ਬੋਲ ਕਿ ਲਬ ਆਜ਼ਾਦ ਹੈਂ ਤੇਰੇ
ਮਨੀਪੁਰ , ਤੂੰ ਕਿਉਂ ਜਲ ਰਿਹੈਂ?
-ਗੁਰਮੀਤ ਸਿੰਘ ਪਲਾਹੀ
ਮਨੀਪੁਰ ਵਿੱਚ ਦੋ ਕਬਾਇਲੀ ਮਹਿਲਾਵਾਂ ਨੂੰ ਇੱਕ ਪਿੰਡ ਵਿੱਚ ਵੱਡੇ ਹਜ਼ੂਮ ਵਲੋਂ ਨੰਗਿਆਂ ਕਰਕੇ ਘੁੰਮਾਇਆ ਗਿਆ। ਇਹ ਘਟਨਾ ਚਾਰ ਮਈ 2023 ਦੀ ਹੈ, ਜਿਹੜੀ ਇੱਕ ਵੀਡੀਓ ਰਾਹੀਂ ਹੁਣ ਵਾਇਰਲ ਹੋਈ ਹੈ। ਵਿਸ਼ਵ ਭਰ ਵਿੱਚ ਇਸ ਘਟਨਾ ਦੀ ਨਿੰਦਿਆਂ ਹੋਈ ਹੈ। 'ਮਹਾਨ ਦੇਸ਼ ਭਾਰਤ' ਸ਼ਰਮਸਾਰ ਹੋਇਆ ਹੈ।
ਵੀਡੀਓ ਵਿਚਲੀਆਂ ਦੋ ਮਹਿਲਾਵਾਂ 'ਚੋਂ ਇੱਕ ਸਾਬਕਾ ਫੌਜੀ ਦੀ ਪਤਨੀ ਹੈ। ਇਸ ਫੌਜੀ ਨੇ ਕਾਰਗਿਲ ਜੰਗ ਲੜੀ ਸੀ। ਉਸਨੂੰ ਇਸ ਗੱਲ ਦਾ ਝੋਰਾ ਖਾ ਰਿਹਾ ਹੈ ਕਿ ਉਸਨੇ ਆਪਣੇ ਦੇਸ਼ ਨੂੰ ਤਾਂ ਮਹਿਫੂਜ਼ ਕਰ ਲਿਆ ਪਰ ਆਪਣੀ ਪਤਨੀ ਨੂੰ ਬੇਇੱਜ਼ਤ ਹੋਣ ਤੋਂ ਨਹੀਂ ਬਣਾ ਸਕਿਆ।
ਇਸ ਮੁੱਦੇ ਦੇ ਵੀਡੀਓ ਵਾਇਰਲ ਹੁੰਦਿਆਂ ਹੀ ਸੁਪਰੀਮ ਕੋਰਟ ਵਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੰਦਿਆਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਹਨਾ ਵਲੋਂ ਕੋਈ ਐਕਸ਼ਨ ਨਾ ਲਿਆ ਗਿਆ ਤਾਂ ਸੁਪਰੀਮ ਕੋਰਟ ਆਪ ਕਾਰਵਾਈ ਕਰੇਗੀ। ਹੁਣ ਕੁਝ ਦਿਨਾਂ 'ਚ ਹੀ ਪੰਜ ਕਥਿਤ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਹਨ। ਦੋ ਮਹੀਨਿਆਂ ਤੋਂ ਵੱਧ ਸਮੇਂ ਬੀਤਣ ਬਾਅਦ ਵੀ ਆਖ਼ਰ ਸਰਕਾਰਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ? ਸਵਾਲ ਵੱਡਾ ਹੈ।
ਮੌਨਸੂਨ ਸੈਸ਼ਨ ਦੇ ਸ਼ੁਰੂ ਹੋਣ ਦੇ ਪਹਿਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਅਤੇ ਕਿਹਾ ਕਿ ਉਹ ਬਹੁਤ ਗੁੱਸੇ 'ਚ ਹਨ ਅਤੇ ਇਹ ਘਟਨਾ ਸ਼ਰਮਨਾਕ ਹੈ। ਇਸ ਘਟਨਾ ਸਬੰਧੀ ਵਿਸ਼ਵ ਪ੍ਰਸਿੱਧ ਅਖ਼ਬਾਰ 'ਦੀ ਟੈਲੀਗ੍ਰਾਫ' ਨੇ ਪਹਿਲੇ ਸਫ਼ੇ 'ਤੇ ਮਗਰਮੱਛ ਦੀ ਫੋਟੋ ਛਾਪਕੇ 79 ਦਿਨਾਂ ਦੀ ਕਾਰਵਾਈ ਛਾਪਕੇ ਲਿਖਿਆ ਹੈ ਕਿ ਆਖ਼ਰ ਘਟਨਾ ਦੇ 79 ਵੇਂ ਦਿਨ ਮਨੀਪੁਰ, ਜੋ ਜਲ ਰਿਹਾ ਹੈ, ਸਬੰਧੀ 'ਮਗਰਮੱਛ ਦੇ ਹੰਝੂ' ਵਹਾਏ ਗਏ ਹਨ। ਇਹ ਅੱਥਰੂ ਕਿਸਦੇ ਹਨ, ਹਰ ਕੋਈ ਸਮਝ ਸਕਦਾ ਹੈ।
ਮਨੀਪੁਰ ਦੇ ਮੁੱਖ ਮੰਤਰੀ ਐਨ.ਬੀਰੇਨ ਨੇ ਮਨੀਪੁਰ 'ਚ ਵਾਪਰੀਆਂ ਘਟਨਾਵਾਂ ਸਬੰਧੀ ਕਿਹਾ ਕਿ ਸੂਬੇ ਮਨੀਪੁਰ 'ਚ ਇਹਨਾ ਦਿਨਾਂ 'ਚ ਸੈਂਕੜੇ ਘਟਨਾਵਾਂ ਵਾਪਰੀਆਂ ਹਨ। ਉਹਨਾ ਕਿਹਾ ਕਿ ਇਹਨਾ ਘਟਨਾਵਾਂ ਸਬੰਧੀ ਐਫ.ਆਈ.ਆਰ.(ਮੁਢਲੀਆਂ ਰਿਪੋਰਟਾਂ) ਦਰਜ਼ ਕੀਤੀਆਂ ਗਈਆਂ ਹਨ।
ਪਰ ਜਿਸ ਢੰਗ ਨਾਲ ਮਨੀਪੁਰ 'ਚ ਪੁਲਿਸ/ ਸਿਵਲ ਪ੍ਰਸਾਸ਼ਨ ਕੰਮ ਕਰ ਰਹੀ ਹੈ, ਉਸਦੀ ਇੱਕ ਮਿਸਾਲ ਇਹ ਹੈ ਕਿ ਇੱਕ ਕਬਾਇਲੀ ਮਹਿਲਾ ਨੇ ਸੈਕੁਲ ਥਾਣੇ 'ਚ ਸ਼ਿਕਾਇਤ ਦਰਜ਼ ਕਰਵਾਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਚਾਰ ਮਈ 2023 ਨੂੰ ਕੋਨੂ ਮਾਰਗ ਨੇੜੇ ਕਿਰਾਏ ਦੇ ਮਕਾਨ 'ਚ ਉਸਦੀ 21 ਸਾਲਾ ਧੀ ਅਤੇ ਧੀ ਦੀ 24 ਸਾਲਾ ਦੋਸਤ ਦਾ ਜਬਰ ਜਨਾਹ ਕੀਤਾ ਗਿਆ ਅਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਿਸ ਵਲੋਂ ਇਸ ਸਬੰਧੀ 16 ਮਈ 2023 ਨੂੰ ਐਫ.ਆਈ.ਆਰ. ਦਰਜ ਕੀਤੀ ਗਈ। ਇਸ ਔਰਤ ਨੇ ਦੋਸ਼ ਲਾਇਆ ਕਿ 4 ਮਈ 2023 ਨੂੰ ਦੋਵਾਂ ਲੜਕੀਆਂ ਨਾਲ ਬਹੁ-ਗਿਣਤੀ ਭਾਈਚਾਰੇ ਦੇ ਨਾਲ ਸਬੰਧਤ ਵਿਅਕਤੀਆਂ ਨੇ ਜਬਰ ਜਨਾਹ ਕੀਤਾ। ਪਰ ਸਮੂਹਿਕ ਜਬਰ ਜਨਾਹ ਨਾਲ ਸਬੰਧਤ ਧਾਰਾ, ਕੇਸ ਦਰਜ਼ ਕਰਨ ਲੱਗਿਆਂ, ਦਰਜ਼ ਨਹੀਂ ਕੀਤੀ ਗਈ, ਪੁਲਿਸ ਵਲੋਂ ਮਾਮਲਾ ਦਬਾਉਣ ਦੀ ਕੋਸ਼ਿਸ਼ ਹੋਈ ਹੈ।
ਮਨੀਪੁਰ 'ਚ ਹਿੰਸਾ ਦੌਰਾਨ 150 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। 5000 ਘਰ ਸਾੜੇ ਜਾ ਚੁੱਕੇ ਹਨ। 60,000 ਲੋਕ ਘਰ ਛੱਡਕੇ ਹੋਰ ਸੁਰੱਖਿਅਤ ਥਾਵਾਂ 'ਤੇ ਨਿਵਾਸ ਕਰ ਰਹੇ ਹਨ। ਮਨੀਪੁਰ ਹਿੰਸਾ ਨਾਲ ਝੰਭਿਆ ਪਿਆ ਹੈ। ਮਨੀਪੁਰ 'ਚ ਪਿਛਲੇ ਕੁਝ ਮਹੀਨਿਆਂ ਤੋਂ ਕੁਕੀ ਅਤੇ ਮੈਤੇਈ ਭਾਈਚਾਰਿਆਂ ਵਿਚਕਾਰ ਟਕਰਾਅ ਚੱਲ ਰਿਹਾ ਹੈ। ਨਫ਼ਰਤ, ਸਾੜੇ ਦੇ ਬੱਦਲ ਪੂਰੇ ਮਨੀਪੁਰ 'ਤੇ ਛਾਏ ਹੋਏ ਹਨ। ਆਖਰ ਕੌਣ ਜ਼ਿੰਮੇਵਾਰ ਹੈ ਇਸ ਨਫ਼ਰਤੀ ਮਾਹੌਲ ਦਾ?
ਮਨੀਪੁਰ 'ਚ ਘਟਨਾਵਾਂ ਤਾਂ ਸੈਂਕੜੇ ਵਾਪਰੀਆਂ ਹਨ ਜਾਂ ਵਾਪਰ ਰਹੀਆਂ ਹਨ ਪਰ ਔਰਤਾਂ ਉਤੇ ਜਬਰ ਜਨਾਹ ਦੀਆਂ ਘਟਨਾਵਾਂ 1984 'ਚ ਦਿੱਲੀ ਅਤੇ ਹੋਰ ਸ਼ਹਿਰਾਂ 'ਚ ਵਾਪਰੀਆਂ ਇਹੋ ਜਿਹੀਆਂ ਘਟਨਾਵਾਂ ਦੀ ਯਾਦ ਤਾਜਾ ਕਰ ਰਹੀਆਂ ਹਨ, ਜਦੋਂ ਸਿੱਖਾਂ ਦਾ ਕਤਲੇਆਮ ਇਸੇ ਕਿਸਮ ਦੀਆਂ ਭੀੜਾਂ ਵਲੋਂ ਕੀਤਾ ਗਿਆ, ਉਹਨਾ ਦੇ ਘਰ ਸਾੜੇ ਗਏ। ਗਲਾਂ 'ਚ ਟਾਇਰ ਪਾਕੇ ਅੱਗ ਲਾਕੇ ਉਹਨਾ ਨੂੰ ਸਾੜਿਆ ਗਿਆ। ਸਿੱਖ ਔਰਤਾਂ ਨਾਲ ਸ਼ਰੇਆਮ ਬਲਤਕਾਰ ਹੋਏ। ਸੜਕਾਂ ਉਤੇ ਸ਼ਰੇਆਮ ਦਹਿਸ਼ਤੀ ਮਾਹੌਲ ਬਣਾਇਆ ਗਿਆ। ਇਹ ਸਭ ਕੁਝ ਹਾਕਮ ਧਿਰਾਂ ਦੇ ਪਾਲੇ "ਯੋਧਿਆਂ" ਦੀ ਕਮਾਨ ਹੇਠ ਹੋਇਆ।
ਮਨੀਪੁਰ ਦੀਆਂ ਘਟਨਾਵਾਂ ਵੀ "ਹਾਕਮ ਟੋਲੇ" ਦੀ ਸ਼ਹਿ ਉਤੇ ਹੋਣ ਦੇ ਸਪਸ਼ਟ ਸੰਕੇਤ ਹਨ, ਕਿਉਂਕਿ ਜਿਹਨਾ ਦੋ ਔਰਤਾਂ ਨੂੰ ਨੰਗੇ ਘੁਮਾਇਆ ਗਿਆ, ਉਹਨਾ ਨੂੰ ਪਹਿਲਾਂ ਪੁਲਿਸ ਨੇ ਆਪਣੇ ਗੱਡੀ 'ਚ ਬੈਠਾਇਆ, ਫਿਰ ਥੋੜ੍ਹੀ ਦੇਰ ਬਾਅਦ 'ਚ ਭੀੜ ਦੇ ਹਵਾਲੇ ਕਰ ਦਿੱਤਾ ਗਿਆ। ਇਸ ਸਬੰਧੀ ਪੀੜਤ ਔਰਤਾਂ ਨੇ ਆਪਣੀ ਦਰਦ ਕਹਾਣੀ ਬਿਆਨ ਕੀਤੀ ਹੈ।
ਜਦੋਂ ਮਨੀਪੁਰ ਸੜ ਰਿਹਾ ਸੀ। ਕੇਂਦਰ ਸਰਕਾਰ ਚੁੱਪ ਰਹੀ। ਸਰਕਾਰੀ ਅਸਲਾ ਖਾਨੇ ਵਿਚੋਂ 4000 ਸਵੈਚਾਲਿਤ ਹਥਿਆਰ ਅਤੇ ਗੋਲੀ ਬਰੂਦ ਲੁੱਟ ਲਿਆ ਗਿਆ, ਪਰ ਸੁਰੱਖਿਆ ਬਲ ਹੱਥ 'ਤੇ ਹੱਥ ਧਰਕੇ ਬੈਠੇ ਰਹੇ। ਦੇਸ਼ ਦੇ ਗ੍ਰਹਿ ਮੰਤਰੀ ਇੱਕ ਵੇਰ ਮਨੀਪੁਰ ਦੇ ਦੌਰੇ 'ਤੇ ਗਏ ਪਰ ਕੋਈ ਸਖ਼ਤ ਕਦਮ ਨਹੀਂ ਚੁੱਕਿਆ, ਜਿਸ ਨਾਲ ਘਟਨਾਵਾਂ 'ਤੇ ਕਾਬੂ ਪਾਇਆ ਜਾ ਸਕੇ। ਆਖ਼ਿਰ ਉਪਰਲੀ, ਹੇਠਲੀ ਸਰਕਾਰ ਨੇ ਇਹਨਾ ਘਟਨਾਵਾਂ 'ਤੇ ਚੁੱਪੀ ਕਿਉਂ ਵੱਟੀ ਰੱਖੀ?
ਮਨੀਪੁਰ, ਭਾਰਤ ਦੇ ਉੱਤਰ,ਪੂਰਬ ਵਿੱਚ ਸਰਹੱਦੀ ਸੂਬਾ ਹੈ, ਜਿਸ ਦੀ 352 ਕਿਲੋਮੀਟਰ ਹੱਦ ਅੰਤਰਰਾਸ਼ਟਰੀ ਸਰਹੱਦਾਂ ਨਾਲ ਲਗਦੀ ਹੈ। ਇਸ ਦੇ ਉੱਤਰ ਵਿੱਚ ਨਾਗਾਲੈਂਡ, ਦੱਖਣ 'ਚ ਮੀਜ਼ੋਰਮ, ਪੂਰਬ 'ਚ ਮੀਆਂਮਾਰ ਅਤੇ ਪੱਛਮ 'ਚ ਆਸਾਮ ਦਾ ਇੱਕ ਜਿਲਾ ਕੱਚਰ ਲਗਦਾ ਹੈ।
ਮੌਜੂਦਾ ਘਟਨਾਵਾਂ ਦਾ ਆਰੰਭ ਉਸ ਵੇਲੇ ਹੋਇਆ ਜਦੋਂ ਸੂਬੇ ਦੇ ਦੋ ਗਰੁੱਪਾਂ ਕੁੱਕੀ ਅਤੇ ਮੈਤੇਈ ਗਰੁੱਪਾਂ 'ਚ ਹਿੰਸਕ ਝੜਪਾਂ ਤਿੰਨ ਮਈ 2023 ਨੂੰ ਆਰੰਭ ਹੋਈਆਂ। ਆਪਸੀ ਝੜਪਾਂ ਦਾ ਤਤਕਾਲੀ ਕਾਰਨ ਇਹ ਬਣਿਆ ਕਿ ਜਿਸ ਕੁੱਕੀ ਭਾਈਚਾਰੇ ਅਤੇ ਨਾਗਾ ਕਬੀਲਿਆਂ ਨੂੰ ਸ਼ਡਿਊਲਡ ਕਬੀਲੇ ਮੰਨਕੇ ਸਰਕਾਰ ਵਲੋਂ ਸਹੂਲਤਾਂ ਮਿਲਦੀਆਂ ਸਨ, ਉਹਨਾ ਵਿੱਚ ਮੈਤੇਈ ਕਬੀਲਿਆਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਤਾਂ ਕਿ ਉਹਨਾ ਨੂੰ ਵੀ ਬਣਦੇ ਆਰਥਿਕ ਲਾਭ ਮਿਲ ਸਕਣ। ਮੈਤੇਈ ਭਾਈਚਾਰਾ ਪਿਛਲੇ ਇੱਕ ਦਹਾਕੇ ਤੋਂ ਇਸਦੀ ਮੰਗ ਕਰ ਰਿਹਾ ਸੀ।
ਇਸ ਮੰਗ ਨੂੰ ਅਪ੍ਰੈਲ 2023 ਨੂੰ ਉਦੋਂ ਬੱਲ ਮਿਲਿਆ ਜਦੋਂ ਮਨੀਪੁਰ ਹਾਈਕੋਰਟ ਨੇ ਸਰਕਾਰ ਨੂੰ ਸਿਫਾਰਸ਼ ਕੀਤੀ ਕਿ ਇਹ ਮੰਗ ਮੰਨੀ ਜਾਏ। ਅਤੇ ਇਸੇ ਸਾਲ ਮਈ ਦੇ ਅੱਧ ਤੱਕ ਲਾਗੂ ਕੀਤੀ ਜਾਵੇ। ਇਸ ਤਹਿਤ ਮੈਤੇਈ ਕਬੀਲੇ ਨੂੰ ਸਿੱਖਿਆ ਅਤੇ ਸਰਕਾਰੀ ਨੌਕਰੀਆਂ 'ਚ ਹਿੱਸਾ ਮਿਲ ਜਾਣਾ ਹੈ, ਜਿਹੜਾ ਪਹਿਲਾਂ ਸਿਰਫ਼ ਕੁੱਕੀ ਅਤੇ ਨਾਗਾ ਕਬੀਲਿਆਂ ਨੂੰ ਮਿਲਦਾ ਹੈ।
ਕੁੱਕੀ ਅਤੇ ਨਾਗਾ ਕਬੀਲੇ ਪਹਾੜੀ ਹਿੱਸੇ 'ਚ ਰਹਿੰਦੇ ਹਨ ਜਿਹੜੇ ਕੁੱਲ ਮਨੀਪੁਰ ਆਬਾਦੀ ਦਾ 43 ਫ਼ੀਸਦੀ ਹਨ ਅਤੇ ਉਸ ਖਿੱਤੇ 'ਚ ਰਹਿੰਦੇ ਹਨ ਜਿਹੜਾ ਕਿ ਵਿਕਸਤ ਨਹੀਂ ਹੈ ਜਦਕਿ ਮੈਤੇਈ ਕਬੀਲੇ ਦੇ ਲੋਕ (ਜਿਹਨਾ ਦੀ ਆਬਾਦੀ ਸੂਬੇ ਦੀ ਆਬਾਦੀ 'ਚੋਂ ਅੱਧ ਤੋਂ ਵੱਧ ਹੈ) ਵਿਕਸਿਤ ਇਲਾਕਿਆਂ 'ਚ ਰਹਿੰਦੇ ਹਨ।
ਮਨੀਪੁਰ ਸੂਬੇ 'ਚ ਭਾਰਤੀ ਜਨਤਾ ਪਾਰਟੀ ਦਾ ਰਾਜ ਸਾਸ਼ਨ ਹੈ। ਅਤੇ ਇਥੋਂ ਦਾ ਮੁੱਖ ਮੰਤਰੀ ਬੀਰੇਨ ਸਿੰਘ, ਮੈਤੇਈ ਕਬੀਲੇ ਦਾ ਹੈ ਅਤੇ ਕੁੱਕੀ ਕਬੀਲੇ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਇਹ ਸਭ ਕੁਝ ਦੇ ਪਿੱਛੇ ਮੈਤੇਈ ਮੁੱਖ ਮੰਤਰੀ ਬੀਰੇਨ ਸਿੰਘ ਦੀ ਸਾਜ਼ਿਸ਼ ਹੈ ਅਤੇ ਉਹ ਹੀ ਇਹੋ ਜਿਹੀਆਂ ਘਟਨਾਵਾਂ ਖ਼ਾਸ ਕਰਕੇ ਪੁਲਿਸ ਪ੍ਰਾਸਾਸ਼ਨ ਨੂੰ ਚੁੱਪ ਕਰਾਉਣ-ਕਰਨ ਦੇ ਜ਼ਿੰਮੇਵਾਰ ਹਨ, ਜਿਹਨਾ ਦੀ ਸੂਬੇ 'ਚ ਸ਼ਾਂਤੀ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ।
ਇਸ ਵੇਲੇ ਮਨੀਪੁਰ ਗ੍ਰਹਿ ਯੁੱਧ ਝੱਲ ਰਿਹਾ ਹੈ। ਬਾਵਜੂਦ ਵੱਡੀ ਗਿਣਤੀ ਪੈਰਾ ਮਿਲਟਰੀ ਫੋਰਸਿਸ ਦੀ ਤਾਇਨਾਤੀ ਦੇ ਪੁਲਿਸ ਅਸਲਾ ਲੁੱਟਿਆ ਗਿਆ ਹੈ, ਸੈਂਕੜੇ ਚਰਚ ਅਤੇ ਇੱਕ ਦਰਜਨ ਮੰਦਿਰ ਅਤੇ ਗਏ ਹਨ।ਨਾਗਾ ਅਤੇ ਕੁੱਕੀ ਕਬੀਲਾ ਈਸਾਈ ਹੈ, ਮੈਤੇਈ ਬਹੁਤਾ ਕਰਕੇ ਹਿੰਦੂ ਹਨ, ਪਰ ਮੌਜੂਦਾ ਸੰਘਰਸ਼ ਧਾਰਮਿਕ ਨਹੀਂ ਹੈ।
ਭਾਵੇਂ ਲੰਮੇ ਸਮੇਂ ਤੋਂ ਮੈਤੇਈ, ਕੁੱਕੀ, ਨਾਗਾ ਕਬੀਲੇ ਇੱਕ-ਦੂਜੇ ਨਾਲ ਵੈਰ ਵਿਰੋਧ ਦੇ ਹੁੰਦਿਆਂ ਵੀ ਆਪਣੇ ਲਈ ਹੋਮ ਲੈਂਡ ਲਈ ਭਾਰਤ ਦੇ ਸੁਰੱਖਿਆ ਬਲਾਂ ਨਾਲ ਲੜਦੇ ਰਹੇ ਹਨ, ਪਰ ਹੁਣ ਵਾਲੀਆਂ ਘਟਨਾਵਾਂ ਪਿੱਛੇ ਹੋਰ ਵੀ ਵੱਡੇ ਕਾਰਨ ਹਨ, ਜਿਹਨਾ ਵਿੱਚ ਨੌਜਵਾਨਾਂ ਦੀ ਬੇਰੁਜ਼ਗਾਰੀ ਅਤੇ ਉਹਨਾ ਵਿੱਚ ਫੈਲੀ ਅਸੰਤੁਸ਼ਟਤਾ ਹੈ। ਇਹ ਮਨੀਪੁਰ ਦੇ ਸਾਰੇ ਵਰਗਾਂ ਦੇ ਲੋਕਾਂ 'ਚ ਹੈ। ਭਾਵੇਂ ਉਹ ਕਿਸੇ ਵੀ ਕਬੀਲੇ ਦੇ ਹਨ।
ਜਿਹੋ ਜਿਹੀ ਗੰਭਿਰ ਸਥਿਤੀ ਮਨੀਪੁਰ ਵਿੱਚ ਬਣੀ ਹੋਈ ਹੈ, ਉਹ ਚਿੰਤਾ ਜਨਕ ਹੈ। ਇਹੋ ਜਿਹੇ ਸਮਿਆਂ 'ਚ ਹਾਕਮਾਂ ਦੀ ਚੁੱਪੀ ਪ੍ਰੇਸ਼ਾਨ ਕਰਦੀ ਹੈ। ਦੇਸ਼ ਵਿੱਚ ਘੱਟ ਗਿਣਤੀ ਨੂੰ ਸਬਕ ਸਿਖਾਉਣ ਦਾ ਜੋ ਵਰਤਾਰਾ ਚਲ ਰਿਹਾ ਹੈ, ਉਸਦੀ ਝਲਕ ਮਨੀਪੁਰ 'ਚ ਵਿਖਾਈ ਦੇ ਰਹੀ ਹੈ।
ਮਨੀਪੁਰ ਵਿੱਚ ਵਸਦੇ ਕੁਕੀ ਤੇ ਮੈਤੇਈ ਭਾਈਚਾਰਿਆਂ 'ਚ ਸ਼ੱਕ, ਨਫ਼ਰਤ, ਹਿੰਸਾ ਦਾ ਮਾਹੌਲ ਹੈ। ਇਸੇ ਕਰਕੇ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਦਿਨੋ-ਦਿਨ ਵੱਧ ਰਹੀਆਂ ਹਨ। ਦੋਹਾਂ ਧਿਰਾਂ 'ਚ ਆਪਸੀ ਭਰੋਸਾ ਪੈਦਾ ਕਰਨ ਦੇ ਕੋਈ ਯਤਨ ਨਹੀਂ ਹੋ ਰਹੇ। ਨਾ ਸਰਕਾਰੀ, ਨਾ ਹੀ ਗੈਰ ਸਰਕਾਰੀ, ਨਾ ਸਿਆਸੀ।
ਸਵਾਲਾਂ ਦਾ ਸਵਾਲ ਇਹ ਹੈ ਕਿ ਭਾਰਤ ਦਾ ਗ੍ਰਹਿ ਵਿਭਾਗ ਇਹਨਾ ਵਾਪਰੀਆਂ ਘਟਨਾਵਾਂ 'ਤੇ ਚੁੱਪ ਕਿਉਂ ਹੈ? ਕੀ ਜੇਕਰ ਇਹ ਮਹਿਲਾਵਾਂ ਵਾਲੀ ਵੀਡੀਓ ਵਾਇਰਲ ਨਾ ਹੁੰਦੀ ਤਾਂ ਕੀ ਦੇਸ਼ ਦਾ ਪ੍ਰਧਾਨ ਮੰਤਰੀ ਚੁੱਪ ਹੀ ਬੈਠਾ ਰਹਿੰਦਾ? ਉਹ 79ਵੇਂ ਦਿਨ ਹੀ 4 ਮਈ ਦੀ ਸ਼ਰਮਨਾਕ ਘਟਨਾ 'ਤੇ ਕਿਉਂ ਬੋਲਿਆ?
4 ਮਈ 2023 ਦੀ ਘਟਨਾ ਸਬੰਧੀ ਦੇਸ਼ ਦਾ ਮੀਡੀਆ ਚੁੱਪ ਕਿਉਂ ਬੈਠਾ ਰਿਹਾ? ਕੀ ਦੇਸ਼ ਦੀਆਂ ਸਮਾਚਾਰ ਏਜੰਸੀਆਂ, ਵੱਡੇ-ਵੱਡੇ ਪ੍ਰਿੰਟ ਮੀਡੀਆ ਦੇ ਅਖ਼ਬਾਰ, ਚੈਨਲ ਇਹਨਾ ਘਟਨਾਵਾਂ ਦੀ ਥਾਹ ਹੀ ਨਾ ਪਾ ਸਕੇ?
ਗੋਦੀ ਮੀਡੀਆ ਨੇ ਤਾਂ ਚੁੱਪ ਵੱਟ ਕੇ ਬੈਠੇ ਹੀ ਰਹਿਣਾ ਸੀ, ਪਰ ਦੂਜਾ ਮੀਡੀਆ ਵੀ ਇਹੋ ਜਿਹੀਆਂ ਘਟਨਾਵਾਂ ਨੂੰ ਲੋਕਾਂ ਸਾਹਮਣੇ ਕਿਉਂ ਨਹੀਂ ਲੈ ਕੇ ਆ ਸਕਿਆ? ਆਖ਼ਰ ਸੋਸ਼ਲ ਮੀਡੀਆ ਹੀ ਇਹੋ ਜਿਹੀਆਂ ਸ਼ਰਮਨਾਕ ਘਟਨਾਵਾਂ ਉਤੋਂ ਪਰਦਾ ਚੁੱਕ ਸਕਿਆ ਹੈ।
ਇਥੇ ਹੈਰਾਨੀ ਵਾਲਾ ਸਵਾਲ ਸਿਆਸੀ ਆਗੂਆਂ ਨੂੰ ਵੀ ਪੁੱਛਿਆ ਜਾਣਾ ਬਣਦਾ ਹੈ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਕਿ ਉਹ ਮਨੁੱਖ ਮਾਰੂ ਔਰਤ ਵਿਰੋਧੀ, ਨਫਰਤ ਫੈਲਾਉਣ ਵਾਲੇ ਲੋਕਾਂ ਵਿਰੁੱਧ ਸਮੇਂ ਸਿਰ ਕਿਉਂ ਨਾ ਬੋਲ ਸਕੇ? ਕੀ ਇਸ ਘਟਨਾਵਾਂ ਦੀ ਸੂਚਨਾ ਉਹਨਾ ਤੱਕ ਪਹਿਲਾਂ ਨਹੀਂ ਪਹੁੰਚੀ? ਜਾਪਦਾ ਹੈ ਮਨੁੱਖ ਦਾ ਲਹੂ ਸਫੈਦ ਹੋ ਗਿਆ ਹੈ।
ਸਵਾਲ ਤਾਂ ਇਹ ਵੀ ਹੈ ਕਿ ਕਿਉਂ ਸਾਡੇ ਸਮਾਜ ਨੇ ਰੂੜੀ ਵਾਦੀ, ਭਰਾ ਮਾਰੂ, ਨਫਰਤੀ ਵਰਤਾਰੇ ਨੂੰ ਧਰਮ, ਜਾਤ ਦੇ ਨਾਅ 'ਤੇ ਵਧਣ ਫੁੱਲਣ ਦਿੱਤਾ ਹੋਇਆ ਹੈ? ਕਿਉਂ ਦੇਸ਼ ਦਾ ਬੁੱਧੀਜੀਵੀ, ਲੇਖਕ, ਸਭਿਅਕ ਆਗੂ, ਚੇਤੰਨ ਲੋਕ, ਭਾਰਤੀ ਪਰੰਪਰਾਵਾਂ ਦੇ ਹਿੱਤ 'ਚ ਬੋਲਣ ਦੀ ਥਾਂ ਡਰ ਦੇ ਮਾਹੌਲ 'ਚ ਜੀਊਣਾ ਸਿੱਖ ਰਹੇ ਹਨ।
ਫਿਲਾਸਫਰ ਸਾਰਤਰ ਦੇ ਸ਼ਬਦ ਯਾਦ ਆਉਂਦੇ ਹਨ, " ਸੱਤਾਧਾਰੀ, ਸਾਡੀਆਂ ਜਬਾਨਾਂ ਬੰਦ ਕਰਨ 'ਤੇ ਲੱਗੇ ਹੋਏ ਹਨ। ਅਸੀਂ ਚੁੱਪ ਹਾਂ। ਅਸੀਂ ਹਰ ਵੇਲੇ ਕੈਦ, ਜਲਾਵਤਨੀ ਤੇ ਮੌਤ ਬਾਰੇ ਸੋਚਣ 'ਤੇ ਮਜ਼ਬੂਰ ਕਰ ਦਿੱਤੇ ਗਏ ਹਾਂ। ਅੱਜ ਹਰ ਪਾਸੇ-ਕੰਧਾਂ 'ਤੇ, ਅਖ਼ਬਾਰਾਂ ਵਿੱਚ, ਮੀਡੀਆ ਤੇ, ਸਾਨੂੰ ਆਪਣੀ ਬੇਪੱਤੀ ਵਾਲੀ ਤਸਵੀਰ ਵੇਖਣ ਨੂੰ ਮਿਲ ਰਹੀ ਹੈ, ਜੋ ਕਿ ਸਾਡੇ ਹੁਕਮਰਾਨਾ ਸਾਨੂੰ ਕਬੂਲ ਕਰਾਉਣਾ ਚਾਹੁੰਦੇ ਹਨ।"
ਇਹ ਸਭ ਕੁਝ ਕਦੇ ਫਰਾਂਸ 'ਚ ਵਾਪਰਦਾ ਸੀ, ਅੱਜ ਇਥੇ ਵਾਪਰ ਰਿਹਾ ਹੈ। ਕੀ ਭਾਰਤੀ ਬੇਬਸ ਹੋ ਗਏ ਹਨ।
"ਬੋਲ ਕਿ ਲਬ ਆਜ਼ਾਦ ਹੈਂ ਤੇਰੇ,
ਬੋਲ ਜ਼ਬਾਂ ਅਬ ਤਕ ਤੇਰੀ ਹੈ,"- ਫ਼ੈਜ਼ ਅਹਿਮਦ ਫ਼ੈਜ਼
-ਗੁਰਮੀਤ ਸਿੰਘ ਪਲਾਹੀ
-9815802070
-
ਗੁਰਮੀਤ ਸਿੰਘ ਪਲਾਹੀ, Journalist
gurmitpalahi@yahoo.com
-9815802070
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.