ਪੱਛਮੀ ਸੱਭਿਅਤਾ ਦੇ ਪਸਾਰੇ ਕਾਰਨ ਹੋਟਲਾਂ ਤੱਕ ਸਿਮਟਿਆ ਤੀਆਂ ਦਾ ਵਿਰਾਸਤੀ ਤਿਉਹਾਰ
ਪੰਜਾਬ ਦੇ ਪੇਂਡੂ ਸੱਭਿਆਚਾਰ ਦੀ ਝਲਕ ਤੀਆਂ ਦਾ ਤਿਉਹਾਰ ਪੁਰਾਣੇ ਵੇਲਿਆਂ ਦੀ ਤਰ੍ਹਾਂ ਵੱਡੇ ਵੱਡੇ ਦਰੱਖਤਾਂ ਅਤੇ ਹਰਿਆਲੀ ਹੇਠਾਂ ਮਨਾਉਣ ਦੀ ਥਾਂ ਹੋਟਲਾਂ ਅਤੇ ਡੀਜੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ।। ਪੱਛਮੀ ਸੱਭਿਅਤਾ ਦੇ ਪਸਾਰੇ ਅਤੇ ਨਵੇਂ ਪੋਚ ਦੇ ਟੀ. ਵੀ. ਚੈਨਲਾਂ ਵੱਲ ਜ਼ਿਆਦਾ ਝੁਕਾਅ ਕਾਰਨ ਪੰਜਾਬ ਦੀ ਇਸ ਵਿਰਾਸਤ ਨੂੰ ਨਜਰ ਲੱਗ ਗਈ ਹੈ। ਪੰਜਾਬ ਦੇ ਪ੍ਰਮੁੱਖ ਤਿਉਹਾਰਾਂ ’ਚੋਂ ਇੱਕ ‘ ਤੀਆਂ ’ ਦੀ ਸ਼ੁਰੂਆਤ ਸਾਉਣ ਮਹੀਨੇ ਦੀ ਤੀਜ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ ਪਰ ਆਧੁਨਿਕੀ ਕਰਨ ਦੀ ਤੇਜ ਰਫਤਾਰ ਨੇ ਇਸ ਤਿਉਹਾਰ ਦੀ ਦਿੱਖ ਨੂੰ ਖੋਰਾ ਲਾਇਆ ਹੈ। ਕੋਈ ਜਮਾਨਾ ਸੀ ਜਦ ਕੁੜੀਆਂ ਇਕੱਠੀਆਂ ਹੋ ਕੇ ਪਿੰਡਾਂ ਦੀਆਂ ਸਾਂਝੀਆ ਥਾਵਾਂ ਜਾਂ ਬੋਹੜਾ ਪਿੱਪਲਾਂ ਥੱਲੇ ਤੀਆਂ ਦੀ ਸ਼ੁਰੂਆਤ ‘ ਬੜੇ ਦਿਨਾਂ ਤੋਂ ਆਈਆਂ ਤੀਆਂ ਤੀਜ ਦੀਆਂ ’ ਬੋਲੀ ਨਾਲ ਕਰਦੀਆਂ ਹੋਈਆਂ ਗਿੱਧਾ ਪਾਉਂਦੀਆਂ ਸਨ ਪਰ ਇੱਕ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਕੁੱਖਾਂ ’ਚ ਕੁੜੀਆਂ ਕਤਲ ਕਰਨ ਵਰਗੇ ਭਿਆਨਕ ਵਰਤਾਰੇ ਅਤੇ ਸਮਾਜ ਵਿੱਚ ਵਧੇ ਨਸ਼ਿਆਂ ਦੇ ਪ੍ਰਚਲਨ ਨੇ ਵਿਰਸੇ ਦੀ ਨੁਹਾਰ ਅਖਵਾਉਂਦੇ ਧੀਆਂ ਦੇ ਇਸ ਮੇਲੇ ਨੂੰ ਖਾ ਲਿਆ ਹੈ। ਸਮਾਜਿਕ ਮਾਹਿਰਾਂ ਦਾ ਮੰਨਣਾ ਹੈ ਕਿ ਪੈਸੇ ਦੀ ਦੌੜ ਕਾਰਨ ਤੀਆਂ ਦਾ ਇਹ ਮੇਲਾ ਹੋਟਲਾਂ, ਕਲੱਬਾਂ, ਕਿੱਟੀ ਪਾਰਟੀਆਂ ਅਤੇ ਵਿੱਦਿਅਕ ਅਦਾਰਿਆਂ ਦੀਆਂ ਸਟੇਜਾਂ ’ਤੇ ਲੱਗ ਜਾਣ ਸਦਕਾ ਇੱਕ ਰਸਮ ਬਣ ਕੇ ਰਹਿ ਗਿਆ ਹੈ।
ਪੰਜ ਦਹਾਕੇ ਪਹਿਲਾਂ ਦੀ ਗੱਲ ਹੈ ਕਿ ਕੁੜੀਆਂ ਆਪੋ-ਆਪਣੀਆਂ ਸਹੇਲੀਆਂ ਦੇ ਘਰੀ ਇਕੱਠੀਆਂ ਹੋ ਕੇ ਮਹਿੰਦੀ ਲਾਉਂਦੀਆਂ ਸਨ। ਘਰ ਵਾਲੇ ਕਾੜਨੀ ਵਿੱਚੋਂ ਦੁੱਧ ਦੇ ਕੜੇ ਵਾਲੇ ਗਲਾਸ ਧੀਆਂ ਧਿਆਣੀਆਂ ਨੂੰ ਵਰਤਾਉਂਦੇ ਅਤੇ ਇਸ ਸਮੇਂ ਲਈ ਖਾਸ ਤੌਰ ’ਤੇ ਤਿਆਰ ਕੀਤੀਆਂ ਜਾਂਦੀਆਂ ਗੁੜ ਦੀਆਂ ਮੱਠੀਆਂ ਪਰੋਸੀਆਂ ਜਾਂਦੀਆਂ ਸਨ ਪ੍ਰੰਤੂ ਦੁੱਧ ਦੇ ਵਪਾਰੀਕਰਨ ਅਤੇ ਧੀਆਂ ਪ੍ਰਤੀ ਬਦਲੇ ਨਜ਼ਰੀਏ ਨੇ ਕੁੜੀਆਂ ਦੇ ਇਕੱਠਾਂ ਨੂੰ ਮਨਫੀ ਕਰਕੇ ਰੱਖ ਦਿੱਤਾ ਹੈ। ਮੱਠੀਆਂ ਵਰਗੇ ਸਾਦ ਮੁਰਾਦੇ ਪਕਵਾਨਾਂ ਨੂੰ ਸ਼ਰੀਕੇ ਕਬੀਲੇ ’ਚ ਵੰਡਣਾ ਤੌਹੀਨ ਸਮਝੀ ਜਾਂਦੀ ਹੈ ਬਲਕਿ ਆਪਣਾ ਹੰਕਾਰ ਤੇ ਵਡੱਪਣ ਦਿਖਾਉਣ ਦੇ ਨਾਂਅ ਤੇ ਮੌਜੂਦਾ ਦੌਰ ਦੇ ਮਿੱਠੇ ਪਦਾਰਥਾਂ ਦੀ ਨੁਮਾਇਸ਼ ਨੂੰ ਮਾਣ ਸਮਝਿਆ ਜਾਂਦਾ ਹੈ। ਪਿੰਡਾਂ ਵਿੱਚ ਤੀਜ ਤਿਉਹਾਰ ਮੌਕੇ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਜਿਸ ਕਾਰਨ ਆਪਸੀ ਪਿਆਰ ਤੇ ਭਾਈਚਾਰੇ ਦੀ ਇੱਕ ਮਿਸਾਲ ਵੇਖਣ ਨੂੰ ਮਿਲਦੀ ਸੀ।
ਨਵੀਆਂ ਵਿਆਹੀਆਂ ਲੜਕੀਆਂ ਲਈ ਤੀਆਂ ਦਾ ਵਿਸੇਸ਼ ਮਹੱਤਵ ਹੁੰਦਾ ਹੈ। ਵਿਆਹ ਤੋਂ ਬਾਅਦ ਪਹਿਲੀਆਂ ਤੀਆਂ ਤੇ ਪੇਕੇ ਘਰ ਆਈਆਂ ਕੁੜੀਆਂ ਨੂੰ ਉਹਨਾਂ ਦੇ ਸਹੁਰਿਆਂ ਵੱਲੋਂ ਰਿਵਾਜ ਅਨੁਸਾਰ ‘ ਸਿੰਧਾਰਾ ’ ਭੇਜਿਆ ਜਾਂਦਾ ਜਿਸ ਨੂੰ ਦੇਖਣ ਲਈ ਸਾਰਾ ਸ਼ਰੀਕਾ ਜੁੜਦਾ। ਸਿੰਧਾਰਾ ਲੈ ਕੇ ਆਏ ਘਰ ਦੇ ਜੁਆਈ ਨੂੰ ਕੁੜੀਆਂ ਮਜਾਕ ਕਰਦੀਆਂ। ਬਜ਼ੁਰਗ ਔਰਤਾਂ ਵੱਲੋਂ ਬਣਦਾ ਮਾਣ-ਸਤਿਕਾਰ ਦਿੱਤਾ ਜਾਂਦਾ। ਸ਼ਾਮ ਵੇਲੇ ਧੀਆਂ ਭੈਣਾਂ ਇਕੱਠੀਆਂ ਹੋ ਕੇ ਪੀਂਘਾਂ ਝੂਟਦੀਆਂ, ਗੀਤ ਗਾਏ ਜਾਂਦੇ ਅਤੇ ਗਿੱਧੇ ਦੀ ਆਵਾਜ਼ ਪੂਰੇ ਪਿੰਡ ’ਚ ਸੁਣਾਈ ਦਿੰਦੀ। ਇਹਨਾਂ ਸਮਿਆਂ ਦੌਰਾਨ ਅਸ਼ਲੀਲਤਾ ਲਈ ਕੋਈ ਥਾਂ ਨਹੀਂ ਹੁੰਦੀ ਸੀ ਸਗੋਂ ਪਿੰਡ ਦੀ ਹਰੇਕ ਕੁੜੀ ਨੂੰ ਆਪਣੀ ਹੀ ਧੀ-ਭੈਣ ਸਮਝਿਆ ਜਾਂਦਾ ਸੀ। ਉਸ ਮੌਕੇ ਤੀਆਂ ਦੇ ਤਿਉਹਾਰ ਵਿੱਚੋਂ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੀ ਨੁਹਾਰ ਦਿਖਾਈ ਦਿੰਦੀ ਸੀ। ਤੀਆਂ ਦੇ ਆਖਰੀ ਦਿਨ ਵਿਆਹੀਆਂ ਲੜਕੀਆਂ ਇੱਕ ਦੂਸਰੇ ਗਲ ਲੱਗ ਕੇ ਮਿਲਦੀਆਂ ਤਾਂ ਉਹਨਾਂ ਦੇ ਮੂੰਹੋ ਆਪ ਮੁਹਾਰੇ ਇਹ ਬੋਲੀ ਭਾਰੂ ਹੋ ਜਾਂਦੀ ਸੀ ਕਿ ‘ ਸਾਉਣ ਵੀਰ ਸਾਨੂੰ ਮੇਲਦਾ, ਭਾਦੋ ਚੰਦਰੀ ਵਿਛੋੜੇ ਪਾਵੇ’। ਆਖਦੇ ਹਨ ਕਿ ਮੁਗਲ ਬਾਦਸ਼ਾਹ ਵੇਲੇ ਗੜ੍ਹ ਮੁਗਲਾਣੇ ਦੀਆਂ ਤੀਆਂ ਮਸ਼ਹੂਰ ਹੋਇਆ ਕਰਦੀਆਂ ਸਨ ਜਿਸ ਬਾਰੇ ਗੀਤਾਂ ਵਿੱਚ ਵੀ ਜ਼ਿਕਰ ਆਉਂਦਾ ਹੈ।
ਵਕਤ ਦੀ ਤਬਦੀਲੀ, ਟੀ. ਵੀ. ਚੈਨਲਾਂ ਦੇ ਹੋਏ ਪਸਾਰੇ ਸਦਕਾ ਪੱਛਮੀ ਸੱਭਿਅਤਾ ਦੇ ਵਧੇ ਪ੍ਰਭਾਵ ਨੇ ਜਿੱਥੇ ਲੋਕਾਂ ਨੂੰ ਇੱਕ ਦੂਸਰੇ ਤੋਂ ਦੂਰ ਕੀਤਾ ਉੱਥੇ ਸਹਿਣਸੀਲਤਾ ਦੀ ਕਮੀ ਅਤੇ ਹੰਕਾਰੀ ਪ੍ਰਵਿਰਤੀ ਭਾਰੂ ਹੋਣ ਕਾਰਨ ਖੁਸ਼ੀਆਂ ਸਾਂਝੀਆਂ ਕਰਨਾ ਵੀ ਬੰਦ ਹੋ ਗਿਆ ਹੈ। ਭਾਰੇ ਫਿਕਰਾਂ ਵਾਲਾ ਪਹਿਲੂ ਇਹ ਵੀ ਹੈ ਕਿ ਹੁਣ ਤੀਆਂ ਪਿੰਡ ਦੀ ਕਿਸੇ ਸਾਂਝੀ ਥਾਂ ’ਤੇ ਲੱਗਣ ਦੀ ਬਜਾਏ ਕਈ ਵਾਰ ਇਹੋ-ਜਿਹੇ ਅਦਾਰਿਆਂ ਵੱਲੋਂ ਬੰਦ ਕਮਰਿਆਂ ਅੰਦਰ ਲਗਾਈਆਂ ਜਾਂਦੀਆਂ ਹਨ ਜਿਨਾਂ ਦਾ ਸੱਭਿਆਚਾਰ ਨਾਲ ਦੂਰ ਦਾ ਵਾਸਤਾ ਵੀ ਨਹੀਂ ਹੁੰਦਾ। ਬਿਊਟੀ ਪਾਰਲਰਾਂ ਤੇ ਤਿਆਰ ਹੋ ਕੇ ਇਹਨਾਂ ਥਾਵਾਂ ’ਤੇ ਜਾਣ ਵਾਲੀਆਂ ਔਰਤਾਂ ਨੂੰ ਵਰਤਾਏ ਜਾਂਦੇ ਫਾਸਟ ਫੂਡ ਤੇ ‘ ਤੰਬੋਲਾ ’ ਖੇਡ ਦੇ ਨਾਂ ਤੇ ਖੇਡੇ ਜਾਂਦੇ ਜੂਏ ਸਦਕਾ ਇਸ ਤਿਉਹਾਰ ਦੀ ਰਵਾਇਤੀ ਦਿੱਖ ਤਾਂ ਨਜਰੀ ਨਹੀਂ ਪੈਂਦੀ। ਬੱਸ ਬਾਹਰ ਲੱਗੇ ਬੈਨਰ ਤੋਂ ਪਤਾ ਲੱਗਦਾ ਹੈ ਕਿ ਇਸ ਜਗ੍ਹਾ ’ਤੇ ਕੀ ਹੋ ਰਿਹਾ ਹੈ। ਇਹਨਾਂ ਆਧੁਨਿਕ ਤੀਆਂ ’ਚ ਗਾਣਿਆਂ ’ਤੇ ਹੁੰਦਾ ਡਾਂਸ ਪੈਸੇ ਦਾ ਵਿਖਾਵਾ ਮਾਤਰ ਹੀ ਹੁੰਦਾ ਹੈ। ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਦੀ ਨੁਹਾਰ ਨੂੰ ਸੰਭਾਲਣਾ ਅਤੇ ਸਮਾਜਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਹਰੇਕ ਪੰਜਾਬੀ ਦਾ ਮੁੱਢਲਾ ਫਰਜ਼ ਹੈ। ਜੇਕਰ ਆਧੁਨਿਕਤਾ ਦੀ ਦੌੜ ਵਿੱਚ ਸੱਭਿਆਚਾਰ ਨੂੰ ਖੋਰਾ ਲੱਗਣਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੀਆਂ ਵਰਗੇ ਤਿਉਹਾਰ ਪੂਰੀ ਤਰ੍ਹਾਂ ਅਲੋਪ ਹੋ ਜਾਣਗੇ।
-
ਡਿੰਪਲ ਵਰਮਾ, ਹੈਡਮਿਸਟਰੈਸ
dimple_86j@yahoo.com
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.