ਵਿਜੈ ਗਰਗ
ਜਦੋਂ ਤੁਹਾਡਾ ਕੰਮ ਤੇ ਤੁਹਾਡੇ ਵੱਲੋਂ ਬੋਲੇ ਸ਼ਬਦ ਮੇਲ ਨਹੀਂ ਖਾਂਦੇ, ਤਾਂ ਉਸ ਸਮੇਂ ਨਾ ਕੇਵਲ ਤਹਾਡੇ ਸ਼ਬਦਾਂ ਦੀ ਕੀਮਤ ਘਟਦੀ ਹੈ ਸਗੋਂ ਉਸ ਸਮੇਂ ਤੁਸੀ ਆਪਣੇ ਭਰੋਸੇ ਦੀ ਕੀਮਤ ਨੂੰ ਵੀ ਨੀਵਾਂ ਕਰਦੇ ਹੋ। ਲੋਕ ਸਿਰਫ਼ ਤਹਾਨੂੰ ਵੇਖਦੇ ਹੀ ਨਹੀਂ ਸਗੋਂ ਉਹ ਤੁਹਾਨੂੰ ਸੁਣਦੇ ਵੀ ਹਨ।
ਕੰਮ ਦਾ ਤਰੀਕਾ ਤੇ ਸਲੀਕਾ
ਆਪਣੇ ਆਪ ’ਚ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ। ਅਸਲ ਗੱਲ ਤਾਂ ਇਹ ਹੈ ਕਿ ਤੁਸੀਂ ਉਸ ਕੰਮ ਨੂੰ ਕਿੰਨੀ ਮਿਹਨਤ, ਲਗਨ, ਦਿਲਚਸਪੀ ਤੇ ਇਮਾਨਦਾਰੀ ਨਾਲ ਕਰਦੇ ਹੋ। ਤੁਸੀਂ ਨੌਕਰੀ ਕਰਦੇ ਹੋ ਜਾਂ ਫਿਰ ਘਰ ’ਚ ਕੰਮ ਕਰਦੇ ਹੋ, ਤੁਹਾਡਾ ਕੰਮ ਕਰਨ ਦਾ ਤਰੀਕਾ ਤੇ ਸਲੀਕਾ ਹੀ ਤਹਾਨੂੰ ਵੱਖਰੀ ਪਛਾਣ ਦਿੰਦਾ ਹੈ।
ਦੋਸਤਾਂ ਨਾਲ ਸਲਾਹ
ਤੁਹਾਡੇ ਦੋਸਤ ਜੋ ਸੱਚੀਂ ਤੁਹਾਡੇ ਸ਼ੱੁਭਚਿੰਤਕ ਹੋਣਗੇ, ਉਹ ਤੁਹਾਨੂੰ ਜ਼ਰੂਰ ਸਮੇਂ-ਸਮੇਂ ’ਤੇ ਸਲਾਹ ਦੇਣਗੇ। ਉਨ੍ਹਾਂ ਨਾਲ ਵਿਚਾਰ-ਵਟਾਂਦਰਾ ਕਰ ਕੇ ਤੁਸੀਂ ਅੱਗੇ ਵਧੋ। ਆਪਣੇ ਨੇੜਲੇ ਦੋਸਤਾਂ ਤੋਂ ਕੋਈ ਵੀ ਗੱਲ ਛੁਪਾ ਕੇ ਨਾ ਰੱਖੋ। ਇਹ ਦੋਸਤ ਤੁਹਾਡੇ ਕੰਮਾਂ ’ਚ ਤਹਾਨੂੰ ਸਫਲ ਬਣਾਉਣ ਲਈ ਸਾਥ ਦੇਣਗੇ। ਬਸ ਸੱਚੇ ਤੇ ਸਹੀ ਦੋਸਤਾਂ ਦੀ ਪਛਾਣ ਤਹਾਨੂੰ ਖ਼ੁਦ ਕਰਨੀ ਪਵੇਗੀ।
ਮਿਹਨਤ ਰੱਖੋ ਜਾਰੀ
ਕੋਈ ਚੰਗਾ ਕੰਮ ਕਰਨਾ ਹੋਵੇ ਤਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਕਿ ਲੋਕ ਕੀ ਕਹਿਣਗੇ। ਅਸੀਂ ਜਦੋਂ ਵੀ ਕੋਈ ਕੰਮ ਕਰਨਾ ਹੋਵੇ, ਪਹਿਲਾਂ ਲੋਕਾਂ ਦੀ ਪਰਵਾਹ ਕਰਨੀ ਸ਼ੁਰੂ ਕਰ ਦਿੰਦੇ ਹਾਂ ਕਿ ਇਸ ਬਾਰੇ ਲੋਕ ਕੀ ਕਹਿਣਗੇ ਜਾਂ ਸੋਚਣਗੇ। ਤੁਸੀਂ ਆਪਣੇ ਕੰਮ ਪ੍ਰਤੀ ਮਿਹਨਤ ਜਾਰੀ ਰੱਖੋ ਕਿਉਂਕਿ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ। ਲੋਕਾਂ ਨੇ ਤਾਂ ਤੁਹਾਡੇ ਕੀਤੇ ਕੰਮਾਂ ਵਿੱਚੋਂ ਕਮੀਆਂ ਕੱਢ ਹੀ ਦੇਣੀਆਂ ਹਨ ਕਿਉਂਕਿ ਜਿਹੜੇ ਤੁਹਾਡੀ ਬਰਾਬਰੀ ਨਹੀਂ ਕਰ ਸਕਦੇ, ਉਹ ਤੁਹਾਡੀਆਂ ਕਮੀਆਂ ਜ਼ਰੂਰ ਕੱਢਣਗੇ। ਇਸ ਲਈ ਆਪਣੀ ਸਿਆਣਪ, ਯੋਗਤਾ, ਸਮਝ ਤੇ ਹੈਸੀਅਤ ਨਾਲ ਆਪਣਾ ਕੰਮ ਕਰੋ।
ਗੱਲਬਾਤ ਕਰਨਾ ਵੀ ਹੈ ਕਲਾ
ਸੁਹੱਪਣ ਸਿਰਫ਼ ਚਿਹਰੇ ਦਾ ਨਹੀਂ ਸਗੋਂ ਤੁਹਾਡੇ ਕੰਮਾਂ ਦਾ ਵੀ ਹੁੰਦਾ ਹੈ। ਗੱਲਬਾਤ ਕਰਨਾ ਵੀ ਕਲਾ ਹੈ, ਜੋ ਤੁਹਾਡੀ ਸੁੰਦਰਤਾ ’ਚ ਵਾਧਾ ਕਰਦੀ ਹੈ। ਆਪਣੇ ਮਨ ਦੀ ਅਤੇ ਸਮਾਜ ਦੀ ਉਸ ਪ੍ਰੰਪਰਾ ਨੂੰ ਤੋੜਨਾ ਲਾਜ਼ਮੀ ਹੈ, ਜੋ ਤੁਹਾਡੇ ’ਤੇ ਇਸ ਗੱਲ ਦੀ ਰੋਕ ਲਾਉਂਦੀ ਹੈ ਕਿ ਤੁਸੀਂ ਅਜਿਹਾ ਨਹੀਂ ਕਰ ਸਕਦੇ ਜਾਂ ਤੁਸੀਂ ਇਸ ਕੰਮ ਲਈ ਬਣੇ ਹੀ ਨਹੀਂ ਹੋ। ਮੌਕੇ ਮਿਲਦੇ ਨਹੀਂ ਸਗੋਂ ਖ਼ੁਦ ਪੈਦਾ ਕਰਨੇ ਪੈਂਦੇ ਹਨ। ਖ਼ਾਮੋਸ਼ ਰਹਿ ਕੇ ਕੀਤੀ ਮਿਹਨਤ ਇਕ ਦਿਨ ਸਫਲਤਾ ਦੀ ਗੂੰਜ ਬਣਦੀ ਹੈ। ਸਫਲ ਲੋਕਾਂ ਦੀਆਂ ਸਵੈ-ਜੀਵਨੀਆਂ ਨੂੰ ਪੜ੍ਹੋ, ਇਹ ਤੁਹਾਨੂੰ ਮੁਸ਼ਕਲ ਨਾਲ ਲੜਨ, ਭਿੜਨ ਦੀ ਹਿੰਮਤ ਤੇ ਜਾਂਚ ਦੇਣਗੀਆਂ।
ਕੰਮ ਨੂੰ ਮੰਨੋ ਇਬਾਦਤ
ਤੁਹਾਡਾ ਕੰਮ ਹੀ ਤੁਹਾਡੀ ਪਛਾਣ ਬਣੇਗਾ। ਸੁਣੋਗੇ ਤਾਂ ਭੁੱਲ ਜਾਵੋਗੇ, ਵੇਖੋਗੇ ਤੇ ਤਾਂ ਯਾਦ ਰਹੇਗਾ ਪਰ ਕਰੋਗੇ ਤਾਂ ਸਮਝ ਆਵੇਗਾ। ਜਿਨ੍ਹਾਂ ਨੇ ਆਪਣੇ ਕੰਮ ਨੂੰ ਇਬਾਦਤ ਬਣਾਇਆ, ਉਨ੍ਹਾਂ ਨੇ ਹੀ ਜ਼ਿੰਦਗੀ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.