ਕੁਦਰਤੀ ਆਫ਼ਤ ਦਾ ਮੁਕਾਬਲਾ ਕਰਨ ਵਾਲੀ ਡਿਪਟੀ ਕਮਿਸ਼ਨਰ ਸ਼ਾਕਸ਼ੀ ਸਾਹਨੀ
ਪੰਜਾਬ ਦੇ ਕਿਸੇ ਜਿਲ੍ਹੇ ਵਿੱਚ ਜਦੋਂ ਵੀ ਕੋਈ ਗੰਭੀਰ ਕੁਦਰਤੀ ਆਫ਼ਤ ਆਉਂਦੀ ਹੈ ਤੇ ਉਥੋਂ ਦੇ ਲੋਕਾਂ ਨੂੰ ਅਣਸੁਖਾਵੇਂ ਹਾਲਾਤ ਵਿੱਚੋਂ ਲੰਘਦਿਆਂ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਲੋਕਾਂ ਵਿੱਚ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ‘ਤੇ ਗੁੱਸਾ ਤੇ ਰੋਸ ਜ਼ਰੂਰ ਆਉਂਦਾ ਹੈ। ਕਈ ਵਾਰੀ ਉਹ ਗੁੱਸਾ ਸਹੀ ਵੀ ਹੁੰਦਾ ਹੈ, ਜਿਸ ਕਰਕੇ ਲੋਕ ਧਰਨੇ, ਅੰਦੋਲਨ ਅਤੇ ਮੁੱਖ ਰਸਤੇ ਤੱਕ ਜਾਮ ਕਰ ਦਿੰਦੇ ਹਨ। ਵੈਸੇ ਅਜਿਹੀ ਪੁਜੀਸ਼ਨ ਹਰ ਕੁਦਰਤੀ ਆਫਤ ਵਿੱਚ ਵੇਖਣ ਨੂੰ ਮਿਲਦੀ ਹੈ, ਭਾਵੇਂ ਜਿਲ੍ਹਾ ਪ੍ਰਸ਼ਾਸ਼ਨ ਜਿੰਨਾ ਮਰਜ਼ੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕਰੇ। ਪਟਿਆਲਾ ਜਿਲ੍ਹੇ ਵਿੱਚ 10 ਜੁਲਾਈ 2023 ਨੂੰ ਕੁਦਰਤੀ ਆਫ਼ਤ ਹੜਾਂ ਦਾ ਰੂਪ ਧਾਰਨ ਕਰਕੇ ਆ ਗਈ। ਪ੍ਰਸ਼ਾਸ਼ਨ ਵੱਲੋਂ ਫੌਰੀ ਕਾਰਵਾਈ ਕਰਨ ਕਰਕੇ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ।
ਫਿਰ ਵੀ ਹੜ੍ਹਾਂ ਨਾਲ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਪ੍ਰੰਤੂ ਪਟਿਆਲਾ ਦੇ ਲੋਕ ਅਤੇ ਮੀਡੀਆ ਪ੍ਰਸ਼ਾਸ਼ਨ ਦੀ ਖਾਸ ਕਰਕੇ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਦੀ ਸ਼ਲਾਘਾ ਕਰਦੇ ਵੇਖੇ ਗਏ, ਜੋ ਕਿ ਮੇਰੇ ਲੋਕ ਸੰਪਰਕ ਵਿਭਾਗ ਦੇ 33 ਸਾਲ ਦੇ ਤਜ਼ਰਬੇ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਪਟਿਆਲਾ ਵਿੱਚ 1988 ਅਤੇ 1993 ਵਿੱਚ ਵੀ ਹੜ੍ਹ ਆਏ ਸਨ। ਇਨ੍ਹਾਂ ਦੋਹਾਂ ਮੌਕਿਆਂ ‘ਤੇ ਕਰਮਵਾਰ ਡਾ.ਬੀ.ਸੀ.ਗੁਪਤਾ ਅਤੇ ਟੀ.ਸੀ.ਗੁਪਤਾ ਡਿਪਟੀ ਕਮਿਸ਼ਨਰ ਸਨ, ਉਦੋਂ ਵੀ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਤੇ ਬਹੁਤ ਕਿੰਤੂ ਪ੍ਰੰਤੂ ਤਾਂ ਹੋਏ ਸਨ ਪ੍ਰੰਤੂ ਧਰਨੇ ਵਗੈਰਾ ਨਹੀਂ ਲੱਗੇ ਸਨ। ਉਸ ਤੋਂ ਬਾਅਦ ਤੀਜੀ ਵਾਰ ਪਟਿਆਲਾ ਜਿਲ੍ਹਾ 10 ਜੁਲਾਈ 2023 ਨੂੰ ਮੁੜ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਇਆ ਪ੍ਰੰਤੂ ਦਿ੍ਰੜ੍ਹ ਇਰਾਦੇ ਵਾਲੀ ਮਿਹਨਤੀ ਪ੍ਰਸ਼ਾਸ਼ਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਆਪਣੇ ਅਧਿਕਾਰੀਆਂ ਦੀ ਟੀਮ, ਪੁਲਿਸ ਪ੍ਰਸ਼ਾਸ਼ਨ ਅਤੇ ਆਪਣੀ ਕਾਰਜ਼ਸ਼ੈਲੀ ਨਾਲ ਸਥਾਨਕ ਪਟਿਆਲਵੀਆਂ ਦੇ ਜਾਨ ਤੇ ਮਾਲ ਦੀ ਰਾਖੀ ਕਰਕੇ ਉਨ੍ਹਾਂ ਦੇ ਦਿਲ ਜਿੱਤ ਲਏ। ਕੁਦਰਤੀ ਆਫ਼ਤਾਂ ਸਮਾਜ ‘ਤੇ ਕਹਿਰ ਬਣਕੇ ਆਉਂਦੀਆਂ ਹਨ ਪ੍ਰੰਤੂ ਉਨ੍ਹਾਂ ਦਾ ਸੁਚੱਜੇ ਤੇ ਯੋਜਨਾਬੱਧ ਢੰਗ ਨਾਲ ਮੁਕਾਬਲਾ ਕਰਕੇ ਲੋਕਾਂ ਦੀ ਹਿਫ਼ਾਜ਼ਤ ਕਰਨੀ ਪ੍ਰਸ਼ਸਾਨਿਕ ਅਮਲੇ ਫ਼ੈਲੇ ਦੀ ਜ਼ਿੰਮੇਵਾਰੀ ਹੁੰਦੀ ਹੈ।
ਇਸ ਜ਼ਿੰਮੇਵਾਰੀ ਨੂੰ ਨਿਭਾਉਣ ਵਿੱਚ ਕਈ ਅਧਿਕਾਰੀ ਸੰਜੀਦਗੀ ਦੀ ਵਰਤੋਂ ਨਹੀਂ ਕਰਦੇ ਸਗੋਂ ਕੈਜੂਅਲ ਢੰਗ ਨਾਲ ਕੰਮ ਕਰਦੇ ਹਨ ਪ੍ਰੰਤੂ ਪਟਿਆਲਾ ਦੀ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਵਿੱਚ ਪਟਿਆਲਾ ਪ੍ਰਸ਼ਾਸ਼ਨ ਨੇ ਇਸ ਕੁਦਰਤ ਦੀ ਕਰੋਪੀ ਨੂੰ ਸੰਜੀਦਗੀ ਨਾਲ ਲੈ ਕੇ ਇਸ ਨੂੰ ਵੰਗਾਰ ਸਮਝਦਿਆਂ ਹਲ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਉਨ੍ਹਾਂ ਨੂੰ ਕਾਫੀ ਹੱਦ ਤੱਕ ਸਫਲ ਰਿਹਾ ਕਿਹਾ ਜਾ ਸਕਦਾ ਹੈ। ਭਾਵੇਂ ਸਾਰੇ ਲੋਕ ਸੰਤਸ਼ਟ ਵੀ ਨਹੀਂ ਹਨ ਕਿਉਂਕਿ ਅਜਿਹੀ ਆਫਤ ਦਾ ਅਚਾਨਕ ਆ ਜਾਣਾ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੰਦਾ ਹੈ। ਯਕਲਖਤ ਸਾਰੇ ਪ੍ਰਬੰਧ ਕਰਨ ਵਿੱਚ ਮੁਸ਼ਕਲ ਆਉਂਦੀ ਹੈ। ਕੁਝ ਅਧਿਕਾਰੀ ਤੇ ਕਰਮਚਾਰੀ ਅਵੇਸਲੇ ਹੁੰਦਿਆਂ ਅਣਗਹਿਲੀ ਵਰਤ ਜਾਂਦੇ ਹਨ। ਪ੍ਰੰਤੂ ਡਿਪਟੀ ਕਮਿਸ਼ਨਰ ਨੇ ਫੁਰਤੀ ਨਾਲ ਹੜ੍ਹਾਂ ਦੇ ਗੰਭੀਰ ਰੂਪ ਧਾਰਨ ਕਰਨ ਦੇ ਹੰਦੇਸ਼ੇ ਨਾਲ ਸਿਵਲ ਅਮਲੇ ਦੀ ਮਦਦ ਲਈ ਤੁਰੰਤ ਫ਼ੌਜ ਅਤੇ ਐਨ.ਡੀ.ਆਰ.ਐਫ.ਦੀ ਸਹਾਇਤਾ ਦੀ ਮੰਗ ਕਰ ਦਿੱਤੀ।
ਇਹੋ ਪ੍ਰਸ਼ਾਸ਼ਨਿਕ ਅਧਿਕਾਰੀ ਦਾ ਗੁਣ ਹੁੰਦਾ ਹੈ ਕਿ ਉਹ ਮੌਕੇ ਦੀ ਨਜ਼ਾਕਤ ਨੂੰ ਸਮਝਦਿਆਂ ਤੁਰੰਤ ਫ਼ੈਸਲੇ ਲਵੇ। 10 ਜੁਲਾਈ ਨੂੰ ਜਦੋਂ ਪਟਿਆਲਾ ਵਿੱਚ ਹੜ੍ਹ ਆਏ ਤਾਂ ਉਨ੍ਹਾਂ ਤੁਰੰਤ ਪਟਿਆਲਾ ਦੀਆਂ ਸਵੈਇਛੱਤ ਸੰਸਥਾਵਾਂ ਅਤੇ ਰੈਜੀਡੈਂਸ਼ੀਅਲ ਕਾਲੋਨੀਆਂ ਦੀਆਂ ਸਭਾਵਾਂ ਦੇ ਵਟਸ ਅਪ ਗਰੁਪਾਂ ਨੂੰ ਸੂਚਿਤ ਕਰਨ ਲਈ ਨੋਡਲ ਅਧਿਕਾਰੀ ਦੀ ਜ਼ਿੰਮੇਵਾਰੀ ਲਗਾ ਦਿੱਤੀ ਤਾਂ ਜੋ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਾਇਆ ਅਤੇ ਉਨ੍ਹਾਂ ਨੂੰ ਹੜ੍ਹਾਂ ਸੰਬੰਧੀ ਸਹੀ ਜਾਣਕਾਰੀ ਦਿੱਤੀ ਜਾ ਸਕੇ। ਇਨ੍ਹਾਂ ਗਰੁਪਾਂ ਵਿੱਚ ਉਹ ਖੁਦ ਸ਼ਾਮਲ ਹੋ ਗਈ। ਆਮ ਤੌਰ ਤੇ ਅਜਿਹੇ ਮੌਕਿਆਂ ‘ਤੇ ਅਫ਼ਵਾਹਾਂ ਦਾ ਜ਼ੋਰ ਹੁੰਦਾ ਹੈ। ਇਨ੍ਹਾਂ ਗਰੁਪਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਹੜ੍ਹ ਦੇ ਪਾਣੀ ਦੀ ਸਥਿਤੀ ਅਤੇ ਬਚਾਓ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਲਗਾਤਾਰ ਦਿੱਤੀ ਜਾਂਦੀ ਸੀ।
ਇਸ ਤੋਂ ਪਹਿਲਾਂ ਲੋਕ, ਲੋਕ ਸੰਪਰਕ ਵਿਭਾਗ ਦੀ ਪ੍ਰਚਾਰ ਕਰਨ ਵਾਲੀ ਗੱਡੀ ਦੀ ਇੰਤਜ਼ਾਰ ਕਰਦੇ ਰਹਿੰਦੇ ਸਨ, ਜਦੋਂ ਕਿ ਉਸ ਵੈਨ ਲਈ ਸਾਰੇ ਇਲਾਕੇ ਨੂੰ ਕਵਰ ਕਰਨਾ ਅਸੰਭਵ ਹੁੰਦਾ ਸੀ। ਸ਼ੋਸ਼ਲ ਮੀਡੀਆ ਰਾਹੀਂ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਜਿਲ੍ਹਾ ਲੋਕ ਸੰਪਰਕ ਵਿਭਾਗ ਦੀ ਕਾਰਗੁਜ਼ਾਰੀ ਵੀ ਬਾਕਮਾਲ ਸੀ। ਵਟਸ ਅਪ ਗਰੁਪਾਂ ਵਿੱਚ ਲੋਕਾਂ ਦੇ ਹੜ੍ਹਾਂ ਸੰਬੰਧੀ ਸਵਾਲਾਂ ਦੇ ਜਵਾਬ ਵੀ ਡਿਪਟੀ ਕਮਿਸ਼ਨਰ ਦਿੰਦੇ ਰਹੇ, ਜਿਸ ਕਰਕੇ ਹੜ੍ਹਾਂ ਤੋਂ ਪ੍ਰਭਾਵਤ ਲੋਕ ਖਾਮਖਾਹ ਦੀ ਪ੍ਰੇਸ਼ਾਨੀ ਤੋਂ ਬਚ ਗਏ। ਪਹਿਲੇ ਦਿਨ ਤੋਂ ਹੜ੍ਹਾਂ ਦੇ ਖ਼ਤਮ ਹੋਣ ਤੱਕ ਸਾਕਸ਼ੀ ਸਾਹਨੀ ਸਵੇਰੇ 6 ਵਜੇ ਤੋਂ ਸਾਰਾ ਦਿਨ ਅਤੇ ਕਈ ਵਾਰੀ ਸਾਰੀ ਸਾਰੀ ਰਾਤ ਹੜ੍ਹ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਉਨ੍ਹਾਂ ਦੇ ਬਚਾਓ ਲਈ ਅਧਿਕਾਰੀਆਂ ਦੇ ਨਾਲ ਮੌਕੇ ‘ਤੇ ਰਹਿੰਦੇ ਸਨ। ਉਨ੍ਹਾਂ ਨੇ ਲੋਕਾਂ ਦੀ ਸੁਰੱਖਿਆ ਲਈ ਕਈ ਵਾਰ ਆਪਣੀ ਜਾਨ ਵੀ ਖ਼ਤਰੇ ਵਿੱਚ ਪਾ ਲਈ ਸੀ। ਇੱਕ ਵਾਰ ਰਾਤ ਦੇ ਤਿੰਨ ਵਜੇ ਉਨ੍ਹਾਂ ਦੀ ਕਾਰ ਹਨ੍ਹੇਰੇ ਕਰਕੇ ਹੜ੍ਹ ਦੇ ਪਾਣੀ ਵਿੱਚ ਫਸ ਗਈ ਸੀ ਕਿਉਂਕਿ ਪਾਣੀ ਵਿੱਚ ਸੜਕ ਦਾ ਪਤਾ ਨਹੀਂ ਲੱਗ ਰਿਹਾ ਸੀ ਪ੍ਰੰਤੂ ਪਰਮਾਤਮਾ ਦੀ ਮਿਹਰਬਾਨੀ ਨਾਲ ਉਨ੍ਹਾਂ ਦੀ ਕਾਰ ਠੀਕ ਰਸਤੇ ‘ਤੇ ਪੈ ਕੇ ਪਾਣੀ ਵਿੱਚੋਂ ਬਾਹਰ ਨਿਕਲ ਗਈ ਸੀ। ਉਹ ਫ਼ੌਜ, ਪੁਲਿਸ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਦੇ ਨਾਲ ਬਾਕਾਇਦਾ ਤਾਲਮੇਲ ਰੱਖਦੇ ਸਨ, ਜਿਥੇ ਲੋੜ ਪੈਂਦੀ ਸੀ, ਉਨ੍ਹਾਂ ਦੇ ਨਾਲ ਰਹਿੰਦੇ ਸਨ। ਜਿਥੇ ਪਾਣੀ ਘੱਟ ਸੀ ਪ੍ਰੰਤੂ ਜੀਪਾਂ ਤੇ ਕਾਰਾਂ ਰਾਹੀਂ ਮਦਦ ਨਹੀਂ ਕੀਤੀ ਜਾ ਸਕਦੀ ਸੀ, ਉਥੇ ਉਨ੍ਹਾਂ ਨੇ ਪਿੰਡਾਂ ਦੇ ਲੋਕਾਂ ਦੇ ਸਹਿਯੋਗ ਨਾਲ ਟ੍ਰੈਕਟਰਾਂ ਨਾਲ ਪ੍ਰਭਾਵਤ ਲੋਕਾਂ ਨੂੰ ਹੜ੍ਹਾਂ ਵਿੱਚੋਂ ਬਾਹਰ ਕੱਢਿਆ ਅਤੇ ਖਾਣ ਪੀਣ ਦੀਆਂ ਵਸਤਾਂ ਪਹੁੰਚਦੀਆਂ ਕੀਤੀਆਂ। ਉਨ੍ਹਾਂ ਮਹਿਸੂਸ ਕੀਤਾ ਕਿ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫਲ ਹੋਣਾ ਸੰਭਵ ਨਹੀਂ ਹੁੰਦਾ। ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਜਦੋਂ ਪਾਣੀ ਵੱਧ ਗਿਆ ਤਾਂ ਮੋਟਰ ਬੋਟ (ਕਿਸ਼ਤੀਆਂ) ਦੀ ਵਰਤੋਂ ਕੀਤੀ ਗਈ। ਸਭ ਤੋਂ ਪਹਿਲਾਂ ਗਰਭਵਤੀ ਇਸਤਰੀਆਂ, ਬਜ਼ੁਰਗਾਂ, ਬੀਮਾਰਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਂਦਾ ਗਿਆ।
ਉਨ੍ਹਾਂ ਦੇ ਠਹਿਰਨ, ਖਾਣ ਪੀਣ ਅਤੇ ਦਵਾਈਆਂ ਦੇਣ ਦਾ ਪ੍ਰਬੰਧ ਕੀਤਾ ਗਿਆ। ਸਾਰਾ ਪ੍ਰਬੰਧ ਯੋਜਨਾਬੱਧ ਢੰਗ ਨਾਲ ਕੀਤਾ ਗਿਆ। ਉਨ੍ਹਾਂ ਦੀ ਇਕ ਹੋਰ ਕਾਬਲੀਅਤ ਵੇਖਣ ਨੂੰ ਮਿਲੀ ਕਿ ਉਨ੍ਹਾਂ ਆਮ ਲੋਕਾਂ ਨਾਲ ਵਿਚਰਦਿਆਂ ਵੀ ਹਲੀਮੀ ਤੋਂ ਕੰਮ ਲਿਆ। ਉਨ੍ਹਾਂ ਦੀ ਸਾਦਗੀ ਅਤੇ ਮਾਸੂਮੀਅਤ ਨੇ ਲੋਕਾਂ ਬਹੁਤ ਹੀ ਪ੍ਰਭਾਵਤ ਕੀਤਾ। ਇਉਂ ਪ੍ਰਭਾਵ ਦੇ ਰਹੇ ਸਨ ਜਿਵੇਂ ਉਹ ਹੜ੍ਹਾਂ ਤੋਂ ਪ੍ਰਭਾਵਤ ਲੋਕਾਂ ਵਿੱਚੋਂ ਹੀ ਹੋਣ। ਨੌਜਵਾਨਾ ਦੇ ਰੋਹ ਅਤੇ ਗੁੱਸੇ ਨੂੰ ਉਨ੍ਹਾਂ ਦੀ ਬੋਲ ਬਾਣੀ ਸ਼ਾਂਤ ਕਰ ਦਿੰਦੀ ਸੀ। ਜਿਲ੍ਹਾ ਪੁਲਿਸ ਮੁੱਖੀ ਅਤੇ ਪੁਲਿਸ ਨਾਲ ਤਾਲਮੇਲ ਬਾਕਮਾਲ ਸੀ। ਪੁਲਿਸ ਵਾਲਿਆਂ ਵੀ ਪੂਰੀ ਤਨਦੇਹੀ ਨਾਲ ਕੰਮ ਕੀਤਾ। ਸਮਾਜ ਸੇਵੀ ਸੰਸਥਾਵਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਨੂੰ ਪੂਰਾ ਸਾਥ ਦਿੱਤਾ। ਅਧਿਕਾਰੀਆਂ ਤੋਂ ਕੰਮ ਲੈਣ ਦਾ ਉਨ੍ਹਾਂ ਦਾ ਢੰਗ ਵੀ ਨਿਰਾਲਾ ਸੀ, ਲੋੜ ਅਨੁਸਾਰ ਸਖ਼ਤੀ ਵੀ ਵਰਤਦੇ ਸਨ ਪ੍ਰੰਤੂ ਅਧਿਕਾਰੀਆਂ ਕਰਮਚਾਰੀਆਂ ਨੂੰ ਉਨ੍ਹਾਂ ਅਪਣੇਪਨ ਦਾ ਪ੍ਰਗਟਾਵਾ ਹੁੰਦਾ ਸੀ। ਇਕ ਹਫਤਾ ਉਹ ਇਤਨੇ ਰੁੱਝੀ ਰਹੀ ਕਿ ਆਪਣੀ ਨੰਨੀ ਬੱਚੀ ਨੂੰ ਵੀ ਮਿਲ ਨਹੀਂ ਸਕੀ ਕਿਉਂਕਿ ਸਵੇਰੇ 6 ਵਜੇ ਉਹ ਘਰੋਂ ਬੱਚੀ ਦੇ ਸੁੱਤੀ ਪਿਆਂ ਹੀ ਚਲੀ ਜਾਂਦੀ ਅਤੇ ਰਾਤ ਦੇ ਦੋ ਤਿੰਨ ਵਜੇ ਜਦੋਂ ਵਾਪਸ ਆਉਂਦੀ ਉਦੋਂ ਵੀ ਬੱਚੀ ਸੁੱਤੀ ਹੁੰਦੀ ਸੀ।
ਮੈਂ ਇਹ ਲੇਖ ਆਪਣੀ ਜ਼ਮੀਰ ਦੀ ਆਵਾਜ਼ ਨਾਲ ਲਿਖਿਆ ਹੈ। ਕਈ ਲੋਕਾਂ ਨੂੰ ਮੇਰਾ ਕਿਸੇ ਅਧਿਕਾਰੀ ਦੀ ਪ੍ਰਸੰਸਾ ਵਿੱਚ ਲਿਖਣਾ ਚੰਗਾ ਨਹੀਂ ਲੱਗੇਗਾ ਪ੍ਰੰਤੂ ਅਸਲੀਅਤ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਾ ਕੋਈ ਗ਼ਲਤ ਗੱਲ ਨਹੀਂ। ਮੈਂ ਤਾਂ ਸਾਕਸ਼ੀ ਸਾਹਨਂ ਨੂੰ ਨਾ ਕਦੇ ਮਿਲਿਆ ਅਤੇ ਨਾ ਹੀ ਜਾਣਦਾ ਹਾਂ। ਹੋ ਸਕਦਾ ਇਸ ਲੇਖ ਨੂੰ ਪੜ੍ਹਕੇ ਜੁਨੀਅਰ ਅਧਿਕਾਰੀਆਂ ਵਿੱਚ ਅਜਿਹੀਆਂ ਸਮੱਸਿਆਵਾਂ ਦੇ ਹਲ ਲਈ ਪ੍ਰੇਰਨਾ ਮਿਲ ਸਕੇ। ਜੇਕਰ ਕੋਈ ਇਕ ਅਧਿਕਾਰੀ ਵੀ ਪ੍ਰੇਰਨਾ ਲੈ ਸਕੇ ਤਾਂ ਭਵਿਖ ਵਿੱਚ ਬਹੁਤ ਸਾਰੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਹੋ ਸਕਦੀ ਹੈ। ਕਿਉਂਕਿ ਹੜ੍ਹ ਹਰ ਸਾਲ ਆਉਂਦੇ ਹਨ, ਹੁਣ ਤੱਕ ਸਰਕਾਰਾਂ ਤਾਂ ਲੰਬੇ ਸਮੇਂ ਦੇ ਕੋਈ ਸਾਰਥਿਕ ਪੱਕੇ ਪ੍ਰਬੰਧ ਕਰਨ ਵਿੱਚ ਅਸਫਲ ਹੋਈਆਂ ਹਨ।
ਤਸਵੀਰਾਂ: ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਪਟਿਆਲਾ
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@ahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.