1ਪੀ ਏ ਯੂ, ਖੇਤਰੀ ਖੋਜ਼ ਕੇਦਰ, ਫਰੀਦਕੋਟ, 2ਪੀ ਏ ਯੂ, ਖੇਤਰੀ ਖੋਜ਼ ਕੇਦਰ, ਬਠਿੰਡਾ
ਨਰਮੇ ਦੇ ਚੰਗੇ ਵਾਧੇ ਅਤੇ ਝਾੜ ਲਈ ਖੁਰਾਕੀ ਤੱਤਾਂ ਦੀ ਸੰਤੁਲਿਤ ਪੂਰਤੀ ਬਹੁਤ ਜ਼ਰੂਰੀ ਹੈ। ਪੰਜਾਬ ਦੇ ਦੱਖਣੀ-ਪੱਛਮੀ ਖੇਤਰ ਦੀ ਕਪਾਹ ਪੱਟੀ ਵਿੱਚ ਤੱਤਾਂ ਪ੍ਰਤੀ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂ ਕਿ ਇੱਥੇ ਦੀ ਮਿੱਟੀ ਰੇਤਲੀ ਤੋਂ ਚੀਕਣੀ ਮੈਰਾ ਹੈ ਅਤੇ ਜੈਵਿਕ ਮਾਦਾ ਵੀ ਘੱਟ ਹੈ। ਇਸ ਤੋਂ ਇਲਾਵਾ ਪਿਛਲੇ ਦੋ ਦਹਾਕਿਆ ਦੌਰਾਨ ਵੱਧ ਉਪਜ ਦੇਣ ਵਾਲੇ ਬੀ ਟੀ ਹਾਈਬ੍ਰਿਡਾਂ ਦੀ ਕਾਸ਼ਤ ਕਾਰਨ ਤੱਤਾਂ ਦੀ ਘਾਟ ਨਾਲ ਸਬੰਧਿਤ ਸਮੱਸਿਆਵਾਂ ਜਿਵੇਂ ਕਿ ਪੱਤਿਆਂ ਦੀ ਲਾਲੀ, ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨਾ ਆਦਿ ਪਹਿਲਾਂ ਨਾਲੋਂ ਵੱਧ ਉਜਾਗਰ ਹੋਈਆਂ ਹਨ। ਇਸ ਲਈ, ਫ਼ਸਲ ਦੀ ਲੋੜ ਅਤੇ ਮਿੱਟੀ ਦੀ ਕਿਸਮ ਅਨੁਸਾਰ ਤੱਤਾਂ ਦਾ ਸੁਚੱਜਾ ਅਤੇ ਸੰਤੁਲਿਤ ਇਸਤੇਮਾਲ ਕਰਨਾ ਬਹੁਤ ਮਹੱਤਵਪੂਰਨ ਬਣ ਜਾਂਦਾ ਹੈ।
ਨਰਮੇ ਵਿੱਚ ਹਰੇ ਪੱਤਿਆਂ ਦਾ ਵਾਧਾ ਅਤੇ ਫੁੱਲ-ਡੋਡੀ ਤੇ ਟੀਂਡੇ ਪੈਣਾ ਨਾਲੋਂ ਨਾਲ ਚੱਲਦਾ ਹੈ। ਇਸ ਕਾਰਨ ਨਰਮੇ ਵਿੱਚ ਖੁਰਾਕੀ ਤੱਤਾਂ ਦਾ ਪ੍ਰਬੰਧ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਸ ਫ਼ਸਲ ਵਿੱਚ ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਫੁੱਲ-ਡੋਡੀ ਅਤੇ ਟੀਂਡੇਆਂ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ, ਜਿਸ ਨਾਲ ਝਾੜ ਘਟਦਾ ਹੈ। ਇਸ ਲਈ, ਕਿਸਾਨਾਂ ਨੂੰ ਕਪਾਹ ਦੀ ਉਤਪਾਦਤਾ ਨੂੰ ਕਾਇਮ ਰੱਖਣ ਲਈ ਸਿਫਾਰਸ਼ ਕੀਤੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।ਹੇਠਲੇ ਨੁਕਤਿਆਂ ਵੱਲ ਧਿਆਨ ਦੇ ਕੇ ਕਿਸਾਨ ਵੀਰ ਆਪਣੇ ਨਰਮੇ ਦੇ ਝਾੜ ਵਿੱਚ ਚੋਖਾ ਵਾਧਾ ਕਰ ਸਕਦੇ ਹਨ।
1) ਫੁੱਲ-ਡੋਡੀ ਝੜਨ ਦੀ ਰੋਕਥਾਮ
ਨਰਮੇ ਦੀ ਫ਼ਸਲ ਭਾਵੇਂ 150 ਦਿਨਾਂ ਤੋਂ ਵੱਧ ਸਮਾਂ ਲੈਂਦੀ ਹੈ, ਪਰ ਜਿਆਦਾ ਮਾਤਰਾ ਵਿੱਚ ਤੱਤਾਂ ਦੀ ਲੋੜ ਕੇਵਲ ਮੁੱਢਲੇ ਦੋ ਮਹੀਨਿਆਂ ਤੱਕ ਹੀ ਸੀਮਤ ਹੁੰਦੀ ਹੈ। ਪਰੰਤੂ ਕੁੱੱੁਝ ਤੱਤਾਂ ਦੀ ਲੋੜ ਫੁੱਲ ਪੈਣ ਅਤੇ ਟੀਂਡੇ ਬਣਨ ਦੇ ਪੜਾਅ ਦੋਰਾਨ ਬਹੁਤ ਜ਼ਿਆਦਾ ਹੋ ਜਾਂਦੀ ਹੈ। ਮਿੱਟੀ ਵਿੱਚ ਪਾਏ ਤੱਤ ਖਾਸ ਤੌਰ 'ਤੇ ਨਾਈਟ੍ਰੋਜਨ ਅਤੇ ਪੋਟਾਸ਼ੀਅਮ ਇਸ ਮੰਗ ਨੂੰ ਪੂਰਾ ਕਰਨ ਵਿੱਚ ਅਸਮਰਥ ਹੁੰਦੇ ਹਨ ਅਤੇ ਮੰਗ ਦੀ ਪੂਰਤੀ ਨਾ ਹੋਣ ਕਰਨ ਫੁੱਲ-ਡੋਡੀ ਅਤੇ ਕੱਚੇ ਟੀਂਡੇ ਝੜਨ ਲੱਗਦੇ ਹਨ ਅਤੇ ਫ਼ਸਲ ਦਾ ਝਾੜ ਘੱਟ ਜਾਂਦਾ ਹੈ। ਇਸ ਲਈ, ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇ ਇਸ ਮੰਗ ਨੂੰ ਪੂਰਾ ਕਰਨ ਵਿੱਚ ਲਾਭਦਾਇਕ ਹੁੰਦੀ ਹੈ ਅਤੇ ਫੁੱਲ ਡੋਡੀ ਅਤੇ ਕੱਚੇ ਟੀਂਡੇਆਂ ਨੂੰ ਝੜਣ ਤੋਂ ਰੋਕਦੀ ਹੈ। ਇਸ ਤਰ੍ਹਾਂ ਪੈਦਾਵਾਰ ਦੇ ਨਾਲ ਨਾਲ ਗੁਣਵੱਤਾ ਵਿੱਚ ਵਾਧਾ ਹੁੰਦਾ ਹੈ। ਨਰਮੇ ਵਿੱਚ ਫੁੱਲ ਪੈਣ ਦੀ ਸ਼ੁਰੂਆਤ ਤੋਂ ਲੈ ਕੇ 2% ਪੋਟਾਸ਼ੀਅਮ ਨਾਈਟ੍ਰੇਟ (13: 0: 45 ::N: P: K) ਦੇ ਚਾਰ ਸਪਰੇਅ ਹਫ਼ਤੇ ਦੇ ਵਕਫ਼ੇ ਤੇ ਕਰੋ। 2% ਪੋਟਾਸ਼ੀਅਮ ਨਾਈਟ੍ਰੇਟ ਦਾ ਮਤਲਬ ਹੈ ਕਿ 100 ਲੀਟਰ ਪਾਣੀ ਵਿਚ 2 ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ ਘੋਲ ਲਓ। ਖਿਆਲ ਰਹੇ ਕਿ ਬਜਾਰ ਵਿੱਚ ਇਸ ਨਾਲ ਰਲਦੇ ਮਿਲਦੇ ਹੋਰ ਉਤਪਾਦ ਵੀ ਉਪਲਭਧ ਹਨ, ਪਰ ਉਨਾਂ ਦੀ ਵਰਤੋਂ ਨਾਲ ਝਾੜ ਵਿੱਚ ਇਜਾਫਾ ਨਹੀਂ ਹੁੰਦਾ।
2) ਪੱਤਿਆਂ ਦੀ ਲਾਲੀ ਦੀ ਰੋਕਥਾਮ
ਹਲਕੀਆਂ ਜਮੀਨਾਂ ਵਿੱਚ ਬੀਟੀ ਨਰਮੇ ਦੇ ਟੀਂਡੇਆਂ ਦੇ ਵਾਧੇ ਵਾਲੇ ਸਮੇਂ ਦੌਰਾਨ ਪੱਤੇ ਲਾਲ ਹੋ ਜਾਂਦੇ ਹਨ। ਆਮ ਤੌਰ ਤੇ ਪੱਤਿਆਂ ਤੇ ਲਾਲੀ ਪੌਦਿਆਂ ਵਿੱਚ ਮੈਗਨੀਸ਼ੀਅਮ ਤੱਤ ਦੀ ਘਾਟ ਕਾਰਨ ਆਉਂਦੀ ਹੈ, ਜਦੋਂ ਕਿ ਜ਼ਮੀਨ ਵਿੱਚ ਮੈਗਨੀਸ਼ੀਅਮ ਦੀ ਉਪਲਬਧਤਾਂ ਕਾਫ਼ੀ ਹੁੰਦੀ ਹੈ। ਨਰਮੇ ਵਿੱਚ ਪੱਤਿਆਂ ਦੀ ਲਾਲੀ ਦੀ ਰੋਕਥਾਮ ਲਈ, 1% ਮੈਗਨੀਸ਼ੀਅਮ ਸਲਫੇਟ (1 ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਵਿੱਚ ਘੋਲ ਲਓ) ਦੇ ਦੋ ਸਪਰੇਅ ਫੁੱਲ ਡੋਡੀ ਅਤੇ ਟੀਂਡੇ ਬੰਨਣ ਦੀ ਅਵੱਸਥਾ ਦੌਰਾਨ 15 ਦਿਨਾਂ ਦੇ ਵਕਫ਼ੇ ਤੇ ਕਰੋ। ਜਿਸ ਖੇਤ ਵਿੱਚ ਪਿੱਛਲੇ ਸਾਲ ਨਰਮੇ ਤੇ ਪੱਤਿਆਂ ਦੀ ਲਾਲੀ ਆਈ ਹੋਵੇ, ਉਸ ਖੇਤ ਵਿੱਚ ਪੱਤਿਆਂ ਤੇ ਲਾਲੀ ਆਉਣ ਤੋਂ ਪਹਿਲਾਂ ਪਹਿਲਾਂ 1% ਮੈਗਨੀਸ਼ੀਅਮ ਸਲਫੇਟ ਦੇ ਦੋ ਸਪਰੇਅ ਲਾਜਮੀ ਕਰਨੇ ਚਾਹੀਦੇ ਹਨ।
3) ਨਰਮੇ ਨੂੰ ਔੜ ਤੋਂ ਬਚਾਉਣਾ
ਕਈ ਵਾਰ ਬਰਸਾਤਾਂ ਦੇ ਸਮੇਂ ਸਿਰ ਨਾ ਪੈਣ ਕਾਰਨ ਜਾਂ ਨਹਿਰ ਦੀ ਬੰਦੀ ਕਾਰਨ ਨਰਮੇ ਨੂੰ ਔੜ ਦਾ ਸਾਹਮਣਾ ਕਰਨਾ ਪੈਦਾ ਹੈ । ਇਸ ਤਰਾਂ ਦੇ ਹਲਾਤਾਂ ਵਿੱਚ ਔਸਮੋਪਰੋਟੇਂਕਟ ਦੀ ਵਰਤੋਂ ਨਾਲ ਝਾੜ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ । ਪਾਣੀ ਦੀ ਔੜ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ 12.5 ਗ੍ਰਾਮ ਸੈਲੀਸਿਲਿਕ ਐਸਿਡ ਨੂੰ 375 ਮਿਲੀਲੀਟਰ ਈਥਾਈਲ ਅਲਕੋਹਲ ਵਿਚ ਘੋਲ ਲਓ ਅਤੇ ਫਿਰ ਇਸ ਨੂੰ 125 ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ।
4) ਪੈਰਾਵਿਲਟ ਦੀ ਰੋਕਥਾਮ
ਪੈਰਾਵਿਲਟ ਨਾਲ ਪ੍ਰਭਾਵਿਤ ਨਰਮੇ ਵਿੱਚ ਟਾਵੇਂ ਟਾਵੇਂ ਬੂਟੇ ਇੱਕਦਮ ਕੁਮਲਾ ਜਾਂਦੇ ਹਨ । ਇਹ ਇਕ ਅੰਦਰੂਨੀ ਵਿਕਾਰ ਹੈ ਅਤੇ ਕਿਸੇ ਵੀ ਜੀਵਾਣੂ ਜਾਂ ਵਿਸ਼ਾਣੂ ਕਾਰਨ ਨਹੀਂ ਹੁੰਦਾ । ਇਸ ਦਾ ਕਾਰਨ ਲੰਬੇ ਸਮੇਂ ਦੀ ਔੜ, ਤੇਜ ਧੁੱਪ, ਜਿਆਦਾ ਤਾਪਮਾਨ ਤੌਂ ਬਾਅਦ ਭਾਰੀ ਸਿੰਚਾਈ ਜਾਂ ਮੀਂਹ ਆਦਿ ਪੈਰਾਵਿਲਟ ਲਈ ਅਨਕੂਲ ਹਾਲਾਤ ਤਿਆਰ ਕਰਦੇ ਹਨ। ਨਤੀਜੇ ਵਜੋਂ ਖੇਤ ਵਿੱਚ ਪਾਣੀ ਖੜਣ ਨਾਲ ਨਰਮੇ ਦੀਆਂ ਜੜਾਂ ਨੂੰ ਲੋੜੀਦੀ ਹਵਾ ਨਹੀਂ ਮਿਲਦੀ, ਜਿਸ ਕਾਰਨ ਬੂਟਿਆਂ ਵਿੱਚ ਇਥਲੀਨ ਜਿਆਦਾ ਮਾਤਰਾ ਵਿੱਚ ਪੈਦਾ ਹੁੰਦੀ ਹੈ ਅਤੇ ਬੂਟੇ ਇੱਕ ਦਮ ਕੁਮਲਾ ਜਾਂਦੇ ਹਨ । ਪਰ ਬੂਟਿਆਂ ਦੀਆਂ ਜੜ੍ਹਾਂ ਉੱਤੇ ਕੋਈ ਮਾੜਾ ਅਸਰ ਦਿਖਾਈ ਨਹੀਂ ਦਿੰਦਾ ਅਤੇ ਬੂਟੇ ਨੂੰ ਅਸਾਨੀ ਨਾਲ ਨਹੀਂ ਪੁੱਟਿਆ ਜਾ ਸਕਦਾ ।
ਪੈਰਾਵਿਲਟ ਦੀਆਂ ਮੁਢਲੀਆਂ ਨਿਸ਼ਾਨੀਆਂ ਦੇਖਦੇ ਸਾਰ ਹੀ ਪ੍ਰਭਾਵਿਤ ਬੂਟਿਆਂ ਉਪਰ ਕੋਬਾਲਟ ਕਲੋਰਾਈਡ ਦਾ 10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਕੋਬਾਲਟ ਕਲੋਰਾਈਡ ਦਾ ਅਸਰ ਸਿਰਫ਼ ਉਹਨਾਂ ਬੂਟਿਆਂ ਤੇ ਹੀ ਹੁੰਦਾ ਹੈ ਜ਼ੋ ਪੂਰੀ ਤਰ੍ਹਾਂ ਮੁਰਝਾਏ ਨਹੀਂ ਹੁੰਦੇ । ਸਾਰੇ ਖੇਤ ਨੂੰ ਇਸ ਦਵਾਈ ਨਾਲ ਸਪਰੇ ਕਰਨ ਤੋਂ ਗੁਰੇਜ ਕਰੋ।
ਸਾਵਧਾਨੀਆਂ
1. ਉੱਪਰ ਦੱਸੇ ਗਏ ਰਸਾਇਣਾਂ ਨੂੰ ਹੋਰ ਜਹਿਰਾਂ ਜਾਂ ਤੱਤਾਂ ਆਦਿ ਨਾਲ ਰਲਾ ਕੇ ਸਪਰੇ ਨਾ ਕਰੋ ।
2. ਸਿਰਫ ਚੰਗੀ ਕੁਅਲਟੀ ਦਾ ਪਾਣੀ (ਨਹਿਰੀ ਜਾਂ ਵਾਟਰ ਵਰਕਸ) ਹੀ ਸਪਰੇ ਲਈ ਵਰਤੋ ਅਤੇ ਟਿਉਬਵੈਲ ਦੇ ਮਾੜੇ ਪਾਣੀ ਦੀ ਵਰਤੋਂ ਤੋਂ ਗੁਰੇਜ ਕਰੋ ।
-
ਕੁਲਵੀਰ ਸਿੰਘ ਅਤੇ ਹਰਜੀਤ ਸਿੰਘ ਬਰਾੜ, Writer
adcomm@pau.edu
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.