ਦੇਸ਼ ਵਿੱਚ ਹਰ ਕੁਦਰਤੀ ਆਫ਼ਤ ਦੇ ਸਮੇਂ ਪਈ ਭੀੜ ਨੂੰ ਦੂਰ ਕਰਨ ਲਈ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੰਕਟ ਮੋਚਨ ਬਣਕੇ ਅੱਗੇ ਆਉਂਦੀਆਂ ਹਨ। ਇਥੋਂ ਤੱਕ ਕਿ ਸੰਸਾਰ ਵਿੱਚ ਵੀ ਜੇਕਰ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਤਾਂ ਪੰਜਾਬੀ/ਸਿੱਖ/ਸਿੱਖ ਸੰਸਥਾਵਾਂ ਹਮੇਸ਼ਾ ਸੇਵਾ ਭਾਵਨਾ ਨਾਲ ਤੱਤਪਰ ਰਹਿੰਦੇ ਹਨ। ਪੰਜਾਬੀ/ਸਿੱਖ ਬਹਾਦਰ, ਮਿਹਨਤੀ ਅਤੇ ਮਾਨਵਤਾ ਦੀ ਸੇਵਾ ਦੇ ਪ੍ਰਤੀਕ ਹਨ। ਇਸ ਦੀ ਤਾਜ਼ਾ ਮਿਸਾਲ ਪੰਜਾਬ ਵਿੱਚ ਆਏ ਹੜ੍ਹਾਂ ਦੇ ਦੌਰਾਨ ਉਨ੍ਹਾਂ ਵੱਲੋਂ ਹੜ੍ਹ ਪੀੜਤਾਂ ਦੇ ਬਚਾਓ ਅਤੇ ਉਨ੍ਹਾਂ ਲਈ ਡੂੰਘੇ ਪਾਣੀਆਂ ਵਿੱਚ ਜਾ ਕੇ ਰਾਹਤ ਸਮਗਰੀ ਵੰਡਣ ਤੋਂ ਸ਼ਪਸ਼ਟ ਹੁੰਦੀ ਹੈ।
ਉਹ ਹਰ ਮੁਸੀਬਤ ਅਤੇ ਕੁਦਰਤੀ ਕਰੋਪੀ ਦੇ ਸਮੇਂ ਲੋਕਾਈ ਦੀ ਬਾਂਹ ਫੜਦੇ ਨਜ਼ਰ ਆਉਂਦੇ ਹਨ। ਇਸ ਸਮੇਂ ਭਾਰਤ ਵਿੱਚ ਹੜ੍ਹਾਂ ਦੀ ਕੁਦਰਤੀ ਆਫ਼ਤ ਨੇ ਕਹਿਰ ਮਚਾ ਰੱਖਿਆ ਹੈ। ਦੇਸ਼ ਦੇ ਬਹੁਤੇ ਸੂਬੇ ਹੜ੍ਹਾਂ ਦੀ ਮਾਰ ਤੋਂ ਪ੍ਰਭਾਵਤ ਹੋ ਰਹੇ ਹਨ। ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਤ ਲੋਕ ਤਰਾਹ ਤਰਾਹ ਕਰ ਰਹੇ ਹਨ। ਕਿਸਾਨਾ ਦੀਆਂ ਹਜ਼ਾਰਾਂ ਏਕੜ ਫਸਲਾਂ ਤਬਾਹ ਹੋ ਗਈਆਂ ਹਨ। ਜਾਨ ਅਤੇ ਮਾਲ ਦਾ ਬੇਇੰਤਹਾ ਨੁਕਸਾਨ ਹੋ ਗਿਆ ਹੈ। ਪੰਜਾਬ ਨੂੰ ਇਸ ਕੁਦਰਤੀ ਆਫ਼ਤ ਨੇ ਬੁਰੀ ਤਰ੍ਹਾਂ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ।
ਪੰਜਾਬ ਦੇ ਦਰਿਆਵਾਂ ਵਿੱਚ ਪਾਣੀ ਹਿਮਾਚਲ ਪ੍ਰਦੇਸ਼ ਵਿੱਚੋਂ ਆਉਂਦਾ ਹੈ। ਜਦੋਂ ਹਿਮਾਚਲ ਪ੍ਰਦੇਸ਼ ਵਿੱਚ ਵਾਰਸ਼ਾਂ ਪੈਂਦੀਆਂ ਹਨ ਤਾਂ ਪੰਜਾਬ ਵਿੱਚ ਜਿਹੜੇ ਤਿੰਨ ਦਰਿਆ ਸਤਲੁਜ, ਬਿਆਸ ਅਤੇ ਰਾਵੀ ਦਾ ਕੁਝ ਹਿੱਸਾ ਵਗਦੇ ਹਨ, ਉਨ੍ਹਾਂ ਵਿੱਚ ਬੇਸ਼ੁਮਾਰ ਪਾਣੀ ਆ ਜਾਂਦਾ ਹੈ। ਕਈ ਵਾਰ ਭਾਖੜਾ ਅਤੇ ਹੋਰ ਡੈਮਾ ਵਿੱਚੋਂ ਪਾਣੀ ਵੀ ਛੱਡਣਾ ਪੈ ਜਾਂਦਾ ਹੈ। ਬਰਸਾਤੀ ਮੌਸਮ ਵਿੱਚ ਇਨ੍ਹਾਂ ਦਰਿਆਵਾਂ ਅਤੇ ਅਨੇਕਾਂ ਨਦੀਆਂ, ਨਾਲਿਆਂ, ਚੋਆਂ ਅਤੇ ਹੋਰ ਛੋਟੇ ਮੋਟੇ ਰਸਤਿਆਂ ਰਾਹੀਂ ਪਾਣੀ ਕਹਿਰ ਦਾ ਰੂਪ ਧਾਰ ਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀ ਤਬਾਹੀ ਕਰਦਾ ਹੈ। ਇਸ ਪ੍ਰਕਾਰ ਪੰਜਾਬ ਦੀ ਆਰਥਿਕਤਾ ਨੂੰ ਗਹਿਰੀ ਸੱਟ ਵੱਜਦੀ ਹੈ। ਪੰਜਾਬੀ ਹਰ ਸਾਲ ਇਨ੍ਹਾਂ ਹੜ੍ਹਾਂ ਦਾ ਸੰਤਾਪ ਭੋਗਦੇ ਹਨ। ਬਹੁਤਾ ਪਿੰਡਾਂ ਦਾ ਨੁਕਸਾਨ ਹੁੰਦਾ ਹੈ ਕਿਉਂਕਿ ਇਹ ਦਰਿਆ ਅਤੇ ਨਦੀਆਂ ਨਾਲੇ ਪਿੰਡਾਂ ਵਿੱਚੋਂ ਲੰਘਦੇ ਹਨ ਪ੍ਰੰਤੂ ਕਈ ਸ਼ਹਿਰਾਂ ਜਿਵੇਂ ਪਟਿਆਲਾ, ਮੋਹਾਲੀ, ਰੋਪੜ ਅਤੇ ਲੁਧਿਆਣਾ ਨੂੰ ਵੀ ਭਾਰੀ ਨੁਕਸਾਨ ਪਹੁੰਚਾਉਂਦੇ ਹਨ। ਪੰਜਾਬ ਵਿੱਚ ਹੁਣ ਤੱਕ 2 ਲੱਖ 40 ਹਜ਼ਾਰ ਹੈਕਟੇਅਰ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ 83000 ਹੈਕਟੇਅਰ ਖ਼ਰਾਬ ਹੋਏ ਰਕਬੇ ਵਿੱਚ ਖੇਤੀਬਾੜੀ ਵਿਭਾਗ ਵਾਲੇ ਕਹਿ ਰਹੇ ਹਨ ਕਿ ਦੁਬਾਰਾ ਝੋਨਾ ਲਗਾਇਆ ਜਾ ਸਕਦਾ ਹੈ ਪ੍ਰੰਤੂ ਦੁਬਾਰਾ ਝੋਨਾ ਲਾਉਣਾ ਸੰਭਵ ਨਹੀਂ ਕਿਉਂਕਿ ਪਨੀਰੀ ਤਿਆਰ ਕਰਨ ਲਈ ਸਮਾਂ ਲੱਗਦਾ ਹੈ। ਹੋਰ ਫ਼ਸਲਾਂ ਅਤੇ ਸਬਜ਼ੀਆਂ ਵੀ ਨੁਕਸਾਨੀਆਂ ਗਈਆਂ ਹਨ।
ਲਗਪਗ 2500 ਹਜ਼ਾਰ ਲੋਕਾਂ ਨੂੰ ਹੜ੍ਹ ਵਾਲੇ ਇਲਾਕਿਆਂ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਹੈ। 35 ਲੋਕ ਆਪਣੀਆਂ ਜਾਨਾ ਗੁਆ ਚੁੱਕੇ ਹਨ। ਹੜ੍ਹਾਂ ਨਾਲ 1390 ਪਿੰਡਾਂ ਅਤੇ ਸ਼ਹਿਰਾਂ ਵਿੱਚ ਨੁਕਸਾਨ ਹੋਇਆ ਹੈ। ਇਸ ਨੁਕਸਾਨ ਦੀ ਭਰਪਾਈ ਤਾਂ ਅਸੰਭਵ ਹੈ।
ਅਜਿਹੇ ਹਾਲਾਤ ਵਿੱਚ ਸਰਕਾਰਾਂ ਨੇ ਤਾਂ ਆਪਣੇ ਫਰਜ਼ ਨਿਭਾਉਣੇ ਹੀ ਹੁੰਦੇ ਹਨ ਪ੍ਰੰਤੂ ਸਰਕਾਰਾਂ ਲੋਕਾਂ ਦੇ ਸਹਿਯੋਗ ਤੋਂ ਬਿਨਾ ਸਫ਼ਲ ਨਹੀਂ ਹੋ ਸਕਦੀਆਂ। ਪੰਜਾਬ ਦੀ ਬਹੁਤੀ ਆਬਾਦੀ ਅਜੇ ਵੀ ਪਿੰਡਾਂ ਵਿੱਚ ਵਸਦੀ ਹੈ। ਪਿੰਡਾਂ ਦੇ ਲੋਕਾਂ ਦੀਆਂ ਫ਼ਸਲਾਂ ਖਾਸ ਤੌਰ ਤੇ ਜੀਰੀਆਂ ਪਾਣੀ ਵਿੱਚ ਡੁੱਬ ਕੇ ਤਬਾਹ ਹੋ ਗਈਆਂ ਹਨ। ਪਿੰਡਾਂ ਦੇ ਲੋਕ ਆਪਣੇ ਹੋਏ ਨੁਕਸਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੀਆਂ ਜਾਨਾ ਤਲੀ ‘ਤੇ ਧਰ ਕੇ ਸ਼ਹਿਰਾਂ ਵਾਲਿਆਂ ਦੀ ਮਦਦ ਲਈ ਆ ਗਏ ਹਨ। ਬਿਜਲੀ ਤੇ ਪਾਣੀ ਦੇ ਬੰਦ ਹੋਣ ਕਰਕੇ ਸ਼ਹਿਰਾਂ ਦੀਆਂ ਹੜ੍ਹਾਂ ਤੋਂ ਪ੍ਰਭਾਵਤ ਕਾਲੋਨੀਆਂ ਅਤੇ ਪਿੰਡਾਂ ਵਿੱਚ ਫਸੇ ਹੋਏ ਬੱਚੇ, ਬੁਜ਼ਰਗ, ਇਸਤਰੀਆਂ ਪਾਣੀ ਅਤੇ ਖਾਣ ਪੀਣ ਦੇ ਸਮਾਨ ਲਈ ਤਰਸ ਰਹੇ ਸਨ। ਹਾਹਾਕਰ ਮੱਚੀ ਹੋਈ ਸੀ, ਬੱਚੇ ਦੁੱਧ ਅਤੇ ਪਾਣੀ ਕਰਕੇ ਕੁਰਲਾ ਰਹੇ ਸਨ। ਸ਼ਹਿਰਾਂ ਵਾਲੇ ਲੋਕ ਬਹੁਤੀ ਮੁਸੀਬਤ ਝੱਲ ਵੀ ਨਹੀਂ ਸਕਦੇ ਪ੍ਰੰਤੂ ਪਾਣੀ ਦਾ ਕਹਿਰ ਤਾਂ ਮੌਤ ਦੇ ਰੂਪ ਵਿੱਚ ਦਸਤਕ ਦੇ ਰਿਹਾ ਸੀ। ਪਟਿਆਲਾ ਦੀ ਪੋਸ਼ ਕਾਲੋਨੀ ਅਰਬਨ ਅਸਟੇਟ-1 ਅਤੇ 2 ਵਿੱਚ 10 ਜੁਲਾਈ ਦੀ ਸ਼ਾਮ ਨੂੰ ਪਾਣੀ ਆਇਆ ਸੀ ਪ੍ਰੰਤੂ ਪਿੰਡਾਂ ਦੇ ਲੋਕ ਸੂਰਜ ਦੀ ਟਿੱਕੀ ਨਿਕਲਦਿਆਂ ਹੀ ਦੁੱਧ, ਪਾਣੀ, ਡਬਲ ਰੋਟੀ, ਬਿਸਕੁਟ ਅਤੇ ਲੰਗਰ ਲੈ ਕੇ ਪਹੁੰਚ ਗਏ। ਇਸ ਤੋਂ ਪੰਜਾਬੀਆਂ ਦੀ ਦਿ੍ਰੜ੍ਹਤਾ, ਸੇਵਾ ਭਾਵਨਾ, ਸਰਬੱਤ ਦੇ ਭਲੇ ਅਤੇ ਇਨਸਾਨੀਅਤ ਦੀ ਕਦਰ ਦੀ ਬਿਹਤਰੀਨ ਪ੍ਰਵਿਰਤੀ ਸ਼ਪਸ਼ਟ ਹੁੰਦੀ ਹੈ। ਪੰਜਾਬੀਆਂ ਖਾਸ ਤੌਰ ‘ਤੇ ਪਿੰਡਾਂ ਵਾਲੇ ਲੋਕਾਂ ਅਤੇ ਸਵੈ ਇੱਛਤ ਅਤੇ ਸਿੱਖ ਅਤੇ ਹੋਰ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਵਾਰੇ ਵਾਰੇ ਜਾਈਏ ਜਿਹੜੇ ਆਪ ਇਨ੍ਹਾਂ ਹੜ੍ਹਾਂ ਦਾ ਪ੍ਰਕੋਪ ਹੰਢਾਉਂਦੇ ਹੋਏ, ਆਪਣਾ ਸਾਰਾ ਕੁਝ ਗੁਆਉਣ ਦੇ ਬਾਵਜੂਦ ਸ਼ਹਿਰਾਂ ਦੇ ਲੋਕਾਂ ਦੀ ਮਦਦ ਲਈ ਆ ਬਹੁੜਦੇ ਹਨ।
ਸੇਵਾ ਦੇ ਪੁੰਜ ਇਹ ਪਿੰਡਾਂ ਵਾਲੇ ਲੋਕ ਆਪਣੇ ਟ੍ਰੈਕਟਰਾਂ ਟਰਾਲੀਆਂ ਤੇ ਲੰਗਰ, ਦੁੱਧ ਅਤੇ ਪਾਣੀ ਲੈ ਕੇ ਡੂੰਘੇ ਹੜ੍ਹ ਦੇ ਪਾਣੀਆਂ ਵਿੱਚ ਆਪਣੀਆਂ ਜਾਨਾ ਦੀ ਪ੍ਰਵਾਹ ਨਾ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿਤਰ ਵਿਚਾਰਧਾਰਾ ਸਰਬੱਤ ਦੇ ਭਲੇ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਵਰਤਾਉਂਦੇ ਵੇਖੇ ਗਏ। ਮੋਮ ਬੱਤੀਆਂ ਅਤੇ ਮੱਛਰ ਤੋਂ ਬਚਾਅ ਲਈ ਮੱਛਰਦਾਨੀਆਂ ਵੀ ਤਕਸੀਮ ਕੀਤੀਆਂ ਗਈਆਂ। ਗਲੀਆਂ ਵਿੱਚ ਆਵਾਜ਼ਾਂ ਮਾਰ ਕੇ ਲੋਕਾਂ ਨੂੰ ਘਰਾਂ ਵਿੱਚੋਂ ਬੁਲਾ ਕੇ ਖਾਣ ਪੀਣ ਦਾ ਸਾਮਾਨ ਤਕਸੀਮ ਕਰਦੇ ਰਹੇ ਹਨ। ਸਿੱਖ ਧਰਮ ਅਤੇ ਸਿੱਖੀ ਇਕ ਸੋਚ ਦਾ ਨਾਮ ਹੈ। ਸਦਭਾਵਨਾ, ਸਰਬੱਤ ਦੇ ਭਲੇ ਅਤੇ ਸਭੇ ਸਾਂਝਵਾਲ ਸਦਾਇਨ ਦੀ ਵਿਚਾਰਧਾਰਾ ‘ਤੇ ਪਹਿਰਾ ਦਿੰਦੀ ਹੈ। ਜਿਵੇਂ ਭਾਈ ਘਨਈਆ ਚਮਕੌਰ ਦੀ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾ ਨੂੰ ਪਾਣੀ ਪਿਲਾ ਰਿਹਾ ਸੀ, ਉਸੇ ਤਰ੍ਹਾਂ ਪਿੰਡਾਂ ਦੇ ਲੋਕ ਉਨ੍ਹਾਂ ਲੋਕਾਂ ਨੂੰ ਲੰਗਰ ਪਹੁੰਚਾ ਰਹੇ ਸਨ। ਇਹ ਲੋਕ ਘਨਈਆ ਦੇ ਵਾਰਸ ਹਨ। ਇਨ੍ਹਾਂ ਲੋਕਾਂ ਦੀ ਸਮਰਪਣ ਭਾਵਨਾ ਅੱਗੇ ਸਿਰ ਝੁਕ ਰਹੇ ਸਨ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਾਰਸ ਬਣਕੇ ਵਿਚਰਦੇ ਰਹੇ। ਇਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ ਕਰਨੀ ਬਣਦੀ ਹੈ। ਇਨ੍ਹਾਂ ਨੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤਾਂ ਦੀ ਪੂਰਤੀ ਕੀਤੀ ਹੈ, ਇਸ ਕਰਕੇ ਲੋਕ ਇਨ੍ਹਾਂ ਲੋਕਾਂ ਅਤੇ ਸੰਸਥਾਵਾਂ ਦੀ ਸਲਾਘਾ ਕਰਦੇ ਥੱਕਦੇ ਨਹੀਂ। ਹਰ ਪਾਸੇ ਇਨ੍ਹਾਂ ਦੀ ਪ੍ਰਸੰਸਾ ਹੋ ਰਹੀ ਹੈ। ਇਸ ਤੋਂ ਸ਼ਪਸ਼ਟ ਹੋ ਰਿਹਾ ਸੀ ਕਿ ਇਨਸਾਨ ਹੀ ਇਨਸਾਨ ਦੀ ਮੁਸੀਬਤ ਵਿੱਚ ਦਾਰੂ ਬਣਦਾ ਹੈ। ਜਿਥੇ ਪ੍ਰਸ਼ਾਸ਼ਨ ਦੀਆਂ ਕਿਸ਼ਤੀਆਂ ਵੀ ਪਹੁੰਚ ਨਹੀਂ ਸਕੀਆਂ, ਉਨ੍ਹਾਂ ਥਾਵਾਂ ਤੇ ਇਹ ਲੋਕ ਟ੍ਰੈਕਟਰਾਂ ‘ਤੇ ਪਹੁੰਚੇ ਹਨ। ਲੋਕਾਂ ਦੀ ਸੰਕਟਮਈ ਸਥਿਤੀ ਵਿੱਚ ਇਹ ਲੋਕ ਸੰਕਟ ਮੋਚਨ ਸਾਬਤ ਹੋਏ ਹਨ। ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਸਥਾਨਕ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਕੇ ਮੈਡੀਕਲ ਕੈਂਪ ਲਗਾ ਕੇ ਮੁਫ਼ਤ ਦਵਾਈਆਂ ਦੇ ਰਹੀਆਂ ਹਨ। ਏਥੇ ਹੀ ਬਸ ਨਹੀਂ ਸਾਫ ਸਫ਼ਾਈ ਦਾ ਪ੍ਰਬੰਧ ਕਰਨ ਵਿੱਚ ਵੀ ਜੁੱਟ ਗਏ ਹਨ।
ਨਦੀਆਂ, ਨਾਲਿਆਂ ਅਤੇ ਰਜਵਾਹਿਆਂ ਵਿੱਚ ਪਏ ਪਾੜਾਂ ਨੂੰ ਵਰ੍ਹਦੇ ਮੀਂਹ ਅਤੇ ਤੇਜ ਪਾਣੀ ਦੇ ਵਹਾਓ ਦਰਮਿਆਨ ਬੰਧ ਲਗਾ ਰਹੇ ਹਨ। ਕਦੀ ਸਮਾਂ ਸੀ ਇਨ੍ਹਾਂ ਲੋਕਾਂ ਨੂੰ ਅਤਵਾਦੀ ਅਤੇ ਵਖਵਾਦੀ ਕਹਿ ਕੇ ਗਰਦਾਨਿਆਂ ਜਾ ਰਿਹਾ ਸੀ। ਉਹ ਲੋਕ ਸੇਵਾ ਦਾ ਨਮੂਨਾ ਬਣਕੇ ਵਿਚਰ ਰਹੇ ਹਨ। ਜਿਹੜੇ ਪਿੰਡਾਂ ਵਾਲਿਆਂ ਨੂੰ ਗਵਾਰ ਕਹਿੰਦੇ ਸਨ, ਦਫ਼ਤਰਾਂ ਵਿੱਚ ਜਾਇਜ਼ ਕੰਮਾ ਅਤੇ ਦੁਕਾਨਾਂ ‘ਤੇ ਸਾਜੋ ਸਾਮਾਨ ਲੈਣ ਲਈ ਆਇਆਂ ਦੀ ਛਿੱਲ ਲਾਹੁੰਦੇ ਸਨ, ਉਹ ਪਿੰਡਾਂ ਵਾਲੇ ਉਨ੍ਹਾਂ ਦੀ ਦੁੱਖ ਦੀ ਘੜੀ ਵਿੱਚ ਸਹਾਇਤਾ ਕਰਕੇ ਖ਼ੁਸ਼ੀ ਤੇ ਸੰਤੁਸ਼ਟੀ ਮਹਿਸੂਸ ਕਰ ਰਹੇ ਸਨ। ਇਹੋ ਹੀ ਇਨਸਾਨੀਅਤ ਹੁੰਦੀ ਹੈ। ਇਥੇ ਹੀ ਬਸ ਨਹੀਂ ਉਹ ਪ੍ਰਭਾਵਤ ਇਲਾਕਿਆਂ ਦੇ ਪਸ਼ੂਆਂ ਲਈ ਹਰਾ ਚਾਰਾ ਅਤੇ ਮੱਕੀ ਦਾ ਅਚਾਰ ਟਰੱਕਾਂ ਟਰਾਲੀਆਂ ਵਿੱਚ ਲੈ ਕੇ ਪਹੁੰਚ ਗਏ। ਸਤਲੁਜ, ਬਿਆਸ, ਰਾਵੀ, ਘੱਗਰ, ਮਾਰਕੰਡਾ, ਟਾਂਗਰੀ ਵਿੱਚ ਜਿਹੜੇ ਪਾੜ ਪਏ ਸਨ, ਉਨ੍ਹਾਂ ਪਾੜਾਂ ਨੂੰ ਭਰਨ ਲਈ ਸਰਕਾਰੀ ਮਸ਼ੀਨਰੀ ਦੀ ਮਦਦ ਨਾਲ ਪਾੜ ਬੰਦ ਕੀਤੇ। ਬਿਜਲੀ ਦੇ ਜਿਨ੍ਹਾਂ ਗਰਿਡਾਂ ਵਿੱਚ ਪਾਣੀ ਵੜ ਗਿਆ ਉਨ੍ਹਾਂ ਵਿੱਚੋਂ ਪਾਣੀ ਬਾਹਰ ਨਿਕਾਲਿਆ ਅਤੇ ਕਈ ਗਰਿਡਾਂ ਵਿੱਚ ਪਾਣੀ ਵੜਨ ਤੋਂ ਰੋਕਣ ਲਈ ਬੰਧ ਬਣਾਏ। ਪਟਿਆਲਾ ਵਿਖੇ ਕੁਝ ਮਕੈਨਕਾਂ ਨੇ ਹੜ੍ਹਾਂ ਤੋਂ ਪ੍ਰਭਾਵਤ ਇਲਾਕਿਆਂ ਵਿੱਚ ਨੁਕਸਾਨੀਆਂ ਗਈਆਂ ਕਾਰਾਂ, ਦੋਪਹੀਆ ਸਕੂਟਰਾਂ, ਮੋਟਰ ਸਾਈਕਲਾਂ ਅਤੇ ਕਪੜੇ ਧੋਣ ਵਾਲੀਆਂ ਮਸ਼ੀਨਾ ਦੀ ਉਨ੍ਹਾਂ ਦੇ ਘਰਾਂ ਵਿੱਚ ਜਾ ਕੇ ਮੁੱਫ਼ਤ ਮੁਰੰਮਤ ਕੀਤੀ। ਸਾਰੀਆਂ ਹੀ ਸਿਆਸੀ ਪਾਰਟੀਆਂ ਕੁਦਰਤ ਦੀ ਕਰੋਪੀ ਤੇ ਸਿਆਸਤ ਕਰਕੇ ਸਿਆਸੀ ਲਾਹਾ ਲੈਣ ਵਿੱਚ ਜੁਟੀਆਂ ਰਹੀਆਂ। ਕੁਝ ਕੁ ਵਿਅਕਤੀ ਸਵੈ ਇੱਛਤ ਸੰਸਥਾਵਾਂ ਦੇ ਨਾਮ ਤੇ ਫੋਟੋਆਂ ਖਿਚਵਾ ਕੇ ਸ਼ੋਸ਼ਲ ਮੀਡੀਆ ਰਾਹੀਂ ਆਪੋ ਆਪਣਾ ਪ੍ਰਚਾਰ ਕਰਦੀਆਂ ਵੀ ਵੇਖੀਆਂ ਗਈਆਂ।
ਪੰਜਾਬੀਆਂ ਦੀ ਸੇਵਾ ਭਾਵਨਾ ਵੇਖਣ ਵਾਲੀ ਹੈ। ਸ਼ਾਲਾ ! ਇਨ੍ਹਾਂ ਵਿੱਚ ਇਹ ਭਾਵਨਾ ਪ੍ਰਜਵਲਤ ਰਹੇ ਤੇ ਲੋਕਾਈ ਦੀ ਸੇਵਾ ਕਰਦੇ ਰਹਿਣ।
-
ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ujagarsingh48@yahoo.com
94178 13072
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.