ਸਰਕਾਰ ਦਾ ਬਿਆਨ, ਖੁਦ ਪਿੱਠ ਥਾਪੜੇ।ਅਖੇ "ਕੱਚੇ ਅਧਿਆਪਕ ਪੱਕੇ।ਤਨਖਾਹਾਂ ਤਿੰਨ ਗੁਣਾ। ਸਾਰੀਆਂ ਛੁੱਟੀਆਂ।58ਸਾਲ ਦੀ ਉਮਰ ਤੱਕ ਨੌਕਰੀ।" ਚਿਰੋਕਣੀ ਮੰਗ ਮੰਨੀ, ਚਾਹੇ ਪੂਰੀ ਨੀਂ।ਸੰਘਰਸ਼ ਦਾ ਦਬਾਅ ਸਾਫ਼ ਦਿਖੇ। ਇਹਨਾਂ ਅਧਿਆਪਕਾਂ ਨੇ ਦਸੌਂਟੇ ਵੀ ਬਥੇਰੇ ਕੱਟੇ।ਨੌਕਰੀ ਦੇ ਸਾਲ, ਸੰਘਰਸ਼ ਵੀ ਨਾਲੋ ਨਾਲ।ਨੌਕਰੀ ਦਾ ਕੱਚਾ ਕੋਹੜ ਭੋਗਿਆ।ਨਿਗੂਣੀ ਤਨਖਾਹ ਨਾਲ ਡੰਗ ਟਪਾਇਆ। ਮਤਰੇਆ ਸਲੂਕ ਤੇ ਡਾਂਗ ਸੋਟਾ ਸਭ ਝੱਲਿਆ।ਕਈ ਜੁਝਾਰੂਆਂ ਨੇ ਜਾਨਾਂ ਵਾਰੀਆਂ। ਸੰਘਰਸ਼ ਤੇ ਸ਼ਹਾਦਤ ਦਾ ਰੰਗ ਉਘੜਿਆ।
ਸਰਕਾਰ, ਸਰਕਾਰ ਈ ਹੁੰਦੀ ਆ। ਕਿਸੇ ਪਾਰਟੀ ਦੀ ਹੋਵੇ।ਕੁਝ ਵੀ ਫ਼ਰਕ ਨੀਂ।ਗੰਢੇ ਦੀ ਪੱਤ ਜਿੰਨਾ ਵੀ ਨੀਂ।ਪਹਿਲੀਆਂ ਤੇ ਹੁਣ ਵਾਲੀ ਵਿੱਚ। ਪਹਿਲੀਆਂ ਵਾਂਗੂੰ ਮੰਗਾਂ ਮੰਨੀਆਂ, ਮੀਂਗਣਾਂ ਪਾ ਕੇ। ਪੂਰਾ ਨੀਂ ਤੁਲੀ।ਕੁੰਡੀ ਮਾਰਨੋ ਨਹੀਂ ਟਲੀ।ਪੱਕੇ ਕਰਨ ਨੂੰ ਤਾਂ ਪੱਲੜੇ ਈ ਨੀਂ ਪਾਇਆ।ਤੁਲਣਾ ਕੀ ਆ? ਇਹ ਸਰਕਾਰਾਂ ਦੀਆਂ " ਮੇਹਰਾਂ ",ਕੱਚੀ ਭਰਤੀ ਤੇ ਨਿਗੂਣੀ ਤਨਖਾਹ ਨੀਤੀ। ਇਹੀ ਲੈ ਕੇ ਆਈਆਂ ਸਾਮਰਾਜੀ ਸੰਸਾਰੀਕਰਨ ਦਾ ਸੱਪ (Structural Adjustment Program) ਢਾਂਚਾ ਢਲਾਈ ਪ੍ਰੋਗਰਾਮ।ਇਹਨਾਂ ਨੇ ਹੀ ਹਰ ਮਹਿਕਮਾ, ਫੌਜ ਵੀ, ਇਹਦੀ ਲਪੇਟ 'ਚ ਲਿਆਂਦਾ।ਪੱਕੀ ਭਰਤੀ ਨੂੰ ਇਸੇ ਨੇ ਡੰਗਿਆ। ਪਹਿਲਾਂ ਤਾਂ ਭਰਤੀ ਹੁੰਦੀ ਹੀ ਪੱਕੀ ਸੀ। ਫੇਰ ਇੱਕ ਸਾਲ ਦੀ ਸੇਵਾ ਵਾਲਾ ਪੱਕਾ ਕਰਨ ਦਾ ਨਿਯਮ ਬਣਿਆ।ਫੇਰ ਤਿੰਨ ਸਾਲ ਦੀ ਸ਼ਰਤ। ਫੇਰ ਮਿਤੀਆਂ ਮਿੱਥਣ ਲੱਗੇ।
ਆਹ ਸਰਕਾਰ ਨੇ ਸਿਰਾ ਈ ਲਾਤਾ। ਪੱਲਾ ਹੀ ਝਾੜ ਗਈ।ਪੱਕੀ ਭਰਤੀ ਦੀ ਪ੍ਰੀਭਾਸ਼ਾ ਹੀ ਬਦਲ ਧਰੀ।ਅਖੇ," 58 ਸਾਲ ਤੱਕ ਪੱਕੇ,ਕੋਈ ਨੀਂ ਹਿਲਾਉਂਦਾ।" ਹਿੱਲੇ ਤਾਂ ਪਹਿਲਾਂ ਵੀ ਨੀਂ।ਐਂ ਵੀ ਨੀਂ ਕਿ ਕਿਸੇ ਨੇ ਕੋਸ਼ਿਸ਼ ਨੀਂ ਕੀਤੀ ਹਿਲਾਉਣ ਦੀ।ਪਰ ਜੀਹਨੇ ਕੀਤੀ,ਉਹਨੂੰ ਘੋਲ ਮੂਹਰੇ ਝੁਕਣਾ ਹੀ ਪਿਆ। ਹੁਣ ਸਰਕਾਰ ਛਲਾਵੇ ਖੇਡੇ। 58 ਸਾਲ ਉਮਰ ਤੱਕ ਦੀ ਨੌਕਰੀ ਨੂੰ ਪੱਕੀ ਦੱਸੇ। ਕੁਫ਼ਰ ਤੋਲੇ।ਸੰਗ ਨਾ ਮੰਨੇ। ਪੱਕੀ ਨੌਕਰੀ ਦੇ ਰੰਗ ਹੋਰ ਹਨ।ਤਨਖਾਹ,ਬਕਾਇਦਾ ਤਨਖਾਹ ਪ੍ਰਣਾਲੀ ਰਾਹੀਂ ਤਹਿ ਹੁੰਦੀ ਹੈ। ਕਈ ਕਿਸਮ ਦੇ ਭੱਤੇ ਮਿਲਦੇ ਹਨ। ਸਮੇਂ ਸਮੇਂ ਹੁੰਦੇ ਵਾਧੇ ਜੁੜਦੇ ਰਹਿੰਦੇ ਹਨ।ਪਦ ਉੱਨਤੀ ਦੇ ਮੌਕੇ ਮਿਲਦੇ ਹਨ। ਇਹਨਾਂ ਨੂੰ ਇਹ ਕੁਝ ਨਹੀਂ।ਫਿਰ ਵੀ "ਪੱਕੇ ਕੀਤੇ" ਕਹਿਣਾ, ਧੋਖੇ ਦੀ ਕਲਾਕਾਰੀ ਕਰਨਾ ਹੈ।
ਇਸ ਤੋਂ ਅੱਗੇ,ਧੋਖਾ ਵੱਡਾ।" ਪੂਰੀ ਉਮਰ " ਨੌਕਰੀ ਦੇ ਝੁੱਲ ਹੇਠੋਂ ਤੱਥ ਸਿਰ ਚੱਕਿਆ। ਇਹ ਕਾਡਰ, ਡੈੱਡ ਕਾਡਰ ਦੇ ਖਾਤੇ ਪਾਤਾ।ਉਮਰਾਂ ਦੇ ਨਾਲ ਨਾਲ ਆਸਾਮੀਆਂ ਦੇ ਖਾਤਮੇ ਦਾ ਰਾਹ ਖੋਲਤਾ।ਤੇਰਾਂ ਹਜ਼ਾਰ ਅਧਿਆਪਕ ਆਸਾਮੀਆਂ 'ਤੇ ਕਾਟਾ ਮਾਰਤਾ। ਯਾਨਿ ਸਿਖਿਆ ਨੂੰ ਕਸਾਰਾ, ਰੁਜ਼ਗਾਰ ਨੂੰ ਰਗੜਾ।ਨਾ ਸਕੂਲਾਂ ਨੂੰ ਟੀਚਰ ਤੇ ਨਾ ਬੇਰੁਜ਼ਗਾਰਾਂ ਨੂੰ ਰੁਜ਼ਗਾਰ।ਨਾ ਰਾਸ਼ਟਰੀ ਪਨੀਰੀ ਨੂੰ " ਰਾਸ਼ਟਰ ਨਿਰਮਾਤਾ"।
ਅਗਲੀ ਗੱਲ, ਤਨਖਾਹ ਵਿੱਚ ਕੀਤੇ ਵਾਧੇ ਦੀ। ਅਧਿਆਪਕਾਂ ਲਈ ਰਾਹਤ।ਇੱਕ ਪ੍ਰਾਪਤੀ।ਇਹ ਵਾਧਾ ਪਹਿਲੀਆਂ ਨੂੰ ਹੀ ਕਰਨਾ ਚਾਹੀਦਾ ਸੀ। ਨਹੀਂ ਕੀਤਾ,ਧ੍ਰੋਹ ਕਮਾਇਆ। ਇਹਨਾਂ ਨੇ ਵੀ ਹੁਣ ਕੀਤੈ, ਡੇਢ ਸਾਲ ਲੰਘਾ ਕੇ। ਹੁਣ ਵੱਡਾ ਮਾਅਰਕਾ ਦੱਸਦੇ ਐ।ਫੁੱਲੇ ਨੀਂ ਸਮਾਉਂਦੇ।ਘੱਟ ਤਨਖਾਹ ਨੂੰ ਲੈ ਕੇ ਹਮਦਰਦੀ ਦਾ ਵਿਖਾਵਾ ਕੀਤਾ।ਪਰ ਇਹ ਵਾਧਾ,ਨਾ ਨਿਭਾਈਆਂ ਸੇਵਾਵਾਂ ਦਾ ਇਵਜ ਤਾਰਦਾ।ਨਾ ਹਾਸਲ ਯੋਗਤਾ ਦੀ ਕਦਰ ਪਾਉਂਦਾ।ਨਾ ਨਿੱਤ ਦਿਨ ਵਧਦੀ ਮਹਿੰਗਾਈ ਬਰਾਬਰ ਪੂਰਾ ਉੱਤਰਦਾ।ਨਾ ਕਿਸੇ ਗਰੇਡ ਸਲੈਬ ਵਿੱਚ ਆਉਂਦਾ।ਨਾ ਇਹ " ਬਰਾਬਰ ਕੰਮ ਬਰਾਬਰ ਤਨਖਾਹ " ਵਾਲਾ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰਦਾ।
ਸਾਰੇ ਮਹਿਕਮੇ ਘੱਟ ਤਨਖਾਹ ਵਾਲਿਆਂ ਨਾਲ ਭਰੇ ਹੋਏ ਆ।ਕੀ ਉਥੇ ਹਮਦਰਦੀ ਵਿਖਾਏਗੀ?
ਸਰਕਾਰਾਂ ਦੀ ਕਹਿਣੀ ਕਰਨੀ ਇੱਕ ਨਹੀਂ ਹੁੰਦੀ। ਮੌਜੂਦਾ ਹਾਲਾਤ ਵਿੱਚ ਹੋ ਈ ਨੀਂ ਸਕਦੀ। ਪਿਛਲਾ ਅਮਲ ਗਵਾਹ। ਕਹਿਣੀ, ਲੋਕਾਂ ਨੂੰ ਨਾਲ ਜੋੜ ਕੇ ਰੱਖਣ ਲਈ।ਵੋਟਾਂ ਮੁੱਛਣੀਆਂ ਹੁੰਦੀਆਂ। ਕਰਨੀ, ਜੋਕਾਂ ਨਾਲ ਜੁੜਨ ਲਈ। ਉਹਨਾਂ ਦੇ ਹਿੱਤ ਪਾਲਣੇ ਹੁੰਦੇ ਆ। ਸੇਵਾ ਸੁਰੱਖਿਆ ਕਰਨੀ ਹੁੰਦੀ ਆ। ਲੋਕਾਂ ਤੇ ਜੋਕਾਂ ਲਈ ਵੱਖ ਵੱਖ ਰੱਵਈਆ, ਕਹਿਣੀ ਤੇ ਕਰਨੀ ਵਿੱਚ ਇੱਕ ਨਹੀਂ ਰਹਿਣ ਦਿੰਦਾ। ਸਰਕਾਰਾਂ ਸਦਾ, ਜੋਕਾਂ ਦੇ ਹਿੱਤਾਂ ਨੂੰ ਪਹਿਲ ਦਿੰਦੀਆਂ।ਜੋਕ ਪੱਖੀ ਨੀਤੀਆਂ ਨੂੰ ਮੂਹਰੇ ਰੱਖਦੀਆਂ। ਜੋਕਾਂ ਨੂੰ ਮੁਨਾਫ਼ਾ ਮੁਖੀ ਵੱਡੇ ਵੱਡੇ ਪ੍ਰਾਜੈਕਟ। ਲੋਕਾਂ ਨੂੰ ਚੂਨ ਭੂਨ।ਇਥੇ ਇਹੀ ਸਭ ਹੋਇਆ।ਬਦਲਾਅ ਦੇ ਨਾਹਰੇ, ਬੇਨਕਾਬ ਹੋਏ।ਕੱਚੀ ਨੌਕਰੀ ਨੂੰ ਬਕਾਇਦਾ ਪੱਕੀ ਵਿੱਚ ਨਹੀਂ ਬਦਲਿਆ।ਉੱਕਾ ਪੁੱਕਾ ਤਨਖਾਹ ਨੂੰ ਗਰੇਡ ਪ੍ਰਣਾਲੀ ਵਿਚ ਨਹੀਂ ਬਦਲਿਆ। ਆਸਾਮੀਆਂ ਖਤਮ ਕਰਨ ਦੀ ਨੀਤੀ ਨਹੀਂ ਬਦਲੀ। ਵਰਤੋ ਤੇ ਸੁੱਟੋ ਦੀ ਨੀਤੀ ਨਹੀਂ ਬਦਲੀ।
ਸਰਕਾਰਾਂ, ਰਾਜ ਸੱਤਾ ਦਾ ਥੰਮ।ਰਾਜ ਸੱਤਾ ਵਸੀਲਿਆਂ ਦੇ ਮਾਲਕਾਂ ਹੱਥ।ਮਾਲਕ,ਵੱਡੇ ਜਗੀਰਦਾਰ ਸਰਮਾਏਦਾਰ, ਸਾਮਰਾਜ ਦੇ ਦਲਾਲ।ਸਰਕਾਰਾਂ ਇਹਨਾਂ ਦੇ ਕਹਿਣੇ ਵਿਚ।ਇਹਨਾਂ ਦੀ ਰਖਵਾਲੀ ਕਰਨ। ਕਾਨੂੰਨਾਂ ਨੀਤੀਆਂ ਮੂਜਬ ਚੱਲਣ। ਨੀਤੀਆਂ ਕਨੂੰਨ, ਮਾਲਕਾਂ ਨੇ ਘੜੇ। ਇਹਨਾਂ ਕੀ ਬਦਲਣਾ।ਬਦਲਾਅ ਲੋਕਾਂ ਦੀ ਲੋੜ। ਲੋਕ ਕਰਨ।ਲੋਕ ਏਹਦੇ ਲਈ ਤਿਆਰ ਹੋਣ। ਵਿਸ਼ਾਲ ਏਕਾ ਉਸਾਰਨ।ਬਦਲ ਲਈ ਜੂਝਣ।
ਵਾਜਬ ਮੰਗਾਂ,ਸਹੀ ਸੇਧ, ਸੰਘਰਸ਼ ਰੰਗ ਦਿਖਾਉਂਦਾ। ਸਰਕਾਰਾਂ ਸੁਣਦੀਆਂ। ਮੰਨਦੀਆਂ ਵੀ ਆ। ਸੰਘਰਸ਼ ਹੀ ਹੱਕ ਦੀ ਰਾਖੀ ਕਰਦਾ। ਸੰਘਰਸ਼ ਹੀ ਹੱਕ ਹਾਸਲ ਕਰ ਝੋਲੀ ਪਾਉਂਦਾ।ਇਹ ਪ੍ਰਾਪਤੀ ਵੀ ਸੰਘਰਸ਼ ਦਾ ਨਤੀਜਾ।ਇਹਦੀ ਲੋੜ ਅਜੇ ਵੀ ਹੈ। ਬਕਾਇਦਾ ਰੈਗੂਲਰ ਹੋਣ ਦੀ ਮੰਗ ਅਜੇ ਖੜੀ ਹੈ।ਤਨਖਾਹ ਵੀ ਗਰੇਡ ਅਨੁਸਾਰ ਭੱਤਿਆਂ ਸਮੇਤ ਲੈਣੀ ਬਾਕੀ ਹੈ।ਪੈਨਸ਼ਨਰੀ ਲਾਭਾਂ ਦੀ ਗੱਲ ਵੀ ਕਰਨੀ ਪੈਣੀ ਹੈ।ਸੰਘਰਸ਼ ਹੀ ਸਵੱਲੜਾ ਰਾਹ, ਮੁਬਾਰਕ ਹੋਵੇ!
ਲਿਖਦਿਆਂ ਸਮੇਂ ਖ਼ਬਰ, ਸੰਘਰਸ਼ ਦੀ ਖ਼ਬਰ। ਇਹਨਾਂ ਮੰਗਾਂ ਲਈ ਸੰਘਰਸ਼ ਸ਼ੁਰੂ। ਸੰਗਰੂਰ ਵਿਖੇ ਇਕੱਠ ਹੋਇਆ। ਸਰਕਾਰ ਭੜਕੀ। ਹਿਟਲਰਸ਼ਾਹੀ 'ਤੇ ਉੱਤਰ ਆਈ।ਧਰਨੇ 'ਤੇ ਬੈਠੇ ਅਧਿਆਪਕ ਅਧਿਆਪਕਾਵਾਂ ਜੇਲੀਂ ਡੱਕੇ।
-
ਜਗਮੇਲ ਸਿੰਘ, ਲੇਖਕ
planner1947@gmail.com
9417224822
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.