ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ : ਬਗਾਵਤੀ ਸੁਰਾਂ ਉਠਣ ਲੱਗੀਆਂ.... ਉਜਾਗਰ ਸਿੰਘ ਦੀ ਕਲਮ ਤੋਂ
ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੀ ਖੁਸੀ ਜ਼ਮੀਨ ਨੂੰ ਮੁੜ ਪ੍ਰਾਪਤ ਕਰਨ ਦੀ ਥਾਂ ਅਕਾਲੀ ਦਲ ਦੇ ਕੇਡਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਨਾਲੋਂ ਨਰਾਜ਼ ਹੋ ਕੇ ਹੋਰ ਪਾਰਟੀਆਂ ਵਿੱਚ ਗਏ ਨੇਤਾਵਾਂ ਨੂੰ ਵਾਪਸ ਮੁੱਖ ਧਾਰਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਉਹ ਤਾਂ ਸਗੋਂ ਜਿਹੜੇ ਨੇਤਾ ਪਾਰਟੀ ਵਿੱਚ ਪਹਿਲਾਂ ਹੀ ਅਸੰਤੁਸ਼ਟ ਬੈਠੇ ਹਨ, ਉਨ੍ਹਾਂ ਨੂੰ ਹੋਰ ਨਰਾਜ਼ ਕਰਨ ਦੀ ਕੋਈ ਕਸਰ ਨਹੀਂ ਛੱਡ ਰਿਹਾ। ਇਸਤਰੀ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਨੂੰ ਅਣਡਿਠ ਕਰਕੇ ਇਕ ਆਂਗਨਵਾੜੀ ਨੇਤਾ ਨੂੰ ਪਾਰਟੀ ਵਿੱਚ ਸ਼ਾਮਲ ਕਰਦਿਆਂ ਹੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬਣਾ ਦਿੱਤਾ ਹੈ। ਇਸਤਰੀ ਅਕਾਲੀ ਦਲ ਦੀਆਂ ਟਕਸਾਲੀ ਨੇਤਾਵਾਂ ਵਿੱਚ ਘੁਸਰ ਮੁਸਰ ਹੋਣਾ ਕੁਦਰਤੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਖ਼ਤਰੇ ਦੀ ਘੰਟੀ ਵੱਜ ਗਈ ਹੈ ਕਿਉਂਕਿ ਪਾਰਟੀ ਵਿੱਚ ਬਗਾਵਤੀ ਸੁਰਾਂ ਉਠਣ ਲੱਗੀਆਂ ਹਨ। ਤਾਜ਼ਾ ਘਟਨਾਕਰਮ ਅਨੁਸਾਰ ਇਸਤਰੀ ਅਕਾਲੀ ਦਲ ਦੀਆਂ 25 ਟਕਸਾਲੀ ਆਗੂਆਂ ਨੇ ਸਾਂਝੇ ਤੌਰ ’ਤੇ ਆਪਣੇ ਅਸਤੀਫ਼ੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਕੇ ਅਕਾਲੀ ਦਲ ਲਈ ਗੰਭੀਰ ਸੰਕਟ ਖੜ੍ਹਾ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਦੇ ਕਮਜ਼ੋਰ ਹੋ ਜਾਣ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਅਜਿਹੇ ਨੇਤਾ ਤੇ ਵਰਕਰ ਸ਼ਾਮਲ ਕੀਤੇ ਜਾ ਰਹੇ ਹਨ, ਜਿਹੜੇ ਅਕਾਲੀ ਦਲ ਦੀ ਵਿਚਾਰਧਾਰਾ ਬਾਰੇ ਅਣਜਾਣ ਹਨ। ਇਸ ਕਰਕੇ ਟਕਸਾਲੀ ਨੇਤਾਵਾਂ ਅਤੇ ਵਰਕਰਾਂ ਨੂੰ ਘੁਟਣ ਮਹਿਸੂਸ ਹੋਣ ਲੱਗ ਪਈ ਹੈ। ਟਕਸਾਲੀਆਂ ਨੂੰ ਆਪਣਾ ਸਿਆਸੀ ਕੈਰੀਅਰ ਖ਼ਤਮ ਹੁੰਦਾ ਦਿਸ ਰਿਹਾ ਹੈ। ਦਿਨ-ਬਦਿਨ ਅਕਾਲੀ ਦਲ ਨੂੰ ਖ਼ੋਰਾ ਲੱਗ ਰਿਹਾ ਹੈ। ਬੀਬੀ ਹਰਗੋਬਿੰਦ ਕੌਰ ਜੋ ਲੰਬੇ ਸਮੇਂ ਤੋਂ ਖੱਬੇ ਪੱਖੀ ਪਾਰਟੀਆਂ ਨਾਲ ਜੁੜੇ ਹੋਏ ਹਨ ਅਤੇ ਪੰਜਾਬ ਦੀਆਂ ਆਂਗਨਵਾੜੀ ਮਹਿਲਾਵਾਂ ਦੇ ਪ੍ਰਧਾਨ ਵਜੋਂ ਕਾਰਜਸ਼ੀਲ ਹਨ, ਉਸ ਨੂੰ ਚੰਡੀਗੜ੍ਹ ਵਿਖੇ ਆਂਗਨਵਾੜੀ ਮਹਿਲਾਵਾਂ ਦੀ ਇਕ ਮੀਟਿੰਗ ਕਰਕੇ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ। ਇਥੇ ਹੀ ਬੱਸ ਨਹੀਂ ਸਗੋਂ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣਾ ਦਿੱਤਾ ਗਿਆ ਹੈ।
ਬੀਬੀ ਹਰਗੋਬਿੰਦ ਕੌਰ ਨੂੰ ਇਸਤਰੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਪ੍ਰਧਾਨ ਬਣਾਉਣ ਨਾਲ ਇਸਤਰੀ ਅਕਾਲੀ ਦਲ ਦੀਆਂ ਟਕਸਾਲੀ ਆਗੂਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ। ਉਨ੍ਹਾਂ ਤੁਰੰਤ ਮੋਹਾਲੀ ਦੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਬੀਬੀ ਪਰਮਜੀਤ ਕੌਰ ਲਾਂਡਰਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੋਹਾਲੀ ਦੀ ਪ੍ਰਧਾਨਗੀ ਵਿੱਚ ਇੱਕ ਐਮਰਜੈਂਸੀ ਮੀਟਿੰਗ ਕੀਤੀ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀਆਂ ਸੀਨੀਅਰ ਟਕਸਾਲੀ ਵਰਤਮਾਨ ਅਤੇ ਸਾਬਕਾ ਸਟੇਟ ਪ੍ਰਧਾਨ, ਜਿਲ੍ਹਾ ਪ੍ਰਧਾਨ ਅਤੇ ਵਿਧਾਨਕਾਰ 25 ਬੀਬੀਆਂ ਸ਼ਾਮਲ ਹੋਈਆਂ। ਉਨ੍ਹਾਂ ਨੇ ਆਪਣੇ ਸਮੂਹਿਕ ਅਸਤੀਫ਼ੇ ਸੁਖਬੀਰ ਸਿੰਘ ਬਾਦਲ ਨੂੰ ਭੇਜਦਿਆਂ ਕਿਹਾ ਹੈ ਕਿ ਉਹ ਨਵੇਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਵਾਗਤ ਕਰਦੀਆਂ ਹਨ ਪ੍ਰੰਤੂ ਨਵੇਂ ਆਗੂ ਨੂੰ ਟਕਸਾਲੀ ਬੀਬੀਆਂ ਤੋਂ ਅੱਗੇ ਪ੍ਰਧਾਨਗੀ ਦੀ ਕੁਰਸੀ ‘ਤੇ ਬਿਠਾਉਣ ਦੇ ਵਿਰੁੱਧ ਹਾਂ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਵਿਚਾਰਧਾਰਾ ਅਤੇ ਪਰੰਪਰਾ ਤੋਂ ਉਲਟ ਕੰਮ ਹੋ ਰਿਹਾ ਹੈ। ਬੀਬੀ ਹਰਗੋਬਿੰਦ ਕੌਰ ਦਾ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਦੂਰ ਦਾ ਵੀ ਸੰਬੰਧ ਨਹੀਂ। ਇਸ ਤੋਂ ਪਹਿਲਾਂ ਵੀ ਪਾਰਟੀ ਵਿੱਚ ਅਜਿਹੀਆਂ ਗ਼ਲਤੀਆਂ ਹੋਈਆਂ ਹਨ, ਜਿਸ ਕਰਕੇ ਪਾਰਟੀ ਵਿੱਚ ਨਮੋਸ਼ੀ ਪੈਦਾ ਹੁੰਦੀ ਰਹੀ ਅਤੇ ਖੋਰਾ ਲਗਦਾ ਆ ਰਿਹਾ ਹੈ। ਬੀਬੀ ਹਰਗੋਬਿੰਦ ਕੌਰ ਦੇ ਪ੍ਰਧਾਨ ਬਣਨ ਨਾਲ ਅਕਾਲੀ ਦਲ ਬਾਦਲ ਵਿੱਚ ਪਹਿਲਾਂ ਹੀ ਚਲ ਰਿਹਾ ਅਸੰਤੋਸ਼ ਹੋਰ ਵੱਧ ਜਾਵੇਗਾ। ਪਾਰਟੀ ਦੇ ਸੀਨੀਅਰ ਨੇਤਾਵਾਂ ਵਿੱਚ ਘੁਸਰ ਮੁਸਰ ਸ਼ੁਰੂ ਹੋ ਗਈ ਹੈ। ਉਹ ਇਸਤਰੀਆਂ ਦੀ ਇਸ ਬਗਾਬਤ ਨੂੰ ਪਾਰਟੀ ਲਈ ਘਾਤਕ ਸਮਝ ਰਹੇ ਹਨ, ਕਿਉਂਕਿ ਜਿਸ ਪਾਰਟੀ ਦੀਆਂ ਇਸਤਰੀਆਂ ਨਿਰਾਸ਼ਾ ਦੇ ਆਲਮ ਵਿੱਚ ਹੋਣਗੀਆਂ ਉਹ ਪਾਰਟੀ ਸਥਿਰ ਨਹੀਂ ਹੋ ਸਕਦੀ। ਇਸਤਰੀਆਂ ਪੰਜਾਬ ਦੀ ਕੁਲ ਵਸੋਂ ਦਾ ਅੱਧਾ ਹਿੱਸਾ ਹਨ। ਜੇਕਰ ਇਸਤਰੀਆਂ ਪਾਰਟੀ ਤੋਂ ਦੂਰ ਹੋ ਗਈਆਂ ਅਕਾਲੀ ਦਲ ਲਈ ਸਿਆਸਤ ਵਿੱਚ ਸਫਲਤਾ ਪ੍ਰਾਪਤ ਕਰਨੀ ਮੁਸ਼ਕਲ ਹੋ ਜਾਵੇਗੀ ਕਿਉਂਕਿ ਅਕਾਲੀ ਦਲ ਬਾਦਲ ਵਿੱਚ ਇਸਤਰੀਆਂ ਦੀ ਗਿਣਤੀ ਪਹਿਲਾਂ ਹੀ ਘੱਟ ਹੈ। ਅਕਾਲੀ ਦਲ ਬਾਦਲ ਤਾਂ ਪਹਿਲਾਂ ਹੀ ਲੋਕਾਂ ਤੋਂ ਦੂਰ ਹੋ ਚੁੱਕਿਆ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪ੍ਰਮੁਖ ਸਿਆਸੀ ਪਾਰਟੀ ਕਹਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਦੀਆਂ ਸਿਰਫ ਤਿੰਨ ਸੀਟਾਂ ਹੀ ਜਿੱਤ ਸਕਿਆ ਹੈ।
ਪਰਕਾਸ਼ ਸਿੰਘ ਬਾਦਲ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਤਾਂ ਪਾਰਟੀ ਵਿੱਚ ਮੌਕਾਪ੍ਰਸਤ ਅਤੇ ਚਾਪਲੂਸ ਭਾਰੂ ਪੈ ਗਏ ਹਨ, ਜਿਸ ਕਰਕੇ ਪਾਰਟੀ ਵਿੱਚ ਨਿਘਾਰ ਆ ਗਿਆ ਹੈ। ਸੁਖਬੀਰ ਸਿੰਘ ਬਾਦਲ ਦੀਆਂ ਆਪ ਹੁਦਰੀਆਂ ਨੀਤੀਆਂ ਅਤੇ ਚਾਪਲੂਸਾਂ ਦੇ ਘੇਰੇ ਵਿੱਚ ਰਹਿਣ ਕਰਕੇ ਨੇਤਾ ਅਤੇ ਵਰਕਰ ਪਾਰਟੀ ਤੋਂ ਪੈਰ ਪਿਛੇ ਖਿਚਣ ਲੱਗ ਗਏ ਹਨ। ਸੁਖਬੀਰ ਸਿੰਘ ਬਾਦਲ ਹਰ ਫ਼ੈਸਲਾ ਪਾਰਟੀ ਦੇ ਨੇਤਾਵਾਂ ਨੂੰ ਭਰੋਸੇ ਵਿੱਚ ਲੈਣ ਦੀ ਥਾਂ ਮਨਮਾਨੀਆਂ ਕਰ ਰਹੇ ਹਨ। ਪੰਥਕ ਪਾਰਟੀ ਦਾ ਮੁੱਖੀ ਪਹਿਲੀ ਵਾਰ ਪੰਥਕ ਦਿਖ ਅਤੇ ਪੰਥਕ ਸੋਚ ਤੋਂ ਕੋਹਾਂ ਦੂਰ ਹੈ। ਉਹ ਪਾਰਟੀ ਨੂੰ ਇਕ ਪ੍ਰਾਈਵੇਟ ਵਪਾਰਕ ਅਦਾਰੇ ਦੀ ਤਰ੍ਹਾਂ ਚਲਾ ਰਹੇ ਹਨ। ਜਦੋਂ ਤੋਂ ਸੁਖਬੀਰ ਸਿੰਘ ਬਾਦਲ ਪਰਕਾਸ਼ ਸਿੰਘ ਬਾਦਲ ਦੀ ਵਜ਼ਾਰਤ ਵਿੱਚ ਉਪ ਮੁੱਖ ਮੰਤਰੀ ਸ਼ਾਮਲ ਹੋਏ ਸਨ, ਉਦੋਂ ਤੋਂ ਹੀ ਪਾਰਟੀ ਗੰਭੀਰ ਸੰਕਟ ਵਿੱਚ ਜਾਣ ਲੱਗ ਪਈ ਸੀ। ਸਤੰਬਰ 2015 ਵਿੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਮੁਆਫੀ ਦੇਣ ਤੋਂ ਬਾਅਦ ਅਕਾਲੀ ਦਲ ਬਾਦਲ ਵਿੱਚ ਖਲਬਲੀ ਮੱਚ ਗਈ ਸੀ। ਉਸ ਸਮੇਂ ਅਕਾਲੀ ਦਲ ਦਾ ਵੱਡੇ ਪੱਧਰ ‘ਤੇ ਵਿਰੋਧ ਹੋਇਆ ਸੀ ਕਿਉਂਕਿ ਪੰਜਾਬ ਦੇ ਲੋਕ ਅਕਾਲ ਤਖ਼ਤ ਦੇ ਇਸ ਫ਼ੈਸਲੇ ਪਿਛੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਦਾ ਹੱਥ ਸਮਝਦੇ ਸਨ। ਇਸ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਖ਼ਬਾਰਾਂ ਵਿੱਚ ਇਸ਼ਤਿਹਾਰ ਵੀ ਦਿੱਤੇ ਗਏ ਸਨ। ਅਕਾਲੀ ਨੇਤਾਵਾਂ ਦਾ ਇਕ ਮਹੀਨਾ ਪਿੰਡਾਂ ਵਿੱਚ ਵੜਨਾ ਅਸੰਭਵ ਹੋ ਗਿਆ ਸੀ। ਭਾਵੇਂ ਬਾਅਦ ਵਿੱਚ ਉਹ ਫ਼ੈਸਲਾ ਵਾਪਸ ਲੈ ਲਿਆ ਸੀ ਪ੍ਰੰਤੂ ਉਸ ਤੋਂ ਬਾਅਦ ਅਕਾਲੀ ਦਲ ਦਾ ਅਕਸ ਖ਼ਰਾਬ ਹੋ ਕੇ ਗਿਰਦਾ ਹੀ ਗਿਆ ਸੀ। ਅਕਾਲੀ ਦਲ ਦੇ ਵਰਕਰ ਪਾਰਟੀ ਤੋਂ ਖਫਾ ਹੋ ਕੇ ਦੂਰ ਹੋ ਗਏ ਸਨ। ਉਸ ਤੋਂ ਬਾਅਦ ਲਗਾਤਾਰ ਅਕਾਲੀ ਲੀਡਰਸ਼ਿਪ ਵੱਲੋਂ ਗ਼ਲਤੀਆਂ ਤੇ ਗ਼ਲਤੀਆਂ ਹੋ ਰਹੀਆਂ ਹਨ। ਇਸੇ ਸਿਲਸਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਤਾਰੇ ਪਿਛਲੇ 4 ਸਾਲਾਂ ਤੋਂ ਗਰਦਸ਼ ਵਿੱਚ ਹਨ। 2019 ਵਿੱਚ ਮਾਝੇ ਦੇ ਜਰਨੈਲ ਕਹੇ ਜਾਂਦੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਸੀਨੀਅਰ ਉਪ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਪਾਰਟੀ ਵਿਰੋਧੀ ਸਰਗਰਮੀਆਂ ਦਾ ਨਾਮ ਦੇ ਕੇ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ। ਉਸ ਤੋਂ ਬਾਅਦ ਅਕਤੂਬਰ 2019 ਵਿੱਚ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਅਕਾਲੀ ਦਲ ਛੱਡ ਗਏ। ਨਵੰਬਰ 2022 ਵਿੱਚ ਪਾਰਟੀ ਵਿਰੋਧੀ ਕਾਰਵਾਈਆਂ ਕਰਕੇ ਬੀਬੀ ਜਾਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਕਾਲੀ ਦਲ ਬਾਦਲ ਵਿੱਚੋਂ ਕੱਢ ਦਿੱਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਦਿਗਜ਼ ਨੇਤਾਵਾਂ ਜਿਨ੍ਹਾਂ ਵਿੱਚ ਜਥੇਦਾਰ ਮੋਹਣ ਸਿੰਘ ਤੁੜ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਜਥੇਦਾਰ ਜਗਦੇਵ ਸਿੰਘ ਤਲਵੰਡੀ, ਕੈਪਟਨ ਕੰਵਲਜੀਤ ਸਿੰਘ, ਜਸਦੇਵ ਸਿੰਘ ਸੰਧੂ, ਸੁਰਜਨ ਸਿੰਘ ਠੇਕੇਦਾਰ ਅਤੇ ਧੰਨਾ ਸਿੰਘ ਗੁਲਸ਼ਨ ਦੇ ਪਰਿਵਾਰਾਂ ਨੂੰ ਬਾਦਲ ਪਰਿਵਾਰ ਨੇ ਅਣਡਿਠ ਕੀਤਾ ਤੇ ਫਿਰ ਨਿਰਾਸ਼ਾ ਵਿੱਚ ਉਹ ਪਰਿਵਾਰ ਅਕਾਲੀ ਦਲ ਤੋਂ ਅਸਤੀਫ਼ੇ ਦੇ ਗਏ। ਮਾਸਟਰ ਤਾਰਾ ਸਿੰਘ ਦੇ ਪਰਿਵਾਰ ਨੂੰ ਪਾਰਟੀ ਵਿੱਚ ਅਣਡਿਠ ਕੀਤਾ ਜਾ ਰਿਹਾ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਖ਼ੋਰਾ ਲਗਦਾ ਰਿਹਾ ਜੋ ਅਜੇ ਤੱਕ ਵੀ ਜਾਰੀ ਹੈ। ਸੁਖਬੀਰ ਸਿੰਘ ਬਾਦਲ ਦੀਆਂ ਨੀਤੀਆਂ ਅਤੇ ਉਨ੍ਹਾਂ ਦੀ ਕਾਰਜਸ਼ੈਲੀ ਤੋਂ ਅਕਾਲੀ ਨੇਤਾ ਅਤੇ ਵਰਕਰ ਨਾਖ਼ੁਸ਼ ਹਨ।
ਸ਼੍ਰੋਮਣੀ ਅਕਾਲੀ ਦਲ ਸਿੱਖ ਜਗਤ ਦੀ ਸਿਰਮੌਰ ਸੰਸਥਾ ਹੈ। ਅਕਾਲੀ ਦਲ ਦਾ ਇਤਿਹਾਸ ਜਦੋਜਹਿਦ ਅਤੇ ਕੁਰਬਾਨੀਆਂ ਨਾਲ ਸਿੰਜਿਆ ਹੋਇਆ ਹੈ। ਇਸ ਪਾਰਟੀ ਨੂੰ ਝੁਜਾਰੂਆਂ ਦੀ ਪ੍ਰਤੀਨਿਧ ਪਾਰਟੀ ਕਿਹਾ ਜਾਂਦਾ ਹੈ। ਦੇਸ਼ ਦੀ ਆਜ਼ਾਦੀ ਵਿੱਚ ਇਸ ਪਾਰਟੀ ਦੇ ਪਰਵਾਨਿਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸ਼ਹੀਦੀਆਂ ਪ੍ਰਾਪਤ ਕਰਨ ਵਾਲਿਆਂ ਵਿੱਚ ਬੀਬੀ ਗੁਲਾਬ ਕੌਰ ਵਰਗੀਆਂ ਵੀਰਾਂਗਣਾ ਵੀ ਸਨ। ਭਾਵ ਅਕਾਲੀ ਵਿੱਚ ਬੀਬੀਆਂ ਦਾ ਯੋਗਦਾਨ ਹਮੇਸ਼ਾ ਮਹੱਤਵਪੂਰਨ ਰਿਹਾ ਹੈ।
1920 ਵਿੱਚ ਅਕਾਲੀ ਦਲ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਹੋਂਦ ਵਿੱਚ ਆਇਆ ਸੀ। ਪ੍ਰੰਤੂ ਬਾਅਦ ਵਿੱਚ ਇਸ ਨੂੰ ਰਾਜਨੀਤਕ ਪਾਰਟੀ ਬਣਾਇਆ ਗਿਆ। ਅਕਾਲੀ ਦਲ ਨੂੰ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਲਈ ਅਨੇਕ ਵਾਰ ਧਰਨੇ ਅਤੇ ਅੰਦੋਲਨ ਕਰਨੇ ਪਏ। ਇਥੋਂ ਤੱਕ ਕਿ ਪੰਜਾਬੀ ਸੂਬਾ ਵੀ ਸ਼੍ਰੋਮਣੀ ਅਕਾਲੀ ਦਲ ਦੀ ਲੰਬੀ ਜਦੋਜਹਿਦ ਤੋਂ ਬਾਅਦ ਬਣਿਆਂ ਸੀ। ਭਾਵੇਂ ਪੰਜਾਬ ਵਿੱਚ ਬਹੁਤਾ ਸਮਾਂ ਕਾਂਗਰਸ ਪਾਰਟੀ ਰਾਜ ਕਰਦੀ ਰਹੀ ਪ੍ਰੰਤੂ ਅਕਾਲੀ ਦਲ ਦਾ ਯੋਗਦਾਨ ਵੀ ਘੱਟ ਨਹੀਂ ਸੀ। ਪਰਕਾਸ਼ ਸਿੰਘ ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ। ਅਕਾਲੀ ਦਲ ਨੂੰ ਸਿਆਸੀ ਤਾਕਤ ਵਿੱਚ ਲਿਆਉਣ ਲਈ ਇਸਤਰੀਆਂ ਦੇ ਯੋਗਦਾਨ ਨੂੰ ਅਣਡਿਠ ਨਹੀਂ ਕੀਤਾ ਜਾ ਸਕਦਾ। ਪੰਜਾਬ ਦੀ ਆਬਾਦੀ ਦਾ ਅੱਧਾ ਹਿੱਸਾ ਇਸਤਰੀਆਂ ਹਨ। ਜੇਕਰ ਇਹ ਅੱਧਾ ਹਿੱਸਾ ਕਿਸੇ ਸਿਆਸੀ ਪਾਰਟੀ ਤੋਂ ਮੁੱਖ ਮੋੜ ਲੈਣ ਤਾਂ ਉਸ ਪਾਰਟੀ ਦਾ ਅਸਤਿਤਵ ਖ਼ਤਰੇ ਵਿੱਚ ਪੈ ਸਕਦਾ ਹੈ। ਇਸਤਰੀਆਂ ਦੀ ਬਗਾਬਤ ਤੋਂ ਬਾਅਦ ਵੇਖੋ ਅਕਾਲੀ ਦਲ ਦਾ ਭਵਿਖ ਕੌਣ ਤਹਿ ਕਰੇਗਾ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.