ਜਿਵੇਂ ਇੱਕ ਘਰ ਨੂੰ ਜੀਵੰਤ ਰੱਖਣ ਲਈ ਹਰ ਦਿਨ ਸਫਾਈ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਸਮਾਜ ਨੂੰ ਚੰਗਾ ਬਣਾਈ ਰੱਖਣ ਲਈ ਵੀ ਹਰ ਸਮੇਂ ਉਸਾਰੂ ਸੋਚ ਰੱਖਣ ਵਾਲੇ ਰਹਿਬਰਾਂ ਦੀ ਲੋੜ ਹੁੰਦੀ ਹੈ। ਨਾਮਧਾਰੀ ਪੰਥ ਦੇ ਵਰਤਮਾਨ ਮੁਖੀ ਠਾਕੁਰ ਦਲੀਪ ਸਿੰਘ ਬੜੀ ਸ਼ਿੱਦਤ ਨਾਲ ਅਜੋਕੇ ਵਰਤਾਰਿਆਂ ਨੂੰ ਸਮਝ ਕੇ ਉਹਨਾਂ ਪ੍ਰਤੀ ਲੋਕਾਈ ਨੂੰ ਹਮੇਸ਼ਾ ਸੁਚੇਤ ਕਰਦੇ ਰਹਿੰਦੇ ਹਨ। ਉਹਨਾਂ ਅਜੋਕੇ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਜਿੱਥੇ ਨਾਮਧਾਰੀ ਸਮਾਜ ਰਾਹੀਂ ਸਮਾਜ ਵਿਚ ਕਈ ਕ੍ਰਾਂਤੀਕਾਰੀ ਪਰਿਵਰਤਨ ਲਿਆਂਦੇ ਹਨ ਜਿਵੇਂ ਇਸਤਰੀਆਂ ਨੂੰ ਹਰ ਧਾਰਮਿਕ ਕੰਮਾਂ ਵਿਚ ਵੀ ਸਨਮਾਨਜਨਕ ਸਥਾਨ ਦੇਣਾ, ਜਾਤ-ਪਾਤ ਦੇ ਭੇਦਭਾਵ ਨੂੰ ਦੂਰ ਕਰਨਾ, ਵਿੱਦਿਆ ਦਾਨ ਲਈ ਪ੍ਰੇਰਿਤ ਕਰਨਾ, ਆਪਸੀ ਸਾਂਝੀਵਾਲਤਾ ਅਤੇ ਏਕਤਾ ਲਈ ਮਹਾਨ ਸੰਦੇਸ਼ ਅਤੇ ਪੁਰਜ਼ੋਰ ਯਤਨ ਕਰਨਾ ਆਦਿ। ਠਾਕੁਰ ਦਲੀਪ ਸਿੰਘ ਨੇ ਸਤਿਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਸਮਝਾਉਂਦੇ ਹੋਏ ਸੋਨੇ ਦੀਆਂ ਪਾਲਕੀਆਂ ਅਤੇ ਮਹਿੰਗੇ ਲੰਗਰਾਂ ਦੀ ਥਾਂ ਗਰੀਬ ਸਿੱਖਾਂ ਦੀ ਮਦਦ ਕਰਨ ਦਾ ਸੰਦੇਸ਼ ਦਿੱਤਾ। ਉਹਨਾਂ ਨੇ ਗੁਰੂ ਸਾਹਿਬਾਨਾਂ ਦੇ ਮਹਾਨ ਸਾਂਝੀਵਾਲਤਾ ਦੇ ਸੰਦੇਸ਼ ਨੂੰ ਅੱਗੇ ਲੈ ਕੇ ਜਾਣ ਲਈ ਸਾਰੀਆਂ ਸਿੱਖ ਸੰਪਰਦਾਵਾਂ ਨੂੰ ਇੱਕ ਮੰਚ ਤੇ ਇਕੱਠੇ ਕਰਕੇ 21 ਅਪ੍ਰੈਲ 2014 ਨੂੰ ਦਿੱਲੀ ਵਿਖੇ "ਗੁਰੂ ਨਾਨਕ ਨਾਮ ਲੇਵਾ ਕਾਨਫਰੰਸ", ਹਿੰਦੂ ਸਿੱਖਾਂ ਨੂੰ ਇਕੱਠਾ ਕਰਨ ਲਈ 16 ਅਗਸਤ 2016 ਨੂੰ ਚੰਡੀਗੜ੍ਹ ਵਿਖੇ "ਹਿੰਦੂ ਸਿੱਖ ਏਕਤਾ ਸਮਾਗਮ" ਅਤੇ ਭਾਰਤ ਦੇ ਸਾਰੇ ਮੂਲ ਧਰਮਾਂ ਨੂੰ ਇਕੱਠਿਆਂ ਕਰਨ ਲਈ 27 ਮਾਰਚ 2022 ਨੂੰ ਕਲਾਨੌਰ ਵਿਖੇ "ਭਾਰਤੀ ਧਰਮ ਏਕਤਾ ਸੰਮੇਲਨ" ਕਰਵਾਉਣ ਦੀ ਮਹਾਨ ਪਹਿਲ ਕੀਤੀ ।
ਠਾਕੁਰ ਦਲੀਪ ਸਿੰਘ ਨੇ ਆਪਣੇ ਸਿੱਖ ਭਰਾਵਾਂ ਵਿਚ ਆਪਸੀ ਨੇੜਤਾ ਵਧਾਉਣ ਅਤੇ ਆਪਸੀ ਵਖਰੇਵਿਆਂ ਨੂੰ ਖਤਮ ਕਰਨ ਲਈ ਨਾਮਧਾਰੀਆਂ ਵਿੱਚੋਂ ਵੀ ਲੁਪਤ ਹੋ ਰਹੀਆਂ ਖਾਲਸਾਈ ਮਰਿਆਦਾਵਾਂ ਨੂੰ ਮੁੜ ਬਹਾਲ ਕੀਤਾ ਹੈ। ਜਿਵੇਂ ਕਿ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ ਦੇ ਕੇ ਉਹਨਾਂ ਆਪਸੀ ਭਾਈਚਾਰਕ ਸਾਂਝ ਵਧਾਉਣ ਦਾ ਇੱਕ ਹੋਰ ਨਵੇਕਲਾ ਕਦਮ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਕੁੱਝ ਸਮੇਂ ਤੋਂ ਨਾਮਧਾਰੀ ਪੰਥ ਵਿਚ ਖਾਲਸਾਈ ਮਰਿਯਾਦਾ ਦੇ ਕੁਝ ਅੰਸ਼ ਲੁਪਤ ਹੋ ਚੁੱਕੇ ਸਨ, ਕਿਉਂਕਿ ਜਦੋਂ ਅੰਗਰੇਜ਼ਾਂ ਦਾ ਸਮਾਂ ਸੀ ਤਾਂ ਸਮੁੱਚੀ ਨਾਮਧਾਰੀ ਸੰਗਤ ਅੰਗਰੇਜ਼ ਵਿਰੋਧੀ ਸੀ ਇਸ ਕਰਕੇ ਸਰਕਾਰ ਨਾਮਧਾਰੀਆਂ ਨੂੰ ਕਿਰਪਾਨ ਨਹੀਂ ਸੀ ਰੱਖਣ ਦਿੰਦੀ ਫਿਰ ਉਸ ਸਮੇਂ ਨਾਮਧਾਰੀਆਂ ਨੇ ਚਿੰਨ੍ਹ ਮਾਤਰ ਕਿਰਪਾਨ ਕੰਘੇ ਵਿੱਚ ਰੱਖ ਲਈ ਅਤੇ ਸ਼ਸ਼ਤਰ ਦੇ ਰੂਪ ਵਿੱਚ ਟਕੂਆ ਭਾਵ ਸਫ਼ਾਜੰਗ ਰੱਖ ਲਿਆ। ਵਰਤਮਾਨ ਸਮੇਂ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਨੇ ਸਮੇਂ ਦੀ ਲੋੜ ਨੂੰ ਵੇਖਦੇ ਹੋਏ, ਨਾਮਧਾਰੀਆਂ ਵਿਚ ਖਾਲਸਾਈ ਮਰਿਯਾਦਾ ਦੇ ਲੁਪਤ ਹੋ ਰਹੇ ਹਿੱਸੇ ਦੁਬਾਰਾ ਲਾਗੂ ਕਰਵਾ ਦਿੱਤੇ ਹਨ। ਜਿਸ ਅਨੁਸਾਰ ਆਪ ਨੇ ਸਭ ਤੋਂ ਪਹਿਲਾਂ ਨਾਮਧਾਰੀਆਂ ਨੂੰ ਵੀ ਛੋਟੀ ਕਿਰਪਾਨ ਦੀ ਜਗ੍ਹਾ ਵੱਡੀ ਕਿਰਪਾਨ ਧਾਰਨ ਕਰਨ ਦੀ ਆਗਿਆ ਦਿੱਤੀ। ਇਸ ਮਹਾਨ ਕਾਰਜ ਦੀ ਆਗਿਆ ਆਪ ਜੀ ਨੇ ਸਤੰਬਰ 2015 ਨੂੰ ਅੰਮ੍ਰਿਤਸਰ ਦੇ ਸ਼ਹੀਦੀ ਸਮਾਗਮ ਸਮੇਂ ਦਿੱਤੀ ਅਤੇ ਇਹ ਐਲਾਨ ਕਰ ਦਿੱਤਾ ਕੇ ਅੱਜ ਤੋਂ ਬਾਅਦ ਅੰਮ੍ਰਿਤ ਛਕਣ ਅਤੇ ਛਕਾਉਣ ਸਮੇਂ ਨਾਮਧਾਰੀ ਸਿੰਘ, ਸਿੰਘਣੀਆਂ ਗਾਤਰੇ ਵਿਚ ਪਾ ਕੇ ਵੱਡੀ ਕਿਰਪਾਨ ਪਹਿਨਣ ਅਤੇ ਇਹ ਵੀ ਦੱਸਿਆ ਕਿ ਸਫ਼ਾਜੰਗ ਉਸ ਵੇਲੇ ਰੱਖਣੇ ਪਏ ਜਦੋਂ ਅੰਗਰੇਜ਼ ਸਾਨੂੰ ਰੱਖਣ ਨਹੀਂ ਸੀ ਦਿੰਦੇ ਪਰ ਹੁਣ ਸਾਨੂੰ ਕੋਈ ਮਨਾਹੀ ਨਹੀਂ ਅਤੇ ਲੋੜ ਪੈਣ ਤੇ ਅਸੀਂ ਵੱਡੀ ਕਿਰਪਾਨ ਧਾਰਨ ਕਰ ਸਕਦੇ ਹਾਂ। ਇਸ ਦੇ ਨਾਲ ਹੀ ਆਪ ਜੀ ਨੇ 8 ਸਿੰਘਾਂ ਅਤੇ ਸਿੰਘਣੀਆਂ ਨੂੰ ਕਿਰਪਾਨ ਪੁਆ ਕੇ ਇਹ ਰੀਤ ਦਾ ਸ਼ੁਭ ਆਰੰਭ ਕੀਤਾ ਅਤੇ ਆਪ ਵੀ ਪੰਥ ਦੇ ਮਹਾਨ ਸੰਤ ਬਾਬਾ ਛਿੰਦਾ ਜੀ ਕੋਲੋਂ ਕਿਰਪਾਨ ਧਾਰਨ ਕਰਕੇ ਕਥਨੀ ਅਤੇ ਕਰਨੀ ਦੇ ਪੱਕੇ ਹੋਣ ਦਾ ਸਬੂਤ ਦਿੱਤਾ। ਨਾਮਧਾਰੀ ਸਮਾਜ ਵਿੱਚ ਇੱਹ ਉਹਨਾਂ ਦੇ ਕ੍ਰਾਂਤੀਕਾਰੀ ਕਾਰਜ ਹਨ ਜਿਹਨਾਂ ਨੂੰ ਲਾਗੂ ਕਰਕੇ ਉਹ ਹਜਾਰਾਂ ਨਾਮਧਾਰੀ ਸਿੰਘਾਂ ਦੇ ਰਾਹ ਦਸੇਰੇ ਬਣ ਰਹੇ ਹਨ।
ਇਸ ਤੋਂ ਇਲਾਵਾ ਆਪ ਜੀ ਨੇ ਜਿਹੜੀਆਂ ਖਾਲਸਾਈ ਮਰਿਆਦਾ ਨੂੰ ਮੁੜ ਲਾਗੂ ਕੀਤਾ ਹੈ ਜਿਵੇਂ :ਸ੍ਰੀ ਗ੍ਰੰਥ ਸਾਹਿਬ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿ ਕੇ ਸਤਿਕਾਰ ਦੇਣਾ, ਸਤਿ ਸ੍ਰੀ ਅਕਾਲ ਦੇ ਨਾਲ ਗੁਰੂ ਫਤਿਹ ਬੁਲਾਉਣ ਦੀ ਆਗਿਆ ਦੇਣਾ ਅਤੇ ਆਪਣੇ ਮੁੱਖ ਸਥਾਨ ਸ੍ਰੀ ਜੀਵਨ ਨਗਰ ਵਿਖੇ ਸਫੈਦ ਰੰਗ ਦੇ ਨਿਸ਼ਾਨ ਸਾਹਿਬ ਨਾਲ 18 ਅਕਤੂਬਰ 2015 ਨੂੰ 111 ਫੁੱਟ ਦਾ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਆਪਣੇ ਪੰਥ ਨੂੰ ਵਿਕਸਿਤ ਸੋਚ ਅਤੇ ਭਾਈਚਾਰਕ ਸਾਂਝ ਦੀ ਪੱਧਰ ਲਿਆ ਖੜ੍ਹਾ ਕੀਤਾ ਹੈ। ਆਪਣੀ ਮਾਨਵਵਾਦੀ ਸੋਚ ਚਲਦਿਆਂ ਆਪ ਜੀ ਅਜਿਹਾ ਵੀ ਫੁਰਮਾਉਂਦੇ ਹਨ ਕਿ ਸਾਨੂੰ ਢਾਈ ਜ਼ਿਲਿਆਂ ਦਾ ਖਾਲਸਾ ਰਾਜ ਨਹੀਂ ਸਗੋਂ ਪੂਰੇ ਸੰਸਾਰ ਵਿਚ ਸਤਿਗੁਰੂ ਨਾਨਕ ਦੇਵ ਜੀ ਦਾ "ਖਾਲਸਾ ਰਾਜ", "ਖਾਲਸਾ" ਭਾਵ ਨਿਰਮਲ ਰਾਜ ਸਥਾਪਿਤ ਕਰਨ ਦੀ ਗੱਲ ਬਾਰੇ ਵਕਾਲਤ ਕਰਨੀ ਚਾਹੀਦੀ ਹੈ। ਅੱਜ ਸਾਨੂੰ ਠਾਕੁਰ ਦਲੀਪ ਸਿੰਘ ਵਰਗੇ ਰਹਿਬਰਾਂ ਦੀ ਵੱਡੀ ਲੋੜ ਹੈ। ਸਾਨੂੰ ਲੋੜ ਹੈ ਕਿ ਅਸੀਂ ਐਸੀ ਮਹਾਨ ਸ਼ਖ਼ਸੀਅਤ ਦੇ ਮਾਰਗ ਦਰਸ਼ਨ ਤੇ ਚੱਲ ਕੇ ਆਪਸੀ ਸਾਂਝ ਨੂੰ ਵਧਾਉਂਦੇ ਹੋਏ ਸਮਾਜ ਵਿਚ ਅਮਨ ਸ਼ਾਂਤੀ ਬਹਾਲ ਕਰ ਸਕੀਏ।
-
ਰਾਜਪਾਲ ਕੌਰ, ਲੇਖਕ
*********
9311590001
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.