ਮੈਂ ਤਿੰਨ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਜੇ ਅਧਿਆਪਨ ਕਿੱਤੇ ਦਾ ਆਨੰਦ ਮਾਣ ਸਕਿਆ ਹਾਂ ਉਹ ਇਸ ਕਰਕੇ ਹੀ ਕਿ ਕਲਾਸਰੂਮ ਸੰਵਾਦੀ-ਤਰੰਗਾਂ ਨਾਲ ਗੂੰਜਦਾ ਹੁੰਦਾ ਸੀ, ਜਿੱਥੇ ਸੂਖਮ-ਸੰਤੁਲਿਤ ਵਾਰਤਾਲਾਪ ਦੀ ਭਰਪੂਰ ਗੁੰਜਾਇਸ਼ ਹੁੰਦੀ ਸੀ,ਭਿੰਨ ਭਿੰਨ ਜਾਵੀਏ ਤੋਂ ਦੇਖਣ, ਸੁਣਨ ਦੇ ਹੁਨਰ ਜਾਂ ਆਪਣੇ ਮਾਨਸਿਕ/ਬੌਧਿਕ ਗਿਆਨ ਘੇਰੇ ਨੂੰ ਵਧਾਉਣ ਦੇ ਝਲਕਾਰੇ ਦਿਸਦੇ ਸਨ।
ਮੇਰੇ ਵਿਦਿਆਰਥੀ ਅਕਸਰ ਹੀ ਮੇਰੇ ਨਾਲ ਅਸਹਿਮਤ ਹੋ ਜਾਂਦੇ ਸਨ,ਅਤੇ ਉਹ ਆਪਣੇ ਆਪਣੇ ਢੰਗ ਨਾਲ ਮੇਰੇ ਦਾਰਸ਼ਨਿਕ-ਨੁਕਤੇ ਦੀ ਸੂਹ ਲਾਉਂਦੇ ਸਨ। ਮਸਲਨ,ਕੁੱਝ ਮਾਰਕਸਵਾਦੀ ਵਿਦਿਆਰਥੀ ਕਹਿਣ ਲਗਦੇ ਕਿ ਮੈਂ ਗਾਂਧੀਵਾਦੀ ਹਾਂ,ਅਤੇ ਕੁੱਝ ਅੰਬੇਦਕਰਵਾਦੀ ਵਿਦਿਆਰਥੀ ਮੈਨੂੰ ਮੇਰੇ "ਜਾਤੀ ਵਿਸ਼ੇਸ਼-ਅਧਿਕਾਰ" ਲਈ ਟਕੋਰਦੇ ਸਨ ਅਤੇ ਉਹ ਸੋਚਦੇ ਹੋਣਗੇ ਕਿ ਮੈਨੂੰ ਭਾਰਤੀ ਸਿਆਸਤ ਤੇ ਸਮਾਜ ਅੰਦਰ ਜਾਤੀ-ਸਵਾਲ ਦੀ ਅਹਿਮੀਅਤ ਕਿਉਂ ਨਹੀਂ ਸਮਝ ਪੈਂਦੀ। ਸਿਰਫ਼ ਇੰਨਾ ਹੀ ਨਹੀਂ। ਮੈਨੂੰ 'ਨਵ ਖੱਬੀ' (New left) ਵਿਚਾਰਧਾਰਾ ਦੇ ਹਾਮੀ ਵੱਜੋਂ ਵੀ ਦੇਖਿਆ ਜਾਂਦਾ ਸੀ ਕਿਉਂਕਿ ਮੈਂ 'ਥਿਉਡੋਰ ਅਡੋਮੋ','ਹਰਬਰਟ ਮਰਕਿਊਸ' ਅਤੇ 'ਇਰਿੱਕ ਫਰੌਮ' ਦੇ ਹਵਾਲੇ ਦਿਆ ਕਰਦਾ ਸੀ। ਫਿਰ ਵੀ,ਇਨ੍ਹਾਂ ਮੱਤਭੇਦਾਂ ਜਾਂ ਅਸਹਿਮਤੀਆਂ ਦੇ ਬਾਵਜ਼ੂਦ,ਵੈਰ-ਭਾਵਨਾ ਨਹੀਂ ਸੀ ਹੁੰਦੀ। ਕਲਾਸ ਲਾਉਣ ਤੋਂ ਬਾਅਦ,ਅਸੀਂ ਯੂਨੀਵਰਸਿਟੀ ਕੰਟੀਨ 'ਚ ਮਿਲ-ਬੈਠ ਕੇ ਕੌਫ਼ੀ ਦੇ ਕੱਪ ਵੀ ਪੀ ਸਕਦੇ ਹੁੰਦੇ ਸੀ। ਕੋਈ ਪੁਲਿਸ ਸ਼ਕਾਇਤ ਨਹੀਂ ਹੁੰਦੀ ਸੀ,ਨਾ ਕੋਈ ਐਫ.ਆਈ.ਆਰ ਦਰਜ ਹੁੰਦੀ ਸੀ,ਕੋਈ ਵੀਡੀਓ 'ਵਾਇਰਲ' ਨਹੀਂ ਸੀ ਹੁੰਦੀ। ਮਤਲਬ, ਅਧਿਆਪਕ -ਵਿਦਿਆਰਥੀ ਰਿਸ਼ਤੇ 'ਚ ਇੱਕ ਅਪਣੱਤ ਸੀ,ਆਪਸੀ ਭਰੋਸਾ ਸੀ; ਅਤੇ ਕਲਾਸਰੂਮ ਨਿਗਰਾਨੀ (surveillance) ਹੇਠਲੀ ਜਗ੍ਹਾ ਨਹੀਂ ਸੀ ਹੁੰਦੀ।
ਸ਼ਾਇਦ, ਮੈਂ ਖੁਸ਼ਕਿਸਮਤ ਸੀ। ਮੈਂ ਸਹੀ ਸਮੇਂ ਸਿਰ ਸੇਵਾ-ਮੁਕਤ ਹੋ ਗਿਆ।ਹੁਣ ਅਸੀਂ ਮੂਲੋਂ ਹੀ ਵੱਖਰੇ ਸਮਿਆਂ 'ਚ ਰਹਿ ਰਹੇ ਹਾਂ। ਕੋਈ ਵਿਦਿਆਰਥੀ ਕਲਾਸਰੂਮ 'ਚ ਹੋ ਰਹੀ ਵਿਚਾਰ-ਚਰਚਾ ਦੀ ਵੀਡੀਓ ਬਣਾ ਸਕਦਾ ਹੈ ਤੇ ਉਸਨੂੰ 'ਵਾਇਰਲ' ਵੀ ਕਰ ਸਕਦਾ ਹੈ। ਅਤੇ ਅਜਿਹੇ ਦੌਰ 'ਚ,ਜਦ ਧਾਰਮਿਕ ਜਾਂ 'ਰਾਸ਼ਟਰੀ' ਭਾਵਨਾਵਾਂ ਬੜੀ ਜਲਦੀ ਨਾਲ 'ਆਹਤ' ਹੁੰਦੀਆਂ ਹੋਣ, ਕਿਸੇ ਅਧਿਆਪਕ ਦੇ ਕੁੱਝ ਕੁ ਪੇਚੀ ਦਾ ਮੱਤ ਨੂੰ ਜ਼ੁਰਮ ਕਰਾਰ ਦਿੱਤਾ ਜਾ ਸਕਦਾ ਹੈ। ਐਫ.ਆਈ.ਆਰ ਦਰਜ ਕਰਾਈ ਜਾ ਸਕਦੀ ਹੈ,ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪੂਨੇ 'ਚ ਜੋ ਵਾਪਰਿਆ ਹੈ ਉਸ ਨੂੰ ਸੋਚ ਕੇ ਦੇਖੋ।
ਪੁਲਿਸ ਨੇ 'ਆਰਟ ਤੇ ਕਾਮਰਸ ਮਿਸ਼ਰਤ ਕਾਲਜ' ਦੇ ਇੱਕ ਪ੍ਰੋਫੈਸਰ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ।ਅਤੇ ਕਾਲਜ ਨੇ ਉਸਨੂੰ,ਕਲਾਸ 'ਚ ਹਿੰਦੂ ਦੇਵੀ-ਦੇਵਤਿਆਂ ਬਾਰੇ ਅਖੌਤੀ "ਇਤਰਾਜ਼ਯੋਗ" ਟਿੱਪਣੀਆਂ ਕਰਨ ਦੇ ਦੋਸ਼ ਕਾਰਨ ਮੁਅੱਤਲ ਕਰ ਦਿੱਤਾ ਹੈ। ਅਸ਼ੋਕ ਸੋਪਨ ਨਾਂ ਦਾ ਇਹ ਹਿੰਦੀ ਅਧਿਆਪਕ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਨੂੰ ਪੜ੍ਹਾ ਰਿਹਾ ਸੀ।ਸੰਬੰਧਿਤ ਵੀਡੀਓ ਜੋ ਇੱਕ ਵਿਦਿਆਰਥੀ ਵੱਲੋਂ ਬਣਾਈ ਗਈ ਸੀ,'ਸੋਸ਼ਿਲ ਮੀਡੀਆ' 'ਤੇ 'ਵਾਇਰਲ' ਹੋ ਗਈ। ਇਸ ਵੀਡੀਓ 'ਚ ਅਧਿਆਪਕ ਹਿੰਦੂ, ਇਸਲਾਮੀ ਤੇ ਈਸਾਈ ਦੇਵੀ- ਦੇਵਤਿਆਂ ਦੀ ਸਮਾਨਤਾ ਦਰਸਾ ਕੇ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ "ਰੱਬ ਤਾਂ ਇੱਕੋ ਹੀ ਹੈ।" ਤੇ ਇਸ 'ਤੇ ਹੀ ਇੱਕ 'ਕੱਟੜ ਹਿੰਦੂ ਸੰਸਥਾ' ਦੇ ਇੱਕ ਮੈਂਬਰ ਨੇ ਅਧਿਆਪਕ ਦੇ ਖਿਲਾਫ ਸ਼ਕਾਇਤ ਕਰਨ 'ਚ ਫੋਰਾ ਵੀ ਨਹੀਂ ਲਾਇਆ। ਤੇ ਪੂਨੇ ਦੀ ਪੁਲਿਸ ਨੇ ਅਧਿਆਪਕ 'ਤੇ ਭਾਰਤੀ ਦੰਡਾਵਲੀ ਦੀ ਧਾਰਾ 295 ਏ ਲਾ ਦਿੱਤੀ- "ਜਾਣ- ਬੁੱਝ ਕੇ,ਮੰਦ-ਭਾਵਨਾ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਕੀਤੀ ਗਈ ਕਾਰਵਾਈ" ਵਾਲੀ ਧਾਰਾ।
ਬਤੌਰ ਅਧਿਆਪਕ, ਮੈਂ ਭੈਭੀਤ ਮਹਿਸੂਸ ਕਰਦਾ ਹਾਂ। ਇਸ ਕਿਸਮ ਦਾ ਵਾਕਿਆ ਦਰਸਾਉਂਦਾ ਹੈ ਕਿ ਅਸੀਂ ਸਵਾਲਾਂ, ਜਵਾਬੀ-ਸਵਾਲਾਂ, ਸੰਵਾਦਾਂ, ਵਾਰਤਾਲਾਪਾਂ ਤੇ ਵਖਰੇਵਿਆਂ ਰਾਹੀਂ ਸਿੱਖਣ ਤੇ ਨਜ਼ਰ-ਅੰਦਾਜ਼ ਕਰਨ ਦੀ ਰੂਹ ਨੂੰ ਕਿਵੇਂ ਕਤਲ ਕਰ ਰਹੇ ਹਾਂ। ਅਸੀਂ ਕਲਾਸਰੂਮ ਨੂੰ ਧੜਕਦਾ ਰੱਖਣ ਵਾਲੀ ਆਪਸੀ ਭਰੋਸੇ ਦੀ ਕਾਰਗਰ ਕੜੀ ਨੂੰ ਤੋੜ ਰਹੇ ਹਾਂ।ਕਲਾ ਤੇ ਕਾਮਰਸ ਮਿਸ਼ਰਤ ਕਾਲਜ ਦੇ 12ਵੀਂ ਸ਼੍ਰੇਣੀ ਦੇ ਇਨ੍ਹਾਂ ਵਿਦਿਆਰਥੀਆਂ ਵੱਲ ਜਰਾ ਨਜ਼ਰ ਮਾਰੋ। ਉਹ ਅਜੇ ਅਲ੍ਹੜ ਹੀ ਹਨ;ਉਨ੍ਹਾਂ ਨੇ ਸੰਸਾਰ ਨੂੰ ਅਜੇ ਵਾਚਣਾ ਸ਼ੁਰੂ ਹੀ ਕੀਤਾ ਹੈ।ਉਨ੍ਹਾਂ ਲਈ ਇਹ ਸਮਾਂ ਜਗਿਆਸੂ ਬਣੇ ਰਹਿਣ ਦਾ,ਵਾਚਦੇ ਰਹਿਣ ਦਾ,ਮਹਾਨ ਪੁਸਤਕਾਂ ਪੜ੍ਹਨ ਦਾ ਹੈ।ਜਾਤ-ਧਰਮ ਪਛਾਣ ਦੀਆਂ ਤੰਗ ਵਲਗਣਾਂ ਤੋਂ ਪਾਰ ਦੇਖਣ ਦਾ ਹੈ।
ਆਪਣੇ ਅਨੁਭਵ-ਗਿਆਨ ਦਾਇਰੇ ਨੂੰ ਵਿਸ਼ਾਲ ਕਰਨ ਦਾ ਹੈ।ਅਤੇ ਜਿੰਦਗੀ,ਸਮਾਜ ਤੇ ਸਭਿਆਚਾਰ ਨੂੰ ਸਮਝਣ ਦੇ ਬਹੁਪੱਖੀ ਪਹਿਲੂਆਂ ਦੀ ਤਲਾਸ਼ ਕਰਨ ਦਾ ਹੈ। ਦੂਜੇ ਸ਼ਬਦਾਂ 'ਚ ਕਹਿਣਾ ਹੋਵੇ, ਵਿਦਿਆਰਥੀ ਹੋਣ ਦੀ ਵੀ ਇੱਕ ਖ਼ੂਬਸੂਰਤੀ ਹੁੰਦੀ ਹੈ;ਇਹ ਇਜ਼ਹਾਰ ਕਰਨ,ਸਵਾਲ ਕਰਨ,ਸੋਚਣ ਦੀ ਕਾਬਲੀਅਤ ਦਾ ਅਤੇ ਵਖਰੇਵਿਆਂ ਤੇ ਬਹੁਭਾਂਤੀ ਸੰਸਾਰ-ਦ੍ਰਿਸ਼ਟੀਕੋਣਾਂ ਸੰਗ ਵਿਚਰਨ ਦੀ ਖ਼ੂਬਸੂਰਤੀ ਹੈ। ਪਰੰਤੂ ਜਦ ਜ਼ਹਿਰੀਲੇ 'ਨਿਊਜ਼ ਚੈਨਲਾਂ' ਦੇ ਚਮਕ- ਦਮਕ ਵਾਲੇ 'ਨਿਊਜ਼ ਐਂਕਰਜ਼' ਸਾਡੇ ਸਿਖਿਅਕ ਬਣ ਜਾਣ, ਅਤੇ 'ਸੋਸ਼ਲ ਮੀਡੀਆ' ਦੀ ਤਤਕਾਲਤਾ ਪਾਰਖੂ-ਚਿੰਤਨ ਨੂੰ ਖੋਰਾ ਲਾਉਣ ਲੱਗ ਜਾਵੇ ਤਾਂ ਵਿਦਿਆਰਥੀਪਣ ਦੀ ਰੂਹ ਦਾ ਆਨੰਦ ਮਾਨਣਾ ਆਸਾਨ ਨਹੀਂ ਹੁੰਦਾ। ਮਹਾਨ ਵਿਚਾਰਾਂ ਦੀ ਜਗ੍ਹਾ ਆਡੰਬਰੀ ਨੇਤਾਵਾਂ ਦੇ ਲੱਛੇਦਾਰ ਭਾਸ਼ਣ ਭਾਰੂ ਹੋ ਜਾਂਦੇ ਹਨ,ਅਤੇ ਹੋਛੀ ਨਾਹਰੇਬਾਜ਼ੀ,ਕਵਿਤਾ, ਫਲਸਫੇ ਤੇ ਸਮਾਜ ਵਿਗਿਆਨਾਂ ਦੀ ਥਾਂ ਲੈ ਲੈਂਦੀ ਹੈ। ਅਸੀਂ ਆਪਣੇ ਵਿਦਿਆਰਥੀਆਂ ਨੂੰ ਭੀੜ- ਮਾਨਸਿਕਤਾ ਵਾਲੇ ਡੁੰਨ-ਵੱਟਿਆਂ 'ਚ ਢਾਲ ਰਹੇ ਹੁੰਦੇ ਹਾਂ।
ਇਸ ਤੋਂ ਇਲਾਵਾ,ਜਦ ਸਾਡੇ ਸਕੂਲਾਂ,ਕਾਲਜਾਂ ਤੇ ਯੂਨੀਵਰਸਟੀਆਂ ਅੰਦਰ, ਧਾਰਮਿਕ ਪਛਾਣ ਨਾਲ ਲਬਰੇਜ਼ ਕੱਟੜ- ਰਾਸ਼ਟਰਵਾਦ ਦੀ ਸਿਆਸਤ ਵੜ ਜਾਵੇ,ਤਾਂ ਸਭ ਕੁੱਝ ਬਦਲ ਜਾਂਦਾ ਹੈ। ਜਦ ਪ੍ਰਿੰਸੀਪਲਾਂ ਤੇ ਵਾਈਸ ਚਾਂਸਲਰਾਂ ਤੋਂ ਇਹ ਆਸ ਕੀਤੀ ਜਾਵੇ ਕਿ ਉਹ ਹਾਵੀ "ਰਾਸ਼ਟਰਵਾਦੀ" ਪ੍ਰਵਚਨ ਦੇ ਰਖਵਾਲਿਆਂ ਦੀ ਭੂਮਿਕਾ ਨਿਭਾਉਣ ਤਾਂ ਅਧਿਆਪਕਾਂ ਤੋਂ ਵੀ ਨੱਕ ਦੀ ਲਕੀਰ 'ਤੇ ਤੁਰਨ ਵਾਲੇ ਆਗਿਆਕਾਰੀ-ਪੱਠੇ ਬਣਨ ਦੀ ਝਾਕ ਰੱਖੀ ਜਾਂਦੀ ਹੈ।ਤੇ ਇਸ ਦੇ ਸਿੱਟੇ ਵੱਜੋਂ ਪਾਰਖੂ ਸਿੱਖਿਆ-ਸ਼ਾਸਤਰ ਕਿਧਰੇ ਉੱਡ-ਪੁੱਡ ਜਾਂਦਾ ਹੈ; ਅਤੇ ਭੈਅ,ਸ਼ੰਕਾ ਤੇ ਨਿਗ਼ਾਦਾਰੀ ਦਾ ਮਾਹੌਲ ਹਾਵੀ ਹੋ ਜਾਂਦਾ ਹੈ। ਕਲਾਸਰੂਮ ਢਹਿ-ਢੇਰੀ ਹੋ ਜਾਂਦਾ ਹੈ। ਅਧਿਆਪਕ-ਵਿਦਿਆਰਥੀ ਰਿਸ਼ਤੇ ਅੰਦਰਲੀ ਅਪਣੱਤ ਬੀਤੇ ਦੀ ਬਾਤ ਬਣਕੇ ਰਹਿ ਜਾਂਦੀ ਹੈ।
ਕਲਪਨਾ ਕਰੋ ਕਿ ਬਤੌਰ ਅਧਿਆਪਕ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਫਰੈਡਰਿਕ ਨੀਤਸ਼ੇ ਦੇ ਇਸ ਐਲਾਨ ਦੀ ਕਿ "ਰੱਬ ਮਰ ਚੁੱਕਿਆ ਹੈ" ਵਿਆਖਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕਲਪਨਾ ਕਰੋ,ਤੁਸੀਂ ਆਪਣੇ ਵਿਦਿਆਰਥੀਆਂ ਨੂੰ ਕਬੀਰ ਦੀ ਇਸ ਟੂਕ ਬਾਰੇ ਵਿਚਾਰ ਕਰਨ ਲਈ ਤਿਆਰ ਕਰ ਰਹੇ ਹੋ ਕਿ "ਨਾ ਮੈਂ ਕਾਭੇ 'ਚ ਹਾਂ ਨਾ ਕੈਲਾਸ਼ 'ਚ ਹਾਂ/ਨਾ ਮੈਂ ਸ਼ਲੋਕਾਂ ਤੇ ਰਸਮਾਂ- ਰਿਵਾਜਾਂ 'ਚ ਹਾਂ, ਨਾ ਯੋਗ ਤੇ ਨਾ ਸੰਨਿਆਸ 'ਚ ਹਾਂ।" ਕਲਪਨਾ ਕਰੋ,ਤੁਸੀਂ ਆਪਣੇ ਵਿਦਿਆਰਥੀਆਂ ਨੂੰ ਗਾਂਧੀ ਦੀਆਂ1947-48 ਦੀਆਂ ਪ੍ਰਾਰਥਨਾ ਮੀਟਿੰਗਾਂ ਦੀ ਮਹੱਤਤਾ ਨੂੰ ਸਮਝਣ ਲਈ ਜੋਰ ਲਾ ਰਹੇ ਹੋ। ਕਲਪਨਾ ਕਰੋ,ਤੁਸੀਂ "ਈਸ਼ਵਰ,ਅੱਲ਼ਾ ਤੇਰਾ ਨਾਮ" ਗਾ ਰਹੇ ਹੋ। ਕਿਸ ਨੂੰ ਪਤਾ ਹੈ, ਤੁਹਾਡੇ ਖ਼ਿਲਾਫ਼ ਕੋਈ ਐਫ.ਆਈ.ਆਰ ਦਰਜ ਹੋ ਗਈ ਹੋਵੇ,ਤੇ ਤੁਹਾਡਾ ਨੌਕਰੀ ਦਾਤਾ ਤੁਹਾਨੂੰ ਨੌਕਰੀ ਤੋਂ ਮੁਅੱਤਲ/ਬਰਖ਼ਾਸਤ ਕਰਨ ਤੋਂ ਪਹਿਲਾਂ ਸ਼ਾਇਦ ਜਰਾ ਵੀ ਨਾ ਸੋਚੇ। ਨਤੀਜਨ,ਭੈਅ ਦਾ ਮਾਹੌਲ ਸਿੱਖਿਆ ਦੇ ਸਭਿਆਚਾਰ ਨੂੰ ਢਾਅ ਲਾ ਰਿਹਾ ਹੈ।
ਕਿਸੇ ਪਲ ਮੈਂ ਇਹ ਵੀ ਮਹਿਸੂਸ ਕਰਦਾ ਹਾਂ ਕਿ ਇਉਂ ਵਧਦੇ-ਵਧਦੇ,ਸਾਡੇ ਕਲਾਸਰੂਮਾਂ 'ਚ ਅਰਥਪੂਰਨ ਸਮਾਜਿਕ ਵਿਗਿਆਨਾਂ/ 'ਹਿਊਮਨਿਟੀਜ' ਨੂੰ ਪੜ੍ਹਾਉਣਾ ਮੁਸ਼ਕਿਲ ਹੋ ਜਾਵੇਗਾ। ਜੇ,ਬਤੌਰ ਇੱਕ, ਅਧਿਆਪਕ,ਤੁਸੀਂ ਕੋਈ ਸ਼ਬਦ ਬੋਲਣ ਤੋਂ ਪਹਿਲਾਂ ਵਧੇਰੇ ਚੌਕਸ ਹੋ ਜਾਵੋਂ; ਜੇ ਤੁਹਾਨੂੰ ਇਹ ਤੌਖਲਾ ਲੱਗੇ ਕਿ ਕੋਈ ਵਿਦਿਆਰਥੀ ਤੁਹਾਡੇ 'ਲੈਕਚਰ' ਨੂੰ ਰਿਕਾਰਡ ਕਰ ਰਿਹਾ ਹੈ,ਜਾਂ ਕੋਈ ਵੀਡੀਓ ਬਣਾ ਰਿਹਾ ਹੈ, ਜਾਂ ਪ੍ਰਸ਼ਾਸਨ ਨਿਰੰਤਰ ਤੁਹਾਡੀ ਨਿਗਰਾਨੀ ਕਰ ਰਿਹਾ ਹੈ, ਤਾਂ ਤੁਸੀਂ ਮਾਰਕਸ, ਗਾਂਧੀ, ਅੰਬੇਦਕਰ,ਟੈਗੋਰ, ਇਕਬਾਲ, ਮੰਟੋ ਤੇ ਪ੍ਰੇਮਚੰਦ ਨੂੰ ਕਿਵੇਂ ਖੁਲ੍ਹ ਕੇ, ਆਪ ਮੁਹਾਰੇ ਤੇ ਸਿਰਜਣਾਤਮਿਕਤਾ ਨਾਲ ਪੜ੍ਹਾ ਸਕੋਂਗੇ? ਤੇ ਜਦ 'ਕਲਾਸਰੂਮਾਂ' ਦੀ ਮੌਤ ਹੋ ਜਾਵੇ ਤਾਂ ਲੋਕਤੰਤਰ ਵੀ ਮਰ ਜਾਂਦਾ ਹੈ।
ਕੀ ਅਧਿਆਪਨ ਭਾਈਚਾਰੇ ਦੀ ਵੱਡੀ ਗਿਣਤੀ ਨੂੰ ਇਹ ਅਹਿਸਾਸ ਹੈ ਕਿ ਜੋ ਅਸ਼ੋਕ ਸੋਪਨ ਨਾਲ ਵਾਪਰਿਆ ਹੈ ਉਹ ਕਿਸੇ ਨਾਲ ਵੀ,ਕਿਸੇ ਵੀ ਹੋਰ ਕਾਲਜ/ਯੂਨੀਵਰਸਿਟੀ 'ਚ ਵਾਪਰ ਸਕਦਾ ਹੈ। ਕੀ ਉਹ ਉੱਠਣਗੇ,ਆਵਾਜ਼ ਬੁਲੰਦ ਕਰਨਗੇ ਅਤੇ ਪਸਰ ਰਹੇ ਇਸ ਸਾਰੇ ਪਤਨ ਦਾ ਆਲੋਚਨਾਤਮਿਕ ਵਿਸ਼ਲੇਸ਼ਣ ਕਰਨਗੇ? ਜਾਂ ਉਹ ਚੁੱਪ ਰਹਿਣਗੇ ਅਤੇ 'ਸੇਫ' ਖੇਡ ਖੇਡਣਗੇ?
(ਮੂਲ ਲੇਖਕ: ਅਵੀਜੀਤ ਪਾਠਕ ------ ਲੇਖਕ ਨੇ ਜੇ.ਐਨ.ਯੂ 'ਚ 1990 ਤੋਂ 2021 ਤੱਕ 'ਸੋਸ਼ਿਆਲੋਜੀ' ਪੜ੍ਹਾਈ ਹੈ)
ਸੰਪਰਕ- 98145 35005
-
ਯਸ਼ ਪਾਲ, ਲੇਖਕ
yashpal.vargchetna@gmail.com
98145-35005
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.