ਵਧੀਆ ਭਵਿੱਖ ਸਿਰਜਣ ਲਈ ਬੱਚਿਆਂ ’ਚ ਪੁਸਤਕਾਂ ਪੜ੍ਹਨ ਦੀ ਰੁਚੀ ਕਰਨੀ ਪਵੇਗੀ ਵਿਕਸਤ
ਵਿਜੈ ਗਰਗ
ਵੈਸੇ ਤਾਂ ਲਾਇਬ੍ਰੇਰੀ ਸ਼ਬਦ ਖ਼ੁਦ ਵਿਚ ਵਿਸ਼ਾਲ ਅਰਥਾਂ ਵਾਲਾ ਸ਼ਬਦ ਹੈ। ਲਾਇਬ੍ਰੇਰੀ ਨੂੰ ਗਿਆਨ ਦਾ ਖ਼ਜ਼ਾਨਾ ਵੀ ਕਿਹਾ ਜਾਂਦਾ ਹੈ, ਜਿਸ ਦਾ ਮਨੁੱਖੀ ਜੀਵਨ ਦੀ ਤਰੱਕੀ ਤੇ ਵਿਕਾਸ ਵਿਚ ਬਹੁਤ ਵੱਡਾ ਯੋਗਦਾਨ ਹੈ। ਪਿਛਲੇ ਸਮੇਂ ਤੋਂ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ’ਚ ਲਾਇਬ੍ਰੇਰੀਆਂ ਦੀ ਸਥਾਪਨਾ ਕਰ ਕੇ ਉਨ੍ਹਾਂ ਨੂੰ ਕਾਫ਼ੀ ਤਵੱਜੋ ਦਿੱਤੀ ਜਾ ਰਹੀ ਹੈ। ਬੱਚਿਆਂ ਨੂੰ ਪੁਸਤਕਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਜੋ ਸਲਾਹੁਣਯੋਗ ਹੈ।
ਲਾਇਬ੍ਰੇਰੀ ਲਈ ਹੋਵੇ ਵੱਖਰਾ ਕਮਰਾ
ਕਹਿੰਦੇ ਹਨ ਕਿ ਜਦੋਂ ਬੱਚਾ ਸਿਲੇਬਸ ਤੋਂ ਬਾਹਰ ਦੀਆਂ ਕਿਤਾਬਾਂ ਪੜ੍ਹਨ ਲੱਗ ਜਾਵੇ, ਭਾਵ ਲਾਇਬ੍ਰੇਰੀ ਨਾਲ ਜੁੜ ਜਾਵੇ, ਉਹ ਵਿਦਵਾਨ ਬਣਨ ਵਾਲੇ ਰਾਹ ਪੈ ਜਾਂਦਾ ਹੈ। ਛੋਟੇ ਬੱਚਿਆਂ ਨੂੰ ਜੇ ਮੁੱਢਲੇ ਪੱਧਰ ’ਤੇ ਹੀ ਪ੍ਰੇਰਨਾਸਰੋਤ ਰਾਹੀਂ ਕਿਤਾਬਾਂ ਪੜ੍ਹਨ ਵੱਲ ਰੁਚਿਤ ਕੀਤਾ ਜਾਵੇ ਤਾਂ ਇਹ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਵੇਗੀ। ਪੰਜਾਬ ਦੇ ਹਰ ਸਕੂਲ ਲਈ ਲਾਇਬ੍ਰੇਰੀ ਕਾਰਨਰ ਹੋਂਦ ’ਚ ਆ ਚੁੱਕੇ ਹਨ। ਇਸ ਕੰਮ ਲਈ ਅਧਿਆਪਕ ਵਰਗ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ। ਸਭ ਤੋਂ ਪਹਿਲਾਂ ਹੋ ਸਕੇ ਤਾਂ ਸਕੂਲ ’ਚ ਲਾਇਬ੍ਰੇਰੀ ਲਈ ਵੱਖਰਾ ਕਮਰਾ ਹੋਵੇ, ਤਾਂ ਜੋ ਬੱਚੇ ਉੱਥੇ ਬੈਠ ਕੇ ਆਰਾਮ ਨਾਲ ਪੁਸਤਕਾਂ ਦਾ ਅਧਿਐਨ ਕਰ ਸਕਣ।
ਵੱਧਦਾ ਹੈ ਸ਼ਬਦ ਭੰਡਾਰ
ਪੁਸਤਕਾਂ ਪੜ੍ਹਨ ਨਾਲ ਬੱਚਿਆਂ ਦਾ ਸ਼ਬਦ ਭੰਡਾਰ ਵੱਧਦਾ ਹੈ। ਉਨ੍ਹਾਂ ਦੀ ਗਿਆਨ ਪ੍ਰਤੀ ਪਕੜ ਪੀਡੀ ਹੁੰਦੀ ਹੈ। ਸ਼ਬਦ ਭੰਡਾਰ ਦਾ ਵਾਧਾ ਪ੍ਰੀਖਿਆਵਾਂ ਲਈ ਸਹਾਇਕ ਸਿੱਧ ਹੁੰਦਾ ਹੈ। ਛੋਟੇ ਬੱਚੇ ਸਵੇਰ ਦੀ ਸਭਾ ’ਚ ਲਾਜ਼ਮੀ ਤੌਰ ’ਤੇ ਭਾਗ ਲੈਂਦੇ ਹਨ। ਇਹ ਆਮ ਜਾਣਕਾਰੀ ਤੇ ਗਿਆਨ-ਵਿਗਿਆਨ ਦਾ ਵਿਸ਼ਾ ਹੈ। ਬਾਹਰੀ ਗਿਆਨ ਹੋਣ ਦੀ ਸੂਰਤ ਵਿਚ ਬੱਚੇ ਹਰ ਪ੍ਰਸ਼ਨ ਦਾ ਉੱਤਰ ਠੀਕ ਤਰੀਕੇ ਨਾਲ ਦੇ ਸਕਦੇ ਹਨ, ਇਸ ਲਈ ਪੁਸਤਕਾਂ ਦਾ ਸਾਥ ਬੜਾ ਜ਼ਰੂਰੀ ਹੈ।
ਚੁੱਕਣਗੇ ਪੈਣਗੇ ਸਾਰਥਿਕ ਕਦਮ
ਜੇ ਵਧੀਆ ਭਵਿੱਖ ਸਿਰਜਣਾ ਹੈ ਤਾਂ ਬੱਚਿਆਂ ’ਚ ਪੁਸਤਕਾਂ ਪੜ੍ਹਨ ਦੀ ਰੁਚੀ ਵਿਕਸਤ ਕਰਨੀ ਪਵੇਗੀ। ਉਨ੍ਹਾਂ ਲਈ ਯੋਗ ਪ੍ਰਬੰਧ ਕਰਨੇ ਪੈਣਗੇ। ਬੱਚਿਆਂ ਨੂੰ ਲਾਇਬ੍ਰੇਰੀ ਨਾਲ ਜੋੜਨ ਲਈ ਸਾਰਥਿਕ ਕਦਮ ਚੁੱਕਣੇ ਪੈਣਗੇ। ਇਸ ਕੰਮ ਲਈ ਬੱਚਿਆਂ ਦੇ ਮਾਪਿਆਂ, ਐੱਸਅੱੈਮਸੀ ਕਮੇਟੀਆਂ ਅਤੇ ਸਮਾਜਿਕ ਸਹਿਯੋਗੀ ਸੰਸਥਾਵਾਂ ਆਦਿ ਦਾ ਸਹਿਯੋਗ ਵੀ ਲਿਆ ਜਾ ਸਕਦਾ ਹੈ, ਜਿਸ ਦੀ ਅਜੋਕੇ ਸਮੇਂ ’ਚ ਵਧੇਰੇ ਲੋੜ ਹੈ।
ਕਿਤਾਬਾਂ ਪੜ੍ਹਨ ਨੂੰ ਬਣਾਇਆ ਜਾਵੇ ਯਕੀਨੀ
ਛੋਟੇ ਬੱਚਿਆਂ ਨੂੰ ਲਾਇਬ੍ਰੇਰੀ ’ਚ ਲਿਜਾ ਕੇ ਉਨ੍ਹਾਂ ਨੂੰ ਇਸ ਦੇ ਲਾਭ ਦੱਸ ਕੇ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ। ਮੁੱਢਲੇ ਦੌਰ ’ਚ ਬੱਚਿਆਂ ਨੂੰ ਕਹਾਣੀਆਂ, ਚੁਟਕਲੇ ਤੇ ਬੁਝਾਰਤਾਂ ਆਦਿ ਪੜ੍ਹਾਈਆਂ ਜਾਣ। ਇਸ ਨਾਲ ਉਨ੍ਹਾਂ ਦੀ ਰੋਚਕਤਾ ਵਧੇਗੀ ਅਤੇ ਪੜ੍ਹਨ ਦੀ ਚੇਟਕ ਲੱਗੇਗੀ। ਚੌਥੀ ਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਨਿਬੰਧ ਰਚਨਾ, ਕਹਾਣੀਆਂ, ਲੇਖ ਤੇ ਕਵਿਤਾਵਾਂ ਆਦਿ ਪੜ੍ਹਨ ਲਈ ਦਿੱਤੀਆਂ ਜਾਣ। ਬੱਚਿਆਂ ਨੂੰ ਹਫ਼ਤੇ ਭਰ ਲਈ ਕਿਤਾਬਾਂ ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਪੜ੍ਹਨਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਇਸ ਮਗਰੋਂ ਪ੍ਰਤੀਕਿਰਿਆ ਲਈ ਜਾ ਸਕਦੀ ਹੈ। ਜਮਾਤ ਇੰਚਾਰਜ ਤੇ ਲਾਇਬ੍ਰੇਰੀ ਇੰਚਾਰਜ ਅਧਿਆਪਕ ਵੱਲੋਂ ਇਸ ਕੰਮ ਲਈ ਜ਼ਰੂਰੀ ਅਗਵਾਈ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ।
ਮਾਨਸਿਕ ਤੇ ਬੌਧਿਕ ਸਮਰੱਥਾ ’ਚ ਹੁੰਦਾ ਵਾਧਾ
ਪੁਸਤਕਾਂ ਬੱਚਿਆਂ ਲਈ ਗਿਆਨ ਪ੍ਰਾਪਤੀ ਦੇ ਨਾਲ-ਨਾਲ ਆਨੰਦ ਪ੍ਰਾਪਤੀ ਦਾ ਸਾਧਨ ਵੀ ਹਨ। ਕਿਤਾਬਾਂ ਪੜ੍ਹਨ ਵਾਲੇ ਬੱਚੇ ਕਦੇ ਅੱਕਦੇ ਨਹੀਂ। ਇਸ ਨਾਲ ਬੱਚਿਆਂ ’ਚ ਪੜ੍ਹਨ ਦੀ ਇਕਾਗਰਤਾ ਬਣਦੀ ਹੈ। ਇਹ ਅੱਗੇ ਜਾ ਕੇ ਉਨ੍ਹਾਂ ਦੀ ਪੜ੍ਹਾਈ ਲਈ ਬੜੀ ਸਹਾਇਕ ਸਿੱਧ ਹੁੰਦੀ ਹੈ। ਪੁਸਤਕਾਂ ਬੱਚਿਆਂ ਲਈ ਮਾਰਗ ਦਰਸ਼ਕ ਹਨ। ਲਾਇਬ੍ਰੇਰੀ ਨਾਲ ਜੁੜਨ ਕਰਕੇ ਬੱਚਿਆਂ ਦਾ ਵਾਹ ਅਨੇਕਾਂ ਸਾਹਿਤਕ ਰੂਪ ਵਿਧਾਵਾਂ ਜਿਵੇਂ ਨਾਵਲ, ਇਕਾਂਗੀ, ਸਫ਼ਰਨਾਮਾ, ਨਿਬੰਧ ਰਚਨਾ, ਕਵਿਤਾਵਾਂ, ਕਹਾਣੀਆਂ ਨਾਲ ਵੀ ਪੈਂਦਾ ਹੈ। ਇਹ ਸਫਲ ਜੀਵਨ ਜਿਊਣ ਦੀ ਜਾਚ ਸਿਖਾਉਂਦੀਆਂ ਹਨ। ਪੁਸਤਕਾਂ ਬੱਚਿਆਂ ਦੀ ਮਾਨਸਿਕ ਤੇ ਬੌਧਿਕ ਸਮਰੱਥਾ ਵਿਚ ਵਾਧਾ ਕਰਦੀਆਂ ਹਨ।
ਜੀਵਨ ਜਾਚ ਸਿਖਾਉਂਦੀਆਂ ਕਿਤਾਬਾਂ
ਸਿਲੇਬਸ ਦੀ ਪੜ੍ਹਾਈ ਦੇ ਨਾਲ ਬੱਚਿਆਂ ’ਚ ਨੈਤਿਕ ਗੁਣਾਂ ਦਾ ਪਸਾਰ ਵੀ ਬੜਾ ਜ਼ਰੂਰੀ ਹੈ। ਪੁਸਤਕਾਂ ਇਸ ਕਾਰਜ ਨੂੰ ਪੂਰਾ ਕਰਦੀਆਂ ਹਨ। ਬੱਚਿਆਂ ਨੂੰ ਚੰਗਾ ਜੀਵਨ ਜਾਚ ਸਿਖਾਉਂਦੀਆਂ ਹਨ ਤੇ ਉਨ੍ਹਾਂ ’ਚ ਸਲੀਕੇ ਦੀ ਭਾਵਨਾ ਪੈਦਾ ਕਰਦੀਆਂ ਹਨ। ਸਟੇਜ ਦਾ ਚੰਗਾ ਬੁਲਾਰਾ ਬਣਨ ਲਈ ਗਿਆਨ ਵਰਧਕ ਪੁਸਤਕਾਂ ਦਾ ਅਧਿਐਨ ਬੜਾ ਜ਼ਰੂਰੀ ਹੈ। ਪ੍ਰਾਇਮਰੀ ਪੱਧਰ ’ਤੇ ਹੀ ਇਹ ਰੁਚੀ ਵਿਕਸਤ ਹੋਣੀ ਚਾਹੀਦੀ ਹੈ। ਬੱਚੇ ਦੇ ਭਵਿੱਖ ’ਚ ਲੀਡਰਸ਼ਿਪ ਦੇ ਗੁਣਾਂ ਦਾ ਵਿਕਾਸ ਹੋਵੇਗਾ ਤੇ ਉਹ ਚੰਗੀ ਅਗਵਾਈ ਕਰਨ ਦੇ ਯੋਗ ਹੋ ਸਕਣਗੇ।
ਮੁੱਢਲੇ ਦੌਰ ’ਚ ਹੁੰਦੀ ਪ੍ਰੇਰਨਾ ਦੀ ਲੋੜ
ਬੱਚਿਆਂ ਨੂੰ ਮੁੱਢਲੇ ਦੌਰ ’ਚ ਹੀ ਪ੍ਰੇਰਨਾ ਦੀ ਲੋੜ ਹੁੰਦੀ ਹੈ। ਬਾਅਦ ’ਚ ਉਹ ਖ਼ੁਦ ਪੜ੍ਹਨਾ ਪਸੰਦ ਕਰਨਗੇ। ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹੁੰਦੀਆਂ ਹਨ। ਇਨ੍ਹਾਂ ਦਾ ਗਿਆਨ ਵਿਹਾਰਕ ਤੇ ਚਿਰ ਸਥਾਈ ਹੁੰਦਾ ਹੈ। ਬੱਚਿਆਂ ਨੂੰ ਭਵਿੱਖ ਲਈ ਅਗਵਾਈ ਪ੍ਰਦਾਨ ਕਰਨ ਲਈ ਚੰਗਾ ਸਰੋਤ ਹਨ।
-
ਵਿਜੈ ਗਰਗ , ਰਿਟਾਇਰਡ ਪ੍ਰਿੰਸੀਪਲ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.