ਹਾਸ਼ਮ ਫਤਿਹ ਨਸੀਬ ਉਹਨਾਂ ਨੂੰ, ਜਿਹਨਾਂ ਹਿੰਮਤ ਯਾਰ ਬਣਾਈ । ਹਰ ਵੱਡੀ ਪ੍ਰਾਪਤੀ ਦੀ ਸ਼ੁਰੂਆਤ ਕੋਸ਼ਿਸ਼ ਕਰਨ ਦੇ ਫੈਸਲੇ ਨਾਲ਼ ਹੁੰਦੀ ਹੈ। ਦਰਿਆ ਪਹਾੜਾਂ ਨੂੰ ਚੀਰ ਕੇ ਰਸਤਾ ਬਣਾ ਲੈਂਦਾ ਹੈ ,ਇਹ ਉਸਦੀ ਤਾਕਤ ਸਦਕਾ ਨਹੀਂ , ਸਗੋਂ ਨਿਰੰਤਰ ਕੋਸ਼ਿਸ਼ ਸਦਕਾ ਸੰਭਵ ਹੁੰਦਾ ਹੈ। ਹਿੰਮਤ ਸਦਕਾ ਸੁਪਨਿਆਂ ਨੂੰ ਸਾਕਾਰ ਕਰ ਲੈਣਾ ਇਲਾਹੀ ਖ਼ੁਸ਼ੀ ਦਾ ਅਹਿਸਾਸ ਹੁੰਦਾ ਹੈ। ਹਰ ਇੱਕ ਬੱਚੇ ਦਾ ਇਕ ਪੜਾਅ ਤੋਂ ਬਾਅਦ ਵਿਦਿਆਰਥੀ,ਫੇਰ ਪੜ੍ਹਾਈ ਉਪਰੰਤ ਨੌਕਰੀ ਲੈਣ ਦਾ ਸੁਪਨਾ ਹੁੰਦਾ ਤਾਂ ਜੋ ਉਹ ਆਪਣੇ ਪੈਰਾਂ ਤੇ ਖੜ੍ਹਾ ਹੋਵੇ ਤੇ ਹੱਥੀਂ ਨੇਕ ਕਮਾਈ ਕਰਕੇ ਆਪਣੇ ਸੁਪਨੇ ਪੂਰੇ ਸਕੇ ,ਇਸ ਦੁਨੀਆਂ ਵਿੱਚ ਬੰਦੇ ਖਾਤਰ ਨਹੀਂ ਕੋਈ ਕੰਮ ਔਖੇਰਾ, ਬਸ ਚਾਹੀਦੈ ਮੰਜ਼ਿਲ ਉੱਤੇ ਪੈੜਾਂ ਦਾ ਇੱਕ ਜ਼ੇਰਾ, ਮੇਰੇ ਲਈ ਵੀ ਇਹ ਭਾਗਾਂ ਭਰਿਆ ਦਿਨ ਆ ਹੀ ਗਿਆ, ਜਦੋਂ ਮੈਨੂੰ ਸਰਕਾਰੀ ਨੌਕਰੀ ਮਿਲੀ ਤੇ ਇੱਕ ਮਹੀਨੇ ਦੇ ਵਕਫ਼ੇ ਤੋਂ ਬਾਅਦ ਆਖ਼ਿਰ ਮੇਰਾ ਚਿਰੋਕਾ ਸੁਪਨਾ ਪੂਰਾ ਹੋਇਆ | ਮੈਨੂੰ ਮੇਰੀ ਪਹਿਲੀ ਤਨਖ਼ਾਹ ਨਸੀਬ ਹੋਈ | ਆਪਣੇ ਕਮਾਏ ਦੇ ਪੈਸਿਆਂ ਦਾ ਆਪਣਾ ਹੀ ਮਜ਼ਾ ਹੁੰਦਾ ਹੈ |
ਜਦੋਂ ਵੀ ਕਿਸੇ ਇਨਸਾਨ ਨੂੰ ਉਸਦੀ ਪਹਿਲੀ ਤਨਖ਼ਾਹ ਮਿਲਦੀ ਹੈ ਤਾਂ ਉਹ ਸਭ ਤੋਂ ਪਹਿਲਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ, ਕਿਸੇ ਧਾਰਮਿਕ ਸਥਾਨ ਤੇ ਜਾ ਕੇ ਸੁਖਣਾ ਉਤਾਰ ਕੇ ਆਉਂਦਾ ਹੈ, ਇਸ ਤਰ੍ਹਾਂ ਕਰਨ ਨਾਲ਼ ਉਸਦੇ ਮਨ ਨੂੰ ਸੰਤੁਸ਼ਟੀ ਮਿਲਦੀ ਹੈ | ਮੇਰੀ ਸੋਚਣੀ ਸ਼ਾਇਦ ਕੁਝ ਵੱਖਰੀ ਸੀ ਜਦੋਂ ਮੈਨੂੰ ਮੇਰੀ ਪਹਿਲੀ ਤਨਖਾਹ ਮਿਲੀ ਤਾਂ ਮੈਂ ਆਪਣੀ ਮਾਂ ਨੂੰ ਕੱਪੜੇ ਧੋਣ ਵਾਲੀ ਮਸ਼ੀਨ ਲੈ ਕੇ ਦਿੱਤੀ ਤਾਂ ਜੋ ਮੇਰੀ ਮਾਂ ਹੱਥਾਂ ਨਾਲ਼ ਕੱਪੜੇ ਧੋ ਕੇ ਹੁਣ ਹੋਰ ਤੰਗ ਨਾ ਹੋਵੇ | ਆਪਣੀ ਪਹਿਲੀ ਕਮਾਈ ਨੂੰ ਆਪਣੀ ਮਾਂ ਨੂੰ ਸਮਰਪਿਤ ਕਰਕੇ ਮੈਨੂੰ ਅਥਾਹ ਖੁਸ਼ੀ ਦਾ ਅਨੁਭਵ ਹੋਇਆ ਜਿਸਨੂੰ ਕਿ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ |
ਹਰ ਇਨਸਾਨ ਸਾਰੀ ਉਮਰ ਲੱਖਾਂ ਰੁਪਏ ਕਮਾਉਦਾ ਹੈ ਤੇ ਆਪਣੀ ਦਿਲਚਸਪੀ ਅਨੁਸਾਰ ਆਪਣੇ ਪਰਿਵਾਰ ਤੇ ਖ਼ਰਚ ਕਰਦਾ ਦਿੰਦਾ ਹੈ | ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਕਿੰਨੀਆਂ ਹੀ ਤਨਖਾਹਾਂ ਮਿਲੀਆਂ , ਮੈਨੂੰ ਪਤਾ ਨਹੀਂ , ਮੈਂ ਆਪਣੀ ਤਨਖਾਹਾਂ ਕਿੱਥੇ- ਕਿੱਥੇ ਖ਼ਰਚੀਆਂ,ਕੁੱਝ ਵੀ ਯਾਦ ਨਹੀਂ , ਕਿ ਕਿੱਥੇ ਤੇ ਕਿਸ ਲਈ ਖਰਚੀਆਂ,ਪਰੰਤੂ ਆਪਣੀ ਪਹਿਲੀ ਤਨਖ਼ਾਹ ਨੂੰ ਆਪਣੀ ਮਾਂ ਲਈ ਖਰਚ ਕੇ ਇੱਕ ਵੱਖਰਾ ਹੀ ਸਕੂਨ ਮਿਲਿਆ ਜੋ ਮੈਨੂੰ ਕਦੀ ਵੀ ਨਹੀਂ ਭੁੱਲਣਾ | ਸ਼ਾਇਦ ਤੁਹਾਨੂੰ ਵੀ ਆਪਣੀ ਪਹਿਲੀ ਤਨਖ਼ਾਹ ਯਾਦ ਹੋਵੇ.........
-
ਪਿ੍ੰਸੀਪਲ ਰੰਧਾਵਾ ਸਿੰਘ, ਲੇਖਕ
*********
9417131332
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.