ਜਥੇਦਾਰ ਜਗਦੇਵ ਸਿੰਘ ਖੁੱਡੀਆਂ ਨਾਲ ਮੇਰਾ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ, ਇਹ ਰਿਸ਼ਤਾ ਐਮਰਜੰਸੀ ਦੇ ਕਾਲੇ ਦੌਰ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿੱਚ ਕਾਇਮ ਹੋਇਆ ਤੇ ਜਿਓਂ ਦੀ ਤਿਓਂ ਬਰਕਰਾਰ ਰਿਹਾ, ਇਹੋ ਜਿਹੇ ਪਿਆਰੇ ਇਨਸਾਨ ਇਸ ਧਰਤ ਤੇ ਆਮ ਨਹੀਂ ਲੱਭਦੇ, ਇੰਨੇ ਮੋਹ ਖੋਰੇ ਤੇ ਢਿੱਡ ਵਿੱਚ ਵੜ੍ਹ ਜਾਣ ਵਾਲੇ ਇਨਸਾਨ ਸਾਡੇ ਚੇਤਿਆਂ ਚੋਂ ਕਦੇ ਨਹੀਂ ਵਿਸਰ ਸਕਦੇ, ਉਹਨਾਂ ਦੇ ਨਿੱਕੇ ਨਿੱਕੇ ਮਜ਼ਾਕ, ਬਚਿਆਂ ਵਰਗੀਆਂ ਮਾਸੂਮ ਚੌੜਾਂ, ਸ਼ਰਾਰਤਾਂ ਕਦੇ ਨਹੀਂ ਭੁਲਦੀਆਂ, ਐਮਰਜੰਸੀ ਵਿੱਚ ਗ੍ਰਿਫਤਾਰ ਕੀਤੇ ਗਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਵਰਕਰਾਂ ਤੇ ਖਾਸ ਕਰਕੇ ਮੇਰੇ ਤੇ ਕੁੱਕੀ ਢੁਡੀਕੇ ਨਾਲ ਤਾਂ ਉਹਨਾਂ ਦਾ ਅੰਤਾਂ ਦਾ ਹੀ ਮੋਹ ਸੀ, ਕਦੇ ਉਹ ਸਾਡੀ ਬਾਰਕ ਚ ਤੇ ਕਦੇ ਅਸੀਂ ਉਹਨਾਂ ਦੀ ਬਾਰਕ ਚ, ਘੰਟਿਆਂ ਬਧੀ ਗੱਲਾਂ ਕਰਦੇ ਰਹਿੰਦੇ ਸਾਂ, ਉਹ ਬਹੁਤ ਹੀ ਗਿਆਨਵਾਨ ਸਨ, ਪੁਸਤਕਾਂ ਦੇ ਤਾਂ ਉਹ ਸਮਝੋ ਝੱਲੇ ਜਾਂ ਸੁਦਾਈ ਸਨ,,,,,,,
ਚੀਨ ਰੂਸ ਦੇ ਇਨਕਲਾਬ ਵਾਰੇ ਉਹ ਬਹੁਤ ਡੂੰਘਾਈ ਚ ਗਿਆਨ ਰੱਖਦੇ ਸਨ, ਰੂਸ ਦੀ ਏਜੇਂਸੀ KGB ਬਾਰੇ ਤੇ ਕਈ ਹੋਰ ਕਿਤਾਬਾਂ ਉਹਨਾਂ ਨੇ ਆਪਣੇ ਹੱਥ ਨਾਲ ਆਪਣੇ ਦਸਖ਼ਤ ਕਰਕੇ ਮੈਨੂੰ ਦਿਤੀਆਂ ਜੋ ਅੱਜ ਵੀ ਮੇਰੇ ਪਾਸ ਹਨ ਤੇ ਉਹਨਾਂ ਦੀ ਅਭੁੱਲ ਯਾਦਗਾਰ ਹਨ, ਐਮਰਜੰਸੀ ਤੋਂ ਬਾਅਦ ਬਾਹਿਰ ਆਕੇ ਉਹ ਬਾਦਲ ਮਨਿਸਟਰੀ ਵਿੱਚ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਬਣ ਗਏ ਪਰ ਉਹਨਾਂ ਦਾ ਸਾਡੇ ਨਾਲ ਪਿਆਰ ਤੇ ਰਿਸ਼ਤਾ ਉਵੇਂ ਬਰਕਰਾਰ ਰਿਹਾ, ਮੈਂ ਉਦੋਂ ਮੋਗੇ ਡੀ ਐਮ ਕਾਲਜ ਵਿੱਚ ਪੜ੍ਹਦਾ ਸੀ, ਉਹ ਪਿੰਡੋਂ ਚੰਡੀਗੜ੍ਹ ਨੂੰ ਜਾਂਦੇ ਜਾਂ ਵਾਪਿਸ ਆਉਂਦੇ ਸਾਡੇ ਕੋਲ ਡੀ ਐਮ ਕਾਲਜ ਦੇ ਸਾਹਮਣੇ ਬਲਵੀਰ ਦੀ ਪੀਪਲ ਬੁਕ ਸੈਂਟਰ ਦੀ ਦੁਕਾਨ ਤੇ ਰੁਕ ਕੇ, ਗੱਲਾਂ ਮਾਰ ਕੇ ਚਾਹ ਪੀਕੇ ਜਾਂਦੇ ਤੇ ਜਾਂਦੇ ਜਾਂਦੇ ਕਿੰਨੀਆਂ ਹੀ ਕਿਤਾਬਾਂ ਖਰੀਦ ਕੇ ਆਪਣੀ ਗੱਡੀ ਵਿੱਚ ਰੱਖ ਲੈਂਦੇ, ਅੱਜ ਕਲ ਤਾਂ ਕਿਸੇ ਨਿੱਕੇ ਜਿਹੇ ਅਦਾਰੇ ਦਾ ਚੇਅਰਮੈਨ ਜਾਂ ਅਹੁਦੇਦਾਰ ਮਾਨ ਨਹੀਂ, ਸੌ ਸੌ ਨਖਰੇ ਕਰਦਾ ਹੈ, ਪਰ ਉਹ ਇਨਸਾਨ ਮੰਡੀਕਰਨ ਬੋਰਡ ਦਾ ਪੰਜਾਬ ਦਾ ਚੇਅਰਮੈਨ ਹੋਕੇ ਸਾਡੇ ਵਰਗੇ ਫ਼ੱਕਰਾਂ ਕੋਲ ਧੰਨੇ ਦੀ ਦੁਕਾਨ ਦੀ ਚਾਹ ਪੀਕੇ ਅਨੰਦਤ ਹੋ ਜਾਂਦੇ ਸਨ , ਕਿੰਨੀ ਵਾਰ ਤਾਂ ਉਹ ਸਾਨੂੰ ਧੱਕੇ ਨਾਲ ਆਪਣੇ ਨਾਲ ਬਿਠਾ ਕੇ ਚੰਡੀਗੜ੍ਹ ਆਪਣੀ ਕੋਠੀ ਵਿੱਚ ਲੈ ਜਾਂਦੇ ਸਨ ਤੇ ਹੱਸਦੇ ਹੱਸਦੇ ਕਹਿੰਦੇ ਹੁੰਦੇ ਸਨ,.....ਲੁਟੋ ਕਾਮਰੇਡੋ ਮੌਜਾਂ,ਖਾਓ ਜੋ ਕੁਝ ਖਾਣਾ,ਐਵੇਂ ਭੁੱਖ ਨੰਗ ਨਾਲ ਘੁਲਦੇ ਰਹਿੰਦੇ ਹੋ....
ਉਹਨਾਂ ਦੀਆਂ ਇਹ ਗੱਲਾਂ ਜਦ ਵੀ ਜਦ ਚੇਤੇ ਆਉਂਦੀਆਂ ਹਨ ਤਾਂ ਉਹ ਉਸੇ ਤਰਾਂ ਮਜ਼ਾਕ ਕਰਦੇ ਨਜ਼ਰ ਆਉਂਦੇ ਹਨ, ਉਹਨਾਂ ਦੀ ਤੇ ਦੂਜੇ ਲੀਡਰਾਂ ਦੀ ਰਹਿਣੀ ਬਹਿਣੀ, ਕਹਣੀ ਕਰਨੀ ਤੇ ਸੋਚਣੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ,ਉਹ ਧਰਤ ਨਾਲ ਜੁੜੇ ਹੋਏ ਬਹੁਤ ਹੀ ਸਬਰ ਸੰਤੋਖ ਵਾਲੇ ਸਾਦੇ, ਨਿਮਰਤਾ ਸਰੂਪ ਤੇ ਰੱਬ ਤੋਂ ਡਰਨ ਵਾਲੇ ਇਨਸਾਨ ਸਨ, ਉਹਨਾਂ ਨੂੰ ਨਾ ਗਰੀਬਾਂ ਨਾ ਕਾਮਰੇਡਾਂ ਕਿਸੇ ਚੋਂ ਬੋ ਨਹੀਂ ਆਉਂਦੀ ਸੀ, ਉਹ ਪਿਆਰ ਮੁਹੱਬਤ ਦੀ ਇੱਕ ਸਾਕਾਰ ਮੂਰਤ ਸਨ,ਉਹਨਾਂ ਦੀ ਇੱਕ ਹੋਰ ਗੱਲ ਜਾਂ ਖਾਸੀਅਤ ਮੈਨੂੰ ਕਦੇ ਨਹੀਂ ਭੁੱਲਦੀ ਕਿ ਜਦ ਉਹ ਬਸ ਵਿੱਚ ਸਫ਼ਰ ਕਰਦੇ ਸਨ ਤਾਂ ਉਹ ਕਈ ਅਖ਼ਬਾਰ ਲੈ ਕੇ ਪੜ੍ਹਦੇ ਹੁੰਦੇ ਸਨ, ਪਰ ਉਹਨਾਂ ਨੂੰ ਇਹ ਚੰਗਾ ਨਹੀਂ ਸੀ ਲੱਗਦਾ ਕੇ ਕੋਈ ਉਹਨਾਂ ਨੂੰ ਕਹੇ ਕੇ ਅਖ਼ਬਾਰ ਦਾ ਇੱਕ ਵਰਕਾ ਉਹਨਾਂ ਨੂੰ ਦੇ ਦੇਵੇ, ਅਜਿਹੇ ਸੱਜਣ ਨੂੰ ਉਹ ਅਖ਼ਬਾਰ ਦਾ ਵਰਕਾ ਦੇਣ ਦੀ ਥਾਂ ਆਪਣੀ ਜੇਬ ਚੋਂ ਪੈਸੇ ਕੱਢ ਕੇ ਕਹਿੰਦੇ ਸਨ ਕੇ ਆਹ ਲੈ ਪੈਸੇ ਆਪਣੀ ਮਰਜ਼ੀ ਦਾ ਅਖ਼ਬਾਰ ਖਰੀਦ ਲੈ,ਅਜਿਹੀਆਂ ਸਾਰੀਆਂ ਗੱਲਾਂ ਕਰਕੇ ਹੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਇਸ ਧਰਤ ਤੇ ਨਾ ਹੋਕੇ ਵੀ ਸਾਡੇ ਚੇਤਿਆਂ ਵਿੱਚ ਅੱਜ ਵੀ ਜਿਉਂ ਦੀ ਤਿਓਂ ਵਸੇ ਹੋਏ ਹਨ।
-
ਨਰਿੰਦਰ ਚਹਿਲ, ਲੇਖਕ
*********
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.