ਮਰਹੂਮ ਕਹਾਣੀਕਾਰ ਸ਼੍ਰੀ ਭੂਰਾ ਸਿੰਘ ਕਲੇਰ ਨੂੰ ਯਾਦ ਕਰਦਿਆਂ
(14ਅਗਸਤ ਨੂੰ ਬਰਸੀ ਤੇ ਵਿਸ਼ੇਸ਼)
ਪੰਜਾਬੀ ਕਹਾਣੀ ਵਿੱਚ ਸ੍ਰੀ ਭੂਰਾ ਸਿੰਘ ਕਲੇਰ(ਮੇਰੇ ਪਾਪਾ) ਦਾ ਨਾਮ ਬੜੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹਨਾਂ ਨੂੰ ਦਲਿਤਾਂ ਦੀ ਕਹਾਣੀ ਕਹਿਣ ਵਾਲੇ ਥੰਮ੍ਹ ਦੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਸ਼੍ਰੀ ਭੂਰਾ ਸਿੰਘ ਕਲੇਰ ਨੇ ਪੰਜਾਬੀ ਸਾਹਿਤ ਦੀ ਹਰ ਵਿਧਾ ਉਤੇ ਹੱਥ ਅਜ਼ਮਾਇਆ। ਉਹਨਾਂ ਨੇ ਪੰਜਾਬੀ ਸਾਹਿਤ ਨੂੰ ਚਾਰ ਕਹਾਣੀ ਸੰਗ੍ਰਹਿ (ਪੰਛੀਆਂ ਦੇ ਆਲ੍ਹਣੇ ,ਟੁੱਟੇ ਪੱਤੇ, ਤਿਹਾਇਆ ਰੁੱਖ ਅਤੇ ਬੇਗ਼ਮ ਫਾਤਮਾ), ਨਾਵਲ 'ਜੰਡਾ ਵੇ ਜੰਡੋਰਿਆ' ਅਦਭੁਤ ਪਾਤਰ- 'ਲੋਕ ਪੈੜਾਂ', ਗੀਤਾਂ ਦੀ ਕਿਤਾਬ 'ਉੱਡ ਗਏ ਹਵਾਵਾਂ ਵਿੱਚ' ਅਤੇ ਸਵੈ ਜੀਵਨੀ -'ਟੋਏ ਟਿੱਬੇ' ਰਚ ਕੇ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੀ ਹੈ। ਉਹਨਾਂ ਨੇ ਆਪਣੀ ਹਰ ਲਿਖਤ ਵਿੱਚ ਥੁੜਾਂ ਤੋਂ ਮਾਰੇ ਹੋਏ ਲੋਕਾਂ ਦੀ ਗੱਲ ਕੀਤੀ ਹੈ ਅਤੇ ਸਮਾਜਵਾਦ ਦਾ ਨਾਅਰਾ ਦਿੱਤਾ ਹੈ। ਪਾਪਾ ਤਰਕਵਾਦੀ ਸੋਚ ਨੂੰ ਪ੍ਰਣਾਏ ਹੋਣ ਕਰਕੇ ਸਾਰੀ ਉਮਰ ਕਰਾਂਤੀਕਾਰੀ ਪ੍ਰਤੀਬੱਧਤਾ ਦੇ ਸਿਧਾਂਤਾਂ ਤੇ ਪੈਰ੍ਹਾ ਦਿੰਦੇ ਰਹੇ ਅਤੇ ਸਮਾਜ ਵਿੱਚ ਆਰਥਿਕ ਅਤੇ ਸਮਾਜਿਕ ਪੱਖੋਂ ਦੁਰਕਾਰੀ ਹੋਈ ਧਿਰ ਨਾਲ ਡਟ ਕੇ ਖੜ੍ਹਦੇ ਰਹੇ। ਪਾਪਾ ਨੂੰ ਪੰਜਾਬੀ ਸਾਹਿਤ ਵਿੱਚ ਆਪਣਾ ਸਥਾਨ ਸਥਾਪਤ ਕਰਨ ਲਈ ਵੀ ਕਾਫ਼ੀ ਸੰਘਰਸ਼ ਕਰਨਾ ਪਿਆ। ਉਹਨਾਂ ਦੇ ਸਮੇਂ ਸਮਾਜਿਕ ਹਾਸ਼ੀਏ ਤੋਂ ਧੱਕੇ ਹੋਏ ਲੋਕਾਂ ਦੀ ਅਤੇ ਦਲਿਤਾਂ ਦੀ ਕਹਾਣੀ ਨੂੰ ਦਲਿਤ ਕਹਾਣੀ ਹੀ ਕਿਹਾ ਜਾਂਦਾ ਸੀ। ਮੇਰੇ ਪਾਪਾ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਭੂਰਾ ਸਿੰਘ ਕਲੇਰ ਦਾ ਜਨਮ 6 ਮਈ 1944 ਈ.ਨੂੰ ਪਿਤਾ ਸ.ਮੇਲਾ ਸਿੰਘ ਅਤੇ ਮਾਤਾ ਤੇਜ ਕੌਰ ਦੇ ਘਰ ਹੋਇਆ।
ਪਾਪਾ ਦੱਸਦੇ ਹੁੰਦੇ ਸਨ ਕਿ ਉਹ ਆਪਣੇ ਨਾਨਾ ਜੀ, ਸ. ਦਸੌਂਧਾ ਸਿੰਘ ਨੂੰ ਬਹੁਤ ਪਿਆਰ ਕਰਦੇ ਹੁੰਦੇ ਸਨ। ਉਨ੍ਹਾਂ ਦਾ ਸਾਰਾ ਬਚਪਨ ਉਨ੍ਹਾਂ ਦੇ ਨਾਨਕੇ ਪਿੰਡ ਕਣਕਵਾਲ ਹੀ ਬੀਤਿਆ। ਉਸ ਸਮੇਂ ਕਣਕਵਾਲ ਵੱਡੇ-ਵੱਡੇ ਟਿੱਬੇ ਹੋਇਆ ਕਰਦੇ ਸਨ। ਛੋਟੀ ਰੇਲ ਗੱਡੀ ਕਣਕਵਾਲ ਦੇ ਵਿੱਚ ਦੀ ਹੋ ਕੇ ਜਾਇਆ ਕਰਦੀ ਸੀ। ਰੇਲ ਦੀ ਲੀਹ(ਪਟੜੀ) ਦੇ ਨਾਲ਼-ਨਾਲ਼ ਵੱਡੇ-ਵੱਡੇ ਅੱਕ ਸਨ। ਪਾਪਾ ਹੋਰਾਂ ਨੇ ਲਾਲ ਕੱਪੜਾ ਲੈ ਕੇ ਇੱਕ ਸੋਟੀ ਉੱਤੇ ਲਪੇਟ ਲੈਣਾ ਤੇ ਜਦੋਂ ਗੱਡੀ ਨੇ ਆਉਣਾ ਤਾਂ ਉਹਨਾਂ ਨੇ ਅੱਕਾਂ ਉੱਤੇ ਚੜ੍ਹ ਕੇ ਰੇਲ ਨੂੰ ਰੋਕਣ ਦੀ ਕੋਸ਼ਿਸ਼ ਕਰਨਾ। ਪਾਪਾ ਕਹਿੰਦੇ ਇੱਕ ਵਾਰ ਰੇਲ ਰੁੱਕ ਗਈ ਅਤੇ ਉਹ ਡਰ ਗਏ। ਦੋ ਸਾਥੀਆਂ ਸਮੇਤ ਫਿਰ ਉੱਥੋਂ ਭੱਜ ਗਏ। ਗੁਆਂਢ ਵਿੱਚ ਰਹਿੰਦਾ ਮਾਮਾ ਦੇਖਦਾ ਸੀ, ਓਹਨੇ ਘਰ ਆ ਕੇ ਨਾਨੇ ਕੋਲ ਦੱਸ ਦਿੱਤਾ,"ਦਸੌਂਧਿਆ, ਅੱਜ ਭੂਰੇ ਨੇ ਰੇਲ ਰੋਕਤੀ"।
"ਅੱਛਾ!ਵਾਹ ਓਏ ਮੇਰਾ ਸ਼ੇਰ ਪੁੱਤ", ਨਾਨਾ ਕੰਮ ਕਰਦਾ ਕਰਦਾ ਰੁੱਕ ਗਿਆ ਅਤੇ ਮੈਨੂੰ ਬੁੱਕਲ ਵਿੱਚ ਲੈ ਲਿਆ।
ਇੱਕ ਵਾਰ ਕੀ ਹੋਇਆ ਕਿ ਪਾਪਾ ਕਹਿੰਦੇ," ਮੈਂ ਤੈਨੂੰ ਚੁੱਕਕੇ,ਲਾਡ ਨਾਲ ਕਹਿ ਰਿਹਾ ਸੀ 'ਰਾਣੋ ਨੀ, ਮੇਰੀ ਮਾਣੋ , ਇਹ ਦੇਖ ਕੇ ਗਲ਼ੀ ਵਿੱਚ ਜਾਂਦੀ ਹੋਈ ਗੁਆਂਢਣ ਰੁਕ ਗਈ, ਤੇ ਦੇਖ ਕੇ ਕਹਿਣ ਲੱਗੀ," ਵੇ ਭਾਈ, ਕੁੜੀਆਂ ਨੂੰ ਨੀ ਐਨਾ ਪਿਆਰ ਕਰੀਦਾ ਹੁੰਦਾ"।
ਪਾਪਾ ਬੜੇ ਮਨਮੌਜੂ ਸੁਭਾਅ ਦੇ ਮਾਲਕ ਸਨ। ਉਹਨਾਂ ਨੂੰ ਪੁਰਾਣੇ ਤਵੇ (ਰਿਕਾਰਡ) ਅਤੇ ਮਸ਼ੀਨਾਂ (ਰਿਕਾਰਡ ਪਲੇਅਰ) ਖਰੀਦਣ ਦਾ ਬਹੁਤ ਸ਼ੌਕ ਸੀ। ਜਿੱਥੋਂ ਵੀ ਦੱਸ ਪੈ ਜਾਣੀ, ਉਹਨਾਂ ਨੇ ਲੈਣ ਤੁਰ ਜਾਣਾ। ਮਾਂ, ਉਨ੍ਹਾਂ ਦੇ ਇਸ ਸ਼ੌਕ ਤੋਂ ਬਹੁਤ ਚਿੜਦੀ ਸੀ। ਇੱਕ ਵਾਰ ਗਰਾਮੋਫੋਨ (ਹੱਥ ਨਾਲ ਚਲਾਉਣ ਵਾਲੀ ਮਸ਼ੀਨ) ਅਤੇ ਕੁਝ ਰਿਕਾਰਡ (ਪੁਰਾਣੇ ਪੱਥਰ ਦੇ) ਦੂਰੋਂ ਕਿਤੋਂ ਦੇਖ ਆਏ। ਮਾਂ ਤੋਂ ਚੋਰੀ ਪਾਪਾ ਅਕਸਰ ਏਦਾਂ ਦੀਆਂ ਗੱਲਾਂ ਮੇਰੇ ਨਾਲ ਹੀ ਸਾਂਝੀਆਂ ਕਰਿਆ ਕਰਦੇ ਸਨ।ਘਰੇ ਆ ਹੌਲ਼ੀ ਕੁ ਦੇਣੇ ਮੈਨੂੰ ਕਹਿੰਦੇ ,"ਓ ਅੰਮ੍ਰਿਤ, ਮੈਂ ਅੱਜ ਬਾਹਲ਼ੀ ਵਧੀਆ ਗਰਾਮੋਫੋਨ ਦੇਖ ਕੇ ਆਇਆਂ ,ਤੇ ਨਾਲ ਹੀ ਪੱਥਰ ਦੇ ਤਵੇ,"।
"ਪਾਪਾ ਤੁਸੀਂ ਲੈ ਆਉਣਾ ਸੀ ਅੱਜ ਹੀ"। ਮੈਂ ਕਿਹਾ।
" ਨਾ ਭਾਈ, ਤੇਰੀ ਮਾਂ ਲੜੂਗੀ"।
" ਓ ਪਾਪਾ, ਕੋਈ ਨਾ ਮੈਂ ਆਪੇ ਸਾਂਭ ਲਊਂਗੀ, ਪਰ ਤੁਸੀਂ ਚੁੱਪ ਰਹਿਓ"। ਮੈਂ ਇਨਾਂ ਕਹਿ ਕੇ ਪਰ੍ਹੇ ਹੋ ਗਈ। ਇੰਨੇ ਨੂੰ ਮਾਂ ਆ ਧਮਕੀ। ਕੋਲ ਆ ਕੇ ਕਹਿੰਦੀ "ਕੀ ਪਿਉ ਧੀ ਖਿਚੜੀ ਪਕਾਈ ਜਾਂਦੇ ਹੋ"? ਮਾਂ ਨੂੰ ਸ਼ੱਕ ਹੋ ਗਿਆ ਸੀ ਕਿ ਇਹ ਜ਼ਰੂਰ ਕੋਈ ਨਵਾਂ ਪੁਆੜਾ ਵਿੱਢਣਗੇ। ਅਗਲੇ ਦਿਨ ਪਾਪਾਂ ਨੂੰ ਤਨਖਾਹ ਮਿਲ ਗਈ। ਉਧਰ ਦੀ ਉਧਰ ਉਹਨਾਂ ਨੇ ਜਾਕੇ ਗਰਾਮੋਫੋਨ ਅਤੇ ਤਵੇ ਦਸ ਹਜ਼ਾਰ ਦੇ ਚੁੱਕ ਲਿਆਂਦੇ। ਮਾਂ, ਨੂੰ ਪਤਾ ਲੱਗ ਗਿਆ। ਮੈਂ ਤੇ ਪਾਪਾ ਤਾਂ ਬਹੁਤ ਖੁਸ਼। ਅਸੀਂ ਤਾਂ ਗਾਣੇ ਲਾ-ਲਾ ਕੇ ਦੋਨੇ ਪਿਉ ਧੀ ਸੁਣੀ ਜਾਈਏ। ਤੇ ਮਾਂ ਨੇ ਸਾਡੇ ਨਾਲ ਉਹ ਕੀਤੀ, ਕੇ ਰਹੇ ਰੱਬ ਦਾ ਨਾਂ। ਮੇਰੀ ਤੇ ਪਾਪਾ ਦੀ ਖੂਬ ਖੁੰਭ -ਠੱਪ ਵੀ ਹੋਈ ਤੇ ਨਾਲੇ ਸਾਡੀ ਰੇਲ ਬਣਾਈ।
ਪਾਪਾ ਆਪਣੇ ਆਖਰੀ ਸਮੇਂ ਤੱਕ ਹਰ ਐਤਵਾਰ ਬਠਿੰਡੇ ਜਾਂਦੇ। ਉਹਨਾਂ ਨੇ ਫੌਜੀ ਚੌਂਕ ਵਾਲੇ ਬੱਸ ਅੱਡੇ ਤੇ ਉਤਰਨਾ ਤੇ ਫਿਰ ਬਜ਼ਾਰ ਵਿੱਚ ਦੀ ਹੁੰਦੇ ਹੋਏ ਗੋਲ ਡਿੱਗੀ ਕੋਲ਼ ਦੀ ਲੰਘ ਕੇ ਰੇਲਵੇ ਸਟੇਸ਼ਨ ਤੇ ਜਾਣਾ। ਪਹਿਲਾਂ ਤਾਂ ਰੇਲਵੇ ਸਟੇਸ਼ਨ ਦਾ ਚੱਕਰ ਲਾਉਣਾ, ਫਿਰ ਪਲੇਟਫਾਰਮ ਦੀ ਟਿਕਟ ਲੈ ਕੇ ਪੁਲ਼ ਉੱਤੋਂ ਦੀ ਲੰਘ ਕੇ ਕਣਕਵਾਲ ਨੂੰ ਜਾਣ ਵਾਲੀ ਰੇਲ ਗੱਡੀ ਦੇਖ ਕੇ ਆਉਣਾ। ਫਿਰ ਆਉਂਦੇ ਹੋਇਆਂ, ਪਾਪਾ ਦੇ ਦੋਸਤਾਂ ਦੀ ਬੰਦੂਕਾਂ ਵਾਲੀ ਦੁਕਾਨ (ਅਜੀਤ ਸਿੰਘ ਅੰਕਲ ਅਤੇ ਮਨਜੀਤ ਸਿੰਘ ਅੰਕਲ) ਤੇ ਰੁਕਣਾ। ਫਿਰ ਪੁਰਾਣੇ ਬਸ ਅੱਡੇ ਤੇ ਆ ਕੇ ਪਿੰਡ ਵਾਲੀ ਬੱਸ ਆ ਚੜ੍ਹਨਾ।
ਪਾਪਾ ਨੇ ਗਰੀਬੀ ਵਿਚ ਰਹਿੰਦੇ ਹੋਇਆਂ ਵੀ ਸਾਨੂੰ ਚਾਰ ਭੈਣ ਭਰਾਵਾਂ ਨੂੰ ਉੱਚੀ ਸਿੱਖਿਆ ਦਵਾਈ ਅਤੇ ਸਾਹਿਤ ਵਿੱਚ ਆਪਣੀ ਮਿਹਨਤ ਨਾਲ ਉੱਚਾ ਮੁਕਾਮ ਹਾਸਲ ਕੀਤਾ ਹੈ। ਪਾਪਾ, ਤੁਸੀਂ ਆਪਣੀ ਕਲਮ ਸਦਕਾ ਜਿੰਦਾ ਹੋ ,ਹਮੇਸ਼ਾ ਜਿੰਦਾ।
-
ਅੰਮ੍ਰਿਤਪਾਲ ਕਲੇਰ ਚੀਦਾ, Writer
kaleramritpalkaur@gmail.com
9915780980
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.