ਪੰਜਾਬੀ ਗੀਤਕਾਰੀ ਵਿੱਚ ਨੰਦ ਲਾਲ ਨੂਰਪੁਰੀ, ਕਰਤਾਰ ਸਿੰਘ ਬਲੱਗਣ ਤੇ ਗਿਆਨ ਚੰਦ ਧਵਨ ਤੋਂ ਬਾਅਦ ਦੇ ਗੀਤਕਾਰਾਂ ਵਿੱਚ ਗੁਰਦੇਵ ਸਿੰਘ ਮਾਨ ਤੇ ਇੰਦਰਜੀਤ ਹਸਨਪੁਰੀ ਨੇ ਪਿੜ ਮੱਲ ਲਿਆ। 20ਅਗਸਤ ਨੂੰ ਹਸਨਪੁਰੀ ਜੀ ਦਾ ਜਨਮ ਦਿਨ ਹੈ। ਲੁਧਿਆਣਾ ਜ਼ਿਲ੍ਹੇ ਦਾ ਪਿੰਡ ਹਸਨਪੁਰ, ਜੋ ਉਸਦਾ ਜੱਦੀ ਪਿੰਡ ਸੀ ਪਰ ਜਨਮ ਨਾਨਕੀਂ ਹੋਇਆ ਪਿੰਡ ਅਕਾਲਗੜ੍ਹ(ਨੇੜੇ ਹਲਵਾਰਾ) ਉਸ ਦੇ ਵਿਛੋੜੇ ਵਾਲਾ ਦਿਨ ਯਾਦ ਆ ਰਿਹੈ। ਦਸੰਬਰ ਮਹੀਨਾ ਸੀ 2009 ਦਾ। ਉਸ ਰਾਤੀਂ ਸਃ ਜਗਦੇਵ ਸਿੰਘ ਜੱਸੋਵਾਲ ਦੇ ਟੈਲੀਫੋਨ ਦੀ ਘੰਟੀ ਖੜਕੀ ਤਾਂ ਮਨ ਕੰਬ ਗਿਆ ।
ਘਬਰਾਈ ਆਵਾਜ ਵਾਲੇ ਬੋਲ ਸਨ, ਹਸਨਪੁਰੀ ਸਖਤ ਬੀਮਾਰ ਹੈ, ਬੇਹੋਸ਼ੀ ਨਹੀ ਟੁੱਟੀ, ਦਯਾ ਨੰਦ ਹਸਪਤਾਲ ਚੱਲਿਆਂ। ਮਿੱਤਰਾਂ ਸਨੇਹੀਆਂ ਤੇ ਸੰਚਾਰ ਮਾਧਿਅਮਾਂ ਨੂੰ ਦੱਸ ਕੇ ਆਖ ਦੇ, ਵਾਹ ਲਾ ਲਵੋ, ਜੇ ਬਚਾਅ ਸਕਦੇ ਹੋ ਤਾਂ ਹਸਨਪੁਰੀ ਬਚਾ ਲਵੋ । ਇਹ ਕਹਿ ਕਿ ਉਹਨਾਂ ਨੇ ਫੋਨ ਰੱਖ ਦਿੱਤਾ, ਮੈਨੂੰ ਘੇਰਨੀ ਜਿਹੀ ਆਈ, ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ, ਕਿ ਉਮਰ ਦੇ 76ਵੇਂ ਡੰਡੇ ਤੇ ਪਹੁੰਚਿਆ ਇੰਦਰਜੀਤ ਹਸਨਪੁਰੀ, ਜਿਸ ਕੋਲ ਸਾਡੇ ਨਾਲੋਂ ਵੀ ਵੱਧ ਉਤਸ਼ਾਹ ਸੀ ਇਸ ਤਰ੍ਹਾਂ ਅਚਾਨਕ ਮੰਜੇ ਤੇ ਪੈ ਜਾਵੇਗਾ । ਗੁਰਦਾ ਰੋਗ ਨੇ ਸਾਡਾ ਹਿੰਮਤੀ ਲਿਖਾਰੀ ਢਾਹ ਲਿਆ । ਨਾਲ ਹੀ ਉਸਦਾ ਦਿਲ ਵੀ ਸਾਥ ਛੱਡਣ ਲੱਗਾ । ਮੇਰੀ ਚੇਤਨਾ ਸ਼ਕਤੀ ਵਿਚੋਂ ਵੀ ਉਹ ਸਾਰਾ ਸਫਰ ਲੰਘ ਗਿਆ ਜਿਸ ਵਿਚੋਂ ਦੀ ਮੈਂ ਪਿਛਲੇ ਕਈ ਵਰ੍ਹੇ ਹਸਨਪੁਰੀ ਦੇ ਨਾਲ ਨਾਲ ਤੁਰਿਆ ਸਾਂ ।
ਮੇਰੇ ਵਰਗੇ ਅਨੇਕਾਂ ਲੋਕ ਇੰਦਰਜੀਤ ਹਸਨਪੁਰੀ ਦੇ ਗੀਤ ਸੁਣਦੇ ਹੀ ਤਾਂ ਜਵਾਨ ਹੋਏ ਹਨ, ਉਸਦਾ ਸਫ਼ਰ “ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ,”ਤੋਂ ਸ਼ੁਰੂ ਹੋਇਆ ਸਫਰ ਹੰਸਰਾਜ ਹੰਸ ਦੇ ਗਾਏ ਅਨੇਕਾਂ ਨਿੱਕੇ ਨਿੱਕੇ ਦੋ ਖਾਲਸੇ ਤੀਕ ਪਹੁੰਚਿਆ ਹੋਰ ਵੀ ਅੱਗੇ ਤੁਰਿਆ ਯਾਦਾਂ ਦਾ ਝੁਰਮਟ ਮੈਨੂੰ ਘੇਰ ਕੇ ਖਲੋ ਗਿਆ । ਉਸਦੇ ਗੀਤ “ਜੇ ਮੁੰਡਿਆ ਮੋਰੀ ਤੋਰ ਤੂੰ ਵੇਖਣੀ, ਗੜਵਾ ਲੈ ਦੇ ਚਾਂਦੀ ਦਾ, ਲੱਕ ਹਿਲੇ ਮਜਾਜਣ ਜਾਂਦੀ ਦਾ”,ਕਿਸੇ ਵੇਲੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਅਤੇ ਹਰਚਰਨ ਗਰੇਵਾਲ ਨੇ ਗਾਇਆ ਸੀ । ਅਜੇ ਇਸੇ ਸਾਲ ਦੇ ਜਨਵਰੀ ਮਹੀਨੇ ਮੇਰੇ ਬੇਟੇ ਪੁਨੀਤਪਾਲ ਦੇ ਵਿਆਹ ਤੇ ਇਹ ਗੀਤ ਹਰਭਜਨ ਮਾਨ, ਪੰਮੀ ਬਾਈ, ਅਮਰਿੰਦਰ ਗਿੱਲ, ਮੰਨਾ ਢਿਲੋਂ ਅਤੇ ਦਲਵਿੰਦਰ ਦਿਆਲਪੁਰੀ ਨੇ ਹਸਨਪੁਰੀ ਦੀ ਹਾਜ਼ਰੀ ਵਿੱਚ ਰਲ ਕੇ ਗਾਇਆ ਤਾਂ ਸਾਰਾ ਮਾਹੌਲ ਝੂਮ ਉਠਿਆ । ਸਟੇਜ ਤੇ ਇੰਦਰਜੀਤ ਹਸਨਪੁਰੀ ਤਾਂ ਨੱਚ ਹੀ ਰਿਹਾ ਸੀ ਉਸਦੇ ਅੰਗ ਸੰਗ ਹਰਦੇਵ ਦਿਲਗੀਰ ਅਤੇ ਸ਼ਮਸ਼ੇਰ ਸਿੰਘ ਸੰਧੂ ਵੀ ਤਾਲ ਨਾਲ ਤਾਲ ਮਿਲਾ ਰਹੇ ਸਨ । ਹਸਨਪੁਰੀ ਪੂਰੇ ਜਲਵੇ ਵਿੱਚ ਸੀ ਤੇ ਹੁਣ ਆਹ ਕੀ ਹੋਇਆ?
ਇੰਦਰਜੀਤ ਹਸਨਪੁਰੀ ਨਾਲ ਮੇਰੀ ਪਹਿਲੀ ਮੁਲਾਕਾਤ 46 ਵਰ੍ਹੇ ਪਹਿਲਾਂ ਗੁਰੂਸਰ ਸੁਧਾਰ (ਲੁਧਿਆਣਾ) ਵਿਖੇ ਹੋਈ । ਮੈਂ ਉਦੋਂ ਲਾਜਪਤ ਰਾਏ ਮੈਮੋਰੀਅਲ ਕਾਲਜ ਜਗਰਾਉਂ ਵਿੱਚ ਲੈਕਚਰਾਰ ਸੀ ਕਦੇ ਕਦਾਈ ਆਪਣੇ ਭੂਆ ਦੇ ਪੁੱਤਰ ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਨੂੰ ਮਿਲਣ ਗੁਰੂਸਰ ਸੁਧਾਰ ਚਲੇ ਜਾਂਦਾ, ਜਿਥੇ ਉਹ ਐਜੂਕੇਸ਼ਨ ਕਾਲਜ ਦੇ ਪ੍ਰਿੰਸੀਪਲ ਸਨ । ਇਸ ਵਾਰ ਵੀ ਮੈਂ ਉਹਨਾਂ ਨੂੰ ਹੀ ਮਿਲਣ ਗੁਰੂ ਸਰ ਸੁਧਾਰ ਗਿਆ ਹੋਇਆ ਸਾਂ, ਇਥੇ ਬੱਸ ਵਿੱਚ ਜਾਂਦਿਆਂ ਅਚਾਨਕ ਹੋਈ ਮੁਲਾਕਾਤ ਅੱਜ ਵੀ ਮੇਰੇ ਸਾਹੀ ਮਹਿਕਦੀ ਹੈ । ਉਦੋਂ ਹਸਨਪੁਰੀ ਬੰਬਈ ਵਸਦਾ ਸੀ । ਫਿਲਮਾਂ ਬਣਾਉਂਦਾ । ਫਿਲਮਾਂ ਵਿੱਚ ਗੀਤ ਲਿਖਦਾ । ਉਥੇ ਹੀ ਰਹਿੰਦਾ ।
ਇਸੇ ਮੁਲਾਕਾਤ ਵਿੱਚ ਹੀ ਉਸਨੇ ਦੱਸਿਆ ਕਿ ਗੁਰੂਸਰ ਸੁਧਾਰ ਦੇ ਨਾਲ ਲੱਗਵੀ ਅਬਾਦੀ ਵਾਲਾ ਪਿੰਡ ਅਕਾਲਗੜ੍ਹ ਉਸਦਾ ਨਾਨਕਾ ਪਿੰਡ ਹੈ, ਜਿਥੇ ਉਸ ਦਾ ਜਨਮ 19 ਅਗਸਤ 1932 ਨੂੰ ਹੋਇਆ । ਉਸਦੇ ਬਾਪ ਸ. ਜਸਵੰਤ ਸਿੰਘ ਨਵੀਂ ਦਿੱਲੀ ਵਿੱਚ ਉਸਾਰੀ ਦੇ ਠੇਕੇਦਾਰ ਸਨ । ਵੱਡੇ ਠੇਕੇਦਾਰ ਸਰ ਸੋਭਾ ਸਿੰਘ ਕੋਲ ਅੱਗੇ ਨਿੱਕੇ ਠੇਕੇਦਾਰ ।ਇਥੇ ਹੀ ਉਸਨੇ ਦੱਸਿਆ ਕਿ ਇਹੀ ਸਰ ਸੋਭਾ ਸਿੰਘ ਪ੍ਰਸਿੱਧ ਲੇਖਕ ਸ. ਖ਼ੁਸ਼ਵੰਤ ਸਿੰਘ ਦਾ ਬਾਪ ਸੀ।
ਇੰਦਰਜੀਤ ਹਸਨਪੁਰੀ 15 ਵਰ੍ਹਿਆਂ ਦਾ ਹੋਇਆ ਤਾਂ ਸਿਰ ਤੋਂ ਬਾਬਲ ਦੀ ਛਾਂ ਖੁੱਸ ਗਈ । ਵਿਧਵਾ ਮਾਂ ਭਗਵਾਨ ਕੌਰ ਪਿੰਡ ਹਸਨਪੁਰ (ਲੁਧਿਆਣਾ) ਆ ਗਈ । ਪੂਰੇ ਪਰਿਵਾਰ ਦੀ ਜਿੰਮੇਵਾਰੀ ਹਸਨਪੁਰੀ ਦੇ ਨਿਮਾਣੇ ਮੋਢਿਆਂ ਦੇ ਆਣ ਪਈ । ਪੜ੍ਹਾਈ ਵਿੱਚ ਵਿਚਾਲੇ ਰੁਕ ਗਈ । ਡਰਾਇੰਗ ਦੇ ਸ਼ੌਕ ਕਾਰਨ ਉਸਨੇ ਇੱਕ ਪੇਂਟਰ ਵਜੋਂ ਜਿੰਦਗੀ ਆਰੰਭੀ । ਨੌਲੱਖਾ ਸਿਨੇਮਾ ਲੁਧਿਆਣਾ ਨੇੜੇ ਉਸਦੀ ਦੁਕਾਨ ਹੋਣ ਕਾਰਣ ਫਿਲਮੀ ਤਰਜਾਂ ਉਸਦੇ ਮਨ ਤੇ ਤਾਰੀ ਹੋਣ ਲੱਗੀਆਂ । ਫਿਲਮੀ ਗੀਤਾਂ ਦੀ ਰੀਸੇ ਉਸਨੇ ਕੁਝ ਗੀਤ ਝਰੀਟੇ । ਉਹ ਖੁਦ ਗੁਣਗੁਣਾਉਂਦਾ । ਉਸਦੀ ਰੀਝ ਸੀ ਕਿ ਗ੍ਰਾਮੋਫੋਨ ਰਿਕਾਰਡਾਂ ਉਪਰ ਉਸਦਾ ਨਾਮ ਵੀ ਉਵੇਂ ਹੀ ਛਪਿਆ ਹੋਵੇ ਜਿਵੇਂ ਨੰਦ ਲਾਲ ਨੂਰਪੁਰੀ ਜਾਂ ਕਿਸੇ ਹੋਰ ਗੀਤਕਾਰ ਦਾ ਹੁੰਦਾ ਹੈ । ਉਸਨੇ ਲੁਧਿਆਣਾ ਵਸਦੇ ਲੇਖਕਾਂ ਅਜਾਇਬ ਚਿਤਰਕਾਰ, ਸੰਤੋਖ ਸਿੰਘ ਧੀਰ, ਜਰਨੈਲ ਸਿੰਘ ਅਰਸ਼ੀ, ਵਰਿਆਮ ਸਿੰਘ ਮਸਤ ਨਾਲ ਦੋਸਤੀ ਪਾ ਲਈ । ਡਾ. ਜੋਹਨ ਅਕਬਰ ਰਾਹੀਂ ਉਸਦੇ ਸੰਗੀ ਸਾਥੀ ਬਣੇ ।
ਈਸ਼ਰ ਪਾਲ ਸਿੰਘ ਨੱਤ ਨਾਲ ਰਲ ਕੇ ਉਸਨੇ ਇੱਕ ਮਾਸਿਕ ਪੱਤਰ ਜਗਦੀ ਜੋਤ ਛਾਪਣਾ ਸ਼ੁਰੂ ਕੀਤਾ । ਸਟੇਜੀ ਕਵਿਤਾ ਵਾਲੇ ਸ਼ਾਇਰ ਉਸਦੇ ਨੌਲੱਖਾ ਸਿਨੇਮਾ ਲਾਗਲੇ ਖੋਖੇ ਵਿੱਚ ਕਿਆਮ ਕਰਦੇ । ਕਦੇ ਗੁਰਦੇਵ ਸਿੰਘ ਮਾਨ ਆਉਂਦਾ ਕਦੇ ਨੰਦ ਲਾਲ ਨੂਰਪੁਰੀ । ਸ਼ਿਵ ਕੁਮਾਰ ਬਟਾਲਵੀ ਦੀ ਦਾਰੂ ਪੀ ਕੇ ਮੋਹਨ ਭੰਡਾਰੀ ਨਾਲ ਲੜਾਈ ਵੀ ਹਸਨਪੁਰੀ ਦੇ ਇਸੇ ਖੋਖੇ ਵਿੱਚ ਹੀ ਹੋਈ ਸੀ । ਇਹ ਸਟੇਜੀ ਕਵੀ ਉਸਨੂੰ ਆਪਣੇ ਨਾਲ ਕਵੀ ਦਰਬਾਰਾਂ ਵਿੱਚ ਲਿਜਾਣ ਲੱਗ ਪਏ । 1959 ਵਿੱਚ ਉਸਦਾ ਪਹਿਲਾ ਗੀਤ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਕਟਾਣੀ ਕਲਾਂ ਵਾਲੇ ਸ਼ਾਦੀ ਬਖਸ਼ੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ । “ਸਾਧੂ ਹੁੰਦੇ ਰੱਬ ਵਰਗੇ “ਗੀਤ ਰਿਕਾਰਡ ਹੋਣ ਤੋਂ ਪਹਿਲਾ ਉਹਨਾਂ ਨੇ ਇਸ ਗੀਤ ਨੂੰ ਲੋਕ ਗੀਤਾਂ ਦੀ ਸ਼੍ਰੇਣੀ ਵਿੱਚ ਅਕਾਸ਼ਵਾਣੀ ਜਲੰਧਰ ਤੋਂ ਗਾਇਆ । ਇਸੇ ਵਰ੍ਹੇ ਹੀ ਉਸਦਾ ਪਹਿਲਾਂ ਗੀਤ ਸੰਗ੍ਰਹਿ “ਔਸੀਆਂ “ਛਪਿਆ । ਇਸ ਤੋਂ ਬਾਅਦ ਉਸਦੇ ਅਨੇਕਾਂ ਗੀਤ ਰਿਕਾਰਡ ਹੋਏ ।ਨਾਲ ਨਾਲ ਕਾਵਿ ਸੰਗਿ੍ਹ ਵੀ ਛਪਦੇ ਰਹੇ । ਸਮੇਂ ਦੀ ਆਵਾਜ਼ ,ਜਿੰਦਗੀ ਦੇ ਗੀਤ, ਜੋਬਨ ਨਵਾਂ ਨਕੋਰ, ਰੂਪ ਤੇਰਾ ਰੱਬ ਵਰਗਾ, ਮੇਰੀ ਜਿਹੀ ਕੋਈ ਜੱਟੀ ਨਾ,ਗੀਤ ਮੇਰੇ ਮੀਤ, ਕਿਥੇ ਗਏ ਉਹ ਦਿਨ ਓ ਅਸਲਮ, ਤੋਂ ਬਾਅਦ 1998 ਵਿੱਚ ਉਸਦਾ ਗ਼ਜ਼ਲ ਸੰਗ੍ਰਹਿ “ ਰੰਗ ਖੁਸ਼ਬੂ ਰੌਸ਼ਨੀ “ਛਪਿਆ । ਇਸਦੀਆਂ ਲੋਕ ਗੀਤ ਰੰਗਣ ਵਾਲੀਆਂ ਗਜ਼ਲਾਂ ਦੀ ਗੱਜ ਵੱਜ ਕੇ ਸ਼ਲਾਘਾ ਹੋਈ । ਇੱਕ ਸ਼ੇਅਰ ਦੀ ਵੰਨਗੀ ਵੇਖੋ,
ਨੁਕਤਾਚੀਨੀ ਹੋਵੇ ਤਾਂ ਤੂੰ ਜਰਿਆ ਕਰ, ਤੈਨੂੰ ਲੈ ਕੇ ਬਹਿ ਜਾਣਾ ਵਡਿਆਈਆਂ ਨੇ ।
ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ । ਉਨ੍ਹਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ ।
ਉਸਦੀਆਂ ਵਿਅੰਗ ਭਰਪੂਰ ਰਚਨਾਵਾਂ ਦਾ ਸੰਗ੍ਰਹਿ “ਕਿਰਤੀ ਕਿਰਤ ਕਰੇਂਦਿਆ” ਨੂੰ ਪਾਠਕਾਂ ਨੇ ਰੱਜਵਾਂ ਪਿਆਰ ਦਿੱਤਾ । ਉਸ ਦੀਆਂ ਕਵਿਤਾਵਾਂ “ਮੈਂ ਤਾਂ ਬੇਬੇ ਸਾਧ ਬਣੂੰਗਾ, ਪੜਨ ਲਿਖਣ ਦੇ ਮਾਰ ਤੂੰ ਗੋਲੀ “ਅਤੇ “ਕਹਿੰਦੇ ਦੇਸ਼ ਆਜਾਦ ਹੋ ਗਿਆ, ਮੈਂ ਕਹਿੰਦਾ ਬਰਬਾਦ ਹੋ ਗਿਆ “। ਹਸਨਪੁਰੀ ਦੇ ਮੁਢਲੇ ਗੀਤਾਂ ਨੂੰ ਉਸਤਾਦ ਜਸਵੰਤ ਭੰਵਰਾ ਨੇ ਸੁਰਾਂ ਨਾਲ ਸ਼ਿੰਗਾਰਿਆ । ਮੁਢਲੇ ਤੌਰ ਤੇ ਉਸਦੇ ਗੀਤਾਂ ਨੂੰ ਚਾਂਦੀ ਰਾਮ ਚਾਂਦੀ ਵਲੀਪੁਰੀਆ, ਨਰਿੰਦਰ ਬੀਬਾ, ਮੁਹੰਮਦ ਸਦੀਕ, ਕੁਲਦੀਪ ਸਿੰਘ ਪਰਦੇਸੀ,ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਜਿੰਦਰ ਰਾਜਨ, ਸਵਰਨਲਤਾ ਅਤੇ ਜਗਮੋਹਨ ਕੌਰ ਨੇ ਗਾਇਆ । ਜਗਜੀਤ ਸਿੰਘ ਜੀਰਵੀ ਅਤੇ ਹਰਚਰਨ ਗਰੇਵਾਲ ਤੋਂ ਇਲਾਵਾ ਕਰਨੈਲ ਗਿੱਲ ਵੀ ਉਸਦੇ ਗੀਤਾਂ ਨੂੰ ਦੀਵਾਨੇ ਬਣੇ । ਨਵੇਂ ਗਵੱਈਆ ਵਿਚੋਂ ਮਲਕੀਤ ਸਿੰਘ ਗੋਲਡਨ ਸਟਾਰ, ਹੰਸਰਾਜ ਹੰਸ, ਡਾ. ਸੁਖਨੈਨ, ਸਰਦੂਲ ਸਿਕੰਦਰ, ਸੁਖਵਿੰਦਰ ਸੁੱਖੀ, ਪਾਲੀ ਦੇਤਵਾਲੀਆ ਅਤੇ ਰਵਿੰਦਰ ਗਰੇਵਾਲ ਵਰਗਿਆਂ ਨੇ ਉਸਦਾ ਕਲਾਮ ਘਰ ਘਰ ਪਹੁੰਚਾਇਆ । ਕੁਲਦੀਪ ਮਾਣਕ ਦੇ ਪੁੱਤਰ ਯੁਧਵੀਰ ਮਾਣਕ ਨੂੰ ਬਾਲ ਗਾਇਕ ਵਜੋਂ ਦੂਰਦਰਸ਼ਨ ਤੇ ਹਸਨਪੁਰੀ ਦੇ ਗੀਤ ਘੁੰਮ ਨੀ ਭੰਬੀਰੀਏ ਤੂੰ ਘੁੰਮ ਘੁੰਮ ਘੁੰਮ ਨਾਲ ਪਛਾਣ ਮਿਲੀ । ਉਸਦੇ ਗੀਤਾਂ ਤੇ ਫਿਲਮਾਂ ਬਣੀਆਂ ।
2.
ਇੰਦਰਜੀਤ ਹਸਨਪੁਰੀ ਨੇ ਫਿਲਮ ਨਿਰਮਾਣ ਦਾ ਕੰਮ 1966-67 ਵਿੱਚ ਆਰੰਭਿਆ । ਜੇਬ ਵਿੱਚ ਪੈਸਿਆਂ ਦੀ ਕਮੀ ਦੇ ਬਾਵਜੂਦ ਉਹ ਆਪਣੇ ਦੋਸਤਾਂ ਦੇ ਵਿਸ਼ਵਾਸ਼ ਸਹਾਰੇ ਮੁੰਬਈ ਪਹੁੰਚ ਗਿਆ । ਧਰਮਿੰਦਰ ਅਤੇ ਅਜੀਤ ਦਿਓਲ ਦੇ ਘਰ ਬਿਸਤਰਾ ਰੱਖ ਕੇ ਉਹ ਫਿਲਮ ਨਗਰੀ ਵਿੱਚ ਪਛਾਣ ਦੀ ਲੜਾਈ ਲੜਨ ਲੱਗਾ । “ਤੇਰੀ ਮੇਰੀ ਇੱਕ ਜਿੰਦੜੀ “ਫਿਲਮ ਦੇ ਨਿਰਮਾਣ ਨਾਲ ਗੱਲ ਅੱਗੇ ਤੁਰੀ । ਇਹ ਉਹ ਪਹਿਲੀ ਪੰਜਾਬੀ ਫਿਲਮ ਸੀ ਜਿਸ ਵਿੱਚ ਪਹਿਲੀ ਵਾਰ ਨਵਾਂ ਅਭਿਨੇਤਾ ਵਰਿੰਦਰ ਪਰਦੇ ਤੇ ਆਇਆ । ਦਲਜੀਤ ਕੌਰ, ਮੇਹਰ ਮਿੱਤਲ, ਵਿਜੇ ਟੰਡਨ ਸੰਗੀਤਕਾਰ ਐੱਸ ਮਹਿੰਦਰ ਤੇ ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦੇ ਗੁਣਾਂ ਦੀ ਪਰਖ ਇਸੇ ਫਿਲਮ ਨੇ ਪਹਿਲੀ ਵਾਰ ਕੀਤੀ ।
ਲੁਧਿਆਣਾ ਤੋਂ ਬੰਬਈ ਗਏ ਕਿਸੇ ਗੀਤਕਾਰ ਦਾ ਫਿਲਮ ਨਿਰਮਾਣ ਵਿੱਚ ਇਹ ਪਹਿਲਾਂ ਯਤਨ ਸੀ । ਇਸੇ ਫਿਲਮ ਵਿੱਚ ਨਰਿੰਦਰ ਬੀਬਾ ਨੇ ਗਾਇਆ, 'ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ, ਦੱਸ ਕੀ ਕਰਾਂ', 'ਇਸ਼ਕੇ ਨੇ ਛੱਜ ਵਿਚ ਪਾ ਕੇ ਛੱਟਿਆ, ਦੱਸ ਕੀ ਕਰਾਂ' । ਸ਼ੀਤਲ ਸਿੰਘ ਸ਼ੀਤਲ ਨੇ ਤੇਰੀ ਮੇਰੀ ਇੱਕ ਜਿੰਦੜੀ ਫਿਲਮ ਦਾ ਟਾਇਟਲ ਗੀਤ ਨਰਿੰਦਰ ਬੀਬਾ ਨਾਲ ਰਲ ਕੇ ਗਾਇਆ । ਧਰਮਿੰਦਰ ਦਾ ਵੀ ਇਸੇ ਪੰਜਾਬੀ ਫਿਲਮ ਵਿੱਚ ਪਹਿਲੀ ਵਾਰ ਕੋਈ ਰੋਲ ਸੀ । ਇਸ ਤੋਂ ਬਾਅਦ ਹਸਨਪੁਰੀ ਨੇ ਦਾਜ, ਸੁਖੀ ਪਰਿਵਾਰ ਅਤੇ ਹਿੰਦੀ ਵਿੱਚ ਦਹੇਜ ਨਾਂ ਦੀਆਂ ਫਿਲਮਾਂ ਬਣਾਈਆਂ । ਉਸਨੇ ਅਨੇਕਾਂ ਹੋਰ ਪੰਜਾਬੀਆਂ ਫਿਲਮਾਂ ਦੇ ਗੀਤ ਵੀ ਲਿਖੇ ਜਿਨ੍ਹਾਂ ਵਿਚੋਂ, ਮਨ ਜੀਤੇ ਜਗਜੀਤ, ਦੁੱਖ ਭੰਜਨ ਤੇਰਾ ਨਾਮ, ਪਾਪੀ ਤਰੇ ਅਨੇਕ, ਧਰਮਜੀਤ, ਫੌਜੀ ਚਾਚਾ, ਯਮਲਾ ਜੱਟ, ਜੈ ਮਾਤਾ ਦੀ, ਗੋਰੀ ਦੀਆਂ ਝਾਂਜਰਾਂ, ਮਾਂ ਦਾ ਲਾਡਲਾ, ਚੋਰਾਂ ਨੂੰ ਮੋਰ, ਲੌਂਗ ਦਾ ਲਿਸ਼ਕਾਰਾ, ਮੋਟਰ ਮਿੱਤਰਾਂ ਦੀ ਅਤੇ ਨਹੀਂ ਰੀਸਾਂ ਪੰਜਾਬ ਦੀਆਂ ਪ੍ਰਮੁੱਖ ਹਨ ।
1984 ਦੇ ਦੰਗਿਆਂ ਤੋਂ ਬਾਅਦ ਹਸਨਪੁਰੀ ਆਪਣੇ ਪਿੰਡ ਆਣ ਵਸਿਆ ਅਤੇ ਮੁੰਬਈ ਨਾਲ ਹੌਲੀ ਹੌਲੀ ਮੋਹ ਤੋੜ ਗਿਆ । ਉਹ ਦੂਰਦਰਸ਼ਨ ਜਲੰਧਰ ਕੇਂਦਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕਰਦਾ । ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਲਿਖਿਆ ਉਸਦਾ ਗੀਤ ਅਨੇਕਾਂ ਗਾਇਕਾਂ ਨੇ ਗਾਇਆ ਹੈ ।
ਚੱਲ ਵੇਖਣ ਚੱਲੀਏ ਨੀ,
ਬੱਲੀਏ ਨੀ,
ਕਿਲ੍ਹਾ ਰਾਏਪੁਰ ਦੀਆਂ ਖੇਡਾਂ ।
ਪ੍ਰੋ. ਮੋਹਨ ਸਿੰਘ ਯਾਦਗਾਰੀ ਮੇਲੇ ਦੀ ਉਹ ਲਗਾਤਾਰ ਸ਼ਾਨ ਰਿਹਾ। 1992 ਵਿੱਚ ਉਹਨਾਂ ਨੂੰ ਮੋਹਨ ਸਿੰਘ ਫਾਉਂਡੇਸ਼ਨ ਵਲੋਂ ਸ. ਪੂਰਨ ਸਿੰਘ ਬਸਹਿਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਦੇਸ਼ ਵਿਦੇਸ਼ ਦੀਆਂ ਸੈਂਕੜੇ ਸੰਸਥਾਵਾਂ ਦੇ ਇਨਾਮਾਂ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਨੇ ਵੀ ਉਹਨਾਂ ਨੂੰ ਇੱਕ ਲੱਖ ਰੁਪਏ ਦਾ ਸੋ੍ਰਮਣੀ ਪੁਰਸ਼ਕਾਰ ਦੇ ਕੇ ਸਨਮਾਨਿਆ । ਨਵੰਬਰ 2008 ਵਿੱਚ ਟੋਰਾਂਟੋ ਵਿਖੇ ਉਸ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਇਕਬਾਲ ਮਾਹਿਲ ਅਤੇ ਇਕਬਾਲ ਰਾਮੂਵਾਲੀਆ ਨੇ ਸਨਮਾਨਿਤ ਕੀਤਾ। ਹਸਨਪੁਰੀ ਦੀ ਵਿਅੰਗਆਤਮਕ ਸ਼ਾਇਰੀ ਕਾਰਨ ਉਸਨੂੰ ਹਰ ਮੈਦਾਨ ਫਤਿਹ ਨਸੀਬ ਹੁੰਦੀ ਰਹੀ। ਕਵੀ ਦਰਬਾਰ ਭਾਵੇਂ ਲਾਲ ਕਿਲ੍ਹਾ ਨਵੀਂ ਦਿੱਲੀ ਵਿਖੇ ਹੋਵੇ ਜਾਂ ਕਿਸੇ ਹੋਰ ਥਾਂ ਤੇ ।
ਇੰਦਰਜੀਤ ਹਸਨਪੁਰੀ ਹਿੰਦ-ਪਾਕਿ ਦੋਸਤੀ ਦਾ ਦਾਅਵੇਦਾਰ ਸ਼ਾਇਰ ਸੀ। ਹਿੰਦ-ਪਾਕਿ ਦੋਸਤੀ ਮੰਚ ਵਲੋਂ ਸਰਹੱਦ ਤੇ 14 ਅਗਸਤ ਨੂੰ ਬਲਦੇ ਚਿਰਾਗਾਂ ਵਿੱਚ ਉਸਦੀ ਅਵਾਜ਼ ਵੀ ਸ਼ਾਮਲ ਹੁੰਦੀ ਰਹੀ । ਹੰਸਰਾਜ ਹੰਸ ਨੇ ਉਸਦੇ ਹੀ ਗੀਤ ਨੂੰ ਅਵਾਜ਼ ਦਿੰਦਿਆਂ ਕਿਹਾ ਸੀ, ਇਸ ਕੰਡਿਆਲੀ ਤਾਰ ਨੇ,
ਇੱਕ ਦਿਨ ਫੁੱਲ ਬਣਨਾ ।
ਸਬੱਬ ਵੇਖੋ ਇਸ ਤੋਂ ਅਗਲੇ ਸਾਲ ਹੀ ਅੱਟਲ ਬਿਹਾਰੀ ਵਾਜਪੇਈ ਅਤੇ ਨਵਾਜ਼ ਸਰੀਫ ਦੀਆਂ ਗਲਵੱਕੜੀਆਂ ਪੈ ਗਈਆਂ । 2001 ਦੀ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਉਹ ਸਾਡੇ ਨਾਲ ਹੀ ਪਾਕਿਸਤਾਨ ਗਿਆ । ਹਰ ਥਾਂ ਇੱਕੋ ਹੀ ਆਵਾਜ਼ ਕਿ ਮੁਹੱਬਤਾਂ ਦਾ ਰੰਗ ਗੂੜਾ ਹੋਵੇ ।
ਵਿਯਨਜ਼ ਆਫ ਪੰਜਾਬ ਟੀਵੀ ਚੈਨਲ ਦੇ ਨਿਰਮਾਤਾ ਇਕਬਾਲ ਮਾਹਿਲ ਯਾਦਾਂ ਦੇ ਕਾਫਿਲੇ ਦਾ ਜ਼ਿਕਰ ਛੇੜਦਿਆ ਹਸਨਪੁਰੀ ਬਾਰੇ ਦੱਸਦੇ ਸਨ ਕਿ ਟੋਰਾਂਟੋ ਦੇ ਸਪਿਨਿੰਗ ਵੀਲ ਫਿਲਮ ਫੈਸਟੀਵਲ ਵਿੱਚ ਉਹਨਾਂ ਨੂੰ ਸਾਡੇ ਸਾਹਮਣੇ ਜੀਵਨ ਪ੍ਰਾਪਤੀ ਵੇਰਵੇ ਦੇ ਆਧਾਰ ਤੇ ਸ੍ਰੋਮਣੀ ਪੁਰਸ਼ਕਾਰ ਮਿਲਿਆ । ਸਾਡੇ ਨਾਲ ਨਵੀਂ ਫਿਲਮ ਦੇ ਨਿਰਮਾਣ ਦੀਆਂ ਸਲਾਹਾਂ ਬਣਾ ਰਹੇ ਸਨ । ਆਪਣੀ ਜਿੰਦਗੀ ਦੀਆਂ ਯਾਦਾਂ ਕਨੇਡਾ ਦੇ ਇਸ ਚੈਨਲ ਨਾਲ ਰਿਕਾਰਡ ਕਰਵਾਉਂਦਿਆਂ ਉਹਨਾਂ ਨੇ ਵਾਰ ਵਾਰ ਇਹੀ ਆਖਿਆ ਕਿ ਮੇਰੀ ਇਹ ਫੇਰੀ ਮੁਹੱਬਤ ਪੱਖੋਂ ਯਾਦਗਾਰੀ ਬਣ ਗਈ ਹੈ ਕਿਉਂਕਿ ਮੈਂ ਏਨੀ ਉਮੀਦ ਨਾਲ ਨਹੀਂ ਸੀ ਆਇਆ ।
ਅਮਰੀਕਾ ਦੇ ਸ਼ਹਿਰ ਵਾਸ਼ਿੰਗਟਨ ਡੀ ਸੀ ਤੋਂ ਵਿਸ਼ੇਸ਼ ਤੌਰ ਤੇ ਪ੍ਰਸਿੱਧ ਸੰਗੀਤਕਾਰ ਐਸ ਮਹਿੰਦਰ ਹਸਨਪੁਰੀ ਨੂੰ ਮਿਲਣ ਵਾਸਤੇ ਟੋਰਾਂਟੋ ਆਏ ਕਿਉਂਕਿ ਐਸ ਮਹਿੰਦਰ ਜੀ ਨੇ ਹੀ ਹਸਨਪੁਰੀ ਦੀਆਂ ਸਾਰੀਆਂ ਫਿਲਮਾਂ ਦਾ ਸੰਗੀਤ ਮੁੰਬਈ ਰਹਿੰਦਿਆਂ ਤਿਆਰ ਕੀਤਾ ਸੀ ।
ਇਕਬਾਲ ਮਾਹਿਲ ਦੀ ਇਹ ਗੱਲਾਂ ਕਰਦਿਆਂ ਇੱਕ ਅੱਖ ਵਿੱਚ ਅੱਥਰੂ ਹੈ ਅਤੇ ਦੂਜੀ ਵਿੱਚ ਹਾਉਕਾ ।
ਇੰਦਰਜੀਤ ਹਸਨਪੁਰੀ ਆਪਣੇ ਗੀਤਾਂ ਦਾ ਪ੍ਰੇਰਕ ਫਿਰੋਜਦੀਨ ਸ਼ਰਫ ਅਤੇ ਨੰਦ ਲਾਲ ਨੂਰਪੁਰੀ ਨੂੰ ਮੰਨਦਾ ਸੀ। ਸ਼ਾਇਰੀ ਵਿੱਚ ਉਹ ਪ੍ਰੋ. ਮੋਹਨ ਸਿੰਘ, ਬਾਵਾ ਬਲਵੰਤ, ਸਾਹਿਰ ਲੁਧਿਆਣਵੀ, ਅਜਾਇਬ ਚਿਤਰਕਾਰ ਅਤੇ ਅੰਮਿ੍ਤਾ ਪ੍ਰੀਤਮ ਨੂੰ ਸਲਾਮ ਆਖਦਾ ਰਿਹਾ । ਆਪਣੇ ਸਮਕਾਲੀਆਂ ਵਿਚੋਂ ਉਸਦੀ ਮੁਹੱਬਤ ਸੁਰਜੀਤ ਰਾਮਪੁਰੀ , ਗੁਰਚਰਨ ਰਾਮਪੁਰੀ,ਅਤੇ ਡਾ. ਰਣਧੀਰ ਸਿੰਘ ਚੰਦ ਨਾਲ ਜੱਗ ਜਾਹਿਰ ਸੀ।
3.
ਪੇਸ਼ ਹਨ ਇੰਦਰਜੀਤ ਹਸਨਪੁਰੀ ਦੇ ਕੁਝ ਚੋਣਵੇ ਸਾਹਿੱਤਕ ਗੀਤ
1. ਸਰਹੰਦ ਦੀਏ ਦੀਵਾਰੇ ਨੀ
ਸਰਹੰਦ ਦੀਏ ਦੀਵਾਰੇ ਨੀ ।
ਤੂੰ ਖ਼ੂਨ ਮਸੂਮਾਂ ਦਾ ਪੀਤਾ ।
ਨਾ ਤਰਸ ਜ਼ਰਾ ਵੀ ਤੂੰ ਕੀਤਾ ।
ਤੂੰ ਇਹ ਕੀ ਕੀਤੇ ਕਾਰੇ ਨੇ ।
ਸਰਹੰਦ ਦੀਏ ਦੀਵਾਰੇ ਨੀ ।
ਇਹ ਮਾਂ ਕਿਸੇ ਦੇ ਜਾਏ ਸੀ ।
ਕਿਸੇ ਪਿਉ ਨੇ ਲਾਡ ਲਡਾਏ ਸੀ ।
ਸੀ ਅੱਖ ਕਿਸੇ ਦੇ ਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੈਨੂੰ ਲੋਕੀ ਸਾਰੇ ਕਹਿਣ ਨੀ ।
ਤੂੰ ਖਾ ਗਈ ਬਣ ਕੇ ਡੈਣ ਨੀ ।
ਦਸਮੇਸ਼ ਦੇ ਰਾਜ ਦੁਲਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਡਾਢੇ ਕੀਤੇ ਲੋਹੜੇ ਨੀ ।
ਮਾਤਾ ਤੋਂ ਲਾਲ ਵਿਛੋੜੇ ਨੀ ।
ਤੈਨੂੰ ਲਾਹਨਤ ਪਾਂਦੇ ਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੇਰੇ ਮਾੜੇ ਹੈਸਨ ਭਾਗ ਨੀ ।
ਤੂੰ ਲਾਇਆ ਮੱਥੇ 'ਤੇ ਦਾਗ ਨੀ ।
ਜਿਸਨੂੰ ਨਾ ਕੋਈ ਉਤਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਤੂੰ ਜ਼ੋਰ ਬਥੇਰਾ ਲਾਇਆ ਨੀ ।
ਇਨ੍ਹਾਂ ਨੂੰ ਬਹੁਤ ਡਰਾਇਆ ਨੀ ।
ਪਰ ਇਹ ਨਾ ਬਾਜ਼ੀ ਹਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
ਜਿਹਨੂੰ ਸ਼ੀਂਹ ਨਾ ਬੇਲਿਉਂ ਬੁਕਦਾ ਏ ।
ਜਿਹਨੂੰ 'ਹਸਨਪੁਰੀ' ਜੱਗ ਝੁਕਦਾ ਏ ।
ਉਹ ਲਾਲ ਤੈਂ ਮਨੋਂ ਵਿਸਾਰੇ ਨੀ ।
ਸਰਹੰਦ ਦੀਏ ਦੀਵਾਰੇ ਨੀ ।
2. ਕੱਤੀਆਂ ਨਾ ਜਾਣ ਪੂਣੀਆਂ
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
ਚਰਖੀ ਦਾ ਗੇੜਾ ਮੈਥੋਂ ਇਕ ਵੀ ਨਾ ਆਂਵਦਾ ।
ਕਿੰਨਾਂ ਹੀ ਬਚਾਵਾਂ ਤੰਦ ਫਿਰ ਟੁੱਟ ਜਾਂਵਦਾ ।
ਟੁੱਟ ਪੈਣਾ ਤੱਕਲਾ ਵਲ ਖਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਾਵਾਂ ਹੇ ਤ੍ਰਿੰਜਣਾਂ ਨੂੰ ਛੇੜਨ ਸਹੇਲੀਆਂ ।
ਵੱਢ ਵੱਢ ਖਾਣ ਮੈਨੂੰ ਸੁੰਨੀਆਂ ਹਵੇਲੀਆਂ ।
ਇਨ੍ਹਾਂ ਵੈਰਨਾਂ ਨੂੰ ਕੌਣ ਸਮਝਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਸਖੀਆਂ ਸਹੇਲੀਆਂ ਨੇ ਮੇਰੇ ਨਾਲੋਂ ਦੂਣੀਆਂ ।
ਸੱਪ ਬਣ ਗਈਆਂ ਹਾਏ ਮੇਰੀਆਂ ਇਹ ਪੂਣੀਆਂ ।
ਮੈਨੂੰ ਚਰਖੀ ਦੀ ਗੂੰਜ ਸੁਜਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
'ਹਸਨਪੁਰੀ' ਜਿੰਨਾਂ ਚਿਰ ਤੂੰ ਏਂ ਮੈਥੋਂ ਦੂਰ ਵੇ ।
ਮੱਛੀ ਵਾਂਗ ਤੜਫਾਂ ਮੈਂ ਹੋ ਕੇ ਮਜ਼ਬੂਰ ਵੇ ।
ਮੇਰਾ ਪਲ ਪਲ ਮਨ ਘਬਰਾਵੇ ।
ਕੱਤੀਆਂ ਨਾ ਜਾਣ ਪੂਣੀਆਂ ।
ਜਦੋਂ ਯਾਦ ਸੱਜਣਾ ਤੇਰੀ ਆਵੇ
ਕੱਤੀਆਂ ਨਾ ਜਾਣ ਪੂਣੀਆਂ ।
3. ਵਗ ਰਹੀਆ ਨੇ ਤੇਜ਼ ਹਵਾਵਾਂ ਥਾਂ ਥਾਂ ʼਤੇ
ਵਗ ਰਹੀਆ ਨੇ ਤੇਜ਼ ਹਵਾਵਾਂ ਥਾਂ ਥਾਂ ʼਤੇ।
ਬੁਝਦੇ ਦੀਵੇ ਕਿਵੇਂ ਬਚਾਵਾ ਥਾਂ ਥਾਂ ਤੇ।
ਮਾਣ ਅਸਾਨੂੰ ਯਾਰੋ ਜਿਹਨਾਂ ਬਾਹਵਾਂ ਦਾ,
ਭੱਜ ਰਹੀਆਂ ਨੇ ਓਹ ਵੀ ਬਾਹਵਾਂ ਥਾਂ ਥਾਂ ʼਤੇ।
ਰੁੱਖਾਂ ਦੇ ਹਰ ਹੰਝੂ ਅੰਦਰ ਅੱਗ ਬਲ਼ੇ,
ਜਲ਼ ਰਹੀਆਂ ਨੇ ਠੰਡੀਆਂ ਛਾਵਾਂ ਥਾਂ ਥਾਂ ʼਤੇ।
ਧਰਤੀ ਮਾਂ ਦੀ ਝੋਲੀ ਲਾਸ਼ਾਂ ਨਾਲ ਭਰੀ,
ਹੂਕਾਂ ਬਣੀਆਂ ਦਿਸਣ ਦੁਆਵਾਂ ਥਾਂ ਥਾਂ ʼਤੇ।
ਦਿਲ ਸਹਿੰਦਾ ਖੜਕਾਰ ਨਾ ਖ਼ੂਨੀ ਬੂਟਾਂ ਦੀ,
ਸਿਰ ʼਤੇ ਤੁਰੀਆਂ ਫਿਰਨ ਬਲਾਵਾਂ ਥਾਂ ਥਾਂ ʼਤੇ।
ਅਮਨ ਮੁਹੱਬਤ ਹੋਵੇ ਧਰਤੀ ਅੰਬਰ ʼਤੇ,
ਪੰਛੀ ਵਾਗੂੰ ਆਵਾਂ ਜਾਵਾਂ ਥਾਂ ਥਾਂ ʼਤੇ।
ਰਹੇ ਸ਼ਿਕਾਰੀ ਨਾ ਕੋਈ ਵੀ ਦੁਨੀਆਂ ʼਤੇ,
ਘੁੱਗੀਆਂ ਦੀ ਮੈ ਡਾਰ ਉੜਾਵਾਂ ਥਾਂ ਥਾਂ ʼਤੇ।
ਹੱਕ ਦੀ ਖ਼ਾਤਰ ਜਿੰਨ੍ਹਾਂ ਮੌਤ ਵਿਆਹੀ ਏ,
ਕਿਉਂ ਉਹਨਾਂ ਦੇ ਗੀਤ ਨਾ ਗਾਵਾਂ ਥਾਂ ਥਾਂ ʼਤੇ।
ʼਹਸਨਪੁਰੀʼ ਇਹ ਘੁੱਪ ਹਨੇਰਾ ਮੇਟਣ ਨੂੰ,
ਗ਼ਜ਼ਲਾਂ ਦੀ ਮੈ ਸ਼ਮ੍ਹਾ ਜਗਾਵਾਂ ਥਾਂ ਥਾਂ ʼਤੇ।
4. ਜਾਗਣ ਪੰਜ ਦਰਿਆ
ਜਾਗਣ ਪੰਜ ਦਰਿਆ
ਬੇਲੀਆ ਜਾਗਣ ਪੰਜ ਦਰਿਆ
ਮੈ ਬਣ ਜਾਵਾਂ ਸੋਨ-ਸਵੇਰਾ
ਤੂੰ ਸੂਰਜ ਬਣ ਜਾ
ਅੱਖਾਂ ਮੀਚ ਕੇ ਤੁਰਦੇ ਜਿਹੜੇ
ਪਾ ਕੰਨਾਂ ਵਿਚ ਰੂੰ
ਆ ਜਾ ਹੇਕ ਪਿਆਰ ਦੀ ਲਾਈਏ
ਮਿੱਤਰਾ ਮੈਂ ਤੇ ਤੂੰ
ਖੁੱਲ੍ਹਣ ਅੱਖਾਂ, ਕੰਨ ਇਹਨਾਂ ਦੇ
ਦੁੱਲਾ ਭੱਟੀ ਗਾ
ਜਾਗਣ ਪੰਜ ਦਰਿਆ…
ਭੁੱਲ ਗਏ ਜੋ ਵਿਰਸਾ ਆਪਣਾ
ਸਭਿਆਚਾਰ ਨੇ ਭੁੱਲੇ
ਆ ਇਹਨਾਂ ਨੂੰ ਯਾਦ ਕਰਾਈਏ
ਨਾਨਕ, ਵਾਰਿਸ, ਬੁੱਲੇ
ਜਿਹਨਾਂ ਸਾਨੂੰ ਸਬਕ ਪੜ੍ਹਾਇਆ
ਪਿਆਰ ਮੁਹੱਬਤ ਦਾ
ਜਾਗਣ ਪੰਜ ਦਰਿਆ…
ਬੜੇ ਚਲਾ ਲਏ ਬੰਬ, ਗੋਲ਼ੀਆਂ
ਬੜੇ ਬਣਾ ਲਏ ਥੇਹ
ਆਪਣੇ ਸਿਰ ਵਿਚ ਆਪੇ ਪਾਈ
ਅਸੀਂ ਬਥੇਰੀ ਖੇਹ
ਹੋਈਆਂ ਬੀਤੀਆਂ ਉੱਤੇ ਆਪਾਂ
ਮਿੱਟੀ ਦੇਈਏ ਪਾ
ਜਾਗਣ ਪੰਜ ਦਰਿਆ…
ਇੱਕ ਦੂਜੇ ਦੇ ਗਲ਼ ਵਿਚ ਪਾਈਏ
ਆ ਬਾਹਵਾਂ ਦੇ ਹਾਰ
ਪਿਆਰ ਦੇ ਅੱਗੇ ਸਦਾ ਹਾਰਦੀ
ਦੇਖੀ ਏ ਤਲਵਾਰ
ਨਫ਼ਰਤ ਦੀ ਅੱਗ ਬੁਝ ਜਾਵੇਗੀ
ਪਿਆਰ ਦਾ ਮੀਂਹ ਬਰਸਾ
ਜਾਗਣ ਪੰਜ ਦਰਿਆ…
5. ਤਾਂ ਵੀ ਭਾਰਤ ਦੇਸ਼ ਮਹਾਨ
ਇਕ ਭਗਵਾਨ ਦੇ ਲੱਖਾਂ ਘਰ ਨੇ
ਰਹੇ ਨਾ ਇਕ ਵਿੱਚ ਵੀ ਭਗਵਾਨ
ਇਕ ਵੀ ਘਰ ਨਾ ਜਿਹਨਾਂ ਕੋਲੇ਼
ਇਥੇ ਲੱਖਾਂ ਹੀ ਇਨਸਾਨ
ਤਾਂ ਵੀ ਭਾਰਤ ਦੇਸ਼ ਮਹਾਨ
ਕਾਣੀ ਵੰਡ ਕਿਓਂ ਇਥੇ ਮੈਨੂੰ
ਰੱਬ ਦੇ ਬੰਦੇ ਦੱਸ ਸਕਦੇ ਨੇ
ਇੱਕ ਇੱਕ ਰੱਬ ਦੇ ਘਰ ਦੇ ਅੰਦਰ
ਪਿੰਡਾਂ ਦੇ ਪਿੰਡ ਵੱਸ ਸਕਦੇ ਨੇ
ਸੋਚੋ ਸਮਝੋ ਅਤੇ ਵਿਚਾਰੋ
ਕੀ ਕਹਿੰਦਾ ਹੈ ਧਰਮ ਇਮਾਨ
ਰੱਬ ਦੇ ਬੰਦਿਓ ਜੋ ਰੁਲਦੇ ਨੇ
ਇਹ ਵੀ ਆਦਮ ਦੀ ਔਲਾਦ
ਕਾਣੀ ਵੰਡ ਨਾ ਰਹਿਣੀ ਜੱਗ ਤੇ
ਇਹ ਗੱਲ ਮੇਰੀ ਰੱਖਣਾ ਯਾਦ
ਉਪਰ ਥੱਲੇ ਹੋ ਕੇ ਰਹਿਣਾ
ਇੱਕ ਦਿਨ ਧਰਤੀ ਤੇ ਅਸਮਾਨ
ਜਿਸ ਨੂੰ ਲੋੜ ਨਹੀਂ ਉਸਨੂੰ ਤਾਂ
ਦਿੰਦੇ ਹੋ ਭਰ ਭਰ ਕੇ ਥਾਲ
ਲੋੜਵੰਦ ਨੂੰ ਧੱਕੇ ਮਾਰੋਂ
ਨਾਲੇ ਕੱਢੋਂ ਸੌ ਸੌ ਗਾਲ਼
‘ਹਸਨਪੁਰੀ’ ਦਿਲ ਪਿਆਰ ਤੋਂ ਖਾਲੀ
ਉਂਜ ਕਹਾਉਂਦੇ ਹੋ ਧਨਵਾਨ
6. ਮੈਂ ਤਾਂ ਬੇਬੇ ਸਾਧ ਬਣੂੰਗਾ
ਨਾ ਬਣਨਾ ਪਟਵਾਰੀ, ਮੁਨਸ਼ੀ
ਨਾ ਚੁਕਣੀ ਨੇਤਾ ਦੀ ਝੋਲੀ
ਮੈਂ ਤਾਂ ਬੇਬੇ ਸਾਧ ਬਣੂੰਗਾ
ਪੜ੍ਹਨ ਪੁੜ੍ਹਨ ਦੇ ਮਾਰ ਤੂੰ ਗੋਲੀ
ਮੈਂ ਤਾਂ ਬੇਬੇ ਸਾਧ …….
ਪੜ੍ਹੇ ਲਿਖੇ ਨੇ ਧੱਕੇ ਖਾਂਦੇ
ਸਾਧ ਪਖੰਡੀ ਮੌਜ ਉੜਾਂਦੇ
ਸਾਧਾਂ ਦੇ ਡੇਰੇ ਵਿੱਚ ਰਹਿੰਦੀ
ਸਦਾ ਦੀਵਾਲੀ ਤੇ ਨਿੱਤ ਹੋਲੀ
ਮੈਂ ਤਾਂ ਬੇਬੇ ਸਾਧ …….
ਕੋਈ ਤਾਂ ਕਿੱਲਾ ਨਾਮ ਲਵਾਊ
ਕੋਈ ਸਰੀਆ, ਸੀਮੇਂਟ ਲਿਆਊ
ਮਹਿਲ ਜਿਹਾ ਬਣ ਜਾਊ ਡੇਰਾ
ਰਾਜ ਕਰੂ ਤੇਰਾ ਪੁੱਤ ‘ਘੋਲੀ’
ਮੈਂ ਤਾਂ ਬੇਬੇ ਸਾਧ ……..
ਪਾਊ ਚਿਲਕਣੇ ਕੱਪੜੇ ਸੋਹਣੇ
ਦੇਖੀਂ ਮੇਰੀ ਟੌਰ ਕੀ ਹੋਣੇ
ਅੱਗੇ ਪਿੱਛੇ ਫਿਰੂਗੀ ਮੇਰੇ
ਫਿਰ ਸੇਵਾਦਾਰਾਂ ਦੀ ਟੋਲੀ
ਮੈਂ ਤਾਂ ਬੇਬੇ ਸਾਧ……..
ਜੋ ਮਨ ਦੇ ਕਮਜ਼ੋਰ ਨੇ ਹੁੰਦੇ
ਬੇਈਮਾਨ ਜਾਂ ਚੋਰ ਨੇ ਹੁੰਦੇ
ਫੜ ਕੇ ਪੈਰ ਸਾਧ ਦੇ ਉਹੀ
ਜਾਂਦੇ ਸੋਨੇ ਦੇ ਵਿੱਚ ਤੋਲੀ
ਮੈਂ ਤਾਂ ਬੇਬੇ ਸਾਧ…….
ਬੁੱਧੂਆਂ ਦਾ ਨਾ ਏਥੇ ਘਾਟਾ
ਚਾਹੇ ਹੋਵੇ ਬਿਰਲਾ, ਟਾਟਾ
ਸਭ ਸਾਧਾਂ ਦੇ ਚਰਨ ਪਕੜ ਕੇ
ਮੰਗਦੇ ਨੇ ਅੱਡ-ਅੱਡ ਕੇ ਝੋਲੀ
ਮੈਂ ਤਾਂ ਬੇਬੇ ਸਾਧ………
ਜ਼ਰਾ ਪਖੰਡ ਕਰਨ ਦੇ ਮੈਨੂੰ
ਚਮਤਕਾਰ ਦਖਲਾਊਂ ਤੈਨੂੰ
ਡੱਕਾ ਤੋੜੇ ਬਿਨਾ ਹੀ ਦੇਖੀਂ
ਨੋਟਾਂ ਨਾਲ ਭਰੂਗੀ ਝੋਲੀ
ਮੈਂ ਤਾਂ ਬੇਬੇ ਸਾਧ……..
ਨੇਤਾ ਚਰਨਾ ਵਿੱਚ ਬ੍ਹੈਣਗੇ
ਆ ਕੇ ਅਸ਼ੀਰਵਾਦ ਲੈਣਗੇ
ਤੇਰੇ ਅਨਪੜ੍ਹੇ ਇਸ ਪੁੱਤ ਦੀ
ਸਿਆਸਤ ਵੀ ਬਣ ਜਾਊ ਗੋਲੀ
ਮੈਂ ਤਾਂ ਬੇਬੇ ਸਾਧ……..
ਦੇਖੀਂ ਕੈਸੀਆਂ ਖੇਡੂੰ ਖੇਡਾਂ
ਦੁਨੀਆ ਵਿੱਚ ਬਥੇਰੀਆਂ ਭੇਡਾਂ
ਪੜ੍ਹੇ ਲਿਖੇ ਵੀ ਚਾਰੂੰਗਾ ਮੈਂ
ਜਬ ਬੋਲੀ ਸਾਧਨ ਕੀ ਬੋਲੀ
ਮੈਂ ਤਾਂ ਬੇਬੇ ਸਾਧ………
ਏਥੇ ਭੋਲੇ ਲੋਕ ਬਥੇਰੇ
ਜਿਹੜੇ ਭਗਤ ਬਣਨਗੇ ਮੇਰੇ
ਅਗਲਾ ਜਨਮ ਸਧਾਰਨ ਲਈ ਜੋ
ਏਸ ਜਨਮ ਨੂੰ ਜਾਂਦੇ ਰੋਲੀ
ਮੈਂ ਤਾਂ ਬੇਬੇ ਸਾਧ……..
ਸੰਗਤ ਕਰਦੀ ਪਿਆਰ ਹੋਊਗੀ
ਮੇਰੇ ਥੱਲੇ ਕਾਰ ਹੋਊਗੀ
ਏਨਾ ਚੜੂ ਚੜ੍ਹਾਵਾ ਚਾਹੇ
ਭਰ ਲਈਂ ਨੋਟਾਂ ਨਾਲ ਭੜੋਲੀ
ਮੈਂ ਤਾਂ ਬੇਬੇ ਸਾਧ………
ਅਮਰੀਕਾ ਇੰਗਲੈਂਡ ਕਨੇਡਾ
ਗੇੜਾ ਲਾਊਂ ਜਹਾਜ਼ ਤੇ ਏਡਾ
ਏਨੀ ਮਾਇਆ ਕੱਠੀ ਕਰ ਲਊਂ
ਬਾਣੀਏ ਤੋਂ ਵੀ ਜਾਏ ਨਾ ਤੋਲੀ
ਮੈਂ ਤਾਂ ਬੇਬੇ ਸਾਧ………
ਮੈਂ ਬਣ ਬੈਠੂੰ ਆਪ ਵਿਧਾਤਾ
ਤੂੰ ਬਣਜੇਂਗੀ ਜਗਤ ਦੀ ਮਾਤਾ
ਬਚੇ ਰਹਾਂਗੇ ‘ਹਸਨਪੁਰੀ’ ਨੇ
ਜੇ ਨਾ ਸਾਡੀ ਪਤਰੀ ਫੋਲੀ
ਮੈਂ ਤਾਂ ਬੇਬੇ ਸਾਧ……
-
ਗੁਰਭਜਨ ਗਿੱਲ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ, ਸੰਪਾਦਕ ( ਲਿਟਰੇਰੀ ) ,ਬਾਬੂਸ਼ਾਹੀ ਡਾਟ ਕਾਮ
gurbhajangill@gmail.com
98726 31199
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.