ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਫੁਗਲਾਣਾ ਤੋਂ ਸੰਬੰਧਤ ਉਹ ਅਗਾਂਹਵਧੂ ਕਿਸਾਨ ਹੈ, ਜਿਸ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਐੱਮ ਐੱਸ ਸੀ ਹਾਰਟੀਕਲਚਰ ਦੀ ਸਿੱਖਿਆ ਪ੍ਰਾਪਤ ਕੀਤੀ ਹੈ। ਸ. ਅੰਮ੍ਰਿਤਪਾਲ ਸਿੰਘ ਕੁੱਲ 54 ਕਿੱਲੇ ਰਕਬੇ ਵਿੱਚ ਖੇਤੀ ਕਰਦੇ ਹਨ। ਇਸ ਵਿੱਚੋਂ ਉਨ੍ਹਾਂ ਨੇ 16 ਏਕੜ ਵਿੱਚ ਨਾਸ਼ਪਾਤੀ, ਆੜੂ ਅਤੇ ਅਲੂਚੇ ਦਾ ਬਾਗ ਵੀ ਲਗਾਇਆ ਹੋਇਆ ਹੈ। ਖੇਤੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਇਹ ਬਹਾਰ ਰੁੱਤ ਦੀ ਮੱਕੀ ਅਤੇ ਮੂੰਗੀ ਦੀ ਵੀ ਬਿਜਾਈ ਕਰਦੇ ਹਨ ਅਤੇ ਸਿੰਚਾਈ ਦਾ ਸਾਰਾ ਕੰਮ ਸੋਲਰ ਪੰਪਾਂ ਦੇ ਨਾਲ ਕੀਤਾ ਜਾਂਦਾ ਹੈ। ਬੇਲੋੜੀਆਂ ਜ਼ਹਿਰਾਂ ਦੀ ਵਰਤੋਂ ਨੂੰ ਠੱਲ੍ਹ ਪਾਉਣ ਦੇ ਲਈ ਕੁਝ ਸਾਲ ਇਹਨਾਂ ਨੇ ਪਹਿਲਾਂ ਹਲਦੀ ਦੀ ਕਾਸ਼ਤ ਸ਼ੁਰੂ ਕੀਤੀ। ਉਹ ਹਲਦੀ ਦੀ ਖੇਤੀ ਵਿੱਚ ਗੰਡੋਇਆ ਖਾਦ, ਹਰੀ ਖਾਦ, ਦੇਸੀ ਰੂੜੀ, ਨਿੰੰਮ ਦਾ ਤੇਲ ਅਤੇ ਹੋਰ ਜੈਵਿਕ ਪਦਾਰਥਾਂ ਦੀ ਵਰਤੋਂ ਨੂੰ ਹੀ ਪਹਿਲ ਦਿੰਦੇ ਹਨ। ਉਹਨਾਂ ਨੇ ਇਸ ਤੋਂ ਉਤਸ਼ਾਹਿਤ ਹੋ ਕੇ ਆਪਣਾ ਪ੍ਰੋਸੈਸਿੰਗ ਪਲਾਂਟ ਵੀ ਲਾਇਆ ਜਿਸ ਨਾਲ ਪਾਊਡਰ ਬਣਾ ਕੇ ਪੈਕਿੰਗ ਕਰਨ ਉਪਰੰਤ ਖਪਤਕਾਰਾ ਤੱਕ ਮਿਆਰੀ ਉਤਪਾਦ ਪਹੁੰਚਾਇਆ ਜਾਂਦਾ ਹੈ। ਇੱਕ ਨਾਮੀ ਬਰਾਂਡ ਦੇ ਨਾਮ ਹੇਠ ਉਨ੍ਹਾਂ ਦੀ ਹਲਦੀ ਪੰਜਾਬ ਅਤੇ ਗਵਾਂਢੀ ਸੂਬਿਆਂ ਵਿੱਚ ਕਾਫੀ ਮਸ਼ਹੂਰ ਹੈ। ਕਈ ਵਪਾਰੀ ਤਾਂ ਪਲਾਂਟ ਵਿੱਚ ਆਕੇ ਹੀ ਹਲਦੀ ਦੀ ਖੇਪ ਲਿਜਾਣਾ ਪਸੰਦ ਕਰਦੇ ਹਨ।
ਯੂਨੀਵਰਸਿਟੀ ਵੱਖ-ਵੱਖ ਖੇਤੀ ਅਦਾਰਿਆਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ, ਲੰਗੜੋਆ ਤੋਂ ਸਿਖਲਾਈਆਂ ਪ੍ਰਾਪਤ ਕਰ ਚੁੱਕੇ ਸ. ਰੰਧਾਵਾ ਕੋਲ 1800 ਮੀਟਿਰਿਕ ਟਨ ਸਮਰਥਾ ਦਾ ਆਪਣਾ ਕੋਲਡ ਸਟੋਰ ਹੈ, ਜਿਸ ਵਿੱਚ ਆਲੂਆਂ ਦੀ ਸਟੋਰੇਜ ਕੀਤੀ ਜਾਂਦੀ ਹੈ। ਅੰਮ੍ਰਿਤਪਾਲ ਸਿੰਘ ਰੰਧਾਵਾ ਹਲਦੀ ਦਾ ਬੀਜ ਵੀ ਪੈਦਾ ਕਰਦੇ ਹਨ, ਜੋ ਕਿ ਇਲਾਕੇ ਦੇ ਵਿੱਚ ਕਾਫ਼ੀ ਹਰਮਨ ਪਿਆਰਾ ਹੈ। ਵੱਖ-ਵੱਖ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਕਰਨ ਉਪਰੰਤ ਉਸਦਾ ਮੰਡੀਕਰਨ ਆਪ ਖੁਦ ਕਰਦੇ ਹਨ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸ. ਅੰਮ੍ਰਿਤਪਾਲ ਸਿੰਘ ਰੰਧਾਵਾ ਨੂੰ ਸਫ਼ਲਤਾ ਪੂਰਵਕ ਵਿਭਿੰਨ ਖੇਤੀ ਕਰਨ ਦੇ ਲਈ ਪ੍ਰਵਾਸੀ ਭਾਰਤੀ ਐਵਾਰਡ ਨਾਲ ਕਿਸਾਨ ਮੇਲੇ ਦੌਰਾਨ ਮੁੱਖ ਮੰਤਰੀ ਜੀ ਵੱਲੋਂ ਸਨਮਾਨਿਤ ਕਰਵਾਇਆ ਗਿਆ ਹੈ। ਅੰਮ੍ਰਿਤਪਾਲ ਦੀ ਜੀਵਨ ਸਾਥਣ ਪਹਿਲਾਂ ਬਤੋਰ ਚੰਗੇ ਕਾਲਜ ਵਿੱਚ ਲੈਕਚਰਾਰ ਸੀ ਪਰ ਉਸਦੇ ਜਜਬੇ ਅਤੇ ਜਨੂਨ ਨੂੰ ਵੇਖ ਹੁਣ ਉਹ ਵੀ ਇਸ ਨੇਕ ਕਾਰਜ ਵਿੱਚ ਸ਼ਾਮਲ ਹੋ ਗਈ ਹੈ। ਪ੍ਰਮਾਤਮਾ ਅਜਿਹੇ ਹੋਣਹਾਰ, ਉੱਦਮੀ, ਪੜ੍ਹੇ ਲਿਖੇ ਕਿਸਾਨ ਨੂੰ ਹੋਰ ਤਰੱਕੀਆਂ ਬਖਸ਼ੇ ਅਤੇ ਅਜਿਹੇ ਇਨਸਾਨ ਦੂਜਿਆਂ ਲਈ ਚਾਨਣ ਮੁਨਾਰਾ ਬਨਣ।
-
ਅੰਮ੍ਰਿਤਪਾਲ ਸਿੰਘ ਰੰਧਾਵਾ, ਅਨਿਲ ਸ਼ਰਮਾ, ਸੰਗੀਤ ਰੰਗੂਵਾਲ, ਪੰਜਾਬ ਐਗਰੀਕਲਚਰ ਯੂਨੀਵਰਸਟੀ
adcomm@pau.edu
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.