ਸਿੱਖ ਗੁਰੂ ਸਾਹਿਬਾਨ ਨੇ ਧਰਮ ਦੀ ਪਰਿਭਾਸ਼ਾ ਅੰਕਿਤ ਕੀਤੀ ਹੈ । ਸਰਬ ਧਰਮ ਮਹਿ ਸ੍ਰੇਸ਼ਠ ਧਰਮ ਹਰਿ ਕੋ ਨਾਮ ਜੁਪਿ ਨਿਰਮਲ ਕਰਮੁ !! ਧਰਮ ਇੱਕ ਜੁਮੇਵਾਰੀ ਹੈ । ਪ੍ਰਭੂ , ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲਈ ਗ੍ਰਿਹਸਤ ਜੀਵਨ ਛੱਡਣ ਦੀ ਲੋੜ ਨਹੀਂ ।ਸਿੱਖ ਧਰਮ ਕਰਮ ਕਾਂਡ ਤੋਂ ਰਹਿਤ ਹੈ । ਏਕ ਗੁਸਾਈ ਅਲਹੁ ਮੇਰਾ ।। ਹਿੰਦੂ ਤੁਰਕ ਦੁਹਾਂ ਨੇਬੇਰਾ ।। ਦਰਜ ਕਰਦੇ ਹੋਏ , ਬਿਆਨ ਕਰਦੇ ਹਨ ਕੇ ਅਸੀ ਹੱਜ ਕਰਨ ਲਈ ਕਾਬੇ ਨਹੀਂ ਜਾਂਦੇ ਤੇ ਨਾਂ ਹੀ ਤੀਰਥਾਂ ਦੀ ਪੂਜਾ ਕਰਦੇ ਹਾਂ , ਕੇਵਲ ਇੱਕ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਾਂ । ਰਮਜ਼ਾਨ ਦੇ ਮਹੀਨੇ ਵਿੱਚ ਵਰਤ ਭਾਵ ਰੋਜ਼ੇ ਵੀ ਨਹੀਂ ਰੱਖਦੇ ਤੇ ਉਸ ਦੀ ਅਰਾਧਨਾ ਕਰਦੇ ਹਾਂ ਜੋ ਸਭ ਨੂੰ ਦੇਣ ਵਾਲਾ ਹੈ । ਨਾ ਪੂਜਾ ਕਰਦੇ ਹਾਂ ਨਾ ਨਮਾਜ਼ ਪੜਦੇ ਹਾਂ ,ਕੇਵਲ ਇੱਕ ਅਕਾਲ ਪੁਰਖ ਦਾ ਹਿਰਦੇ ਵਿਚ ਸਿਮਰਣ ਕਰਦੇ ਹਾਂ । ਅਸੀਂ ਨਾ ਹਿੰਦੂ ਧਰਮ ਦੀ ਰਿਤੀ ਰਿਵਾਜ ਮੰਨਦੇ ਹਾਂ ਨਾ ਮੁਸਲਮਾਨ ਧਰਮ ਦੇ । ਇਹ ਸ਼ਰੀਰ ਤੇ ਪ੍ਰਾਣ ਉਸ ਵਾਹਿਗੁਰੂ ਨੇ ਦਿੱਤੇ ਹਨ ਜਿਸ ਨੂੰ ਮੁਸਲਮਾਨ ਅਲਹ ਤੇ ਹਿੰਦੂ ਰਾਮ ਆਖਦੇ ਹਨ । ਭਾਈ ਗੁਰੂ ਨੂੰ ਮਿਲਕੇ ਉਸ ਦੇ ਹੁਕਮ ਤੇ ਚੱਲ ਕੇ ਆਪਣੇ ਅੰਦਿਰ ਹੀ ਅਕਾਲ ਪੁਰਖ ਨਾਲ ਡੂੰਗੀ ਸਾਂਝ ਪਾ ਲਈ ਹੈ ।
ਅਕਾਲ ਪੁਰਖ ਦੀ ਖੋਜ ਤੇ ਪ੍ਰਾਪਤੀ ਆਪਣੇ ਅੰਦਿਰ ਦਾ ਦੀਵਾ ਜਗਾ ਕੇ ਉਸਦਾ ਧਿਆਨ ਕਰਦਿਆਂ ਲੋਕ ਸੇਵਾ ਰਾਹੀਂ ਕਰਨੀ ਹੈ । ਅੰਦਿਰ ਦੀਪਕ ਜਗਾਉਣ ਦੀ ਵਿਧੀ ॥ ਸਤਿਗੁਰ ਕੀ ਬਾਣੀ ਸਤਿ ਸਰੂਪ ਹੈ ਗੁਰਬਾਣੀ ਬਣੀਐ ॥ਦੇ ਹੁਕਮ ਬਨਣਾ ਜ਼ਰੂਰੀ ਹੈ , ਹਿਰਦੇ ਅੰਦਿਰ ਅਕਾਲ ਪੁਰਖ ਭੈ ਤੇ ਭਾਓ ਦੀ ਵੱਟੀ ਪਾਉਣੀ ਹੈ , ਰੱਟੇ ਲਾਉਣੇ ਨਾਲ ਨਹੀ । ਕੇਵਲ ਸੱਚ ਦੀ ਮਾਚਿਸ ਦੀ ਅੱਗ ਹੀ ਇਸਨੂੰ ਵਾਲ ਸਕਦੀ ਹੈ । ਗੁਰਮਿਤ ਹਰ ਖੇਤਰ ਵਿੱਚ ਸੇਧ ਤੇ ਅਗਵਾਈ ਦੇਣ ਦੇ ਸਮਰੱਥ ਹੈ ।
ਦੁਨੀਆ ਦੇ ਇਸ ਨਿਰਮਲ ਪੰਥ ਦਾ ਪ੍ਰਚਾਰ ਪ੍ਰਸਾਰ ਕਿਵੇਂ ਹੋਵੈ ? ਇਸ ਲਈ ਖੌਜ ਕਰਨੀ ਚਾਹੀਦੀ ਸੀ ਜੋ ਕੰਮ ਮਿਸਲਾਂ ਤੇ ਮਹਾਰਾਜਾ ਰਣਜੀਤ ਸਿੰਘ ਵਲੋਂ ਲੜਾਈਆਂ ਵਿਚ ਰਹਿਨ ਕਾਰਨ ਪਿੱਛੇ ਪੈ ਗਿਆ । ਪਰ ਸਿੱਖ ਕਿਰਦਾਰ ਨੇ ਲੋਕਾਂ ਨੂੰ ਸਿਖ ਪੰਥ ਵੱਲ ਆਉਣ ਲਈ ਪ੍ਰੇਰਿੋਆ ਜਿਸ ਨਾਲ ਵੱਡੀ ਗਿਣਤੀ ਵਿਚ ਲੋਕ ਪੰਥ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਸਨ ।
ਸਿੱਖ ਧਰਮ ਵਾਰੇ ਖੌਜ ਦਾ ਕੰਮ ਅੰਗਰੇਜ ਨੇ ਸਰਦਾਰ ਰਤਨ ਸਿੰਘ ਭੰਗੂ ਤੇ ਮਿਸਟਰ ਟਰੰਪ ਰਾਹੀਂ ਆਰੰਭ ਕਰਵਾਇਆ ਸੀ । ਜਿਸ ਪਿੱਛੇ ਭਾਵਨਾ ਕੌਮ ਦੇ ਸਿਧਾਂਤ ਲੱਭ ਕੇ ਕਮਜ਼ੋਰ ਕਰ ,ਖਤਮ ਕਰਨ ਦੀ ਵਿਉਂਤ ਘੜਣੀ ਸੀ । ਮਿਸਟਰ ਟਰੰਪ ਨੇ 1877 ਈ ਨੂੰ ਗੁਰਬਾਣੀ ਦਾ ਅਸ਼ੁਧ ਟੀਕਾ ਕੀਤਾ ਤਾਂ ਮਹਾਰਾਜਾ ਫਰੀਦਕੋਟ ਬਿਕਰਮ ਸਿੰਘ ਜੀ ਨੇ ਸਿੱਖ ਮਹਾਂਪੁਰਸ਼ਾਂ ਤੇ ਵਿਦਵਾਨਾਂ ਰਾਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਕਰਵਾਉਣਾ ਅਰੰਭ ਕੀਤਾ , ਫੇਰ ਡਾਕਟਰ ਸਾਹਿਬ ਸਿੰਘ , ਭਾਈ ਵੀਰ ਸਿੰਘ ਆਦਿ ਨੇ ਇਹ ਕੰਮ ਅੱਗੇ ਤੋਰਿਆ । ਖਾਲਸਾ ਰਾਜ ਖਤਮ ਹੁੰਦਿਆਂ ਹੀ ,ਅੰਗਰੇਜ ਨੇ ਸਿੱਖ ਧਰਮ ਸਥਾਨਾਂ ਤੇ ਸਿੱਧੇ ਜਾ ਅਸਿਧੇ ਢੰਗ ਨਾਲ ਕਬਜ਼ਾ ਕਰ ਲਿਆ । ਸਿੰਘ ਸਭਾ ਲਹਿਰ ਖਤਮ ਕਰ ਦਿੱਤੀ ।
ਚੀਫ ਖਾਲਸਾ ਦੀਵਾਨ ਵੀ ਅੰਗਰੇਜ ਨੂੰ ਪੁੱਛ ਕੇ ਚੱਲਣ ਵਾਲੀ ਸੰਸਥਾ ਰਹੀ .1925 ਈ ਵਿੱਚ ਬਣੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਗੁਰਦੁਆਰਾ ਪ੍ਰਬੰਧ ਲਈ ਬਣੀ ਸੀ ਧਰਮ ਪ੍ਰਚਾਰ ਉਸ ਦੇ ਵਿੱਚ ਦਰਜ ਨਹੀ ਸੀ । ਇਹ ਸੰਸਥਾ ਵੀ ਕਾਂਗਰਸ ਨਾਲ ਮਿਲ ਕੇ ਮੁੱਢ ਤੋਂ ਹੀ ਰਾਜਨੀਤੀ ਦਾ ਸ਼ਿਕਾਰ ਹੋ ਗਈ ਸੀ । ਅੱਜ ਸੁੱਕੀਆਂ ਰੋਟੀਆਂ , ਵਿਭਚਾਰ, ਭ੍ਰਿਸ਼ਟਾਚਾਰ ਦੇ ਦੋਸ਼ੀ ਪੜੇ ਸੁਣੇ ਜਾਂਦੇ ਹਨ ।
ਗੱਲ ਅੱਜ ਦੇ ਚਲੰਤ ਮੁੱਦੇ ਦੀ ਹੈ , ਕੀ ਗੁਰਬਾਣੀ ਰੇਡਿਓ , ਟੈਲੀਵੀਜ਼ਨ ਤੇ ਸ਼ੁਣ ਵੇਖ ਕੇ ਹੀ ਲੋਕ ਸਿੱਖੀ ਵਿੱਚ ਪ੍ਰਪਕ ਹੋ ਜਾਣਗੇ । ਕਿਸੇ ਸਮੇਂ ਸੱਠਵੇਂ ਦਹਾਕੇ ਅੰਦਿਰ ਆਲ ਇੰਡੀਆ ਰੇਡੀਓ ਗੁਰਬਾਣੀ ਵਿਚਾਰ ਪੇਸ਼ ਕਰਦਾ ਸੀ , ਇਸੇ ਸਮੇਂ ਦੌਰਾਨ ਹੀ ਸਿੱਖ ਨੋਜਵਾਨ ਕਾਮਰੇਡਾਂ ਤੇ ਨਕਸਲਵਾਦੀਆਂ ਤੋਂ ਪ੍ਰਭਾਵਿਤ ਹੋ ਸਮਾਜਵਾਦ ਲਿਆਉਣ ਲਈ ਨਿਹੱਥੇ ਲੋਕ ਮਾਰਨ ਵੱਲ ਤੁਰ ਪਏ । ਖਾਲਿਸਤਾਨੀ ਜਗਜੀਤ ਸਿੰਘ ਵੱਲੋਂ ਸਿਰ ਤੇ ਰੇਡੀਓ ਰੱਖ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਨ ਲਈ ਰੇਡੀਓ ਸਟੇਸ਼ਨ ਲਾਉਣ ਦੀ ਮੰਗ ਰੱਖੀ ਗਈ , ਜੋ ਵਕਤ ਦੀ ਪ੍ਰਧਾਨ ਮੰਤਰੀ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਉਪਰੰਤ ਸ਼੍ਰੀ ਹਰਮਿੰਦਰ ਸਾਹਿਬ ਤੋਂ ਰੇਡੀਓ ਪ੍ਰਸਾਰਨ ਸਾਕਾ ਨੀਲਾ ਤਾਰਾ ਤੋਂ ਵਾਦ ਸ਼ੁਰੂ ਕਰਾ , ਮੰਨ ਲੈਣ ਦਾ ਐਲਾਨ ਕੀਤਾ ।
ਸਮਾਂ ਬਦਲਿਆ ਤਾਂ “ਪਾਪਾਂ ਵਾਝੋਂ ਹੋਵੈ ਨਾਹੀ ਮੋਇਆਂ ਸਾਥ ਨਾ ਜਾਈ “ ਦਾ ਅਦੇਸ਼ ਭੁੱਲ ਗੁਰਬਾਣੀ ਦਾ ਸਿੱਧਾ ਪ੍ਰਸਾਰਨ ਕਰਨ ਲਈ ਟੈਲੀਵੀਜ਼ਨ ਚੈਨਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਾਲ ਲੱਗ ਗਏ । ਇੱਕ ਸਿੱਖ ਤਾਂ ਗੁਰੂ ਘਰ ਰਾਹੀਂ ਮਨੁੱਖਤਾ ਦਾ ਸੇਵਾ ਕਰਨ ਲਈ ਦਾਨ ਕਰਦਾ ਹੈ । ਓਹ ਕਹੋ ਜਹੇ ਲੋਕ ਹੋਣਗੇ ਜੋ ਗੁਰੂ ਘਰ ਨੂੰ ਵੀ ਪੈਸੇ ਕਮਾਉਣ ਲਈ ਵਰਤਦੇ ਹਨ ? ਵਕਤ ਦੀ ਸਰਕਾਰ ਵੀ ਗੁਰੂ ਦੇ ਰਾਹ ਚੱਲਣ , ਗੁਰਮੁਖ ਬਨਣ ਦਾ ਰਾਹ ਛੱਡ , ਗੁਰੂ ਘਰਾਂ ਦੇ ਪ੍ਰਬੰਧ ਵਿਚ ਦੂਜਿਆਂ ਨੂੰ ਭ੍ਰਿਸ਼ਟ ਸਾਬਤ ਕਰਨ ਲਈ , ਬੇਲੋੜੀ , ਦਖਲਅੰਦਾਜੀ ਕਰਨ ਲਈ ਕਾਨੂੰਨ ਬਣਾਓੁਣ ਲਈ ਯਤਨ ਕਰ ਰਹੀ ਹੈ । ਦੂਜੇ ਪਾਸੇ ਲਾਲਚ ਇਸ ਹੱਦ ਤੱਕ ਹੈ ਕਿ ਲੁੱਟ ਦੇ ਨਵੇਂ ਰਾਹ ਲੱਭੇ ਜਾ ਰਹੇ ਹਨ । ਗੁਰੂ ਘਰਾਂ ਵਿੱਚ ਮਨਮਤ ਚਰਮ ਸੀਮਾ ਤੇ ਹੈ , ਸੇਵਾ ਦੀ ਥਾਂ ਆਪਣਿਆਂ ਨੂੰ ਰੋਜ਼ਗਾਰ ਦੇ ਧੰਨ ਦੀ ਦੁਰਵਰਤੋਂ ਹੋ ਰਹੀ ਹੈ , ਨਿਰਮਲ ਪੰਥ ਵਿੱਚ ਪੁਜਾਰੀ ਵਾਦ ਪ੍ਰਧਾਨ ਹੋ ਗਿਆ ਹੈ , ਗੁਰੂ ਸਾਹਿਬ ਤਾਂ ਇਹਨਾਂ ਨੂੰ ਓਜਾੜੇ ਕਾ ਬੰਧੁ ,ਦੱਸਦੇ ਹਨ ਤੇ ਸਹੀ ਰਾਹ ਜੋ ਬ੍ਰਹਮ ਬੀਚਾਰੈ ਆਪ ਤਰੈ ਸਗਲੇ ਕੁਲ ਤਾਰੈ , ਪ੍ਰਗਟ ਕਰਦੇ ਹਨ । ਗੁਰੂ ਘਰ ਗੁਰਮਤਿ ਅਨੁਸਾਰ ਧਰਮਸਾਲ ਕਿਵੇਂ ਬਨਣ ? ਇਹ ਚਿੰਤਾ ਦਾ ਵਿਸ਼ਾ ਹੈ ।
ਚੌਰਾਂ ਨੂੰ ਫੜਨ ਲਈ ਅੰਗਰੇਜ ਨੇ ਕਾਨੂੰਨ ਵਿੱਚ ਸਾਰੇ ਦਾ ਪੇਚ ਲਿਖੇ ਹਨ , ਮੁਕੱਦਮਾ ਤਾਂ ਆਪ ਪਹਿਲ ਕਰਕੇ ਵੀ ਦਰਜ ਹੋ ਸਕਦਾ ਹੈ , ਚੌਰ ਫੜ ਲਓ ਲੋਕ ਖੁਸ਼ ਹੋਣਗੇ ਧਰਮ ਸਥਾਨਾਂ ਦਾ ਪ੍ਰਬੰਧ ਕੇਵਲ ਸੇਵਾ ਕਰਨ ਵਾਲਿਆਂ ਪਾਸ ਹੋਵੈ ਇਹ ਸਹੀ ਰਾਸਤਾ ਹੈ । ਕਿ ਤਿੰਨ ਕਰੋੜ ਸਿੱਖਾਂ ਵਿੱਚੋਂ ਅਜਿਹੇ ਜੀਵਨ ਧਾਰਮਿਕ ਸੇਵਾ ਲਈ ਆਪਾ ਅਰਪਣ ਕਰਨ ਵਾਲੇ ਨਹੀਂ ਲੱਭ ਸਕਦੇ ? ਧਰਮ ਤੇ ਧਾਰਮਿਕ ਸੰਸਥਾਵਾਂ ਵਿਚੋਂ ਪੈਸੇ ਲਈ ਨੌਕਰੀ ਤੇ ਵਿਓਪਾਰ ਬੰਦ ਹੋਣਾ ਚਾਹੀਦਾ ਹੈ ।
-
ਇਕਬਾਲ ਸਿੰਘ ਲਾਲਪੁਰਾ , ਚੈਅਰਮੈਨ ਕੌਮੀ ਘੱਟ ਗਿਣਤੀਆਂ ਕਮਿਸ਼ਨ, ਭਾਰਤ ਸਰਕਾਰ
iqbalsingh_73@yahoo.co.in
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.