ਸੁਪਨਿਆਂ ਨੂੰ ਉਡਾਣ ਦਿੰਦੈ ਵਿਦਿਆਰਥੀ ਜੀਵਨ
ਵਿਜੈ ਗਰਗ
ਵਿਦਿਆਰਥੀ ਜੀਵਨ ਨੂੰ ਇਨਸਾਨੀ ਜੀਵਨ ਦਾ ਸੁਨਹਿਰਾ ਕਾਲ ਕਹਿ ਲੈਣਾ ਗ਼ਲਤ ਨਹੀਂ ਹੋਵੇਗਾ। ਇਸ ਕਾਲ ਦੌਰਾਨ ਕੀਤੀ ਮਿਹਨਤ ਨੇ ਹੀ ਇਨਸਾਨ ਦੇ ਅਗਲੇ ਜੀਵਨ ਦੀ ਰੂਪ-ਰੇਖਾ ਤੈਅ ਕਰਨੀ ਹੁੰਦੀ ਹੈ। ਵਿਦਿਆਰਥੀ ਜੀਵਨ ਦੌਰਾਨ ਮਿਹਨਤ ਕਰਨ ਵਾਲੇ ਇਨਸਾਨ ਜ਼ਿੰਦਗੀ ਦੇ ਸਫਲ ਮੁਕਾਮ ’ਤੇ ਪਹੁੰਚਣ ’ਚ ਕਾਮਯਾਬ ਹੋ ਜਾਂਦੇ ਹਨ, ਜਦੋਂਕਿ ਅਵੇਸਲੇ ਰਹਿਣ ਵਾਲੇ ਵਿਦਿਆਰਥੀ ਉਮਰ ਭਰ ਦੀ ਭਟਕਣ ਵਿਚ ਫਸ ਕੇ ਰਹਿ ਜਾਂਦੇ ਹਨ। ਵਿਦਿਆਰਥੀ ਜੀਵਨ ਦੀ ਸਫਲਤਾ ਮਹਿਜ਼ ਵਿਦਿਆਰਥੀ ਦੀ ਮਿਹਨਤ ’ਤੇ ਹੀ ਨਿਰਭਰ ਨਹੀਂ ਕਰਦੀ ਸਗੋਂ ਇਸ ਕਾਲ ਦੌਰਾਨ ਮਿਲੀ ਅਗਵਾਈ ਤੇ ਮੌਕੇ ਵੀ ਬਹੁਤ ਅਹਿਮੀਅਤ ਰੱਖਦੇ ਹਨ। ਜਿਹੜੇ ਵਿਦਿਆਰਥੀਆਂ ਨੂੰ ਕਾਬਿਲ ਅਧਿਆਪਕ ਮਿਲ ਜਾਂਦੇ ਹਨ, ਉਹ ਵਿਦਿਆਰਥੀ ਆਪਣੇ ਆਪ ਮਿਹਨਤੀ ਬਿਰਤੀ ਵਾਲੇ ਬਣ ਜਾਂਦੇ ਹਨ। ਅਧਿਆਪਕ ਦੀ ਪ੍ਰੇਰਨਾ ਤੇ ਅਗਵਾਈ ਉਨ੍ਹਾਂ ਲਈ ਮਾਰਗ ਦਰਸ਼ਨ ਬਣ ਜਾਂਦੀ ਹੈ। ਇਸੇ ਤਰ੍ਹਾਂ ਵਿਦਿਆਰਥੀ ਜੀਵਨ ਦੌਰਾਨ ਸੁਪਨਿਆਂ ਦੀ ਉਡਾਣ ਭਰਨ ਦੇ ਮਿਲੇ ਮੌਕੇ ਵੀ ਵਿਦਿਆਰਥੀ ਦੀ ਸ਼ਖ਼ਸੀਅਤ ਨੂੰ ਸਿੱਧੇ ਰੂਪ ’ਚ ਪ੍ਰਭਾਵਿਤ ਕਰਦੇ ਹਨ।
ਕਿਤਾਬੀ ਗਿਆਨ ਹੀ ਨਹੀਂ ਹੰੁਦਾ ਕਾਫ਼ੀ
ਘੰਟਿਆਂ ਤਕ ਕਰਦੇ ਹੋ ਲੈਪਟਾਪ 'ਤੇ ਕੰਮ ਤਾਂ ਹੋ ਸਕਦੀ ਹੈ ਡਰਾਈ ਆਈ ਸਿੰਡਰੋਮ ਦੀ ਸਮੱਸਿਆ, ਬਚਣ ਲਈ ਖਾਓ ਇਹ ਚੀਜ਼ਾਂ
ਵਿਦਿਆਰਥੀ ਜੀਵਨ ’ਚ ਸਫਲਤਾ ਲਈ ਪੁਸਤਕ ਗਿਆਨ ਹੀ ਕਾਫ਼ੀ ਨਹੀਂ ਹੁੰਦਾ। ਇਸ ਕਾਲ ਦੌਰਾਨ ਵਿਹਾਰਕ ਤੇ ਪ੍ਰਯੋਗੀ ਗਿਆਨ ਦੇ ਮਿਲੇ ਮੌਕੇ ਵਿਦਿਆਰਥੀ ਦੀ ਸਿੱਖਣ ਪ੍ਰਕਿਰਿਆ ਨੂੰ ਕਈ ਗੁਣਾ ਤੇਜ਼ ਕਰਨ ਦੇ ਨਾਲ-ਨਾਲ ਉਸ ਦੀ ਸ਼ਖ਼ਸੀਅਤ ਉਸਾਰੀ ਨੂੰ ਹਾਂ-ਪੱਖੀ ਰੂਪ ’ਚ ਪ੍ਰਭਾਵਿਤ ਕਰਦੇ ਹਨ। ਪੁਸਤਕ ਰੂਪ ’ਚ ਪੜ੍ਹਾਇਆ ਜਾਣ ਵਾਲਾ ਗਿਆਨ ਵਿਦਿਆਰਥੀ ਲਈ ਅਧੂਰੇ ਗਿਆਨ ਸਮਾਨ ਹੁੰਦਾ ਹੈ। ਜੇ ਵਿਦਿਆਰਥੀ ਨੂੰ ਉਹ ਗਿਆਨ ਵਿਹਾਰਕ ਰੂਪ ’ਚ ਲਾਗੂ ਕਰਨ ਤੇ ਪ੍ਰਤੱਖ ਰੂਪ ਵਿਚ ਵੇਖਣ ਦਾ ਮੌਕਾ ਮਿਲ ਜਾਵੇ ਤਾਂ ਵਿਦਿਆਰਥੀ ਦਾ ਗਿਆਨ ਸਥਾਈ ਬਣ ਜਾਂਦਾ ਹੈ। ਵਿਦਿਆਰਥੀ ਦੀ ਕਲਪਨਾ ਯਥਾਰਥ ’ਚ ਬਦਲ ਜਾਂਦੀ ਹੈ। ਵਿਦਿਆਰਥੀ ਜਿਸ ਦੀ ਕੇਵਲ ਕਲਪਨਾ ਹੀ ਕਰ ਸਕਦਾ ਸੀ, ਉਸ ਨੂੰ ਹਕੀਕਤ ਵਿਚ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਉਸ ਨੂੰ ਪ੍ਰਤੀਤ ਹੋਣ ਲੱਗਦਾ ਹੈ ਕਿ ਉਸ ਦੀਆਂ ਪੁਸਤਕਾਂ ’ਚ ਦਰਜ ਸਾਰੀ ਜਾਣਕਾਰੀ ਅਸਲ ’ਚ ਵੀ ਹੈ।
ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਹਨ ਉਪਰਾਲੇ
ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿੱਦਿਅਕ ਯਾਤਰਾਵਾਂ ਦੇ ਮਾਮਲੇ ’ਚ ਅਕਸਰ ਪੱਛੜ ਜਾਂਦੇ ਹਨ ਕਿਉਂਕਿ ਸਰਕਾਰੀ ਸਕੂਲਾਂ ਦੇ ਫ਼ੈਸਲੇ ਸਥਾਨਕ ਨਾ ਹੋ ਕੇ ਸੂਬਾਈ ਪੱਧਰ ’ਤੇ ਸਰਕਾਰ ਵੱਲੋਂ ਲਏ ਜਾਂਦੇ ਹਨ। ਨਿੱਜੀ ਸੰਸਥਾਵਾਂ ਆਪਣੇ ਫ਼ੈਸਲੇ ਲੈਣ ਲਈ ਆਜ਼ਾਦ ਹੁੰਦੀਆਂ ਹਨ ਤੇ ਉਹ ਆਪਣੇ ਵਿਦਿਆਰਥੀਆਂ ਲਈ ਇਸ ਤਰ੍ਹਾਂ ਦੇ ਉਪਰਾਲੇ ਅਕਸਰ ਕਰਦੀਆਂ ਰਹਿੰਦੀਆਂ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਥਯਾਰਥ ਭਰਪੂਰ ਗਿਆਨ ਮੁਹੱਈਆ ਕਰਵਾਉਣ ਦੇ ਮਨੋਰਥ ਨਾਲ ਸੂਬਾ ਸਰਕਾਰ ਵੱਲੋਂ ਬਹੁਤ ਸਾਰੇ ਉਪਰਾਲੇ ਸ਼ੁਰੂ ਕੀਤੇ ਗਏ ਹਨ। ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾ ਰਹੇ ਮੌਕੇ ਉਦਾਹਰਨ ਬਣ ਰਹੇ ਹਨ। ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਨ੍ਹਾਂ ਥਾਵਾਂ ’ਤੇ ਲਿਜਾ ਕੇ ਯਥਾਰਥਵਾਦੀ ਗਿਆਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਦਾ ਮੌਕਾ ਸ਼ਾਇਦ ਉਨ੍ਹਾਂ ਦੇ ਅਧਿਆਪਕਾਂ ਨੂੰ ਵੀ ਨਹੀਂ ਮਿਲਿਆ ਹੋਣਾ।
ਪੰਜਾਬ ਵਿਧਾਨ ਸਭਾ ਬਾਰੇ ਵਿਦਿਆਰਥੀਆਂ ਨੂੰ ਕੇਵਲ ਤੇ ਕੇਵਲ ਪੁਸਤਕਾਂ ’ਚ ਦਰਜ ਜਾਣਕਾਰੀ ਹੀ ਪੜ੍ਹਾਈ ਜਾਂਦੀ ਹੈ ਪਰ ਮੌਜੂਦਾ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਧਾਨ ਸਭਾ ਦੇ ਚੱਲਦੇ ਸੈਸ਼ਨ ਦੌਰਾਨ ਵਿਧਾਨ ਸਭਾ ’ਚ ਲਿਜਾ ਕੇ ਉਨ੍ਹਾਂ ਦੇ ਗਿਆਨ ਨੂੰ ਪ੍ਰਪੱਕ ਕਰਨ ਦਾ ਹੰਭਲਾ ਮਾਰਿਆ ਗਿਆ।
ਚੰਦਰਯਾਨ-3 ਦੀ ਲਾਂਚਿੰਗ ਨੇੜੇ ਤੋਂ ਵੇਖਣ ਦਾ ਮੌਕਾ
ਸਕੂਲੀ ਵਿਦਿਆਰਥੀਆਂ ਦੀ ਵਿਗਿਆਨ ਵਿਸ਼ੇ ਵਿਚ ਰੁਚੀ ਦਿਨ ਪ੍ਰਤੀ ਦਿਨ ਘਟ ਰਹੀ ਹੈ। ਸੀਨੀਅਰ ਸੈਕੰਡਰੀ ਜਮਾਤਾਂ ’ਚ ਵਿਗਿਆਨ ਤੇ ਹੋਰ ਵਿਸ਼ਿਆਂ ਦੀ ਪੜ੍ਹਾਈ ਲਈ ਹੋ ਰਹੇ ਦਾਖ਼ਲਿਆਂ ਦਾ ਫ਼ਰਕ ਇਸ ਤੱਥ ਨੂੰ ਪ੍ਰਮਾਣ ਕਰਨ ਲਈ ਕਾਫ਼ੀ ਹੈ। ਵਿਗਿਆਨ ਵਿਸ਼ੇ ’ਚ ਵਿਦਿਆਰਥੀਆਂ ਦੀ ਰੁਚੀ ’ਚ ਵਾਧਾ ਕਰਨ ਤੇ ਵਿਗਿਆਨ ਵਿਸ਼ੇ ਦੇ ਗਿਆਨ ਨੂੰ ਯਥਾਰਥ ਰੂਪ ’ਚ ਵਿਦਿਆਰਥੀਆਂ ਨੂੰ ਵਿਖਾਉਣ ਦੇ ਮਨੋਰਥ ਨਾਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਭਾਰਤ ਦੇ ਚੰਦਰਯਾਨ-3 ਦੀ ਲਾਂਚਿੰਗ ਨੇੜੇ ਤੋਂ ਵੇਖਣ ਦਾ ਮੌਕਾ ਪ੍ਰਦਾਨ ਕੀਤਾ ਗਿਆ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ’ਚ ਮੁਲਕ ਦੇ ਮਾਣਮੱਤੇ ਪਲਾਂ ਨੂੰ ਮਾਣਨ ਤੇ ਜਾਣਨ ਦਾ ਮੁਹੱਈਆ ਕਰਵਾਇਆ। ਇਹ ਮੌਕਾ ਸਕੂਲ ਸਿੱਖਿਆ ਵਿਭਾਗ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ। ਚੰਦਰਯਾਨ-3 ਦੀ ਲਾਂਚਿੰਗ ਵੇਖ ਕੇ ਪਰਤੇ ਇਨ੍ਹਾਂ ਵਿਦਿਆਰਥੀਆਂ ਦਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖ਼ੁਦ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੇ ਵਿਦਿਆਰਥੀਆਂ ਦੇ ਅਨੁਭਵ ਵੀ ਜਾਣੇ। ਉੱਥੇ ਸਿਰਮੌਰ ਵਿਗਿਆਨੀਆਂ ਨੂੰ ਮਿਲਣ ਨਾਲ ਵਿਦਿਆਰਥੀਆਂ ਦੇ ਮਨਾਂ ’ਚ ਵਿਗਿਆਨ ਖੇਤਰ ਵਿਚ ਜਾਣ ਦੀ ਇੱਛਾ ਲਾਜ਼ਮੀ ਤੌਰ ’ਤੇ ਪੈਦਾ ਹੋਵੇਗੀ।
ਵਿੱਦਿਅਕ ਯਾਤਰਾਵਾਂ ਦੀ ਅਹਿਮੀਅਤ
ਵਿਦਿਆਰਥੀ ਦੇ ਪੁਸਤਕ ਰੂਪ ਨੂੰ ਥਯਾਰਥ ਗਿਆਨ ’ਚ ਬਦਲਣ ਲਈ ਵਿੱਦਿਅਕ ਯਾਤਰਾਵਾਂ ਦੀ ਬੜੀ ਅਹਿਮੀਅਤ ਹੈ। ਇਸ ਅਹਿਮੀਅਤ ਦੇ ਮੱਦੇਨਜ਼ਰ ਹੀ ਵਿੱਦਿਅਕ ਸੰਸਥਾਵਾਂ ਵੱਲੋਂ ਵਿਦਿਆਰਥੀਆਂ ਲਈ ਧਾਰਮਿਕ ਤੇ ਇਤਿਹਾਸਕ ਥਾਵਾਂ ਦੀ ਵਿੱਦਿਅਕ ਯਾਤਰਾ ਦਾ ਆਯੋਜਨ ਕੀਤਾ ਜਾਂਦਾ ਹੈ। ਵਿੱਦਿਅਕ ਯਾਤਰਾਵਾਂ ਦੌਰਾਨ ਵਿਦਿਆਰਥੀਆਂ ਨੂੰ ਸਬੰਧਤ ਸਥਾਨ ਜਾਂ ਘਟਨਾ ਬਾਰੇ ਵਿਸਥਾਰ ’ਚ ਜਾਣਕਾਰੀ ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਦੇਣ ਦੇ ਨਾਲ-ਨਾਲ ਸਥਾਨ ’ਤੇ ਵੀ ਦਿੱਤੀ ਜਾਣੀ ਬੜੀ ਜ਼ਰੂਰੀ ਹੁੰਦੀ ਹੈ।
ਗਿਆਨ ਤੇ ਵਿਗਿਆਨ ਦੇ ਖੇਤਰ ’ਚ ਮਾਰਨਗੇ ਮੱਲਾਂ
ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਦੀਆਂ ਇਹ ਕੋਸ਼ਿਸ਼ਾਂ ਲਾਜ਼ਮੀ ਤੌਰ ’ਤੇ ਸੁਨਹਿਰੇ ਭਵਿੱਖ ਦੀ ਸਿਰਜਣਾ ਦਾ ਸਬੱਬ ਬਣਨਗੀਆਂ। ਵਿਦਿਆਰਥੀਆਂ ਵੱਲੋਂ ਕਾਲਪਨਿਕ ਰੂਪ ’ਚ ਪੁਸਤਕਾਂ ਵਿਚਲਾ ਪ੍ਰਾਪਤ ਕੀਤਾ ਜਾ ਰਿਹਾ ਗਿਆਨ ਉਨ੍ਹਾਂ ਦੇ ਚੇਤਿਆਂ ’ਚ ਹਮੇਸ਼ਾ ਰਹੇਗਾ। ਸੂਬੇ ਦੇ ਨੌਜਵਾਨ ਲਾਜ਼ਮੀ ਤੌਰ ’ਤੇ ਗਿਆਨ ਤੇ ਵਿਗਿਆਨ ਦੇ ਖੇਤਰ ’ਚ ਮੱਲਾਂ ਮਾਰਨਗੇ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
00000000000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.