ਕੀ ਪੁਰਾਤਨ ਵੇਲਿਆਂ ਦੀ ਥਾਂ ਸਕੂਲਾਂ ਵਿੱਚ ਬੱਚਿਆਂ ਨੂੰ ਫੱਟੀਆਂ ਲਿਖਾਉਣ ਨਾਲ ਲਿਖਾਈ ਨੂੰ ਸੁੰਦਰ ਬਣਾਇਆ ਜਾ ਸਕਦਾ ਹੈ? ਵਿਦਿਅਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਪਰਖੀ ਹੋਈ ਵਿਧੀ ਹੈ ਜਿਸ ਨਾਲ ਵਿਦਿਆਰਥੀ ਆਪਣੀ ਲਿਖਾਈ ਨੂੰ ਮੁੱਢਲੇ ਪੜਾਅ ਤੇ ਹੀ ਬਹੁਤ ਹੀ ਸੋਹਣੀ ਬਣਾ ਸਕਦੇ ਹਨ। ਹਾਲਾਂਕਿ ਹੁਣ ਇਸ ਵਿਧੀ ਦਾ ਪ੍ਰਚਲਨ ਨਹੀਂ ਰਿਹਾ ਫਿਰ ਵੀ ਪੁਰਾਣੇ ਵੇਲੇ ਦੇ ਵਿਚ ਅਧਿਆਪਕ ਬੱਚਿਆਂ ਨੂੰ ਕਲਮਾ ਘੜਕੇ ਦਿੰਦੇ ਅਤੇ ਰੋਜ਼ਾਨਾ ਫੱਟੀਆਂ ਲਿਖਾਉਂਦੇ ਸਨ। ਇਹੋ ਕਾਰਨ ਹੈ ਕਿ ਹੁਣ ਘਰਾਂ ਵਿੱਚ ‘ ਸੂਰਜਾ ਸੂਰਜਾ ਫੱਟੀ ਸੁਕਾ ’ ਦੇ ਬੋਲ ਸੁਣਾਈ ਨਹੀਂ ਦਿੰਦੇ ਸਨ।
ਉਹ ਵੀ ਵੇਲਾ ਸੀ ਜਦੋਂ ਕਿੰਨਾ¸ਕਿੰਨਾ ਚਿਰ ਗਾਚੀ ਭਿਓਂ ਕੇ ਰੱਖਣੀ ਅਤੇ ਤੜਕੇ ਉੱਠਣ ਸਾਰ ਸਭ ਤੋਂ ਪਹਿਲਾਂ ਫੱਟੀ ਪੋਚਣ ਲਈ ਬੈਠ ਜਾਣਾ। ਫਿਰ ਨਹਾ ਧੋ ਕੇ ਆਪਣਾ ਕਿਤਾਬਾਂ ਵਾਲਾ ਬਸਤਾ ਮੋਢਿਆਂ ਵਿੱਚ ਪਾ ਕੇ ਅੱਧ ਸੁੱਕੀ ਫੱਟੀ ਨੂੰ ਹੱਥ ਵਿੱਚ ਫੜ੍ਹ ਕੇ ਸਕੂਲ ਤੱਕ ਹਿਲਾਉਂਦੇ ਜਾਣਾ ਤਾਂ ਜੋ ਸਕੂਲ ਪਹੁੰਚਣ ਤੱਕ ਫੱਟੀ ਚੰਗੀ ਤਰ੍ਹਾਂ ਸੁੱਕ ਜਾਵੇ। ਉਦੋਂ ਸਕੂਲ ਲੱਗਣ ਤੋਂ ਕੁਝ ਸਮਾਂ ਪਹਿਲਾਂ ਛੋਟੇ¸ਛੋਟੇ ਬੱਚਿਆਂ ਨੂੰ ਸਕੂਲ ਦੇ ਮੈਦਾਨਾਂ ਜਾਂ ਗਲਿਆਰਿਆਂ ਵਿੱਚ ‘ ਸੂਰਜਾ ਸੂਰਜਾ ਫੱਟੀ ਸੁਕਾ ’ ਦੇ ਬੋਲ ਗੁਣਗੁਣਾਉਂਦਿਆਂ ਆਮ ਹੀ ਸੁਣਿਆ ਜਾ ਸਕਦਾ ਸੀ ਪਰ ਹੁਣ ਨਾ ਤਾਂ ਫੱਟੀਆਂ ਰਹੀਆਂ ਨੇ ਤੇ ਨਾਂ ਹੀ ਬੱਚਿਆਂ ਮੂੰਹੋਂ ਇਹ ਬੋਲ ਸੁਣਾਈ ਦਿੰਦੇ ਹਨ।
ਫੱਟੀਆਂ ਲਿਖਣ ਲਈ ਸਭ ਤੋਂ ਮੁੱਢਲੀ ਲੋੜ ਕਲਮ ਅਤੇ ਸਿਆਹੀ ਦੀ ਹੁੰਦੀ ਸੀ। ਸਿਆਹੀ ਜਿੰਨੀ ਜ਼ਿਆਦਾ ਗੂੜ੍ਹੀ ਅਤੇ ਕਲਮ ਜਿੰਨੀ ਜ਼ਿਆਦਾ ਤਿੱਖੀ ਹੁੰਦੀ ਓਨੀ ਹੀ ਲਿਖਾਈ ਵਧੀਆ ਹੁੰਦੀ ਸੀ। ਸਿਆਹੀ ਨੂੰ ਗੂੜ੍ਹੀ ਕਰਨ ਲਈ ਉਸ ਵਿੱਚ ਖਰਾਬ ਹੋਈਆਂ ਪ੍ਰੈਸਾਂ ਵਿੱਚੋਂ ਨਿੱਕਲਣ ਵਾਲਾ ਐਲੀਮੈਂਟ, ਜਿਸਨੂੰ ਪ੍ਰੈਸ ਪੱਤਾ ਵੀ ਆਖਿਆ ਜਾਂਦਾ ਹੈ, ਪਾਇਆ ਜਾਂਦਾ ਸੀ ਤੇ ਮਗਰੋਂ ਦਵਾਤ ਨੂੰ ਚੰਗੀ ਤਰਾਂ ਹਿਲਾਇਆ ਜਾਂਦਾ ਸੀ ਤੇ ਨਾਲ-ਨਾਲ ਬੋਲਿਆ ਜਾਂਦਾ ਸੀ
‘ ਕੋਠੇ ਉੱਤੇ ਲੱਕੜ, ਸਿਆਹੀ ਮੇਰੀ ਪੱਕੜ ’
ਇਹ ਸਿਰਫ ਸੋਚ ਹੁੰਦੀ ਸੀ ਕਿ ਅਜਿਹਾ ਕਰਨ ਨਾਲ ਸਿਆਹੀ ਜ਼ਿਆਦਾ ਗੂੜ੍ਹੀ ਹੋ ਜਾਵੇਗੀ। ਇਸੇ ਤਰਾਂ ਆਪਣੇ ਜਮਾਤੀਆਂ ਦੀ ਸਿਆਹੀ ਖਰਾਬ ਕਰਨ ਲਈ ਵੀ ਆਖਿਆ ਜਾਂਦਾ ਸੀ,
‘ ਕੋਠੇ ਉੱਤੇ ਬੇਬੇ, ਸਿਆਹੀ ਤੇਰੀ ਲੇਬੇ ’
ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਟੋਟਕੇ ਸਨ ਜਿਹੜੇ ਬੱਚਿਆਂ ਵੱਲੋਂ ਗੁਣਗੁਣਾਏ ਜਾਂਦੇ ਸਨ ਪਰ ਅੱਜ ਆਲਮ ਇਹ ਹੈ ਕਿ ਲਗਭਗ 90 ਫੀਸਦੀ ਬੱਚੇ ਅਜਿਹੇ ਹਨ ਜਿੰਨ੍ਹਾਂ ਨੂੰ ਫੱਟੀਆਂ ਜਾਂ ਸਲੇਟਾਂ ਬਾਰੇ ਪਤਾ ਹੀ ਨਹੀਂ ਹੈ ਅਜਿਹੇ ਵਿੱਚ ਉਹਨਾਂ ਨੂੰ ਇਹ ਟੋਟਕੇ ਕਿੱਥੋਂ ਯਾਦ ਹੋਣਗੇ।
ਪੁਰਾਣੇ ਸਮੇਂ ਵਿੱਚ ਬੱਚਿਆਂ ਦੀ ਲਿਖਾਈ ਸੁੰਦਰ ਬਣਾਉਣ ਲਈ ਲਿਖਾਈਆਂ ਜਾਣ ਵਾਲੀਆਂ ਫੱਟੀਆਂ ਹੁਣ ਸਕੂਲਾਂ ਵਿੱਚੋਂ ਲਗਭਗ ਅਲੋਪ ਹੋ ਚੁੱਕੀਆਂ ਹਨ। ਤਕਰੀਬਨ ਤਿੰਨ ਦਹਾਕੇ ਪਹਿਲਾਂ ਸਕੂਲਾਂ ਵਿੱਚ ਫੱਟੀਆਂ ਲਿਖਣ ਦੀ ਕਲਾ ਪ੍ਰਚਲਿਤ ਸੀ ਪਰ 21ਵੀਂ ਸਦੀ ਦੀ ਸ਼ੁਰੂਆਤ ਵਿੱਚ ਆਈ ਆਧੁਨਿਕਤਾ ਦੀ ਹਨ੍ਹੇਰੀ ਇਸ ਨੂੰ ਆਪਣੇ ਨਾਲ ਉਡਾ ਕੇ ਲੈ ਗਈ। ਪ੍ਰਾਈਵੇਟ ਅਤੇ ਕਾਨਵੈਂਟ ਸਕੂਲਾਂ ਵਿੱਚ ਫੱਟੀਆਂ ਦੀ ਵਰਤੋਂ ਕੀਤਿਆਂ ਬਗੈਰ ਪ੍ਰਾਪਤ ਕੀਤੇ ਵਧੀਆ ਨਤੀਜਿਆਂ ਨੇ ਵੀ ਕਾਫੀ ਹੱਦ ਤੱਕ ਇਸ ਨੂੰ ਢਾਹ ਲਾਈ ਹੈ। ਕਿਸੇ ਵਕਤ ਆਪਣੀ ਕਾਬਲੀਅਤ ਦੇ ਦਮ ’ਤੇ ਪ੍ਰਾਈਵੇਟ ਸਕੂਲਾਂ ਨੂੰ ਆਪਣੇ ਪਿੱਛੇ ਲਗਾਉਣ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਅੱਜ ਖੁਦ ਨਿੱਜੀ ਸਕੂਲਾਂ ਦੇ ਪਿਛਲੱਗੂ ਬਣੇ ਬੈਠੇ ਹਨ।
20ਵੀਂ ਸਦੀ ਦੇ ਅਖੀਰਲੇ ਸਾਲਾਂ ਦੌਰਾਨ ਸੂਬੇ ਦੇ ਲਗਭਗ ਸਾਰੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਫੱਟੀਆਂ ਅਤੇ ਸਲੇਟਾਂ ’ਤੇ ਲਿਖਣ ਤੇ ਪੂਰਾ ਜੋਰ ਦਿੱਤਾ ਜਾਂਦਾ ਸੀ ਪਰ ਉਸ ਤੋਂ ਬਾਅਦ ਪੰਜਾਬ ਦੇ ਸਕੂਲਾਂ ਵਿੱਚ ਐਸੀ ਹਨ੍ਹੇਰੀ ਛਾਈ ਜਿਸਨੇ ਇਸ ਕਲਾ ਨੂੰ ਹੂੰਝ ਕੇ ਰੱਖ ਦਿੱਤਾ। ਪਹਿਲਾਂ ਸਕੂਲਾਂ ਵਿੱਚ ਫੱਟੀਆਂ ਇਸ ਕਰਕੇ ਲਿਖਵਾਈਆਂ ਜਾਂਦੀਆਂ ਸਨ ਕਿਉਂਕਿ ਸਿੱਖਿਆ ਸ਼ਾਸ਼ਤਰੀ ਅਤੇ ਬੁੱਧੀਜੀਵੀ ਲੋਕ ਇਸਨੂੰ ਬੱਚਿਆਂ ਦੀ ਲਿਖਾਈ ਸੁਧਾਰਨ ਦਾ ਸਸਤਾ ਤੇ ਸਰਲ ਸਾਧਨ ਮੰਨਦੇ ਸਨ।
ਪਰ ਇਸ ਦੇ ਬਿਲਕੁਲ ਉਲਟ ਅੱਜ ਦੇ ਅਧਿਆਪਕਾਂ ਵੱਲੋਂ ਫੱਟੀਆਂ ਲਿਖਵਾਉਣ ਤੋਂ ਗੁਰੇਜ ਕੀਤਾ ਜਾਣ ਲੱਗਾ ਹੈ ਕਿਉਂਕਿ ਸ਼ਾਇਦ ਅਜੋਕੇ ਅਧਿਆਪਕ ਇਸਨੂੰ ਸਫਲਤਾ ਦਾ ਸਾਧਨ ਨਹੀਂ ਮੰਨਦੇ। ਹੁਣ ਅਧਿਆਪਕਾਂ ਕੋਲ ਐਨਾ ਵਕਤ ਹੀ ਨਹੀਂ ਹੈ ਕਿ ਉਹ ਬੱਚਿਆਂ ਨੂੰ ਫੱਟੀਆਂ ਲਿਖਵਾਉਣ। ਵਧ ਰਹੇ ਕੰਮ ਦੇ ਬੋਝ ਕਾਰਨ ਸਾਰੇ ਹੀ ਅਧਿਆਪਕਾਂ ਨੇ ਫੱਟੀਆਂ ਲਿਖਵਾਉਣ ਤੋਂ ਕਿਨਾਰਾ ਕਰ ਲਿਆ ਹੈ। ਜੇਕਰ ਇਹੀ ਹਾਲ ਰਿਹਾ ਤਾਂ ਆਉਣ ਵਾਲੇ ਕੁਝ ਸਾਲਾਂ ਦੌਰਾਨ ਫੱਟੀਆਂ ਅਤੇ ਸਲੇਟਾਂ ਅਜਾਇਬ ਘਰਾਂ ਦਾ ਸ਼ਿੰਗਾਰ ਬਣ ਕੇ ਰਹਿ ਜਾਣਗੀਆਂ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਚੀਜਾਂ ਬਾਰੇ ਸਿਰਫ ਕਹਾਣੀਆਂ ਸੁਣਿਆ ਕਰਨਗੀਆਂ।
-
ਡਿੰਪਲ ਵਰਮਾ, ਹੈਡਮਿਸਟਰੈਸ, ਸਰਕਾਰੀ ਹਾਈ ਸਕੂਲ ਕਰਮਗੜ੍ਹ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ
dimple_86j@yahoo.com
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.