ਨੈਤਿਕ ਸਿੱਖਿਆ ਬਗ਼ੈਰ ਮਨੁੱਖੀ ਜੀਵਨ ਅਧੂਰਾ
ਵਿਜੈ ਗਰਗ
ਅੱਜ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ’ਚ ਸੁਧਾਰ ਲਿਆਉਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ। ਹਾਲਾਂਕਿ ਇਨ੍ਹਾਂ ਸਦਕਾ ਕੁਝ ਸੁਧਾਰ ਹੋਏ ਵੀ ਹਨ ਪਰ ਬਾਵਜੂਦ ਇਸ ਦੇ ਕਈ ਸਮੱਸਿਆਵਾਂ ਹਾਲੇ ਵੀ ਸਿੱਖਿਆ ਸ਼ਾਸਤਰੀਆਂ ਲਈ ਮੁਸੀਬਤ ਬਣੀਆਂ ਹੋਈਆਂ ਹਨ। ਵਿਦਿਆਰਥੀਆਂ ਦਾ ਦਿਨ ਪ੍ਰਤੀ ਦਿਨ ਡਿੱਗ ਰਿਹਾ ਨੈਤਿਕ ਪੱਧਰ ਵੀ ਇਨ੍ਹਾਂ ਸਮੱਸਿਆਵਾਂ ਵਿੱਚੋਂ ਮੁੱਖ ਹੈ।
ਕਾਬਿਲ ਬਣਾਉਂਦੀ ਹੈ ਨੈਤਿਕ ਸਿੱਖਿਆ
ਵਿਦਿਆਰਥੀਆਂ ਵੱਲੋਂ ਅਨੁਸ਼ਾਸਨ ਭੰਗ ਕਰਨ, ਅਧਿਆਪਕ ਦੀ ਹੁਕਮ ਅਦੂਲੀ ਕਰਨ, ਚੰਗੇ ਵਿਹਾਰ ਦੀ ਘਾਟ ਆਮ ਜਿਹੀ ਗੱਲ ਹੋ ਗਈ ਹੈ। ਇਸ ਨਾਲ ਜਿੱਥੇ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਅੱਗੇ ਜਾ ਇਹ ਵਿਦਿਆਰਥੀ ਕਈ ਤਰ੍ਹਾਂ ਦੀਆਂ ਸਮਾਜਿਕ ਸਮੱਸਿਆਵਾਂ ਦਾ ਵੀ ਕਾਰਨ ਬਣ ਰਹੇ ਹਨ। ਨੈਤਿਕ ਸਿੱਖਿਆ ਨਾ ਸਿਰਫ਼ ਵਿਦਿਆਰਥੀ ਨੂੰ ਚੰਗੀ ਸ਼ਖਸੀਅਤ ਦਾ ਮਾਲਕ ਬਣਾਉਂਦੀ ਹੈ ਸਗੋਂ ਉਸ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਅਤੇ ਨਿਭਾਉਣ ਦੇ ਕਾਬਿਲ ਵੀ ਬਣਾਉਂਦੀ ਹੈ।
ਸਮਾਜ ਨੂੰ ਚੰਗੇ ਇਨਸਾਨਾਂ ਦੀ ਲੋੜ
ਇਸ ’ਚ ਕੋਈ ਸ਼ੱਕ ਨਹੀਂ ਕਿ ਅੱਜ ਦੇਸ਼ ਨੂੰ ਚੰਗੇ ਡਾਕਟਰਾਂ, ਇੰਜਨੀਅਰਾਂ, ਪ੍ਰੋਫੈਸਰਾਂ, ਨੇਤਾਵਾਂ, ਅਧਿਆਪਕਾਂ ਤੇ ਲੇਖਕਾਂ ਦੀ ਲੋੜ ਹੈ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਭ ਤੋਂ ਪਹਿਲਾਂ ਸਮਾਜ ਨੂੰ ਚੰਗੇ ਇਨਸਾਨਾਂ ਦੀ ਲੋੜ ਹੈ। ਚੰਗੇ ਇਨਸਾਨ ਤੋਂ ਭਾਵ ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਵਾਲਾ, ਸਭ ਲਈ ਹਮਦਰਦੀ ਰੱਖਣ ਵਾਲਾ, ਦੂਜਿਆ ਦੀ ਸਹਾਇਤਾ ਲਈ ਤੱਤਪਰ, ਬਲੀਦਾਨ ਦੀ ਭਾਵਨਾ ਰੱਖਣ ਵਾਲਾ, ਵਿਰਸੇ ਅਤੇ ਸੱਭਿਆਚਾਰ ਨਾਲ ਜੁੜਿਆ ਹੋਇਆ ਵਿਅਕਤੀ ਹੀ ਚੰਗਾ ਇਨਸਾਨ ਕਿਹਾ ਸਕਦਾ ਹੈ ਕਿਉਂਕਿ ਇਹੋ ਜਿਹਾ ਇਨਸਾਨ ਹੀ ਸਮਾਜ ਨੂੰ ਸਹੀ ਸੇਧ ਦੇ ਸਕਦਾ ਹੈ।
ਭੁਗਤਣੇ ਪੈ ਰਹੇ ਮਾੜੇ ਨਤੀਜੇ
ਜੇ ਅਸੀਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਵਿਦਿਆਰਥੀਆਂ ਨੂੰ ਧਾਰਮਿਕ ਸਿੱਖਿਆ, ਸੈਨਿਕ ਸਿੱਖਿਆ ਤੇ ਸਮਾਜਿਕ ਸਿੱਖਿਆ ਦੇ ਨਾਲ-ਨਾਲ ਨੈਤਿਕ ਸਿੱਖਿਆ ਨੂੰ ਵੀ ਪੂਰੀ ਤਰਜੀਹ ਦਿੱਤੀ ਜਾਂਦੀ ਸੀ ਪਰ ਅਜੋਕੇ ਸਮੇਂ ’ਚ ਤਕਨਾਲੋਜੀ ਦੀ ਤਰੱਕੀ ਨਾਲ ਤਕਨੀਕੀ ਸਿੱਖਿਆ ਅਤੇ ਕਿਤਾਬੀ ਸਿੱੱਖਆ ’ਚ ਅਸੀਂ ਇੰਨਾ ਰੁੱਝ ਗਏ ਹਾਂ ਕਿ ਨੈਤਿਕ ਸਿੱਖਿਆ ਦੀ ਅਹਿਮੀਅਤ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ। ਇਸ ਲਈ ਸਾਨੂੰ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈ ਰਹੇ ਹਨ ਅਤੇ ਨੌਜਵਾਨ ਵਰਗ ਮਾੜੀ ਸੰਗਤ ਦਾ ਸ਼ਿਕਾਰ ਹੋ ਰਿਹਾ ਹੈ।
ਚੰਗੇ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ
ਅਜੋਕੇ ਸਮਾਜ ਦੀਆਂ ਕਈ ਸਮੱਸਿਆਵਾਂ ਦਾ ਕਾਰਨ ਨੈਤਿਕ ਸਿੱਖਿਆ ਦੀ ਘਾਟ ਹੈ ਕਿਉਂਕਿ ਅਜੋਕੀ ਸਿੱਖਿਆ ਪ੍ਰਣਾਲੀ ਵਿਚ ਨੈਤਿਕ ਸਿੱਖਿਆ ਦੀ ਲੋੜ ਨੂੰ ਮਹਿਸੂਸ ਹੀ ਨਹੀਂ ਕੀਤਾ ਜਾ ਰਿਹਾ। ਅਸੀਂ ਸਿੱਖਿਆ ਨੂੰ ਸਿਰਫ਼ ਕਿੱਤੇ ਤੇ ਕਮਾਈ ਨਾਲ ਜੋੜਦੇ ਹਾਂ ਜਦੋਂਕਿ ਸਿੱਖਿਆ ਦਾ ਉਦੇਸ਼ ਨੌਕਰੀ ਹਾਸਿਲ ਕਰਨਾ ਜਾਂ ਪੈਸੇ ਕਮਾਉਣਾ ਹੀ ਨਹੀਂ ਸਗੋਂ ਸਿੱਖਿਆ ਦਾ ਮਨੋਰਥ ਇਨਸਾਨ ਦੀ ਸ਼ਖ਼ਸੀਅਤ ਵਿਚ ਨਿਖਾਰ ਲਿਆਉਣਾ ਹੈ। ਵਿਦਿਆਰਥੀਆਂ ਨੂੰ ਇਨ੍ਹਾਂ ਦੀ ਅਹਿਮੀਅਤ ਦਾ ਅਹਿਸਾਸ ਕਰਾਵਾਉਣਾ ਹੀ ਚੰਗੇ ਸਮਾਜ ਦੀ ਸਿਰਜਣਾ ਵੱਲ ਵੱਡਾ ਕਦਮ ਹੋ ਸਕਦਾ ਹੈ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.