ਸ਼ਿਵ ਕੁਮਾਰ ਬਟਾਲਵੀ : ਜਨਮ ਦਿਨ `ਤੇ ਵਿਸ਼ੇਸ਼
ਬਟਾਲਾ ਸ਼ਹਿਰ ਨੂੰ ਪੂਰੀ ਦੁਨੀਆਂ ਵਿੱਚ ਨਵੀਂ ਪਛਾਣ ਦੇਣ ਵਾਲਾ ਲਾਡਲਾ ਸ਼ਾਇਰ ਸ਼ਿਵ ਕੁਮਾਰ ਬਟਾਲਵੀ
ਜਦੋਂ ਕਿਤੇ ਵੀ ਬਟਾਲਾ ਸ਼ਹਿਰ ਦੀ ਗੱਲ ਚੱਲਦੀ ਹੈ ਅਤੇ ਇਸ ਸ਼ਹਿਰ ਦੇ ਸ਼ਾਇਰ ਸ਼ਿਵ ਕਮੁਾਰ ਬਟਾਲਵੀ ਦੀ ਤਸਵੀਰ ਵੀ ਜ਼ਹਿਨ ਵਿੱਚ ਉਕਰ ਆਉਂਦੀ ਹੈ। ਸ਼ਿਵ ਬਟਾਲਵੀ ਅਤੇ ਬਟਾਲਾ ਦੋਵੇਂ ਇੱਕ ਦੂਜੇ ਦੇ ਪੂਰਕ ਹਨ। ਸ਼ਿਵ ਭਾਵੇਂ ਬਟਾਲੇ ਨਹੀਂ ਸੀ ਜੰਮਿਆਂ ਪਰ ਉਸਦਾ ਬਟਾਲੇ ਨਾਲ ਸਬੰਧ ਕੁਝ ਅਜਿਹਾ ਬਣਿਆ ਜਿਵੇਂ ਇਹ ਸੁਮੇਲ ਜਨਮਾਂ-ਜਮਾਂਤਰਾਂ ਦਾ ਹੋਵੇ। ‘ਬੜਾ ਪਿੰਡ ਲੋਟੀਆਂ’ ਦਾ ਇਹ ਮੁੰਡਾ ਕਿਸੇ ਦਿਨ ਸ਼ਿਵ ਬਟਾਲਵੀ ਬਣ ਕੇ ਪੂਰੀ ਦੁਨੀਆਂ ਵਿੱਚ ਆਪਣਾ ਅਤੇ ਮਾਂ ਬੋਲੀ ਪੰਜਾਬੀ ਦਾ ਕੱਦ ਏਨਾ ਉੱਚਾ ਕਰੇਗਾ ਇਹ ਉਸ ਸਮੇਂ ਕਿਸੇ ਸੋਚਿਆ ਵੀ ਨਹੀਂ ਹੋਣਾ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਭਾਰਤ-ਪਾਕਿ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਸ਼ਕਰਗੜ੍ਹ ਦੇ ਪਿੰਡ ‘ਬੜਾ ਪਿੰਡ ਲੋਟੀਆਂ’ (ਹੁਣ ਪਾਕਿਸਤਾਨ) ਵਿਖੇ ਪਿਤਾ ਪੰਡਤ ਕ੍ਰਿਸ਼ਨ ਗੋਪਾਲ ਦੇ ਘਰ ਮਾਤਾ ਸ਼ਾਂਤੀ ਦੇਵੀ ਦੀ ਕੁਖੋਂ ਹੋਇਆ ਸੀ। ਸ਼ਿਵ ਅਜੇ ਰਾਵੀ ਦੇ ਕੰਢੇ ਆਪਣੇ ਬਚਪਨ ਦੀਆਂ ਅਠਖੇਲੀਆਂ ਹੀ ਕਰ ਰਿਹਾ ਸੀ ਕਿ ਸੰਨ 1984 ਦੀ ਵੰਡ ਹੋ ਗਈ। ਪੰਜਾਬ ਦੇ ਨਾਲ ਰਾਵੀ ਵੀ ਵੰਡੀ ਗਈ।
11 ਸਾਲ ਦੀ ਉਮਰ ਵਿੱਚ ਸ਼ਿਵ ਕੁਮਾਰ ਬਟਾਲਵੀ ਆਪਣੇ ਪਰਿਵਾਰ ਨਾਲ ਬੜ੍ਹਾ ਪਿੰਡ ਲੋਹਟੀਆਂ ਤੋਂ ਉੱਜੜ ਕੇ ਬਟਾਲੇ ਆ ਗਏ। ਜੜ੍ਹਾਂ ਤੋਂ ਪੁੱਟੇ ਜਾਣ ਤੋਂ ਬਾਅਦ ਕਿਸੇ ਲਈ ਵੀ ਹਰਾ ਹੋਣਾ ਸੌਖਾ ਨਹੀਂ ਹੁੰਦਾ ਪਰ ਸ਼ਿਵ ਕੁਮਾਰ ਦੇ ਪਰਿਵਾਰ ਨੇ ਵੀ ਉਜਾੜੇ ਦੀ ਮਾਰ ਝੱਲ ਰਹੇ ਲੱਖਾਂ ਲੋਕਾਂ ਵਾਂਗ ਦੁਬਾਰਾ ਆਪਣੀਆਂ ਜੜ੍ਹਾਂ ਲਗਾਈਆਂ। ਬਟਾਲਾ ਸ਼ਹਿਰ ਹੁਣ ਸ਼ਿਵ ਕੁਮਾਰ ਦਾ ਸ਼ਹਿਰ ਬਣ ਚੁੱਕਾ ਸੀ।
ਸ਼ਿਵ ਕੁਮਾਰ ਰਾਵੀ ਕੰਢੇ ਜੰਮਿਆਂ, ਬਟਾਲੇ ਵੱਡਾ ਹੋਇਆ, ਕਾਦੀਆਂ ਅਤੇ ਨਾਭਾ ਵਿਚ ਕੁਝ ਅਰਸਾ ਪੜ੍ਹਿਆ। ਅਰਲੀ ਭੰਨ (ਗੁਰਦਾਸਪੁਰ) ਵਿਖੇ ਪਟਵਾਰੀ ਦੀ ਨੌਂਕਰੀ ਜੁਆਇਨ ਕੀਤੀ। ਇਸ ਤੋਂ ਬਾਅਦ ਪ੍ਰੇਮ ਨਗਰ ਬਟਾਲਾ ਅਤੇ ਚੰਡੀਗੜ ਦੀ ਸਟੇਟ ਬੈਂਕ ਆਫ ਇੰਡੀਆ ਬਰਾਂਚ ਦੀ ਕਲਰਕੀ ਵੀ ਕੀਤੀ। ਪਰ ਇਹ ਨੌਂਕਰੀਆਂ ਉਸਦਾ ਜੀਵਨ ਵਿਹਾਰ ਕਦੇ ਨਾ ਬਣ ਸਕੀਆਂ। ਉਹ ਅਜਿਹਾ ਅਣ ਐਲਾਨਿਆ ਸ਼ਹਿਨਸ਼ਾਹ ਸੀ ਜਿਸ ਦੀ ਸਲਤਨਤ ਉਸ ਦੇ ਜਿਉਂਦੇ ਜੀਅ ਤਾਂ ਅੰਤਰ ਰਾਸ਼ਟਰੀ ਸੀਮਾਵਾਂ ਤੋਂ ਪਾਰ ਹੈ ਹੀ ਸੀ ਪਰ ਮੌਤ ਮਗਰੋਂ ਹੋਰ ਵੀ ਫੈਲ ਗਈ। ਧਰਤੀ ਦਾ ਕੋਈ ਵੀ ਬੰਧੇਜ ਉਸ ਦੇ ਪੈਰਾਂ ਨੂੰ ਆਪਣੀ ਬੇੜੀ ਵਿਚ ਨਾ ਨੂੜ ਸਕਿਆ। ਉਹ ਰਿਸ਼ਤਿਆਂ ਨਾਤਿਆਂ ਅਤੇ ਸੰਬੰਧਾਂ ਦੀ ਪਾਕੀਜ਼ਗੀ ਤੋਂ ਵਾਕਿਫ ਹੁੰਦਾ ਹੋਇਆ ਵੀ ਸਾਰੇ ਬੰਧਨ ਤੋੜ ਦਿੰਦਾ। ਸ਼ਿਵ ਰਾਵੀ ਦਾ ਪੁੱਤਰ ਸੀ ਅਤੇ ਉਸ ਨੂੰ ਦਰਿਆ ਦੇ ਅੱਥਰੇ ਵੇਗ ਦੀ ਗੁੜਤੀ ਜੋ ਸੀ।
ਉੱਘੇ ਲੇਖਕ ਸ੍ਰੀ ਗੁਰਭਜਨ ਸਿੰਘ ਗਿੱਲ ਦੱਸਦੇ ਹਨ ਕਿ ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਿਸੇ ਵੀ ਕਿਤਾਬ ਤੇ ਆਪਣੇ ਆਪ ਨੂੰ ਬਟਾਲਵੀ ਨਹੀਂ ਲਿਖਿਆ। ਦੋ ਤਿੰਨ ਹੱਥ ਲਿਖਤ ਕਵਿਤਾਵਾਂ ਤੋਂ ਹੀ ਸ਼ਿਵ ਬਟਾਲਵੀ ਦੇ ਰੂਪ `ਚ ਦਸਤਖਤ ਮਿਲਦੇ ਹਨ। ਪਰ ਹਾਲਾਤ ਦੀ ਸਿਤਮਜ਼ਰੀਫੀ ਵੇਖੋ! ਸ਼ਿਵ ਕੁਮਾਰ ਦੇ ਨਾਂ ਨਾਲ ਬਟਾਲਵੀ ਪੱਕੇ ਤੌਰ ਤੇ ਜੁੜ ਗਿਆ ਹੈ। ਹੁਣ ਤਾਂ ਕੋਈ ਹੋਰ ਵੀ ਸ਼ਿਵ ਕੁਮਾਰ ਹੋਵੇ ਤਾਂ ਲੋਕ ਉਸ ਦੀ ਛੇੜ ਬਟਾਲਵੀ ਪਾ ਲੈਂਦੇ ਹਨ। ਇਹ ਰੁਤਬਾ ਜਣੇ ਖਣੇ ਨੂੰ ਨਸੀਬ ਨਹੀਂ ਹੁੰਦਾ।
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜੇ ਸਾਲਾਂ ਦੀ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਬਸੰਤਰ ਹੰਢਾ ਕੇ ਸ਼ਿਵ ਨੇ ਪੰਜਾਬੀ ਸ਼ਾਇਰੀ ਵਿਚ ਉਹ ਖੂਬਸੂਰਤੀਆਂ ਸਿਰਜ ਦਿੱਤੀਆਂ ਜਿਨਾਂ ਨੂੰ ਉਸ ਤੋਂ ਸੈਂਕੜੇ ਵਰ੍ਹੇ ਪਹਿਲਾਂ ਹੋਏ ਕਿੱਸਾ ਕਵੀਆਂ ਜਾਂ ਸੂਫੀ ਸ਼ਾਇਰਾਂ ਦੀ ਸ਼ਾਇਰੀ ਵਿਚੋਂ ਲੱਭਣਾ ਪੈਂਦਾ ਸੀ।
ਆਪਣੇ ਗਿਰਦਾਵਰ ਬਾਪ ਗੋਪਾਲ ਕ੍ਰਿਸ਼ਨ ਦੀਆਂ ਰੀਝਾਂ ਮੁਤਾਬਕ ਸ਼ਿਵ ਕੁਮਾਰ ਬਟਾਲਵੀ ਪਟਵਾਰੀ ਭਰਤੀ ਹੋ ਗਿਆ ਅਤੇ ਉਸਦੀ ਪਹਿਲੀ ਨਿਯੁਕਤੀ ਕਲਾਨੌਰ ਨੇੜੇ ਪਿੰਡ ਅਰਲੀਭੰਨ ਵਿਖੇ ਹੋਈ। ਸ਼ਿਵ ਭਾਂਵੇ ਪਟਵਾਰੀ ਬਣ ਗਿਆ ਸੀ ਪਰ ਉਹ ਕਾਵਿ ਦੇਸ਼ ਦੀਆਂ ਉੱਚੀਆਂ ਬੁਲੰਦੀਆਂ ਦਾ ਪਰਿੰਦਾ ਬਣਨਾ ਲੋਚਦਾ ਸੀ। ਉਸ ਦੀਆਂ ਕੱਚੀ ਉਮਰ ਦੀਆਂ ਦੋਸਤੀਆਂ ਦੇ ਵਾਕਿਫਕਾਰ ਅਤੇ ਹੋਰ ਨਿਕਟਵਰਤੀ ਸੱਜਣ ਪਿਆਰੇ ਦੱਸਦੇ ਹਨ ਕਿ ਉਹ ਹਰ ਕਿਸੇ ਲਈ ਕਲਿਆਣਕਾਰੀ ਵਤੀਰਾ ਧਾਰਦਾ ਸੀ। ਮੋਮਬੱਤੀ ਵਾਂਗ ਆਪਣਾ ਆਪ ਤਾਂ ਪਿਘਲਾ ਦਿੰਦਾ ਪਰ ਕਿਸੇ ਨੂੰ ਹਨੇਰੇ ਰਾਹਾਂ ਵਿਚ ਨਾ ਭਟਕਣ ਦਿੰਦਾ।
ਸ਼ਿਵ ਕੁਮਾਰ ਪੰਜਾਬੀ ਜ਼ੁਬਾਨ ਦਾ ਮਹਿਬੂਬ ਸ਼ਾਇਰ ਸੀ। ਕਿਸੇ ਧੜੇ, ਧਰਮ, ਸਿਆਸਤ ਜਾਂ ਗੁੱਟ ਤੋਂ ਬਹੁਤ ਉਚੇਰਾ ਸੀ। ਉਸ ਦਾ ਪਹਿਲਾ ਕਾਵਿ ਧਰਮ ਸ਼ਾਇਰੀ ਸੀ, ਨਾਅਰਾ ਨਹੀਂ। ਉਹ ਪਾਰਦਰਸ਼ੀ ਹਸਤੀ ਦਾ ਸੁਆਮੀ ਸੀ ਆਪਣੀ ਸ਼ਾਇਰੀ ਵਾਂਗ। ਪਾਰਖੂ ਸੱਜਣ ਪਿਆਰੇ ਉਸ ਨੂੰ ਪਹਿਲੇ ਦਿਨੋਂ ਹੀ ਮੁਹੱਬਤ ਕਰਨ ਲੱਗ ਪਏ। ਸ਼ਿਵ ਯਾਰਾਂ ਦਾ ਯਾਰ ਸੀ। ਕਹਿੰਦੇ ਹਨ ਸ਼ਿਵ ਨੇ ਓਨੀਆਂ ਰਾਤਾਂ ਆਪਣੇ ਘਰ ਨਹੀਂ ਕੱਟੀਆਂ ਹੋਣੀਆਂ ਜਿਨੀਆਂ ਉਸਨੇ ਆਪਣੇ ਮਿੱਤਰ ਪਿਆਰਿਆਂ ਦੇ ਅੰਗ ਸੰਗ ਗੁਜ਼ਾਰੀਆਂ।
ਕਹਿੰਦੇ ਨੇ ਸ਼ਿਵ ਜਦੋਂ ਸਟੇਜ਼ਾਂ ਉੱਪਰ ਆਪਣੀ ਮਿੱਠੀ ਹੂਕ ਨਾਲ ਆਪਣੇ ਬਿਰਹਾ ਦੇ ਗੀਤਾਂ ਨੂੰ ਗਾਉਂਦਾ ਤਾਂ ਉਸਦੀ ਇਹ ਹੇਕ ਕਿਸੇ ਬਬੀਹੇ ਤੋਂ ਘੱਟ ਨਾ ਲੱਗਦੀ। ਉਹ ਆਪਣੀ ਸ਼ਾਇਰੀ ਤੇ ਮਿੱਠੀ ਅਵਾਜ਼ ਨਾਲ ਸਰੋਤਿਆਂ ਨੂੰ ਕੀਲ ਲੈਂਦਾ। ਸ਼ਿਵ ਕੁਮਾਰ ਬਟਾਲਵੀ ਨੂੰ ਲੋਕ ਬਿਰਹਾ ਦਾ ਸ਼ਾਇਰ ਆਖਦੇ ਹਨ ਕਿਉਂਕਿ ਉਸ ਨੇ ਬਿਰਹਾ ਦਾ ਜ਼ਿਕਰ ਵਾਰ-ਵਾਰ ਕੀਤਾ ਹੈ। ਇਹ ਬਿਰਹਾ ਉਸ ਦਾ ਤਨ ਅਤੇ ਮਨ ਤੋਂ ਵਿਛੁੰਨੇ ਵਿਅਕਤੀ ਦਾ ਰੁਦਨਮਈ ਬਿਰਹਾ ਹੈ ਜਿਸ ਨੂੰ ਉਹ ਸੌ ਮੱਕਿਆ ਦੇ ਹੱਜ ਬਰਾਬਰ ਗਿਣਦਾ ਹੈ।
ਸ਼ਿਵ ਕੁਮਾਰ ਨੂੰ 27 ਸਾਲ ਦੀ ਉਮਰ ਵਿਚ ਹੀ ਭਾਰਤੀ ਸਾਹਿਤ ਅਕਾਡਮੀ ਪੁਰਸਕਾਰ ਕਾਵਿ ਨਾਟ ‘ਲੂਣਾ’ ਲਿਖਣ ਬਦਲੇ ਮਿਲਿਆ। ਉਸ ਜਿੰਨੀ ਉਮਰ ਦੇ ਕਿਸੇ ਵੀ ਲਿਖਾਰੀ ਨੂੰ ਹੁਣ ਤੀਕ ਇਹ ਸਨਮਾਨ ਹਾਸਿਲ ਨਹੀਂ ਹੋਇਆ।
ਸਾਂਝੇ ਪੰਜਾਬ ਸਮੇਂ ਜਨਮਿਆਂ ਸ਼ਿਵ ਕੁਮਾਰ ਬਟਾਲਵੀ ਪੰਜਾਬ ਦੀ ਵੰਡ ਤੋਂ ਬਾਅਦ ਵੀ ਦੋਵਾਂ ਪੰਜਾਬਾਂ ਦਾ ਸਾਂਝਾ ਹੀ ਰਿਹਾ। ਉਹ ਪੰਜਾਬੀ ਮਾਂ ਬੋਲੀ ਦਾ ਉਹ ਲਾਡਲਾ ਪੁੱਤਰ ਸੀ ਜਿਸ ਨੇ ਮਾਂ ਬੋਲੀ ਦੇ ਗੁਆਚਦੇ ਜਾ ਰਹੇ ਸ਼ਬਦਾਂ ਨੂੰ ਆਪਣੀ ਸ਼ਾਇਰੀ ਵਿਚ ਸੰਭਾਲਿਆ। ਉਸ ਦੇ ਬੋਲਾਂ ਵਿਚੋਂ ਸਿਰਫ ਪੰਜਾਬ ਨਹੀਂ ਸਗੋਂ ਸਮੁੱਚ ਕਾਇਨਾਤ ਦੇ ਦਰਸ਼ਨ ਹੁੰਦੇ ਹਨ। ਸ਼ਿਵ ਤੇ ਇਕੱਲੇ ਬਟਾਲਵੀ ਹੀ ਨਹੀਂ ਬਲਕਿ ਸਮੁੱਚੇ ਪੰਜਾਬੀ ਮਾਣ ਕਰਦੇ ਹਨ। ਜਦੋਂ ਤੱਕ ਇਹ ਕਾਇਨਾਤ ਕਾਇਮ ਰਹੇਗੀ, ਸ਼ਬਦ ਕਾਇਮ ਰਹੇਗਾ ਓਦੋਂ ਤੱਕ ਸ਼ਿਵ ਬਟਾਲਵੀ ਵੀ ਕਾਇਮ ਰਹੇਗਾ।
ਅੱਜ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਹੈ। ਇਸ ਮਹਾਨ ਸ਼ਾਇਰ ਦੇ ਜਨਮ ਦਿਨ ਦੀ ਸਮੂਹ ਸ਼ਿਵ ਸਨੇਹੀਆਂ ਅਤੇ ਪੰਜਾਬੀਆਂ ਮਾਂ-ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਹਾਰਦਿਕ ਮੁਬਾਰਕਾਂ।
ਪੇਸ਼ ਹੈ ਸ਼ਿਵ ਬਟਾਲਵੀ ਦੀ ਇੱਕ ਨਜ਼ਮ:-
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦਾ ਬੋਲ ਬੋਲਣ
ਸ਼ੀਸ਼ੇ ਦਾ ਵੇਸ ਪਾਉਂਦੇ
ਜਿਸਤੀ ਇਹਦੇ ਗਗਨ 'ਤੇ
ਪਿੱਤਲ ਦਾ ਚੜ੍ਹਦਾ ਸੂਰਜ
ਤਾਂਬੇ ਦੇ ਰੁੱਖਾਂ ਉੱਪਰ
ਸੋਨੇ ਦੇ ਗਿਰਝ ਬਹਿੰਦੇ
ਇਸ ਸ਼ਹਿਰ ਦੇ ਇਹ ਲੋਕੀ
ਜ਼ਿੰਦਗੀ ਦੀ ਹਾੜੀ ਸਾਉਣੀ
ਧੂਏਂ ਦੇ ਵੱਢ ਵਾਹ ਕੇ
ਸ਼ਰਮਾਂ ਨੇ ਬੀਜ ਆਉਂਦੇ
ਚਾਂਦੀ ਦੀ ਫ਼ਸਲ ਨਿੱਸਰੇ
ਲੋਹੇ ਦੇ ਹੱਡ ਖਾ ਕੇ
ਇਹ ਰੋਜ਼ ਚੁਗਣ ਸਿੱਟੇ
ਜਿਸਮਾਂ ਦੇ ਖੇਤ ਜਾਂਦੇ
ਇਸ ਸ਼ਹਿਰ ਦੇ ਇਹ ਵਾਸੀ
ਬਿਰਹਾ ਦੀ ਜੂਨ ਆਉਂਦੇ
ਬਿਰਹਾ ਹੰਢਾ ਕੇ ਸੱਭੇ
ਸੱਖਣੇ ਦੀ ਪਰਤ ਜਾਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਅੱਜ ਢਾਰਿਆਂ ਦੇ ਉਹਲੇ
ਸੂਰਜ ਕਲੀ ਕਰਾਇਆ
ਲੋਕਾਂ ਨੇ ਨਵਾਂ ਕਹਿੰਦੇ
ਲੋਹੇ ਦੇ ਇਸ ਸ਼ਹਿਰ ਵਿਚ
ਲੋਹੇ ਦੇ ਲੋਕ ਰਹਿਸਣ
ਲੋਹੇ ਦੇ ਗੀਤ ਸੁਣਦੇ
ਲੋਹੇ ਦੇ ਗੀਤ ਗਾਉਂਦੇ
ਲੋਹੇ ਦੇ ਇਸ ਸ਼ਹਿਰ ਵਿਚ
ਪਿੱਤਲ ਦੇ ਲੋਕ ਰਹਿੰਦੇ
ਸਿੱਕੇ ਦੇ ਬੋਲ ਬੋਲਣ
ਸ਼ੀਸ਼ੇ ਦਾ ਵੇਸ਼ ਪਾਉਂਦੇ।
-
ਇੰਦਰਜੀਤ ਸਿੰਘ ਹਰਪੁਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,
rohitguptasanju@gmail.com
98155-77574
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.