ਸਫ਼ਲ ਇਨਸਾਨ ਬਣੇ ।
-
ਰਮਿੰਦਰ ਰੰਮੀ, Writer
raminderwalia213@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.