ਕੌਣ ਕਰੇਗਾ ਰੀਸਾਂ ਮਾਸਟਰ ਦੇ ਮੁੰਡੇ ਦੀਆਂ!
ਸੰਗਰੂਰ ਜਿਲੇ ਦੇ ਆਮ ਜਿਹੇ ਸਤੌਜ ਪਿੰਡ ਵਿਚ ਰਹਿੰਦੇ ਸਨ ਮਾਸਟਰ ਮਹਿੰਦਰ ਸਿੰਘ ਤੇ ਫਿਰ ਸਮਾਂ ਪਾ ਕੇ ਪਟਿਆਲੇ ਆ ਗਏ। ਮਾਸਟਰ ਜੀ ਬੜੇ ਸਾਦੇ ਬੰਦੇ ਸਨ। ਇਮਾਨਦਾਰ ਤੇ ਆਪਣੇ ਕਾਰਜ ਨੂੰ ਸਮਰਪਿਤ ਅਧਿਆਪਕ ਸਨ। ਜਿਸ ਦਿਨ ਮਾਸਟਰ ਜੀ ਦਾ ਪੁੱਤਰ ਭਗਵੰਤ ਸਿੰਘ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਬਣਿਆ, ਤੇ ਆਮ ਜਿਹੇ ਪਿੰਡ ਸਤੌਜ ਤੋਂ ਉਠਕੇ ਸੰਸਦ ਵਿਚ ਗਿਆ,ਤਾਂ ਵੱਡੇ ਵੱਡੇ ਸਿਆਸੀ ਗਲਿਆਰੇ ਸਹਿਮ ਗਏ ਸਨ ਕਿ ਹੁਣ ਆਮ ਜਿਹੇ ਘਰਾਂ ਤੋਂ ਉਠਕੇ ਸਾਧਾਰਣ ਜਿਹੇ ਮੁੰਡੇ ਏਡੇ ਏਡੇ ਵੱਡੇ ਰੁਤਬਿਆਂ ਉਤੇ ਆਉਣ ਲੱਗ ਪਏ ਹਨ, ਤਾਂ ਉਨਾਂ ਦੇ ਮੁੰਡਿਆਂ ਦਾ ਹੁਣ ਕੀ ਬਣੇਗਾ? ਮਾਸਟਰ ਮਹਿੰਦਰ ਸਿੰਘ ਦੇ ਮੁੰਡੇ ਭਗਵੰਤ ਸਿੰਘ ਨੇ ਕਹਿੰਦੇ ਕਹਾਉਂਦੇ ਲੋਕਾਂ ਦੇ ਜਗਮਗਾਉਂਦੇ ਸਿਆਸੀ ਮਹੱਲ ਫਿਕਰਾਂ ਵਿਚ ਡੋਬ ਦਿੱਤੇ ਸਨ।ਪਰ ਅਫਸੋਸ ਕਿ ਮਾਸਟਰ ਮਹਿੰਦਰ ਸਿੰਘ ਜੀ ਇਸ ਜਹਾਨ ਵਿਚ ਨਹੀਂ ਸਨ ਕਿ ਉਹ ਆਪਣੇ ਪੁੱਤਰ ਨੂੰ ਭਾਰਤ ਦੀ ਸੰਸਦ ਦੀਆਂ ਪੌੜੀਆਂ ਚੜਦਾ ਤੇ ਸੰਸਦ ਵਿਚ ਗੱਜਦਾ ਵੇਖ ਸਕਣ। ਮਾਸਟਰ ਜੀ ਸੰਸਾਰ ਛੱਡ ਚੁੱਕੇ ਸਨ ਤੇ ਮਾਂ ਹਰਪਾਲ ਕੌਰ ਹੀ ਹੁਣ ਉਸਦਾ ਪਿਓ ਸੀ ਤੇ ਉਹੀ ਮਾਂ ਸੀ ਉਸਦੀ।
ਜਿਥੋਂ ਤੱਕ ਮਾਸਟਰ ਮਹਿੰਦਰ ਸਿੰਘ ਨਾਲ ਹੁਰਾਂ ਨਾਲ ਮੇਰੀ ਨਿੱਜੀ ਨੇੜਤਾ ਦਾ ਸਬੰਧ ਹੈ, ਉਹ ਇਓਂ ਹੋਇਆ ਸੀ ਕਿ ਪਹਿਲੀ ਵਾਰ ਉਹ ਮੈਨੂੰ ਉਦੋਂ ਮਿਲੇ, ਜਦ ਸੰਨ 1997 ਵਿਚ ਮੈਂ ਪਟਿਆਲੇ ਉਨਾਂ ਦੇ ਜਗਤ ਪ੍ਰਸਿੱਧ ਕਲਾਕਾਰ ਪੁੱਤਰ ਭਗਵੰਤ ਮਾਨ ਨੂੰ ਮਿਲਣ ਲਈ ਗਿਆ ਸਾਂ। ਉਦੋਂ ਮੈਂ ਸਾਰੇ ਮਸ਼ਹੂਰ ਹੋਏ ਮਾਨ ਗੋਤਰ ਦੇ ਕਲਾਕਾਰਾਂ ਬਾਰੇ 'ਮਾਨ ਪੰਜਾਬ ਦੇ' ਨਾਂ ਦੀ ਕਿਤਾਬ ਲਿਖੀ ਸੀ, ਜਿਸ ਵਿਚ ਭਗਵੰਤ ਮਾਨ ਤੇ ਉਸਦੀ ਕਾਮੇਡੀ, ਉਸਦੇ ਵਿਅੰਗ ਤੇ ਉਸਦੀ ਲੋਕ ਕਲਾ ਬਾਰੇ ਬਹੁਤ ਲੰਬਾ ਨਿਬੰਧ ਲਿਖਿਆ ਸੀ, ਇਹ ਕਿਤਾਬ 2000 ਵਿੱਚ ਅੱਜ ਤੋਂ 23 ਸਾਲ ਪਹਿਲਾਂ ਛਪੀ ਸੀ। ਉਦੋਂ ਮੈਂ ਉਸ ਕਿਤਾਬ ਵਿਚ ਲਿਖਿਆ ਸੀ ਕਿ ਇਹ ਸਾਡਾ ਹਰਫਨਮੌਲਾ ਕਲਾਕਾਰ ਇਕ ਤਕੜਾ ਵਿਅੰਗਕਾਰ ਵੀ ਹੈ, ਜਦ ਉਹ ਲੋਕਾਂ ਅੱਗੇ ਦੁਹਾਈ ਪਾਉਂਦਾ ਕੂਕਦਾ ਹੈ ਕਿ ਮੇਰੇ ਦੇਸ਼ ਦੇ ਲੋਕੋ, ਕੁਝ ਸਮਝੋ, ਕੁਝ ਸੋਚੋ, ਓ ਤੁਸੀਂ ਲੀਰਾਂ ਦੀਆਂ ਗੁੱਡੀਆਂ ਫੂਕ ਫੂਕ ਕੇ ਮੀਂਹ ਪੁਵਾਉਣਾ ਚਾਹੁੰਦੇ ਓ? ਓਏ ਏਥੇ ਤਾਂ ਰੋਜ਼ਾਨਾ ਅਸਲੀ ਗੁੱਡੀਆਂ (ਧੀਆਂ ਭੈਣਾਂ) ਫੂਕੀਆਂ ਜਾਂਦੀਆਂ ਨੇ, ਰੱਬ ਦਾ ਦਿਲ ਫਿਰ ਵੀ ਨਹੀ ਪਸੀਜਦਾ ਤੇ ਮੀਂਹ ਫਿਰ ਵੀ ਨਹੀਂ ਆਉਂਦਾ, ਤੇ ਲੀਰਾਂ ਦੀਆਂ ਗੁੱਡੀਆਂ ਫੂਕਣ ਨਾਲ ਮੀਂਹ ਕਿਥੋ ਆਜੂਗਾ? ਓ ਲੋਕੋ ਕੁਝ ਸੋਚੋ, ਕੁਝ ਸਮਝੋ। ਭਗਵੰਤ ਮਾਨ ਨੇ ਪੰਜਾਬ ਦੀ ਹਰ ਬੁਰਿਆਈ ਉਤੇ ਸਵਾਲ ਉਠਾਏ ਸਨ ਆਪਣੀ ਕਲਾ ਰਾਹੀਂ। ਚਾਹੇ ਨਸ਼ੇ ਹਨ, ਚਾਹੇ ਭਰੂਣ ਹੱਤਿਆ ਹੈ, ਚਾਹੇ ਭਰਿਸ਼ਟਾਚਾਰ ਹੈ, ਚਾਹੇ ਸਰਕਾਰੀ ਤੰਤਰ ਵਿਚਲੀਆਂ ਊਣਤਾਈਆਂ ਹਨ, ਉਸਨੇ ਬੇਲਿਹਾਜ ਹੋਕੇ ਨਿਰਪੱਖ ਬੋਲਿਆ ਹੋਇਆ ਹੈ ਆਪਣੀਆਂ ਕੈਸਿਟਾਂ ਵਿਚ। ਤਰਾਸਦੀ ਵਿਚੋਂ ਹਾਸਾ ਕਿਵੇਂ ਪੈਦਾ ਕਰਨਾ ਹੈ, ਉਸ ਵਿਚ ਉਸਦਾ ਕੋਈ ਸਾਨੀ ਨਹੀ। ਹਾਜਿਰ ਜਵਾਬ ਉਹ ਸਿਰੇ ਦਾ। ਆਪਣੀ ਗੱਲ ਕਦੇ ਵੀ ਭੁੰਜੇ ਨਹੀ ਡਿੱਗਣ ਦਿੰਦਾ ਸੀ ਤੇ ਇਹੋ ਰੰਗ ਢੰਗ ਉਹਨੇ ਸੰਸਦ ਵਿਚ ਵੀ ਜਾ ਵਿਖਾਇਆ। ਵੱਡੇ ਵੱਡੇ ਨਾਢੂ ਖਾਂ ਫਿਕਰਾਂ ਵਿਚ ਪਾ ਛੱਡੇ ਉਸਨੇ।
ਮੈਨੂੰ ਉਸ ਦਿਨ ਪਟਿਆਲੇ ਮਿਲੇ ਮਾਸਟਰ ਜੀ ਵਾਪਿਸ ਤੁਰਦੇ ਨੂੰ ਆਖਣ ਲੱਗੇ ਕਿ ਮੈਂ ਤੇਰੇ ਜੱਜ ਦੇ ਅਰਦਲੀ ਵਾਲੇ ਸਾਰੇ ਕਾਲਮ ਪੜੇ ਹਨ, ਅੱਗੇ ਹੋਰ ਲਿਖਦੇ ਰਹੋ। ਉਸ ਮੁਲਾਕਾਤ ਤੋਂ ਬਾਅਦ ਉਹ ਮੇਰੀ ਹਰ ਰਚਨਾ ਪੜਕੇ ਲੈਂਡ ਲਾਈਨ ਫੋਨ ਉਤੋਂ ਫੋਨ ਕਰਕੇ ਮੇਰਾ ਹੌਸਲਾ ਵਧਾਉਂਦੇ ਰਹੇ ਸਨ। ਮੋਬਾਈਲ ਫੋਨ ਹਾਲੇ ਨਹੀ ਸਨ ਆਏ ਉਦੋਂ।
ਸਾਡੇ ਪੰਜਾਬ ਦੇ ਅਜੋਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਗੱਲਾਂ ਕਰਦਿਆਂ ਸੋਚ ਰਿਹਾ ਹਾਂ ਕਿ ਆਖਿਰ ਉਸ ਵਿਚ ਕਿਹੜੀ ਐਸੀ 'ਸ਼ੈਅ' ਹੈ ਕਿ ਉਹ ਰਿਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਸਿਰੇ ਤੀਕ ਚੁਭਦਾ ਹੈ? ਸਮਝ ਪੈਂਦੀ ਹੈਕਿ ਉਹ ਇਸ ਲਈ ਚੁਭਦਾ ਹੈ ਕਿ ਉਹ ਕਿਸੇ ਧਨਾਢ ਲੀਡਰ ਦਾ ਨਹੀਂ, ਸਗੋਂ ਆਮ ਜਿਹੇ ਪਿੰਡੋਂ ਆਮ ਜਿਹੇ ਮਾਸਟਰ ਦਾ ਮੁੰਡਾ ਹੈ। ਉਹ ਇਸ ਲਈ ਚੁਭਦਾ ਹੈ ਕਿ ਪੰਜਾਬ ਦਾ 'ਮੁੱਖ ਮੰਤਰੀ' ਕਿਓਂ ਬਣ ਗਿਆ ਤੇ ਬਦਲਾਓ ਕਿਓਂ ਆ ਗਿਆ? ਉਹ ਇਸ ਲਈ ਵੀ ਚੁਭਦਾ ਹੈ ਕਿ ਉਹ ਪੰਜਾਬ ਦੀ ਭਲਾਈ ਖਾਤਰ ਦਿਨ ਰਾਤ ਇਕ ਕਿਓਂ ਕਰ ਰਿਹਾ ਹੈ? ਉਸਦੀ ਚੁਭਣ ਇਸ ਲਈ ਵੀ ਹੈ ਕਿ ਉਹ ਦੇਸ਼ ਦੇ ਸ਼ਹੀਦ ਹੋਏ ਨੌਜਵਾਨਾਂ ਦੇ ਰੋਂਦੇ ਵਿਲਕਦੇ ਮਾਪਿਆਂ ਦੇ ਘਰਾਂ ਵਿਚ ਜਾ ਜਾ ਕੇ ਉਨਾਂ ਦੇ ਅੱਥਰੂ ਕਿਓਂ ਪੂੰਝਦਾ ਫਿਰਦਾ ਹੈ? ਉਹ ਭਰਿਸ਼ਟਾਚਾਰ ਕਰਨ ਵਾਲਿਆਂ ਨੂੰ ਭਜਾਈ ਕਿਓਂ ਫਿਰਦਾ ਹੈ? ਉਹ ਬਜੁਰਗਾਂ ਦੇ ਪੈਰੀਂ ਹੱਥ ਕਿਓਂ ਲਾਉਂਦਾ ਰਹਿੰਦਾ ਹੈ? ਉਹ ਨਸ਼ੇ ਕਿਓਂ ਬੰਦ ਕਰਵਾਉਂਦਾ ਹੈ? ਉਸਦੀ ਚੁਭਣ ਦੇ ਹੋਰ ਵੀ ਬਥੇਰੇ ਕਾਰਣ ਹਨ ਤੇ ਖਾਸ ਕਾਰਣ ਇਹ ਕਿ ਉਹ ਆਪਣੇ ਵਿਰੋਧੀਆਂ ਨੂੰ ਕੁਸਕਣ ਤਕ ਨਹੀਂ ਦਿੰਦਾ। ਉਸ ਕੋਲ ਤੱਥ ਹਨ ਤੇ ਦਲੀਲਾਂ ਹਨ, ਵੇਰਵੇ ਹਨ ਤੇ ਵੇਰਵਿਆਂ ਦਾ ਵਰਨਣ ਵੀ ਉਸਨੂੰ ਖੂਬ ਕਰਨਾ ਆਉਂਦਾ ਹੈ। ਮੈਨੂੰ ਉਹ ਦਿਨ ਵੀ ਯਾਦ ਹੈ ਜਦ ਗੀਤਕਾਰ ਬਚਨ ਬੇਦਿਲ ਦੀ ਮਾਤਾ ਦਾ ਭੋਗ ਸੀ, ਉਥੇ ਉਸਨੇ ਮਾਂ ਦੀ ਮਮਤਾ, ਮਾਂ ਦੀ ਮਹਿਮਾ ਤੇ ਮਾਂ ਦੇ ਮੋਹ ਬਾਰੇ ਐਸਾ ਭਾਸ਼ਣ ਦਿੱਤਾ ਸੀ ਕਿ ਹਰ ਅੱਖ ਨਮ ਹੋਈ ਸੀ ਉਸਨੂੰ ਸੁਣਕੇ।
ਮੈਨੂੰ ਉਸ ਨਾਲ ਮਿਲਿਆਂ ਚਾਹੇ ਦੇਰ ਹੋ ਗਈ ਹੈ ਪਰ ਲਗਦਾ ਹੈ ਕਿ ਉਹ ਮੈਨੂੰ ਰੋਜ ਮਿਲਦਾ ਹੈ ਤੇ ਨੇੜੇ ਤੇੜੇ ਹੀ ਤੁਰਿਆ ਫਿਰਦਾ ਹੈ। ਕਦੇ ਕਦੇ ਉਸਨੂੰ ਮੇਰੀ ਛਪੀ ਕੋਈ ਲਿਖਤ ਅਟਪਟੀ ਲੱਗੀ, ਉਸ ਬੜੀ ਸਪੱਸ਼ਟਤਾ ਨਾਲ ਸੁਝਾਓ ਦੇਕੇ ਲਿਖਤ ਸੁਧਵਾਈ। ਮੈਨੂੰ ਉਹ ਦਿਨ ਵੀ ਯਾਦ ਹੈ ਕਿ ਇਕ ਪ੍ਰੈਸ ਕਾਨਫਰੰਸ ਵਿਚ ਇਕ ਵੱਡੇ ਗਾਇਕ ਨੇ ਮੇਰਾ ਨਾਂ ਲੈਕੇ ਆਲੋਚਨਾ ਕੀਤੀ ਸੀ ਤਾਂ ਉਸਨੇ ਮੂੰਹ ਉਤੇ ਹੀ ਉਸ ਗਾਇਕ ਨੂੰ ਟੋਕ ਦਿੱਤਾ ਸੀ। ਉਹ ਆਪਣੇ ਸਮਕਾਲੀਆਂ ਦੇ ਸੰਘਰਸ਼ਸ਼ੀਲ ਸਮਿਆਂ ਦਾ ਗਵਾਹ ਹੈ। ਉਸਨੇ ਚੰਗੇ ਮਾੜੇ ਦਿਨ ਦੇਖੇ ਹੋਏ ਹਨ ਤੇ ਮੂੰਹ 'ਚ ਚਾਂਦੀ ਦਾ ਚਮਚਾ ਲੈਕੇ ਨਹੀਂ ਸੀ ਜਨਮਿਆਂ ਉਹ। ਲੱਖਾਂ ਦੇ ਹਜੂਮ ਨੂੰ ਬੰਨ ਕੇ ਬਿਠਾ ਲੈਣ ਵਾਲਾ, ਹਸਾ ਹਸਾ ਕੇ ਲੋਟ ਪੋਟ ਕਰ ਦੇਣ ਵਾਲਾ 'ਮਾਸਟਰ ਦਾ ਮੁੰਡਾ' ਬੜਾ ਜਜ਼ਬਾਤੀ ਵੀ ਹੈ।ਉਸ ਦੀ ਮਾਂ ਹਰਪਾਲ ਕੌਰ ਨੇ ਆਤਮ-ਵਿਸਵਾਸ਼ ਉਸ ਵਿਚ ਕੁੱਟ ਕੁੱਟ ਭਰ ਦਿੱਤਾ ਸੀ ਬਚਪਨ ਵੇਲੇ ਹੀ। ਮੈਂ ਦੇਸ਼ ਬਦੇਸ਼ ਵਿਚ ਵੀ ਉਸਦੇ ਸੋਲਡ ਆਉਟ ਹੋਏ ਸ਼ੋਅ ਦੇਖੇ ਹੋਏ ਹਨ। ਉਹ ਆਮ ਬੋਲ ਚਾਲ ਦੀ ਭਾਸ਼ਾ, ਸਹਿਜ ਸੁਭਾਓ ਦੇਖਿਆ ਜੀਵਨ 'ਚ ਵਰਤਾਰਾ, ਸਮੇਂ ਸਮੇਂ ਦੇ ਸੱਚ ਆਦਿ ਨੂੰ ਆਪਣੀ ਹਰ ਪੇਸ਼ਕਾਰੀ ਵਿਚ ਬੜੇ ਪੁੱਖਤਾ ਰੂਪ ਵਿਚ ਪੇਸ਼ ਕਰਦਾ। ਉਸਦੇ ਪਾਤਰ ਖੁਦ ਚੱਲਕੇ ਉਸਦੀਆਂ ਲਿਖਤਾਂ ਤੇ ਪੇਸ਼ਕਸ਼ਾਂ ਵਿਚ ਆ ਰਲਦੇ।
ਇਹ ਸਭ ਨੂੰ ਪਤਾ ਹੈ ਕਿ ਕੁਲਫੀ ਗਰਮ ਨਹੀਂ ਹੁੰਦੀ ਪਰ ਉਸਨੇ 'ਕੁਲਫੀ ਗਰਮਾ ਗਰਮ' ਪੇਸ਼ ਕਰਕੇ ਸਿਖਰ ਦੀ ਪ੍ਰਸਿੱਧੀ ਖੱਟੀ। ਜਦ ਸਰਦੂਲ ਸਿਕੰਦਰ ਦਾ ਗੀਤ ਆਇਆ ਸੀ -"ਫੁੱਲਾਂ ਦੀਏ ਕੱਚੀਏ ਵਪਾਰਨੇ,ਕੰਡਿਆਂ ਦੇ ਭਾ ਤੂੰ ਸਾਨੂੰ ਤੋਲ ਨਾ" ਤਾਂ ਉਸ ਨੇ ਮੌਕੇ ਉਤੇ ਪੈਰੋਡੀ ਬਣਾਈ ਸੀ, "ਗੋਭੀ ਦੀਏ ਕੱਚੀਏ ਵਪਾਰਨੇ, ਆਲੂਆਂ ਦੇ ਭਾ ਤੂੰ ਸਾਨੂੰ ਤੋਲ ਨਾ"। ਉਸਦੀਆਂ ਕਲਾਤਮਿਕ ਪ੍ਰਾਪਤੀਆਂ ਦੇ ਨਾਲ ਨਾਲ ਹੁਣ ਉਸਦੀਆਂ ਸਿਆਸੀ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਨਾ ਸੌਖਾ ਕਾਰਜ ਨਹੀ ਹੈ। ਉਹ ਇਕ ਵੱਡਾ ਵਿਅੰਗਕਾਰ ਹੈ। ਹੁਣ ਉਹ ਸਿਰਫ ਮਾਸਟਰ ਮਹਿੰਦਰ ਸਿੰਘ ਤੇ ਮਾਂ ਹਰਪਾਲ ਕੌਰ ਦਾ ਹੀ 'ਪੁੱਤਰ' ਨਹੀਂ ਹੈ, ਪੂਰੇ ਪੰਜਾਬ ਦਾ ਪੁੱਤਰ ਹੈ ਤੇ ਰੱਬ ਇਸ ਨੂੰ ਬੁਰੀਆਂ ਨਜਰਾਂ ਤੋਂ ਬਚਾਈ ਰੱਖੇ।
-
ਨਿੰਦਰ ਘੁਗਿਆਣਵੀ , ਲੇਖਕ
..............
9417421700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.