ਜਨਮ ਦਿਨ ’ਤੇ ਵਿਸ਼ੇਸ਼ : ਦੁਨੀਆਂ ਦਾ ਮਹਾਨ ਆਰਕੀਟੈਕਟ ‘ਭਾਈ ਰਾਮ ਸਿੰਘ’
1 ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਘ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸਦੀਆਂ ਡਿਜ਼ਾਇਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ ਕੇ ਦੇਖਣਗੇ। ਬੇਸ਼ੱਕ ਆਰਕੀਟੈਕਟ ਭਾਈ ਰਾਮ ਸਿੰਘ ਨੂੰ ਉਸਦੇ ਆਪਣੇ ਇਲਾਕੇ ਅਤੇ ਕੌਮ ਦੇ ਲੋਕ ਵਿਸਾਰ ਗਏ ਹੋਣ ਪਰ ਉਸ ਸਰਦਾਰ ਦੀ ਕਲਾ ਦਾ ਲੋਹਾ ਦੁਨੀਆਂ ਅੱਜ ਵੀ ਮੰਨਦੀ ਹੈ। ਭਾਈ ਰਾਮ ਸਿੰਘ ਨੂੰ ਜੇਕਰ 19ਵੀਂ ਸਦੀ ਦਾ ਪ੍ਰਤੱਖ ‘ਵਿਸ਼ਵਕਰਮਾ’ ਕਹਿ ਲਈਏ ਤਾਂ ਕੋਈ ਅੱਤ-ਕਥਨੀ ਨਹੀਂ ਹੋਵੇਗੀ।
ਜਦੋਂ ਵੀ ਕੋਈ ਵਿਅਕਤੀ ਅੰਮ੍ਰਿਤਸਰ ਸਥਿਤ ਖ਼ਾਲਸਾ ਕਾਲਜ ਦੀ ਇਮਾਰਤ ਨੂੰ ਆਪਣੀ ਅੱਖੀਂ ਦੇਖਦਾ ਹੈ ਤਾਂ ਉਹ ਆਪ-ਮੁਹਾਰੇ ਹੀ ਅਸ਼-ਅਸ਼ ਕਰ ਉੱਠਦਾ ਹੈ। ਪਰ ਇਸ ਖੂਬਸੂਰਤ ਇਮਾਰਤ ਨੂੰ ਡਿਜ਼ਾਇਨ ਕਿਸ ਨੇ ਕੀਤਾ ਸੀ, ਉਸ ਮਹਾਨ ਹਸਤੀ ਬਾਰੇ ਬਹੁਤਿਆਂ ਨੂੰ ਨਹੀਂ ਪਤਾ।
ਖ਼ਾਲਸਾ ਕਾਲਜ ਦੀ ਖੂਬਸੂਰਤ ਇਮਾਰਤ ਦਾ ਨਕਸ਼ਾ ਬਟਾਲਾ ਨੇੜਲੇ ਪਿੰਡ ਰਸੂਲਪੁਰ ਦੇ ਜੰਮਪਲ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਭਾਈ ਰਾਮ ਸਿੰਘ ਨੇ ਇਸ ਤੋਂ ਇਲਾਵਾ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ ਜੋ ਸਾਰੀਆਂ ਹੀ ਵਿਰਾਸਤੀ ਇਮਾਰਤਾਂ ਦਾ ਦਰਜਾ ਹਾਸਲ ਕਰ ਚੁੱਕੀਆਂ ਹਨ। ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਮਾਰਬਲ ਡਿਜ਼ਾਇਨਿੰਗ ਅਤੇ ਵੂਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜਾਇਨਿੰਗ ਦਾ ਕੰਮ ਵੀ ਕੀਤਾ।
ਪੰਜਾਬੀ ਦੇ ਪ੍ਰਸਿੱਧ ਲੇਖਕ ਹਰਪਾਲ ਸਿੰਘ ਪੰਨੂੰ ਭਾਈ ਰਾਮ ਸਿੰਘ ਬਾਰੇ ਆਪਣੇ ਇੱਕ ਲੇਖ ਵਿੱਚ ਜਿਕਰ ਕਰਦੇ ਹਨ ਕਿ ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਇੱਕ ਸਧਾਰਨ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਸ. ਆਸਾ ਸਿੰਘ ਤਰਖਾਣਾ ਕੰਮ ਕਰਦੇ ਸਨ। ਸ. ਆਸਾ ਸਿੰਘ ਪਿੰਡ ਰਸੂਲਪੁਰ ਛੱਡ ਕੇ ਅੰਮ੍ਰਿਤਸਰ ਚੀਲ ਮੰਡੀ ਵਿੱਚ ਦੁਕਾਨ ਖ਼ਰੀਦ ਕੇ ਕਾਰੋਬਾਰ ਕਰਨ ਲੱਗ ਪਏ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚੋਂ ਭਾਈ ਰਾਮ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਤਰਖਾਣਾ ਕੰਮ ਵਿੱਚ ਹੱਥ ਵਟਾਉਣ ਲੱਗ ਪਏ। ਭਾਈ ਰਾਮ ਸਿੰਘ ਦੇ ਹੱਥਾਂ ਵਿੱਚ ਬਹੁਤ ਹੁਨਰ ਸੀ ਅਤੇ ਉਸਦੇ ਕੰਮ ਤੋਂ ਸਾਰੇ ਹੀ ਹੈਰਾਨ ਸਨ।
ਓਨੀ ਦਿਨ੍ਹੀਂ ਲਾਹੌਰ ਆਰਟ ਸਕੂਲ ਦਾ ਇੱਕ ਅਧਿਆਪਕ ਹਾਰਵੇ, ਅੰਮ੍ਰਿਤਸਰ ਆਉਂਦਾ ਜਾਂਦਾ ਰਹਿੰਦਾ ਸੀ। ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸਨੂੰ ਬੱਚੇ ਦੀ ਤੀਖਣ ਬੁੱਧ ਦੀ ਦੱਸ ਪਾਈ। ਜਨਵਰੀ 1874 ਵਿੱਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਓਥੇ ਦੇ ਆਰਟ ਸਕੂਲ ਵਿੱਚ ਦਾਖਲ ਹੋ ਗਿਆ। ਪਹਿਲਾਂ ਸਕੂਲ ਦਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ ਤੇ ਕਲਾਸਾਂ ਡੀ.ਪੀ.ਆਈ. ਦਫ਼ਤਰ ਦੇ ਵਰਾਂਡੇ ਵਿੱਚ ਲਗਦੀਆਂ ਸਨ, ਸਕੂਲ ਦੀ ਇਮਾਰਤ ਅਜੇ ਬਣਨੀ ਸੀ। ਸਰਕਾਰ ਇਸ ਸਕੂਲ ਨੂੰ ਪੈਸਾ ਨਹੀਂ ਦਿੰਦੀ ਸੀ।
ਮਾਸਟਰ ਅਪਣੇ ਵਿਦਿਆਰਥੀਆਂ ਤੋਂ ਲੋਕਾਂ ਦੇ ਕੰਮ ਕਰਵਾਉਣੇ, ਜੋ ਪੈਸਾ ਆਵੇ ਉਸ ਨਾਲ ਖਰਚਾ ਕੱਢਣਾ। ਇਹ ਸਕੂਲ ਮਾਸਟਰਾਂ ਨੂੰ ਤਨਖਾਹਾਂ ਦੇਣ ਜੋਗਾ ਵੀ ਨਹੀਂ ਸੀ। ਆਖ਼ਰ 1875 ਵਿੱਚ ਮੇਓ ਸਕੂਲ ਸਥਾਪਿਤ ਹੋਇਆ ਜਿਸ ਵਿੱਚ ਕੁੱਲ ਵੀਹ ਵਿਦਿਆਰਥੀ ਦਾਖਲ ਹੋਏ। ਲਾਹੌਰ ਵਿਖੇ ਬੰਗਾਲ ਬੈਂਕ ਪਿੱਛੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਇਮਾਰਤ ਕਿਰਾਏ ਤੇ ਲੈ ਲਈ। ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਰਾਮ ਸਿੰਘ ਬਾਕੀਆਂ ਵਿਦਿਆਰਥੀਆਂ ਤੋਂ ਪਹਿਲਾਂ ਸਿੱਖ ਗਿਆ। ਪਹਿਲੀ ਸਾਲਾਨਾ ਸਕੂਲ ਰਿਪੋਰਟ ਵਿੱਚ ਮੇਓ ਸਕੂਲ ਦੇ ਪ੍ਰਿੰ. ਕਿਪਲਿੰਗ ਨੇ ਲਿਖਿਆ ਸੰਗਮਰਮਰ ਤ੍ਰਾਸ਼ਣ ਵਾਲੇ ਸ਼ਿਲਪੀ ਦਾ ਬੇਟਾ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਣਹਾਰ ਵਿਦਿਆਰਥੀ ਹਨ ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੀਆਂ ਮੰਜ਼ਿਲਾਂ ਛੁਹੇਗਾ। ਕਾਰਪੈਂਟਰ ਨਹੀਂ ਰਹੇਗਾ, ਇਮਾਰਤਸਾਜ਼ ਬਣੇਗਾ। ਉਹ ਪਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਦੇ ਸਮਰੱਥ ਹੈ। ਭਵਿੱਖ ਵਿੱਚ ਪ੍ਰਿੰਸੀਪਲ ਕਿਪਲਿੰਗ ਦੀ ਇਹ ਭਵਿੱਖਬਾਣੀ ਬਿਲਕੁੱਲ ਸੱਚ ਸਾਬਤ ਹੋਈ।
ਕਹਿੰਦੇ ਹਨ ਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਮੇਮ ਸਾਹਿਬਾ ਦਾ ਪਿਆਨੋ ਖ਼ਰਾਬ ਹੋ ਗਿਆ। ਇਸਦੀ ਮੁਰੰਮਤ ਅਤੇ ਪਾਲਿਸ਼ ਕਰਨ ਲਈ ਆਮ ਮਿਸਤਰੀ ਨੂੰ ਥੋੜ੍ਹਾ ਸੱਦਣਾ ਸੀ? ਭਾਲ ਸ਼ੁਰੂ ਹੋਈ, ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 16 ਸਾਲ ਦੀ ਉਮਰ ਦੇ ਰਾਮ ਸਿੰਘ ਤੋਂ ਵੱਧ ਕੇ ਕੋਈ ਕਾਰੀਗਰ ਨਹੀਂ। ਆਖਰ ਰਾਮ ਸਿੰਘ ਨੂੰ ਸੱਦਿਆ ਗਿਆ। ਉਸਨੇ ਇਹ ਕੰਮ ਸਿਰੇ ਚਾੜ੍ਹ ਕੇ ਡਿਪਟੀ ਕਮਿਸ਼ਨਰ ਕੋਲੋਂ ਸ਼ਾਬਾਸ਼ੀ ਲਈ। ਇਹ ਕੰਮ ਰਾਮ ਸਿੰਘ ਨੇ ਸਕੂਲ ਵਿੱਚੋਂ ਨਹੀਂ ਸਗੋਂ ਆਪਣੇ ਪਿਤਾ ਪਾਸੋਂ ਸਿੱਖਿਆ ਸੀ।
ਛੇ ਸਾਲ ਦੀ ਟ੍ਰੇਨਿੰਗ ਪੂਰੀ ਹੋਈ, ਰਾਮ ਸਿੰਘ ਨੂੰ ਇੱਕ ਅਪ੍ਰੈਲ 1883 ਦੇ ਦਿਨ ਅਸਿਸਟੈਂਟ ਮਾਸਟਰ ਵਜੋਂ ਇਸੇ ਸਕੂਲ ਵਿੱਚ ਨੌਂਕਰੀ ਦਿੱਤੀ ਗਈ। ਰਾਮ ਸਿੰਘ ਦੇ ਮੁੱਢਲੇ ਦਿਨ ਬੜੇ ਸਖ਼ਤ ਸਨ, ਕੇਵਲ ਕਲਾਸ ਰੂਮ ਵਿੱਚ ਪੜ੍ਹਾਉਣਾ ਨਹੀਂ, ਸਰਕਾਰ ਦੇ ਪੱਤਰ ਆਉਂਦੇ ਹੀ ਰਹਿੰਦੇ, ਇਹ ਇਮਾਰਤ ਬਣਾਉਣੀ ਹੈ, ਫਿਰ ਉਹ ਇਮਾਰਤ ਬਣਾਉਣੀ ਹੈ। ਕੇਵਲ ਨਕਸ਼ਾ ਨਹੀਂ ਬਣਾਉਣਾ, ਬਣਦੀ ਇਮਾਰਤ ਦੀ ਨਿਗਰਾਨੀ ਵੀ ਕਰਨੀ ਹੈ। ਥਾਂ-ਥਾਂ ਨੁਮਾਇਸ਼ਾਂ ਲੱਗਦੀਆਂ, ਉਨ੍ਹਾਂ ਦਾ ਪ੍ਰਬੰਧਕ ਰਾਮ ਸਿੰਘ। ਰਾਜੇ, ਵਜ਼ੀਰ, ਧਨੀ ਸੇਠ ਆਪਣੀਆਂ ਹਵੇਲੀਆਂ ਲਈ ਨਕਸ਼ੇ ਬਣਵਾਉਣ ਆਉਂਦੇ। ਰਾਮ ਸਿੰਘ ਬੜੀ ਮਿਹਨਤ ਤੇ ਲਗਨ ਨਾਲ ਇਹ ਸਭ ਕੰਮ ਕਰਨ ਲੱਗਾ।
ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਭਾਰਤੀ ਕਲਾ ਤੋਂ ਬਹੁਤ ਮੁਤਾਸਰ ਸੀ। ਉਹ ਅਸਬਰਨ ਵਿਖੇ ਆਪਣਾ ਸਰਦੀਆਂ ਦਾ ਮਹਿਲ ਭਾਰਤੀ ਕਲਾ ਅਨੁਸਾਰ ਤਿਆਰ ਕਰਾਉਣਾ ਚਾਹੁੰਦੀ ਸੀ। ਮਲਿਕਾ ਨੂੰ ਭਾਈ ਰਾਮ ਸਿੰਘ ਦੀ ਮੁਹਾਰਤ ਦਾ ਪਤਾ ਲੱਗ ਚੁੱਕਾ ਸੀ ਪਰ ਫਿਰ ਵੀ ਉਸ ਸੋਚਦੀ ਸੀ ਕਿ ਸ਼ਾਇਦ ਭਾਰਤ ਵਿੱਚ ਰਾਮ ਸਿੰਘ ਤੋਂ ਵਧੀਆ ਵੀ ਡਿਜ਼ਾਇਨਰ ਹੋਣ। ਮਲਿਕਾ ਨੇ ਕਿਹਾ ਕਿ ਇਸ ਕੰਮ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਟੈਂਡਰ ਵੀ ਮੰਗੇ ਜਾਣ। ਅਜੇ ਇਹ ਕਾਰਵਾਈ ਚੱਲ ਹੀ ਰਹੀ ਸੀ ਕਿ ਉਨੀਂ ਦਿਨੀ ਸੰਨ 1890 ਵਿੱਚ ਮੇਓ ਸਕੂਲ ਦੇ ਪ੍ਰਿੰ. ਕਿਪਲਿੰਗ ਇੰਗਲੈਂਡ ਵਿੱਚ ਹੀ ਸਨ। ਇੱਕ ਦਿਨ ਉਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਤਾਂ ਮਲਿਕਾ ਨੇ ਕਿਪਲਿੰਗ ਨਾਲ ਆਪਣੇ ਮਹਿਲ ਨੂੰ ਭਾਰਤੀ ਕਲਾ ਅਨੁਸਾਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਕਿਪਲਿੰਗ ਨੇ ਕਿਹਾ ਕਿ ਭਾਈ ਰਾਮ ਸਿੰਘ ਤੋਂ ਵਧੀਆ ਹੋਰ ਕੋਈ ਇਹ ਕੰਮ ਨਹੀਂ ਕਰ ਸਕਦਾ। ਮਲਿਕਾ ਮੰਨ ਗਈ। ਰਾਮ ਸਿੰਘ ਵੱਲੋਂ ਸ਼ਰਤਾਂ ਕਿਪਲਿੰਗ ਨੇ ਤੈਅ ਕੀਤੀਆਂ, ਸੌ ਪੌਂਡ ਸਫ਼ਰ ਖਰਚ, ਪੰਜ ਪੌਂਡ ਹਫ਼ਤਾ ਤਨਖ਼ਾਹ, ਮਹਿਲ ਨੇੜੇ ਮੁਫ਼ਤ ਰਿਹਾਇਸ਼। ਖਾਣਾ ਖ਼ੁਦ ਬਣਾ ਲਏਗਾ ਕਿਉਂਕਿ ਹਲਾਲ ਅਤੇ ਤਮਾਕੂ ਦਾ ਪਰਹੇਜ਼ਗਾਰ ਹੈ, ਮਰ ਜਾਏਗਾ ਪਰ ਇਹ ਦੋ ਵਸਤਾਂ ਛੂਹੇਗਾ ਵੀ ਨਹੀਂ।
ਭਾਈ ਰਾਮ ਸਿੰਘ ਨੂੰ ਸਕੂਲ ਵਿੱਚੋਂ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਤਾਂ ਕਿ ਉੱਥੋਂ ਦੇ ਕਾਰੀਗਾਰਾਂ ਨੂੰ ਨਕਸ਼ੇ ਸਮਝਾ ਕੇ ਕੰਮ ਦੀ ਰੂਪ-ਰੇਖਾ ਤਿਆਰ ਕਰਵਾਕੇ ਪਰਤ ਆਏ। ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਪੈਰਿਸ ਗਏ, ਪੈਰਿਸ ਤੋਂ ਟਰੇਨ ਫੜਕੇ ਲੰਡਨ। ਲੈਣ ਵਾਸਤੇ ਰੇਲਵੇ ਸਟੇਸ਼ਨ ਉਸਦਾ ਪ੍ਰਿੰਸੀਪਲ ਕਿਪਲਿੰਗ ਖ਼ੁਦ ਪੁੱਜਿਆ। ਕੁਝ ਦਿਨ ਪ੍ਰਿੰਸੀਪਲ ਨੇ ਆਪਣੇ ਘਰ ਰੱਖਿਆ। ਫਿਰ ਅਸਬਰਨ ਪੁੱਜ ਗਏ ਜਿੱਥੇ ਮਲਿਕਾ ਉਡੀਕ ਰਹੀ ਸੀ। ਭਾਈ ਰਾਮ ਸਿੰਘ ਦਾ ਸਾਰਾ ਖ਼ਰਚ ਮਹਿਲ ਅਦਾ ਕਰੇ। ਜੈਕਸਨ ਐਂਡ ਸੰਜ਼ ਕੰਪਨੀ ਨੂੰ ਠੇਕਾ ਦਿੱਤਾ ਗਿਆ। ਮਹੀਨੇ ਬਾਅਦ ਵਾਪਸ ਆਉਣਾ ਚਾਹਿਆ ਤਾਂ ਕੰਪਨੀ ਦੇ ਕਾਰੀਗਰ ਕਹਿਣ ਲੱਗੇ, ਰਾਮ ਸਿੰਘ ਦੀ ਗ਼ੈਰ ਹਾਜ਼ਰੀ ਵਿੱਚ ਕੰਮ ਨਹੀਂ ਹੋ ਸਕਦਾ। ਉਸਨੂੰ ਇੱਥੇ ਹੀ ਰਹਿਣਾ ਪਏਗਾ। ਛੇ ਮਹੀਨਿਆਂ ਦੀ ਛੁੱਟੀ ਹੋਰ ਲੈ ਲਈ। ਛੇ ਮਹੀਨੇ ਬੀਤ ਗਏ। ਕੰਮ ਦੀ ਸੂਖਮਤਾ ਦਾ ਸਭ ਨੂੰ ਫਿਕਰ ਸੀ ਤੇ ਰਾਮ ਸਿੰਘ ਪ੍ਰਾਜੈਕਟ ਦੀ ਜਾਨ ਸਨ। ਡੇਢ ਸਾਲ ਹੋਰ ਲੱਗ ਗਿਆ। ਅਖੀਰ ਮਾਰਚ 31, 1893 ਨੂੰ ਸਮਾਪਤੀ ਹੋਈ ਅਤੇ ਉਸ ਸਮੇਂ ਤੱਕ ਸਵਾ ਦੋ ਸਾਲ ਬੀਤ ਚੁੱਕੇ ਸਨ।
60 ਬਾਈ 30 ਫੁੱਟ ਆਕਾਰ ਦਾ ਦਰਬਾਰ ਹਾਲ 20 ਫੁੱਟ ਉੱਚਾ ਸੀ। ਜੈਕਸਨ ਕੰਪਨੀ ਨੇ ਆਪਣਾ ਸਟੂਡੀਓ ਰਾਮ ਸਿੰਘ ਵਾਸਤੇ ਮਹਿਲ ਵਿੱਚ ਲੈ ਆਂਦਾ। ਕੰਪਨੀ ਨੂੰ 2250 ਪੌਂਡ ਲੇਬਰ ਦਾ ਖਰਚਾ ਦੇਣਾ ਕੀਤਾ ਸੀ ਜੋ ਰਾਮ ਸਿੰਘ ਦੀਆਂ ਲੋੜਾਂ ਮੁਤਾਬਕ ਵਧਾਣਾ ਪਿਆ। ਫੈਸਲਾ ਹੋਇਆ ਕਿ ਫਾਇਰਪਲੇਸ ਦੀ ਚਿਮਨੀ ਪੈਲ ਪਾਉਂਦੇ ਮੋਰ ਤੋਂ ਸ਼ੁਰੂ ਕਰਕੇ ਉੱਪਰ ਵੱਲ ਵਧੇ। ਲੱਕੜ ਦਾ ਮੋਰ ਬਣਾਉਣ ਵਾਸਤੇ ਭਾਈ ਰਾਮ ਸਿੰਘ ਦੇ 500 ਘੰਟੇ ਖਰਚ ਹੋਏ। ਦਰਬਾਰ ਹਾਲ ਤਿਆਰ ਹੋ ਗਿਆ। ਅਜੇ ਕਿਹੜਾ ਕੰਮ ਮੁੱਕ ਗਿਆ ਸੀ? ਭਾਰਤੀ ਫਰਨੀਚਰ ਹੋਰ ਕੌਣ ਤਿਆਰ ਕਰੇ? ਇਸ ਵਾਸਤੇ ਵੀ ਰਾਮ ਸਿੰਘ ਹੀ ਚਾਹੀਦਾ ਸੀ। ਲੰਮਾ ਡਾਇਨਿੰਗ ਟੇਬਲ ਅਤੇ 36 ਕੁਰਸੀਆਂ ਤਿਆਰ ਕਰਨੀਆਂ ਸਨ, ਬੈਠਣ ਲਈ ਕੰਧਾਂ ਦੇ ਨਾਲ-ਨਾਲ ਕੁਰਸੀਆਂ, ਸੋਫੇ, ਸਾਈਡ ਟੇਬਲ।
ਰਾਮ ਸਿੰਘ ਦੇ ਹੱਥਾਂ ਰਾਹੀਂ ਭਾਰਤੀ ਹੁਨਰ ਯੂਰਪ ਵਿੱਚ ਪਹੁੰਚ ਗਿਆ। ਜਿਸ ਪਾਸੇ ਦਰਸ਼ਕ ਦੀਆਂ ਨਿਗਾਹਾਂ ਜਾਂਦੀਆਂ, ਉਥੇ ਹੀ ਜਮ ਜਾਂਦੀਆਂ। ਜਦੋਂ ਦਰਬਾਰ ਹਾਲ ਦਾ ਕੰਮ ਮੁਕੰਮਲ ਹੋਇਆ ਤਾਂ ਮਹਾਰਾਣੀ ਵਿਕਟੋਰੀਆ ਅਤੇ ਸ਼ਹਿਜਾਦੀ ਲੂਈ ਇਸ ਦੀ ਸ਼ਾਨ ਦੇਖ ਕੇ ਏਨੀਆਂ ਖੁਸ਼ ਹੋਈਆਂ ਕਿ ਉਨ੍ਹਾਂ ਨੇ ਸਤਿਕਾਰ ਵਜੋਂ ਭਾਈ ਰਾਮ ਸਿੰਘ ਦੇ ਹੱਥ ਚੁੰਮ ਲਏ।
ਭਾਈ ਰਾਮ ਸਿੰਘ ਦੀ ਕਲਾ ਤੋਂ ਖੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਦਸਤਖਤ ਕਰਕੇ ਆਪਣੀ ਫੋਟੋ ਅਤੇ ਇੱਕ ਸੋਨੇ ਦਾ ਪੈਨਸਲ ਕੇਸ ਤੋਹਫੇ ਵਜੋਂ ਭਾਈ ਰਾਮ ਸਿੰਘ ਨੂੰ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ, ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਭਾਈ ਰਾਮ ਸਿੰਘ ਦੀ ਤਸਵੀਰ ਨੂੰ ਚਿੱਤਰਿਤ ਕਰਨ ਲਈ ਕਿਹਾ, ਜਿਸਨੇ ਸ. ਰਾਮ ਸਿੰਘ ਦਾ ਇੱਕ ਚਿੱਤਰ ਬਣਾਇਆ ਜੋ ਅੱਜ ਵੀ ਉਸ ਦਰਬਾਰ ਹਾਲ ਵਿੱਚ ਲੱਗਾ ਹੋਇਆ ਹੈ।
ਇੱਕ ਵਾਰ ਪੰਜਾਬ ਦੇ ਗਵਰਨਰ ਨੇ ਭਾਈ ਰਾਮ ਸਿੰਘ ਨੂੰ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ ਲਈ ਕਿਹਾ। ਭਾਈ ਰਾਮ ਸਿੰਘ ਨੇ ‘ਤਖ਼ਤ-ਏ-ਤਾਊਸ’ ਦਾ ਨਿਰਮਾਣ ਕੀਤਾ ਜਿਸਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ ਪਰ ਓਥੇ ਕੋਈ ਵੀ ਇਨ੍ਹਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖੀਰ ਭਾਈ ਰਾਮ ਸਿੰਘ ਖੁਦ ਇੰਗਲੈਂਡ ਜਾ ਕੇ ‘ਤਖ਼ਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿੱਚ ਜੋੜ ਕੇ ਆਏ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਲੇਖ ਦੇ ਸ਼ੁਰੂ ਵਿੱਚ ਦੱਸੀਆਂ ਮਹਾਨ ਵਿਰਾਸਤੀ ਇਮਾਰਤਾਂ ਦੀ ਸਿਰਜਣਾ ਵੀ ਕੀਤੀ।
1886 ਵਿੱਚ ਇੰਡੋ ਕੋਲੋਨੀਅਲ ਨੁਮਾਇਸ਼ ਲੰਡਨ ਵਿੱਚ, 1888 ਗਲਾਸਗੋ ਵਿੱਚ, 1889 ਬੰਬੇ ਵਿੱਚ ਆਰਟ ਐਗਜ਼ੀਬੀਸ਼ਨਜ਼ ਲੱਗੀਆਂ ਜਿੱਥੇ ਭਾਰਤ ਦੀ ਨੁਮਾਇੰਦਗੀ ਭਾਈ ਰਾਮ ਸਿੰਘ ਨੇ ਕੀਤੀ। ਉਹ ਹਰ ਥਾਂ 250 ਫੁੱਟ ਦਾ ਲੱਕੜ ਦਾ ਪਰਦਾ ਲਿਜਾਂਦੇ ਜਿਸ ਉੱਪਰ ਉਨ੍ਹਾਂ ਖ਼ੁਦ ਖੁਣਾਈ ਕੀਤੀ ਹੋਈ ਸੀ, ਫੁੱਲ ਬੂਟਿਆਂ ਦੇ ਬਾਗ ਵਿੱਚ ਪਸ਼ੂ ਪੰਛੀ, ਪੈਲਾਂ ਪਾਉਂਦੇ ਮੋਰ ਉਕਰ ਹੋਏ ਸਨ। ਦਿੱਲੀ ਆਰਟ ਐਗਜ਼ੀਬੀਸ਼ਨ 1903 ਵਿੱਚ ਹੋਇਆ, ਭਾਈ ਰਾਮ ਸਿੰਘ ਦੀਆਂ ਲੱਕੜ ਵਿੱਚ ਖੁਣੀਆਂ ਵਸਤਾਂ ਦਸ ਹਜ਼ਾਰ ਰੁਪਏ ਦੀਆਂ ਵਿਕੀਆਂ। ਟਾਹਲੀ ਦੀ ਲੱਕੜ ਉੱਪਰ ਖੁਣਾਈ ਕੀਤਾ ਬੋਰਡ ਪੰਜ ਰੁਪਏ ਨੂੰ ਵਿਕਿਆ ਤੇ ਉਨ੍ਹਾਂ ਸਿਲਵਰ ਮੈਡਲ ਜਿੱਤਿਆ। ਐਡਵਰਡ ਅੱਠਵੇਂ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ 1905 ਵਿੱਚ ਦਿੱਲੀ ਦਰਬਾਰ ਹੋਣਾ ਤੈਅ ਹੋਇਆ। ਇਸ ਵਿੱਚ ਲੱਗਣ ਵਾਲੀ ਨੁਮਾਇਸ਼ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ ਜੋ ਉਸਨੇ ਬਾਖੂਬੀ ਨਿਭਾਇਆ।
ਭਾਈ ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ 38 ਸਾਲਾਂ ਲਈ ਮੇਯੋ ਸਕੂਲ ਆਫ਼ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਸੇਵਾ ਤੋਂ ਸੇਵਾ ਮੁਕਤ ਹੋ ਗਏ। ਇਹ ਵਰਣਨਯੋਗ ਹੈ ਕਿ ਇਕ ਸਿੱਖ, ਜਿਸਦੀ ਕੋਈ ਰਸਮੀ ਯੋਗਤਾ ਨਹੀਂ ਸੀ, ਉਸਨੂੰ ਬ੍ਰਿਟਿਸ਼ ਰਾਜ ਦੁਆਰਾ ਇਕ ਮਸ਼ਹੂਰ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ ਇਕ ਅੰਗਰੇਜ਼ ਨੂੰ ਦੋ ਨੰਬਰ ’ਤੇ ਰੱਖਿਆ ਗਿਆ ਸੀ।
ਭਾਈ ਰਾਮ ਸਿੰਘ ਦੇ ਪੰਜ ਬੇਟੇ ਤੇ ਦੋ ਧੀਆਂ ਸਨ। ਚੌਥਾ ਬੇਟਾ ਸੁਖਚਰਨ ਸਿੰਘ ਮੇਓ ਸਕੂਲ ਵਿੱਚ ਪੜ੍ਹਿਆ ਤੇ ਅੰਮ੍ਰਿਤਸਰ ਦਾ ਮਸ਼ਹੂਰ ਚਿੱਤਰਕਾਰ ਰਿਹਾ, ਦੂਜਾ ਸੁਲੱਖਣ ਸਿੰਘ, ਇੰਜੀਨੀਅਰਿੰਗ ਕਰਕੇ ਗਲਾਸਗੋ ਚਲਾ ਗਿਆ। ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਨਾਲ ਕੰਮ ਕਰਦਾ। ਸਾਲ 1916, ਰਿਟਾਇਰਮੈਂਟ ਤੋਂ ਤਿੰਨ ਸਾਲ ਬਾਅਦ 58 ਸਾਲ ਦੀ ਉਮਰ ਵਿੱਚ ਆਪਣੀ ਧੀ ਦੇ ਘਰ ਦਿੱਲੀ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ।
ਭਾਂਵੇ ਭਾਈ ਰਾਮ ਸਿੰਘ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੁਆਰਾ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਭਾਈ ਰਾਮ ਸਿੰਘ ਦੀ ਕਲਾ ਏਨੀ ਬੁਲੰਦ ਸੀ ਕਿ ਸ਼ਬਦਾਂ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਰਾਮ ਸਿੰਘ ਦੀ ਮਹਾਨ ਕਲਾ ਤੋਂ ਭਾਂਵੇ ਉਸਦੇ ਆਪਣੇ ਹੀ ਜਾਣੂ ਨਾ ਹੋਣ ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ।
-
ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ
rohitguptasanju@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.