- ਇੰਡੀਅਨ-ਪਾਕਿਸਤਾਨ ਸਰਹੱਦ ਨੂੰ ਵਾਘੇ ਵਾਲੀ ਲਖੀਰ ਕਿਓਂ ਕਿਹਾ ਜਾਂਦਾ ਹੈ ?
- ਕਾਗ਼ਜ਼ ਤੇ ਲੀਕ ਛਪਣ ਮਗਰੋਂ ਧਰਤੀ ਤੇ ਇਹ ਲਕੀਰ ਖਿੱਚਣ ਦੀ ਸ਼ੁਰੂਆਤ ਕਦੋਂ ਤੇ ਕਿੱਥੋਂ ਹੋਈ ?
ਲੁਧਿਆਣਾ, 10 ਅਗਸਤ 2023- 1947 ਚ ਮੁਲਕ ਦੀ ਵੰਡ ਵੇਲੇ ਸਾਰੇ ਸੂਬੇ ਪਾਕਿਸਤਾਨ ਅਤੇ ਹਿੰਦੁਸਤਾਨ ਚ ਵੰਡੇ ਗਏ ਜਿੰਨਾ ਚੋਂ ਥੋੜੇ ਪਾਕਿਸਤਾਨ ਦੇ ਹਿੱਸੇ ਆਏ ਤੇ ਬਹੁਤੇ ਹਿੰਦੁਸਤਾਨ ਨੂੰ ਮਿਲੇ ਤੇ ਦੋ ਸੂਬਿਆਂ ਨੂੰ ਛੱਡ ਕੇ ਬਾਕੀ ਸੂਬੇ ਸਾਲਮ ਤੌਰ ਤੇ ਹੀ ਕਿਸੇ ਪਾਸੇ ਗਏ।ਸਿਰਫ ਪੰਜਾਬ ਅਤੇ ਬੰਗਾਲ ਦੇ ਟੋਟੇ ਹੀ ਦੋਵੇਂ ਮੁਲਕਾਂ ਚ ਵੰਡੇ ਗਏ।ਇਨਾਂ ਦੀ ਵੰਡ ਖ਼ਾਤਰ ਇੱਕ ਕਮਿਸ਼ਨ ਮੁਕੱਰਰ ਕੀਤਾ ਗਿਆ।ਪੰਜਾਬ ਵਾਲੇ ਕਮਿਸ਼ਨ ਚ ਇੱਕ ਅੰਗਰੇਜ਼ ਜੱਜ ਸਰ ਸੀਰਿਲ ਰੈਡਕਲਿਫ ਦੀ ਚੇਅਰਮੈਨਸ਼ਿਪ ਹੇਠ ਬਣਿਆ ਜੀਹਦੇ ਦੋ ਮੈਂਬਰ ਜਸਟਿਸ ਦੀਨ ਮੁਹੰਮਦ ਅਤੇ ਜਸਟਿਸ ਮੁਹੰਮਦ ਮੁਨੀਰ ਮੁਸਲਿਮ ਲੀਗ ਦੇ ਨੁਮਾਇੰਦਿਆਂ ਵਜੋਂ ਪਾਏ ਗਏ ਜਦਕਿ ਕਾਂਗਰਸ ਵੱਲੋਂ ਜਸਟਿਸ ਮੇਹਰ ਚੰਦ ਮਹਾਜਨ ਤੇ ਜਸਟਿਸ ਤੇਜਾ ਸਿੰਘ ਕਮਿਸ਼ਨ ਦੇ ਮੈਂਬਰ ਬਣੇ।ਕਾਂਗਰਸ ਤੇ ਮੁਸਲਿਮ ਲੀਗ ਵੱਲੋਂ ਇਹ ਲਿਖਤੀ ਇਕਰਾਰ ਲਿਆ ਗਿਆ ਸੀ ਕਿ ਕਮਿਸ਼ਨ ਦੀ ਰਿਪੋਰਟ ਤੇ ਜੇ ਦੋਵੇਂ ਧਿਰਾਂ ਦੇ ਮੈਂਬਰਾਂ ਦੀ ਕੋਈ ਸੈਹਮਤੀ ਨਾ ਬਣੀ ਤਾਂ ਚੇਅਰਮੈਨ ਦਾ ਫੈਸਲਾ ਫਾਈਨਲ ਹੋਵੇਗਾ ਤੇ ਫੈਸਲਾ ਜੋ ਵੀ ਹੋਵੇ ਦੋਨਾ ਧਿਰਾਂ ਨੂੰ ਮਨਜ਼ੂਰ ਕਰਨਾ ਪਊਗਾ।
ਕਮਿਸ਼ਨ 30 ਜੂਨ 1947 ਨੂੰ ਕਾਇਮ ਹੋਇਆ ਤੇ ਇਹਦੀ ਪਹਿਲੀ ਮੀਟਿੰਗ ਲਹੌਰ ਚ 14 ਜੁਲਾਈ ਨੂੰ ਹੋਈ, 18 ਜੁਲਾਈ ਤੱਕ ਮੰਗ ਪੱਤਰ ਮੰਗੇ ਗਏ। 21 ਤੋਂ 31 ਜੁਲਾਈ ਤੱਕ ਲਹੌਰ ਚ ਹੀ ਖੁੱਲੀ ਪਬਲਿਕ ਸੁਣਵਾਈ ਕੀਤੀ।31 ਜੁਲਾਈ ਨੂੰ ਹੀ ਕਮਿਸ਼ਨ ਸ਼ਿਮਲੇ ਲਈ ਰਵਾਨਾ ਹੋ ਗਿਆ ਉੱਥੇ 6 ਅਗਸਤ ਤੱਕ ਮੀਟਿੰਗਾਂ ਕੀਤੀਆਂ । ਸਹਿਮਤੀ ਨਾ ਹੋਣ ਕਰਕੇ ਚੇਅਰਮੈਨ ਸਰ ਰੈਡਕਲਿਫ ਨੇ ਆਪਦਾ ਐਵਾਰਡ ਸੁਣਾਉਨ ਦਾ ਐਲਾਨ ਕੀਤਾ। ਰੈਡਕਲਿਫ ਨੇ ਇਹ ਐਵਾਰਡ ਨਵੀਂ ਦਿੱਲੀ ਦੀ ਡੇਟ ਲਾਈਨ ਤਹਿਤ 12 ਅਗਸਤ 1947 ਨੂੰ ਵਾਇਸ ਰਾਏ ਲਾਰਡ ਮਾਉਂਟਬੈਟਨ ਨੂੰ ਲਿਖੇ ਫਾਰਵਾਰਡਿੰਗ ਨੋਟ ਦੇ ਨਾਲ ਨੱਥੀ ਕਰਕੇ ਭੇਜਿਆ। ਪਾਕਿਸਤਾਨ ਨੂੰ ਅਜ਼ਾਦੀ 14 ਅਗਸਤ ਨੂੰ ਮਿਲੀ ਤੇ ਭਾਰਤ 15ਅਗਸਤ ਨੂੰ ਅਜ਼ਾਦ ਹੋਇਆ , ਇਹ ਦੋਵੇਂ ਤਰੀਕਾਂ 18 ਜੁਲਾਈ 1947 ਨੂੰ ਬਰਿਟਿਸ਼ ਪਾਰਲੀਮੈਂਟ ਵੱਲੋਂ ਪਾਸ ਕੀਤੇ ਇੰਡੀਅਨ ਇੰਡੀਪੈਂਡੈਂਸ ਐਕਟ ਵਿੱਚ ਹੀ ਮਿਥ ਦਿੱਤੀਆਂ ਗਈਆਂ ਸਨ। ਪਰ ਰੈਡਕਲਿਫ ਕਮਿਸ਼ਨ ਦੀ ਰਿਪੋਰਟ ਵਾਇਸਰਾਏ ਨੇ 17 ਅਗਸਤ ਨੂੰ ਨਸ਼ਰ ਕੀਤੀ। ਇਹਦੇ ਨਾਲ ਜੋ ਇੰਟਰਨੈਸ਼ਨਲ ਬਾਊਂਡਰੀ ਬਣੀ ਉਹ ਪੁਲੀਟੀਕਲ ਹਿਸਟਰੀ ਵਿੱਚ ਰੈਡਕਲਿਫ ਲਾਈਨ ਦੇ ਨਾਅ ਨਾਲ ਮਸ਼ਹੂਰ ਹੋਈ। ਪਰ ਦੋਵੇਂ ਪਾਸੇ ਦੇ ਪੰਜਾਬੀਅਤ ਨੇ ਇਸ ਸਰਹੱਦ ਨੂੰ ਵਾਘੇ ਵਾਲੀ ਲਕੀਰ ਕਿਹਾ ਗਿਆ ।ਹਾਲਾਂਕਿ ਇਹ ਲਕੀਰ ਅਜੇ ਤੱਕ ਵੀ ਸਿਰਫ ਕਾਗਜ਼ਾਂ ਵਿੱਚ ਹੀ ਸੀ ਪਰ ਧਰਤੀ ਤੇ ਲਕੀਰ ਵੀ ਇਹਦੇ ਮੁਤਾਬਕ ਹੀ ਖਿੱਚੀ ਜਾਣੀ ਸੀ ਜੀਹਦੀ ਸ਼ੁਰੂਆਤ ਕਈ ਹਫ਼ਤਿਆਂ ਮਗਰੋਂ ਹੋਈ।
ਧਰਤੀ ਤੇ ਵੰਡ ਦੀ ਲੀਕ ਕਦੋਂ ਮਾਰੀ ਗਈ :
———————————————-
ਭਾਰਤ ਵਾਲੇ ਪਾਸੇ ਪੰਜਾਬ ਫਰੰਟ ਦੇ ਕਮਾਂਡਰ ਬਰਗੇਡੀਅਰ ਮਹਿੰਦਰ ਸਿੰਘ ਚੋਪੜਾ ਨੂੰ ਨਵੀਂ ਬਣੀ ਸਰਹੱਦ ਦਾ ਇਨਚਾਰਜ 8 ਅਕਤੂਬਰ 1947 ਨੂੰ ਲਾਇਆ ਗਿਆ । ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਦਾ ਚਾਰਜ ਬਰਗੇਡੀਅਰ ਨਜ਼ੀਰ ਅਹਿਮਦ ਕੋਲ ਸੀ । ਦੋਵੇਂ ਬਰਗੇਡੀਅਰਾਂ ਨੇ ਪਾਕਿਸਤਾਨ ਦੇ ਪਿੰਡ ਵਾਹਗਾ ਚ ਸਰਹੱਦ ਦੀ ਨਿਸ਼ਾਨਦੇਹੀ ਕਰਨ ਖ਼ਾਤਰ ਪਹਿਲੀ ਮੀਟਿੰਗ ਕੀਤੀ, ਇਹ ਦੋਵੇਂ ਅਫਸਰ ਇੱਕ ਦੂਜੇ ਦੇ ਪਹਿਲੋਂ ਹੀ ਵਾਕਫ਼ ਸੀਗੇ ਇੰਡੀਅਨ ਆਰਮੀ ਚ ਇਕੱਠੇ ਰਹਿਣ ਕਰਕੇ।ਵੰਡ ਮੁਤਾਬਿਕ ਲਹੌਰ ਜਿਲਾ ਪਾਕਿਸਤਾਨ ਤੇ ਅੰਮ੍ਰਿਤਸਰ ਜਿਲਾ ਹਿੰਦੋਸਤਾਨ ਨੂੰ ਮਿਲਿਆ।ਲਹੌਰ-ਅੰਮ੍ਰਿਤਸਰ ਜਰਨੈਲੀ ਸੜਕ ਤੇ ਹਿੰਦੁਸਤਾਨ ਵਾਲੇ ਪਾਸੇ ਅੰਮ੍ਰਿਤਸਰ ਜਿਲੇ ਦੀ ਪਹਿਲੀ ਜੂਹ ਪਿੰਡ ਅਟਾਰੀ ਦੀ ਆਉਂਦੀ ਹੈ ਜਦਕਿ ਪਾਕਿਸਤਾਨ ਵਾਲੇ ਪਾਸੇ ਲਹੌਰ ਜਿਲੇ ਦਾ ਪਹਿਲਾ ਪਿੰਡ ਵਾਹਗਾ ਹੈ।ਸੋ ਸੜਕ ਤੇ ਅਟਾਰੀ ਤੇ ਵਾਘਾ ਪਿੰਡ ਦੀ ਹੱਦਬੰਦੀ ਤੇ ਬਾਰਡਰ ਦੀ ਨਿਸ਼ਾਨੀ ਕਾਇਮ ਕਰਨ ਦਾ ਫੈਸਲਾ ਹੋ ਗਿਆ ।
11 ਅਕਤੂਬਰ 1947 ਨੂੰ ਲਹੌਰ-ਅੰਮ੍ਰਿਤਸਰ ਸੜਕ ਉੱਪਰ ਵਾਘਾ-ਅਟਾਰੀ ਪਿੰਡਾਂ ਦੀ ਹੱਦ ਤੇ ਲੁੱਕ ਵਾਲੇ ਖਾਲੀ ਡਰੰਮ ਅਤੇ ਕੁਝ ਪੱਥਰ ਚਿੱਟੀ ਕਲੀ ਕਰਕੇ ਰੱਖ ਦਿੱਤੇ ਗਏ ਜੋ ਕਿ ਇੰਟਰਨੈਸ਼ਨਲ ਬਾਰਡਰ ਦੀ ਪਹਿਲੀ ਨਿਸ਼ਾਨੀ ਬਣੇ।ਫੇਰ ਬਾਂਸ ਦਾ ਬੈਰੀਕੇਡਨੁਮਾ ਗੇਟ ਬਣਾਇਆ ਜੋ ਰੱਸੀ ਨਾਲ ਖਿੱਚੇ ਤੇ ਬੰਦ ਹੁੰਦਾ ਸੀ।ਇਵੇਂ ਹੀ ਤੰਬੂ ਲਾ ਕੇ ਸਟਾਫ ਬਿਠਾਇਆ ਗਿਆ ਦੋਵੇਂ ਪਾਸੀਂ।ਸੰਤਰੀ ਪੋਸਟਾਂ ਦੇ ਬਾਕਸ ਤੇ ਆਪੋ ਆਪਣੇ ਪਾਸੀਂ ਦੋਵਾਂ ਮੁਲਕਾਂ ਦੇ ਝੰਡੇ ਵੀ ਗੱਡੇ ਗਏ।ਇੰਜ ਹਿੰਦ-ਪਾਕਿ ਵੰਡ ਦੀ ਧਰਤੀ ਤੇ ਲਕੀਰ ਖਿੱਚਣ ਦੀ ਸ਼ੁਰੂਆਤ ਹੋਈ ਜੋ ਕਿ ਬਾਅਦ ਚ ਰੈਡਕਲਿਫ ਵਾਲੀ ਕਾਗਜੀ ਲਕੀਰ ਨੂੰ ਦੇਖ ਕੇ ਬੁਰਜੀਆਂ ਗੱਡ ਕੇ ਧਰਤੀ ਤੇ ਵੀ ਹੌਲੀ ਹੌਲੀ ਵਾਹੀ ਗਈ।1990 ਚ ਜਾ ਕੇ ਕੰਡਿਆਲੀ ਵਾੜ ਨਾਲ ਇਹ ਲਕੀਰ ਹੋਰ ਵੀ ਪੱਕੇ ਪੈਰੀਂ ਹੋ ਗਈ।
ਝੰਡਾ ਉਤਾਰਨ ਮੌਕੇ ਰਸਮੀ ਪਰੇਡ ਦੀ ਸ਼ੁਰੂਆਤ : ਅੱਜ ਵਾਹਗਾ ਬਾਰਡਰ ਤੇ ਦੋਵੇਂ
————————————————-
ਮੁਲਕਾਂ ਦੇ ਜਵਾਨਾਂ ਵੱਲੋਂ ਸ਼ਾਮ ਨਵੇਲੇ ਆਪੋ ਆਪਣੇ ਮੁਲਕਾਂ ਦੇ ਝੰਡੇ ਉਤਾਰਨ ਵੇਲੇ ਜੋ ਰਸਮੀ ਪਰੇਡ ਕੀਤੀ ਜਾਂਦੀ ਹੈ ਉਹਦੀ ਸ਼ੁਰੂਆਤ 1959 ਚ ਹੋਈ।ਸ਼ੁਰੂ ਚ ਇਸ ਰਸਮ ਵੇਖਣ ਦਾ ਕੋਈ ਰਿਵਾਜ ਨਹੀਂ ਸੀ ਹੁੰਦਾ ਪਰ ਅੰਮ੍ਰਿਤਸਰ ਚ ਟੂਰਿਸਟਾਂ ਦੀ ਆਮਦ ਵਧਣ ਨਾਲ ਰਸ਼ ਪੈਣਾ ਸ਼ੁਰੂ ਹੋ ਗਿਆ । ਦਰਸ਼ਕਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਜੋ ਹਜ਼ਾਰਾਂ ਬੰਦਿਆਂ ਦੇ ਬੈਠਣ ਵਾਲੀ ਅਜੋਕੀ ਗੈਲਰੀ ਬਣਨ ਨਾਲ ਇਹ ਅੰਮ੍ਰਿਤਸਰ ਘੁੰਮਣ ਆਏ ਲੋਕਾਂ ਵਾਸਤੇ ਇੱਕ ਅਹਿਮ ਟੂਰਿਸਟ ਪਲੇਸ ਬਣ ਗਈ ਹੈ।
ਬਾਰਡਰ ਨੂੰ ਵਾਘੇ ਵਾਲੀ ਲਕੀਰ ਕਿਓਂ ਆਖਿਆ ਜਾਂਦਾ ਹੈ :
————————————————————
ਲਹੌਰ-ਅੰਮ੍ਰਿਤਸਰ ਰੋਡ ਤੇ ਜਿਸ ਥਾਂ ਬਾਰਡਰ ਲਾਇਨ ਬਣਦੀ ਹੈ ਤੇ ਜਿੱਥੇ ਸਭ ਤੋਂ ਪਹਿਲਾਂ ਬਾਰਡਰ ਚੈੱਕ ਪੋਸਟ ਕਾਇਮ ਹੋਈ ਉਹ ਥਾਂ ਭਾਵੇਂ ਭਾਰਤ ਵਾਲੇ ਅਟਾਰੀ ਪਿੰਡ ਦੀ ਜੂਹ ਚ ਸੀ ਤੇ ਪਾਕਿਸਤਾਨ ਵਾਲੇ ਪਾਸੇ ਵਾਘਾ ਪਿੰਡ ਦੀ ਜੂਹ ਲਗਦੀ ਸੀ ਪਰ ਇੱਥੋਂ ਅਟਾਰੀ ਪਿੰਡ 4 ਕਿਲੋਮੀਟਰ ਦੂਰ ਵਸਦਾ ਸੀ ਜਦਕਿ ਵਾਘਾ ਪਿੰਡ ਕੁਝ ਕੁ ਸੌ ਮੀਟਰ ਦੀ ਦੂਰੀ ਤੇ ਜੀ ਟੀ ਦੇ ਉੱਪਰ ਵਸਦਾ ਸੀ।ਅਟਾਰੀ ਪਿੰਡ ਜੀ ਟੀ ਰੋਡ ਤੋਂ ਅੱਜ ਵੀ ਕਾਫ਼ੀ ਦੂਰ ਪੈਂਦਾ ਹੈ।ਸੋ ਇਸ ਵਜਾਹ ਕਰਕੇ ਬਾਰਡਰ ਵੀ ਅਟਾਰੀ ਦੀ ਬਜਾਏ ਵਾਘੇ ਦੇ ਨਾਂਅ ਤੇ ਮਸ਼ਹੂਰ ਹੋਇਆ ।ਸਰਕਾਰੀ ਕਾਗਜ਼ਾਂ ਵਿੱਚ ਵੀ ਵਾਘਾ ਬਾਰਡਰ ਹੀ ਲਿਖਿਆ ਜਾਣ ਲੱਗਿਆ । ਭਾਰਤ ਸਰਕਾਰ ਨੇ 8 ਸਤੰਬਰ 2007 ਨੂੰ ਇੱਕ ਨੋਟੀਫਿਕੇਸ਼ਨ ਰਹੀਂ ਇਹਦਾ ਨਾਂਅ ਅਟਾਰੀ ਬਾਰਡਰ ਕਰ ਦਿੱਤਾ ਪਰ 15 ਵਰ੍ਹੇ ਬੀਤ ਜਾਣ ਤੇ ਵੀ ਲੋਕ ਜ਼ੁਬਾਨ ਤੇ ਹਾਲੇ ਵੀ ਅਟਾਰੀ ਬਾਰਡਰ ਹੀ ਹੈ।ਬਾਰਡਰ ਪੋਸਟ ਦੇ ਨਾਂਅ ਤੇ ਹੀ ਬਾਰਡਰ ਲਾਈਨ ਯਾਨੀ ਕਿ ਲਕੀਰ ਨੂੰ ਵੀ ਵਾਘੇ ਵਾਲੀ ਲਕੀਰ ਹੀ ਆਖਿਆ ਜਾਣ ਲੱਗਿਆ ਜੀਹਦੀ ਸ਼ੁਰੂਆਤ ਸਾਹਿਤਕਾਰਾਂ ਤੇ ਗੀਤਕਾਰਾਂ ਨੇ ਕੀਤੀ।
-
ਗੁਰਪ੍ਰੀਤ ਸਿੰਘ ਮੰਡਿਆਣੀ, ਖੋਜੀ ਪੱਤਰਕਾਰ, Babushahi Network
gurpreetmandiani@gmail.com
88726 64000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.