ਸਿੱਖੀ ਸ਼ਰਧਾ ਸੇਵਾ ਸਿਮਰਨ ਮਾਨਸਿਕ ਤ੍ਰਿਪਤੀ ਅਤੇ ਕੁਰਬਾਨੀ ਦੀ ਪ੍ਰੇਰਨਾ ਸਰੋਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਾਰੇ ਗੁਰਬਾਣੀ ਵਿੱਚ ਅੰਕਿਤ ਹੈ “ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ॥ ਅੱਜ ਕੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਬੰਦ ਹੋਣ ਕਾਰਨ ਸਰਧਾਲੂਆਂ ਵਿੱਚ ਚਿੰਤਾ ਪ੍ਰਗਟ ਹੋ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਿਛਲੇ ਦੋ ਦਹਾਕਿਆਂ ਦੇ ਵੱਧ ਸਮੇਂ ਤੋਂ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਹੋ ਰਿਹਾ ਹੈ। ਪਿਛਲੇ ਦੋ ਤਿੰਨ ਸਾਲ ਤੋਂ ਰਾਜਸੀ ਦਲਾਂ ਨੇ ਸ਼੍ਰੋਮਣੀ ਗੁ:ਪ੍ਰ ਕਮੇਟੀ ਦਾ ਡਟਵਾਂ ਵਿਰੋਧ ਕਰਨਾ ਆਪਣਾ ਟੀਚਾ ਮੰਨ ਲਿਆ ਹੈ। ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂ ਕਿ ਸ਼੍ਰੋਮਣੀ ਕਮੇਟੀ ਉਪਰ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਕਾਬਜ ਹੈ। ਜਿਸ ਦਾ ਹੁਣ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਹੈ। ਨਿਜੀ ਵਿਰੋਧ ਖਾਤਰ ਹਲਕਾ ਵਿਰੋਧ ਕਈ ਵਾਰ ਕੌਮੀ ਤੌਰ ਤੇ ਵੱਡਾ ਨੁਕਸਾਨ ਕਰ ਜਾਂਦਾ ਹੈ। ਜਦੋਂ ਸਿਆਸੀ ਪਾਰਟੀਆਂ ਲੋਕਾਂ ਦੇ ਅਹਿਮ ਮਸਲਿਆਂ ਬਾਰੇ ਸੁਹਿਰਦਤਾ ਗੁਆ ਬੈਠਦੀਆਂ ਹਨ ਫਿਰ ਸਿਰਜਣਾਤਮਿਕ ਕਾਰਵਾਈਆਂ ਵੀ ਰਾਹੋਂ ਭਟਕ ਜਾਂਦੀਆਂ ਹਨ। ਵੱਡੀਆਂ ਕੁਰਬਾਨੀਆਂ ਦੀ ਨੀਂਹ ਤੇ ਬਣੀ ਸ਼੍ਰੋਮਣੀ ਕਮੇਟੀ ਸਮਾਜਕ ਸੰਕਟ ਦਾ ਸ਼ਿਕਾਰ ਹੋ ਗਈ ਹੈ ਇਸ ਸੰਕਟ ਨੂੰ ਦੂਰ ਕਰਨ ਲਈ ਸੁਹਿਰਦ ਪੁਰਸ਼ਾਂ ਦੇ ਸਿਰਜੋੜ ਜਤਨਾਂ ਦੀ ਲੋੜ ਹੈ।
ਜਿਸ ਪੀ.ਟੀ.ਸੀ ਚੈਨਲ ਰਾਹੀਂ ਗੁਰਬਾਣੀ ਪ੍ਰਸਾਰਨ ਹੋ ਰਿਹਾ ਹੈ। ਉਸ ਨਾਲ ਸੰਸਾਰ ਭਰ ਵਿਚ ਜਿਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਹਨ ਉਹ ਭਾਵਨਾਤਮਿਕ, ਧਾਰਮਿਕ ਤੌਰ ਤੇ ਗੁਰਬਾਣੀ ਦੇ ਇਸ ਪ੍ਰਸਾਰਨ ਵਿਧੀ ਨਾਲ ਜੁੜੀਆਂ ਹੋਈਆਂ ਹਨ। ਲੰਮਾਂ ਸਮਾਂ ਸਿੱਖਾਂ ਨੇ ਸੰਘਰਸ਼ ਕਰਕੇ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਰੇਡੀਓ ਤੋਂ ਰੀਲੇਅ ਕਰਨ ਲਈ ਸੰਘਰਸ਼ ਲੜਿਆ। ਫਿਰ ਆਖਰਕਾਰ ਲੋਕ ਅੰਮ੍ਰਿਤ ਵੇਲੇ ਤੇ ਰਹਿਰਾਸ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੋਂ ਸਿੱਧਾ ਰੇਡੀਓ ਤੋਂ ਕੀਰਤਨ ਸਰਵਣ ਕਰਨ ਲਗ ਪਏ। ਦੂਰ ਦੁਰਾਂਡੇ ਬੈਠਾ ਹਰ ਸਿੱਖ ਆਪਣੇ ਕੇਂਦਰੀ ਸਥਾਨ ਨਾਲ ਆਪਣੇ ਆਪ ਨੂੰ ਜੁੜਿਆ ਮਹਿਸੂਸ ਕਰਨ ਲੱਗ ਪਿਆ। ਸਮੇਂ ਦੀ ਬਦਲਦੀ ਅਧੁਨਿਕ ਤਕਨੀਕ ਨੇ ਇਸ ਨੂੰ ਟੀ.ਵੀ ਚੈਨਲ ਤੇ ਲੈ ਆਂਦਾ। ਲੱਖਾਂ ਹੀ ਸ਼ਰਧਾਵਾਨ ਸਿੱਖ ਭਾਵ ਹਰ ਸਿੱਖ ਇਸ ਪ੍ਰਸਾਰਨ ਤੋਂ ਪ੍ਰੀਵਾਰ ਸਮੇਤ ਆਪਣੀ ਧਾਰਮਿਕ ਭਾਵਨਾਤਮਿਕ ਤ੍ਰਿਪਤੀ ਪੂਰੀ ਕਰਦੇ ਹਨ। ਅਨੇਕਾਂ ਬਜ਼ੁਰਗ ਕੇਵਲ ਟੀ.ਵੀ ਤੇ ਪੀ.ਟੀ.ਸੀ ਚੈਨਲ ਹੀ ਦੇਖਦੇ ਹਨ। ਉਨ੍ਹਾਂ ਦੇ ਬੱਚਿਆਂ ਨੇ ਗੁਰਬਾਣੀ ਪ੍ਰਸਾਰਨ ਦਾ ਸਮਾਂ ਤਹਿ ਕੀਤਾ ਹੋਇਆ ਹੈ। ਬਜ਼ੁਰਗਾਂ ਨੇ ਕੇਵਲ ਸਵਿੱਚ ਆਨ ਆਫ ਕਰਨਾ ਹੈ ਵੱਖ-ਵੱਖ ਦੇਸ਼ਾਂ ਵਿੱਚ ਪੀ.ਟੀ.ਸੀ ਦਾ ਲਾਈਵ ਪ੍ਰਸਾਰਣ ਜਾਂਦਾ ਹੈ। ਜੋ ਯੂਟਿਊਬ ਵਰਗੇ ਚੈਨਲ ਤੇ ਨਹੀਂ ਹੋ ਸਕਦਾ।
ਗੁਰਬਾਣੀ ਦਾ ਪ੍ਰਸਾਰਣ ਸੈਟੇਲਾਈਟ ਚੈਨਲ ਪੀ.ਟੀ.ਸੀ ਤੋਂ ਹੁਣ ਇਕ ਦਮ ਬੰਦ ਹੋ ਜਾਣ ਦੀ ਖਬਰ ਨਾਲ ਹਰ ਸ਼ਰਧਾਵਾਨ ਸਿੱਖ ਮਯੂਸ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਚੈਨਲ ਰਾਹੀਂ ਪ੍ਰਸਾਰਣ ਦੇਣਾ ਪ੍ਰਸ਼ੰਸਾਜਨਕ ਹੈ ਪਰ ਜੋ ਯੂਟਿਊਬ ਤੋਂ ਪ੍ਰਸਾਰਨ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾਣ ਬਾਰੇ ਅਖ਼ਬਾਰੀ ਬਿਆਨ ਆ ਰਹੇ ਹਨ ਉਹ ਸੰਗਤਾਂ ਦੀ ਸੰਤੁਸ਼ਟੀ ਦਾ ਸਬੱਬ ਕਦਾਚਿਤ ਨਹੀਂ ਬਣ ਸਕਦੇ, ਚਾਹੀਦਾ ਤਾਂ ਇਹ ਹੈ ਕਿ ਜਿਨ੍ਹਾਂ ਚਿਰ ਸੈਟੇਲਾਈਟ ਚੈਨਲ ਦੇ ਬਦਲਵੇਂ ਪ੍ਰਬੰਧ ਸ਼੍ਰੋਮਣੀ ਕਮੇਟੀ ਨਹੀਂ ਕਰ ਲੈਂਦੀ ਉਨ੍ਹਾਂ ਚਿਰ ਇਹ ਪ੍ਰਸਾਰਣ ਏਵੇਂ ਹੀ ਨਿਰੰਤਰ ਚਲਦਾ ਰਹਿਣਾ ਚਾਹੀਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਵੱਲੋਂ ਸਮੇਂ ਸਮੇਂ ਸ਼੍ਰੋਮਣੀ ਕਮੇਟੀ ਨੂੰ ਆਪਣਾ ਚੈਨਲ ਲਾਉਣ ਬਾਰੇ ਆਦੇਸ਼ ਹੁੰਦੇ ਰਹੇ ਹਨ, ਹੁਣ ਵੀ ਹੋਇਆ ਸ਼੍ਰੋਮਣੀ ਕਮੇਟੀ ਵੱਲੋਂ ਲਿਆ ਗਿਆ ਫੈਸਲਾ ਚੰਗਾ ਹੈ ਪਰ ਸ਼੍ਰੋਮਣੀ ਕਮੇਟੀ ਆਪਣਾ ਸੈਟੇਲਾਈਟ ਚੈਨਲ ਤਿਆਰ ਕਰਨ ਲਈ ਲੰਮੇਂ ਸਮੇਂ ਤੋਂ ਪਾਸਾ ਕਿਉਂ ਵੱਟਦੀ ਆ ਰਹੀ ਹੈ? ਅਨੇਕਾਂ ਵਾਰ ਜਨਰਲ ਹਾਊਸ ਅਤੇ ਅੰਤ੍ਰਿਗ ਕਮੇਟੀ ਵਿਚ ਮਤੇ ਪਾਸ ਹੋਏ, ਸਬ ਕਮੇਟੀਆਂ ਬਣੀਆਂ ਪਰ ਸਿੱਟਾ ਅੱਜ ਤਕ ਜ਼ੀਰੋ ਹੀ ਕਿਉਂ ਰਿਹਾ ਹੈ।
ਇਸ ਦੇ ਪਿੱਛੇ ਕਿਹੜੇ ਕਾਰਨ, ਕਿਹੜੀ ਭਾਵਨਾ ਕੰਮ ਕਰਦੀ ਹੈ ਇਹ ਤਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜਾਂ ਅੰਤਿ੍ਰੰਗ ਕਮੇਟੀ ਦੇ ਮੈਂਬਰ ਹੀ ਦਸ ਸਕਦੇ ਹਨ। ਪੀ.ਟੀ.ਸੀ ਚੈਨਲ ਗੁਰਬਾਣੀ ਪ੍ਰਸਾਰਣ ਕਰਨ ਦਾ ਸ਼੍ਰੋਮਣੀ ਕਮੇਟੀ ਨੂੰ ਸਲਾਨਾ ਵਿਦਿਆ ਫੰਡ ਲਈ ਦੋ ਕਰੋੜ ਰੁਪਏ ਹੱਥੋਂ ਦੇਂਦਾ ਹੈ ਜਦ ਕਿ ਹੁਣ ਯੂ ਟਿਊਬ ਤੇ ਹੋਰ ਚੈਨਲ ਸ਼੍ਰੋਮਣੀ ਕਮੇਟੀ ਤੋਂ ਵੱਡੀ ਰਕਮ ਲੈਣ ਦੀ ਮੰਗ ਕਰਦੇ ਹਨ। ਚੈਨਲ ਦੇ ਮਾਲਕ ਚੰਗੇ ਮਾੜੇ ਹੋ ਸਕਦੇ ਹਨ ਪਰ ਕਾਰਜ ਤਾਂ ਵਿਵੇਕਸ਼ੀਲ ਹੈ। ਇਸ ਦਾ ਵਿਰੋਧ ਕੇਵਲ ਪ੍ਰੀਵਾਰ ਕਰਕੇ ਹੀ ਕਰੀ ਜਾਣਾ ਵਿਅਰਥ ਹੈ। ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੁਰਬਾਣੀ ਪ੍ਰਸਾਰਣ ਲਈ ਪਹਿਲਾਂ ਈ.ਟੀ.ਸੀ ਨਾਲ ਸਮਝੋਤਾ ਕੀਤਾ ਫਿਰ ਪੀ.ਟੀ.ਸੀ ਨਾਲ। ਇਸ ਚੈਨਲ ਵਿੱਚ ਬਾਦਲ ਪ੍ਰੀਵਾਰ ਜੁੜ ਗਿਆ। ਇਸ ਸਮਝੋਤੇ ਵਿੱਚ ਕੋਈ ਐਸੀ ਅਵਸਥਾ ਨਹੀਂ ਸੀ ਕਿ ਕੋਈ ਹੋਰ ਵੈਬ ਚੈਨਲ ਜਾਂ ਕੋਈ ਚੈਨਲ ਹਿੱਸਾ ਲੈ ਸਕਦਾ, ਸਾਰੇ ਅਧਿਕਾਰ ਕੇਵਲ ਪੀ.ਟੀ.ਸੀ ਕੋਲ ਸੀ। ਇਹ ਸਮਝੋਤਾ ਸਿੱਧਾ ਦਸ ਸਾਲ ਦਾ ਹੋਇਆ। ਫਿਰ ਇਹ ਸਮਝੋਤਾ ਦੂਜੀ ਵਾਰ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਵਧਾ ਦਿੱਤਾ।
ਲੋਕ ਸਮਝਦੇ ਹਨ ਕਿ ਸਮਝੌਤੇ ਬਾਦਲ ਪ੍ਰੀਵਾਰ ਦੇ ਕਹਿਣ ਮੁਤਾਬਕ ਹੀ ਹੁੰਦੇ ਰਹੇ ਹਨ। ਸਮਝੌਤਿਆਂ ਦੀ ਡਰਾਫਟਿੰਗ ਵੀ ਚੰਡੀਗੜ੍ਹ, ਦਿਲੀ ਤੋਂ ਹੀ ਹੁੰਦੀ ਰਹੀ ਹੈ। ਹਰਿਆਣੇ ਨਾਲ ਸਬੰਧਤ ਇਕ ਸ਼੍ਰੋਮਣੀ ਕਮੇਟੀ ਮੈਂਬਰ ਇਸ ਲਈ ਮੂਹਰਲੀ ਭੂਮਿਕਾ ਨਿਭਾਉਂਦਾ ਰਿਹਾ। ਹੁਣ ਸ਼੍ਰੋਮਣੀ ਕਮੇਟੀ ਨੇ ਆਪਣਾ ਚੈਨਲ ਲਾਂਚ ਕਰਨ ਦਾ ਜੋ ਫੈਸਲਾ ਲਿਆ। ਉਸ ਦਾ ਨਾਮ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੱਖਿਆ ਗਿਆ ਕੁੱਝ ਲੋਕਾਂ ਦੇ ਦਬਾਅ ਅੱਗੇ ਚੈਨਲ ਦਾ ਨਾਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਕਰ ਦਿੱਤਾ ਗਿਆ ਹੈ। ਥੋੜੇ ਵਿਰੋਧ ਤੇ ਹੀ ਪ੍ਰਧਾਨ ਸਾਹਿਬ ਸਮੇਤ ਜਨਰਲ ਸਕੱਤਰ ਅੱਗੇ ਲਗ ਤੁਰੇ। ਕੋਈ ਦਲੀਲ ਨਾਲ ਸਮਝਾਉਣ ਜਾਂ ਫੈਸਲੇ ਤੇ ਪਹਿਰਾ ਦੇਣ ਦੀ ਜੁਅਰਤ ਹੀ ਗੁਆ ਬੈਠੇ। ਵਿਦਵਾਨਾਂ ਤੇ ਗੁਰਸਿੱਖਾਂ ਨਾਲ ਵਿਚਾਰ ਵਟਾਂਦਰੇ ਉਪਰੰਤ ਅੰਤਿ੍ਰੰਗ ਕਮੇਟੀ ਦੇ ਮਤਾ ਨੰ. 639 ਮਿਤੀ 09-02-2005 ਨੂੰ ਸ੍ਰੀ ਦਰਬਾਰ ਸਾਹਿਬ ਦਾ ਨਾਮ ਬਦਲ ਕੇ ਸ੍ਰੀ ਹਰਿਮੰਦਰ ਸਾਹਿਬ ਰੱਖਿਆ ਸੀ। ਫਿਰ ਜਨਰਲ ਹਾਊਸ ਦੇ ਮਤਾ ਨੰ. 278 ਰਾਹੀਂ ਇਸ ਦੀ ਪੁਸ਼ਟੀ ਹੋਈ ਹੈ। ਵਿਰੋਧੀ ਰਾਜਸੀ ਦਲਾਂ ਤੇ ਵਿਅਕਤੀਆਂ ਨੇ ਵਿਰੋਧ ਕਰਨਾ ਹੈ ਜਿਸ ਦਾ ਵਿਰੋਧ ਨਹੀਂ ਉਸ ਤੋਂ ਚੰਗੇਰੇ ਕਾਰਜ ਦੀ ਆਸ ਘੱਟ ਜਾਂਦੀ ਹੈ। ਪਰ ਸ਼੍ਰੋਮਣੀ ਕਮੇਟੀ ਆਪਣੇ ਜਨਰਲ ਹਾਊਸ ਤੇ ਅੰਤ੍ਰਿੰਗ ਕਮੇਟੀ ਦੇ ਫੈਸਲਿਆਂ ਨੂੰ ਆਪ ਹੀ ਰੱਦ ਕਰੀ ਜਾ ਰਹੀ ਹੈ।
ਪਹਿਲਾਂ ਨਾਨਕਸ਼ਾਹੀ ਕੈਲੰਡਰ ਨੂੰ ਲੱਖਾਂ ਰੁਪਏ ਲਾ ਕੇ ਤਿਆਰ ਕੀਤਾ ਕੁੱਝ ਸਮਾਂ ਉਹ ਲਾਗੂ ਵੀ ਰਿਹਾ ਫਿਰ ਉਸ ਦਾ ਉਹ ਹਾਲ ਕੀਤਾ ਨਾ ਹੁਣ ਉਹ ਨਾਨਕਸ਼ਾਹੀ ਤੇ ਨਾ ਬਿਕਰਮੀ ਰਹਿ ਗਿਆ। ਪੁਸਤਕਾਂ ਦੀ ਛਪਾਈ ਅਤੇ ਧਾਰਮਿਕ ਫਿਲਮਾਂ ਬਾਰੇ ਵੀ ਰੋਲਾ ਪੈਂਦਾ ਰਿਹਾ ਹੈ, ਫਿਰ ਗੁਰੂ ਮਹਾਰਾਜ ਦੇ ਸਰੂਧਾਂ ਬਾਰੇ ਲੰਮੇ ਸਮੇਂ ਤੋਂ ਚਰਚਾ ਰਹੀ ਹੁਣ ਲੰਗਰ ਦੀਆਂ ਸੁਕੀਆਂ ਰੋਟੀਆਂ ਤੇ ਜੂਠ ਵੇਚਣ ਬਾਰੇ ਚਰਚਾ ਹੈ। ਸ਼੍ਰੋਮਣੀ ਕਮੇਟੀ ਆਪਣੇ ਫੈਸਲਿਆਂ ‘ਚ ਆਪ ਹੀ ਘਿਰਦੀ ਰਹੀ ਹੈ। ਇਸ ਤਰ੍ਹਾਂ ਚੰਗੇ ਕੀਤੇ ਕਾਰਜ ਵੀ ਰੁਲ ਜਾਂਦੇ ਹਨ। ਗੁਰਦੁਆਰਾ ਪ੍ਰਬੰਧ ਸਕੰਲਪ ਨੇ ਧਰਮ ਤੇ ਰਾਜਸੀ ਦਬਾਅ ਵਿਚੋਂ ਕਈ ਸੰਕਟਾਂ ਤੇ ਲਹਿਰਾਂ ਨੂੰ ਜਨਮ ਦਿੱਤਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਮੁਲਾਜ਼ਮ ਵਰਗ ਨਾਲ ਬੇਇਨਸਾਫੀ ਤੇ ਧੱਕੇਸ਼ਾਹੀ ਨੇ ਇਕ ਸਦੀ ਦੇ ਇਤਿਹਾਸ ਨੂੰ ਤੋੜਿਆ ਹੈ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਨੇਤਾਵਾਂ ਦੀ ਜਿਦ ਤੇ ਮੂਰਖ ਮਤ ਦਾ ਹਿੱਸਾ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਪਾਠੀਆਂ, ਤੇ ਫਿਰ ਰਾਗੀਆਂ ਦੀਆਂ ਜਥੇਬੰਦੀਆਂ ਬਣੀਆਂ ਤੇ ਅੱਜ ਸਮੁੱਚੇ ਮੁਲਾਜ਼ਮਾਂ ਦੀ ਜਥੇਬੰਦੀ ਸਾਹਮਣੇ ਆ ਗਈ ਹੈ। ਹੁਣ ਗੁਰਦੁਆਰਿਆਂ ਵਿੱਚ ਵੀ ਹੜਤਾਲਾਂ, ਧਰਨੇ ਲਗਣਗੇ, ਮਰਯਾਦਾ ਮਰਯਾਦਾ ਦਾ ਰੋਲਾ ਪਾਉਣ ਵਾਲਿਆਂ ਲਈ ਹੁਣ ਹਰ ਪਲ ਇਕ ਨਵਾਂ ਸਵਾਲ ਸਾਹਮਣੇ ਖੜੇ ਰਹੇਗਾ ਜਿਸ ਨਾਲ ਨਜਿਠਨਾ ਅਤੇ ਬਿਨ੍ਹਾਂ ਅਧਾਰ ਰੋਲੇ ਰੱਪੇ ਦਾ ਸਬੱਬ ਵੱਧ ਜਾਵੇਗਾ। ਮੁਲਾਜ਼ਮ ਵਰਗ ਨੂੰ ਵੀ ਧਹੱਮਲ ਤੇ ਸਹਿਜ ਤੋਂ ਕੰਮ ਲੈਂਦਿਆਂ ਆਪਣੇ ਜੁੰਮੇ ਲੱਗੇ ਕੰਮਕਾਰ ਦੀ ਗ੍ਰਹਿਮਾ ਨੂੰ ਸਮਝਣ ਦੀ ਲੋੜ ਹੈ। ਮੈਂ ਏਥੇ ਉਸ ਨਾਉਂ ਦੀ ਚਰਚਾ ਵੀ ਪਾਠਕਾਂ ਨਾਲ ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਜੀ ਦੀ ਪੁਸਤਕ ਸ੍ਰੀ ਹਰਿੰਮਦਰ ਸਾਹਿਬ ਦਾ ਸੁਨਹਿਰੀ ਇਤਿਹਾਸ ਦੇ ਹਵਾਲੇ ਨਾਲ ਸਾਂਝੀ ਕਰ ਰਿਹਾ ਹਾਂ। ਕਿਉਂ ਕਿ ਸਮੇਂ ਸਮੇਂ ਸਿੱਖੀ ਸਿਧਾਂਤ, ਤੇ ਇਤਿਹਾਸ ਨੂੰ ਸੱਟ ਮਾਰਨ ਵਾਲੇ ਕੁੱਝ ਲੋਕ ਅਖ਼ਬਾਰੀ ਚਰਚਾ ਛੇੜੀ ਰੱਖਦੇ ਹਨ।
“ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਿੱਖ ਕੌਮ ਦਾ ਸ਼੍ਰੋਮਣੀ ਕੇਂਦਰੀ ਧਾਰਮਕ ਅਸਥਾਨ ਹੈ। ਇਸ ਦੇ ਚਾਰ-ਚੁਫੇਰੇ ਅੰਮ੍ਰਿਤ-ਜਲ ਦੀਆਂ ਪਵਿੱਤਰ ਲਹਿਰਾਂ ਨਾਲ ਲਹਿਰਾਉਂਦਾ ਅੰਮ੍ਰਿਤ-ਸਰੋਵਰ ਇਸ ਦੀ ਸ਼ਾਨ ਤੇ ਮਹਾਨਤਾ ਨੂੰ ਚਾਰ-ਚੰਨ ਲਾਉਂਦਾ ਹੈ। ਇਹ ਸਿੱਖ ਸਤਿਗੁਰਾਂ ਦੀ ਅਮਰ ਯਾਦਗਾਰ ਹੈ। ਇਹ ਜਗਤ ਨੂੰ ਸਤਿਗੁਰਾਂ ਦੀ ਮਹਾਨ ਅਦੁੱਤੀ ਤੇ ਅਮੋਲਕ ਦੇਣ ਹੈ। ਸਿੱਖ ਰਹੁ-ਰੀਤੀ ਦਾ ਕੇਂਦਰੀ ਧੁਰਾ ਹੈ। ਸਿੱਖੀ ਦਾ ਮਾਣ ਤੇ ਖਾਲਸਾ ਪੰਥ ਦੀ ਆਨ-ਸ਼ਾਨ ਤੇ ਪ੍ਰਾਣ ਹੈ। ਇਹ ਸ੍ਰੀ ਹਰਿਮੰਦਰ, ਆਤਮਕ ਹੁਲਾਸ ਦਾ ਸੋਮਾ, ਗੁਰਬਾਣੀ ਦੇ ਕੀਰਤਨ ਤੇ ਪਾਠ ਦੀ ਵਗਦੀ ਅਖੰਡ ਨਿਰਮਲ ਧਾਰਾ, ਸੇਵਾ ਤੇ ਸਿਮਰਨ ਦਾ ਸੰਗਮ ਅਤੇ ਸਿੱਖੀ ਦਾ ਰੌਸ਼ਨ ਮੀਨਾਰ ਹੈ। ਇਹ ਤਾਂ ‘ਹਰਿ ਜਪੇ ਹਰਿ ਮੰਦਰੁ ਸਾਜਿਆ’ ਹੈ। ਇਹ ਗੁਰ-ਅਸਥਾਨ ਰੱਬੀ ਪਿਆਰ, ਏਕਤਾ, ਸਮਾਨਤਾ, ਇਕ-ਸੁਰਤਾ ਅਤੇ ਮਨੁੱਖ ਮਾਤਰ ਦੇ ਪ੍ਰਸਪਰ ਪਿਆਰ ਦਾ ਕੇਵਲ ਪ੍ਰਤੀਕ ਹੀ ਨਹੀਂ ਸਗੋਂ ਜਿਉਂਦਾ-ਜਾਗਦਾ ਮੂੰਹ ਬੋਲਦਾ ਸੁੰਦਰ ਅਨੂਠਾ ਅਜੂਬਾ ਹੈ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਇਨਸਾਨੀ ਭਾਈਚਾਰੇ ਅਤੇ ਮਨੁੱਖੀ ਏਕਤਾ ਨੂੰ ਸਵੈਮਾਨ ਨਾਲ ਜੀਵਨ ਜਿਉਣ ਦੀ ਪ੍ਰੇਰਨਾ ਅਤੇ ਜਬਰ ਵਿਰੁੱਧ ਜੂਝਣ ਦੇ ਜਜ਼ਬੇ ਦਾ ਸੋਮਾ ਵੀ ਹੈ। ਇਸ ਹਰਿਮੰਦਰ ਦੀ ਪਾਵਨ ਹੋਂਦ ਨੂੰ ਕਾਇਮ ਰੱਖਣ ਲਈ ਅਣਗਿਣਤ ਗੁਰੂ ਪਿਆਰਿਆਂ ਨੇ ਆਪਣੇ ਲਹੂ ਤੇ ਮਿੱਝ ਦਾ ਸੀਮਿੰਟ ਤੇ ਸਿਰਾਂ ਦੀਆਂ ਇੱਟਾਂ ਲਾਈਆਂ ਹਨ। ਇਥੇ ਅੱਠੇ ਪਹਿਰ ਗੁਰਬਾਣੀ ਦੇ ਪਾਠ ਤੇ ਕੀਰਤਨ ਦੀਆਂ ਅਗੰਮੀ ਧੁਨਾਂ ਇਸ ਦੇ ਚੁਗਿਰਦੇ ਦੇ ਵਾਤਾਵਰਨ ਨੂੰ ਅਧਿਆਤਮਕ ਸੁਗੰਧੀ ਨਾਲ ਸੁਗੰਧਤ ਕਰ ਰਹੀਆਂ ਹਨ, ਜਿਸ ਕਰ ਕੇ ਹਰ ਯਾਤਰੂ ਭਾਵੇਂ ਉਹ ਕਿਸੇ ਦੇਸ਼, ਨਸਲ, ਮਜ਼੍ਹਬ, ਜ਼ਾਤੀ ਤੇ ਸੰਪ੍ਰਦਾ ਨਾਲ ਸਬੰਧਤ ਹੋਵੇ ਆਪਣੇ ਆਪ ਨੂੰ ਅਗੰਮੀ ਰਸ ਵਿੱਚ ਮਗਨ ਹੋਇਆ ਅਨੁਭਵ ਕਰਦਾ ਹੈ।
ਇਹੋ ਕਾਰਨ ਹੈ ਕਿ ਦੇਸ਼-ਵਿਦੇਸ਼ ਵਿੱਚ ਵਸਦਾ ਹਰ ਗੁਰਸਿੱਖ ਦੋਨੋਂ ਵੇਲੇ ਦੀ ਅਰਦਾਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ-ਇਸ਼ਨਾਨ ਦੀ ਆਪਣੀ ਮੰਗ ਨੂੰ ਹਰ ਰੋਜ਼ ਦੁਹਰਾਉਂਦਾ ਹੈ। ਜਦ ਅਸੀਂ ਸ੍ਰੀ ਹਰਿਮੰਦਰ ਸਾਹਿਬ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚੋਂ ਖੋਜ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਸਿਰੀਰਾਗੁ ਦੇ ਨੌਵੇਂ ਸ਼ਬਦ ਵਿੱਚ ਲਿਖਦੇ ਹਨ : ਪ੍ਰਭ ਹਰਿਮੰਦਰ ਸੋਹਣਾ ਤਿਸੁ ਮਹਿ ਮਾਣਕ ਲਾਲ॥(ਅੰਗ 17) ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ ਵਿੱਚ ੧੫ ਵਾਰ ਹਰਿਮੰਦਰ ਪਦ ਦੀ ਵਰਤੋਂ ਕੀਤੀ ਹੈ। ਪ੍ਰਭਾਤੀ ਰਾਗ ਅੰਦਰ ਰਾਮਕਲੀ ਦੀ ਵਾਰ ਵਿੱਚ ਰਾਮਕਲੀ ਦੀ ਵਾਰ ਵਿੱਚ ਇਕੋ ਸ਼ਬਦ ਵਿੱਚ ੧੨ ਵਾਰ `ਹਰਿਮੰਦਰ` ਸ਼ਬਦ ਦੀ ਵਰਤੋਂ ਹੋਈ ਹੈ। “ਹਰਿ ਮੰਦਰੁ ਹਰਿ ਜੀਉ ਸਾਜਿਆ, "ਹਰਿ ਮੰਦਰੁ ਹਰਿ ਕਾ ਹਾਟੁ ਹੈ, "ਹਰਿ ਮੰਦਰ ਮਹਿ ਹਰਿ ਵਸੈ, ਹਰਿ ਮੰਦਰੁ ਸੋਈ ਆਖੀਐ, ਸ੍ਰੀ ਗੁਰੂ ਰਾਮਦਾਸ ਜੀ ਨੇ ਦੋ ਵਾਰ ਹਰਿਮੰਦਰ ਪਦ ਆਪਣੀ ਬਾਣੀ ਵਿਖੇ ਵਰਤਿਆ ਹੈ "ਹਰਿ ਮੰਦਰੁ ਹਰਿ ਸਾਜਿਆ, ਹਰਿ ਵਸੈ ਜਿਸੁ ਨਾਲਿ ॥” (ਅੰਗ ੧੪੧੮)
ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵਿੱਚ ਹਰਿਮੰਦਰ ਪਦ ਤਿੰਨ ਵਾਰ ਆਇਆ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸੀ। ਜਿਸ ਨੂੰ ਰਚਣ ਹਿਤ ਇਹ ਸੰਕਲਪ ਸ੍ਰੀ ਗੁਰੂ ਅੰਗਦ ਦੇਵ ਜੀ ਰਾਹੀਂ ਸ੍ਰੀ ਗੁਰੂ ਅਮਰਦਾਸ ਜੀ ਤੱਕ ਅਪੜਿਆ। ਸ੍ਰੀ ਗੁਰੂ ਅਮਰਦਾਸ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੂੰ ਸ਼ਹਿਰ, ਸਰੋਵਰ ਤੇ ਹਰਿਮੰਦਰ ਸਾਹਿਬ ਦੇ ਰਚਣ ਦਾ ਹੁਕਮ ਕੀਤਾ, ਪਰ ਸਮਾਂ ਸੀਮਤ ਹੋਣ ਦੇ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ਹਿਰ ਦੀ ਉਸਾਰੀ ਤੇ ਦੋਹਾਂ ਸਰੋਵਰਾਂ ਦੀ ਖੁਦਾਈ ਤਾਂ ਕਰਵਾਈ ਪਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਆਰੰਭ ਨਾ ਹੋ ਸਕੀ। ਸ੍ਰੀ ਹਰਿਮੰਦਰ ਸਾਹਿਬ ਦੇ ਰਚਣ ਦਾ ਕਾਰਜ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸੌਂਪ ਗਏ। ਜਿਸ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤ-ਸਰੋਵਰ ਦੀ ਕਾਰ-ਸੇਵਾ ਉਪਰੰਤ ਸ੍ਰੀ ਅਕਾਲ ਪੁਰਖ ਜੀ ਦੀ ਆਗਿਆ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਆਰੰਭ ਕਰਵਾਈ। ਇਸ ਦੇ ਨਾਉਂ ਵਿਚ ਹਰਿ ਮੰਦਰ ਸ਼ਬਦ ਆਉਣ ਤੇ ਕਿਸੇ ਤੋਂ ਡਰਣ ਜਾਂ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ। ਇਹ ਅਕਾਲ ਪੁਰਖ ਦਾ ਸਾਜਿਆ ਹਰਿਮੰਦਿਰ ਹੈ।
-
ਦਿਲਜੀਤ ਸਿੰਘ ਬੇਦੀ, ਲੇਖਕ
dsbedisgpc@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.