ਜੇਕਰ ਗਾਰਗੀ ਸਾਹਿਬ ਨੇ ਆਪਣੇ ਇੱਕ ਰੇਖਾ ਚਿੱਤਰ ਦਾ ਨਾ "ਦੁੱਧ ਵਿਚ ਬਰਾਂਡੀ" ਨਾਲ ਰੱਖਿਆ ਹੁੰਦਾ ਤਾਂ ਯਕੀਨਨ ਸ਼ੌਕਰ ਸਾਹਿਬ ਬਾਰੇ ਲਿਖੇ ਰੇਖਾ ਚਿੱਤਰ ਦਾ ਨਾਂ ਮੈਂ ਵੀ "ਦੁੱਧ ਵਿਚ ਬਰਾਂਡੀ" ਹੀ ਰੱਖਦਾ ।
ਸਿਰ ਤੇ ਛੋਟੀ ਜਿਹੀ ਪੱਗ ,ਥੋੜ੍ਹਾ ਜਿਹਾ ਭਾਰਾ ਜਿਸਮ ,ਦਰਮਿਆਨਾ ਕੱਦ , ਤਪੇ ਹੋਏ ਸੋਨੇ ਦੇ ਰੰਗ ਵਰਗਾ ਕਣਕ ਭਿਨਾ ਚਿਹਰਾ ।
ਮਾਸੂਮੀਅਤ ਦੀ ਹਾਮੀ ਭਰਦੀਆਂ ਅੱਖਾਂ ਵਾਲੇ ਇਹਨਾਂ ਸਰਦਾਰ ਜੀ ਦਾ ਨਾਂ ਸਤਨਾਮ ਸਿੰਘ ਸ਼ੌਕਰ ਹੈ l ਜਿਹਨਾਂ ਨੂੰ ਪਿੰਡ ਵਾਲੇ ਅਤੇ ਪੁਰਾਣੇ ਵਾਕਫ਼ ਮਾਸਟਰ ਸਤਨਾਮ ਸਿੰਘ ਦੇ ਨਾਮ ਨਾਲ ਜਾਣਦੇ ਹਨ ।
ਪਰ ਪੰਜਾਬ ਦੇ ਸਾਹਤਿਕ ਹਲਕਿਆਂ ਚ ਉਹ ਹੁਣ ਸ਼ੌਕਰ ਸਾਹਬ ਦੇ ਨਾਮ ਨਾਲ ਹੀ ਮਸ਼ਹੂਰ ਹਨ ।
ਸ਼ੌਕਰ ਸਾਹਬ ਦੇ ਜਿਸਮਾਨੀ ਵੇਰਵੇ ਲਈ ਇੰਨੇ ਹਰਫ਼ ਸ਼ਾਇਦ ਬਹੁਤ ਹੋਣਗੇ ਪਰ ਉਨ੍ਹਾਂ ਦੀ ਪੂਰੀ ਸ਼ਖ਼ਸੀਅਤ ਲਿਖਣ ਲਈ ਸ਼ਬਦਾਂ ਦੇ ਵੱਡੇ ਜ਼ਖ਼ੀਰੇ ਦੀ ਲੋੜ ਪਏਗੀ l
ਜੇਕਰ ਤੁਸੀਂ ਸਤਨਾਮ ਸਿੰਘ ਸ਼ੌਕਰ ਨੂੰ ਕਿਸੇ ਸਾਹਿਤਕ ਪ੍ਰੋਗਰਾਮ ਵਿਚ ਦੇਖਿਆ ਹੈ ਤੇ ਉਸ ਲਿਬਾਸ ਵਿੱਚ ਦੇਖਿਆ ਹੈ ਜਿਸ ਵਿਚ ਉਹ ਜ਼ਿਆਦਾਤਰ ਰਹਿੰਦੇ ਹਨ ਤਾਂ ਤੁਸੀਂ ਸੋਚਣ ਲੱਗ ਪਵੋਗੇ ਇਸ ਜੱਟ ਜ਼ਿਮੀਂਦਾਰ ਦਾ ਬੁੱਧੀਜੀਵੀਆਂ ਦੇ ਇਕੱਠ ਵਿੱਚ ਕੀ ਕੰਮ ? ਪਰ ਬਾਅਦ ਵਿੱਚ ਉਨ੍ਹਾਂ ਬਾਰੇ ਜਾਣਨ ਤੇ ਤੁਹਾਨੂੰ ਪਤਾ ਲੱਗੇਗਾ ਕਿ ਉਨ੍ਹਾਂ ਦਾ ਸਾਹਿਤ ਨਾਲ ਕੀ ਸਬੰਧ ਹੈ ...ਅਦਬ ਨਾਲ ਕੀ ਕੰਮ ਹੈ ... ਕਿੰਨਾ ਕੂ ਲਗਾਵ ਹੈ ।
ਇੰਨਾ ਕੂ , ਜਿੰਨਾ ਆਮ ਤੌਰ ਤੇ ਨਹੀਂ ਪਾਇਆ ਜਾਂਦਾ l
ਬੁੱਧੀਜੀਵਤਾ ਨੂੰ ਜੇਕਰ ਸਾਦਗੀ ਵਿੱਚੋਂ ਦੇਖਣਾ ਹੈ ਤਾਂ ਉਸ ਦੀ ਇੱਕ ਉਦਾਹਰਨ ਸਤਨਾਮ ਸਿੰਘ ਸ਼ੌਕਰ ਹਨ l ਜੇਕਰ ਪਾਠਕ ਦਾ ਪੱਧਰ ਨਿਰਧਾਰਤ ਕਰਨ ਦੇ ਮਾਪਦੰਡ ਮੇਰੇ ਹੋਣ ਤਾਂ ਮੈਂ ਇਹ ਕਹਿਣੋਂ ਸ਼ਾਇਦ ਹੀ ਝਿਜਕਾਂ ਕਿ ਸਤਨਾਮ ਸਿੰਘ ਸ਼ੋਕਰ ਪੰਜਾਬ ਦੇ ਵੱਡੇ ਪਾਠਕਾਂ ਵਿਚੋਂ ਇਕ ਹੈ l
ਓਹ ਵੀ ਇੱਕ ਗੰਭੀਰ ਪਾਠਕ ਜਿਸ ਨੂੰ ਅੱਖਰਾਂ ਚੋਂ ਮੰਜਰ ਤੱਕ ਲੈਣ ਦੀ ਜਾਚ ਹੋਵੇ ।
ਸ਼ੌਕਰ ਸਾਹਬ ਅਧਿਆਪਨ ਦੇ ਕਿੱਤੇ ਵਿੱਚੋਂ ਰਿਟਾਇਰ ਹੋਏ ਹਨ । ਉਹ ਚੰਡੀਗੜ੍ਹ ਦੇ ਨੇੜੇ ਲਗਦੇ ਪਿੰਡ ਹੋਸ਼ਿਆਰ ਪੁਰ ਦੇ ਵਸਨੀਕ ਹਨ ਤਾਂ ਉਹਨਾਂ ਨੂੰ ਨੌਕਰੀ ਵੀ ਚੰਡੀਗ੍ਹੜ ਪ੍ਰਸ਼ਾਸ਼ਨ ਚ ਹੀ ਮਿਲੀ । ਪਿੰਡਾ ਦੀ ਨਕਸ਼ ਨੁਹਾਰ ਬਦਲ ਗਈ ਹੈ ਤਾਂ ਇਹਨਾਂ ਪਿੰਡਾਂ ਵਾਲਿਆਂ ਦਾ ਰਹਿਣ ਸਹਿਣ ਤੌਰ ਤਰੀਕੇ ਵੀ ਬਦਲ ਗਏ ਹਨ । ਪੈਸੇ ਵੀ ਆ ਗਏ ਹਨ ਤਾਂ ਪਿੰਡਾ ਵਾਲਿਆਂ ਦੀ ਮੜਕ ਵੀ ਦੇਖਣ ਵਾਲੀ ਹੈ । ਪਰ ਮਾਸਟਰ ਸਤਨਾਮ ਸਿੰਘ ਉਹਨਾਂ ਚੋਂ ਨਹੀਂ । ਜਿੰਦਗੀ ਜਿਓਣ ਅਤੇ ਇਸ ਨੂੰ ਸਮਝਣ ਲਈ ਉਹਨਾਂ ਦਾ ਆਪਣਾ ਇੱਕ ਨਜ਼ਰੀਆ ਹੈ । ਗਹਿਰਾ ਤੇ ਗੰਭੀਰ ਨਜ਼ਰੀਆ । ਉਹਨਾਂ ਨੂੰ ਸਾਦਗੀ ਚ ਰਹਿਣਾ ਸੁਹਾਉਂਦਾ ਹੈ ।
ਜੇਕਰ ਤੁਸੀਂ ਸ਼ੋਕਰ ਸਾਹਿਬ ਨਾਲ ਪਹਿਲਾਂ ਕਦੀ ਗੱਲ ਨਹੀਂ ਕੀਤੀ ਤੇ ਤੁਹਾਨੂੰ ਕਿਸੇ ਕਿਤਾਬ ਦੇ ਸਬੰਧ ਵਿਚ ਉਨ੍ਹਾਂ ਨਾਲ ਗੱਲ ਕਰਨੀ ਪੈ ਗਈ ਤਾਂ ਸ਼ੋਕਰ ਸਾਹਬ ਦੀ ਅੱਗੋਂ ਆਈ ਆਵਾਜ਼ ਤੁਹਾਨੂੰ ਉਨ੍ਹਾਂ ਦੇ ਜੁੱਸੇ ਮੁਤਾਬਕ ਤੁਹਾਡੇ ਵੱਲੋਂ ਅੰਦਾਜ਼ਾ ਲਗਾਈ ਗਈ ਆਵਾਜ਼ ਤੋਂ ਅਲਹਿਦਾ ਪ੍ਰਤੀਤ ਹੋਵੇਗੀ l ਜੁੱਸੇ ਮੁਤਾਬਕ ਉਨ੍ਹਾਂ ਦੀ ਆਵਾਜ਼ ਪਤਲੀ ਹੈ , ਆਵਾਜ਼ ਵਿਚ ਮਾਸੂਮੀਅਤ ਹੁੰਦੀ ਹੈ ਜਿਸ ਦਾ ਅੰਦਾਜ਼ਾ ਦਿੱਖ ਅਨੁਸਾਰ ਤੁਸੀਂ ਨਹੀਂ ਸੀ ਲਗਾ ਸਕੇ l ਤੇ ਅੱਗੋਂ ਸ਼ੋਕਰ ਸਾਹਿਬ ਦੀ ਬੋਲੀ ਵੀ ਸਾਧਾਰਨ ਹੋਵੇਗੀ .ਵਿਦਵਤਾ ਦੇ ਪ੍ਰਦਰਸ਼ਨ ਤੋਂ ਰਹਿਤ .ਤੁਸੀਂ ਜਲਦੀ ਹੀ ਬੇਝਿਜਕ ਹੋ ਜਾਓਗੇ ।
ਉਨ੍ਹਾਂ ਨੂੰ ਫੋਨ ਮਿਲਾਉਣ ਵੇਲੇ ਵੱਜਦੀ ਰਿੰਗ ਟੋਨ ਵੀ ਜ਼ਰੂਰ ਤੁਹਾਨੂੰ ਸੋਚਣ ਤੇ ਮਜਬੂਰ ਕਰੇਗੀ...ਇਹ ਰਿੰਗ ਟੋਨ ਹੈ...l
ਕਹੀਂ ਦੀਪ ਜਲੇ ਕਹੀਂ ਦਿਲ .. ਲਤਾ ਮੰਗੇਸ਼ਕਰ ਦਾ ਗਾਇਆ ਹੋਇਆ ਬੇਹੱਦ ਸੁਰੀਲਾ ਗੀਤ ।
ਇਸ ਰਿੰਗ ਟੋਨ ਤੋਂ ਤੁਹਾਨੂੰ ਸ਼ੌਕਰ ਸਾਹਿਬ ਨੂੰ ਸਮਝਣ ਵਿੱਚ ਮਦਦ ਮਿਲੇਗੀ ।
ਪਹਿਲਾਂ ਉਹਨਾਂ ਦੀ ਜਨਮ ਭੂਮੀ ਬਾਰੇ ਲਿਖ ਦਿਆਂ,
ਮੈਂ ਉਪਰ ਵੀ ਲਿਖਿਆ ਹੈ ਸ਼ੌਕਰ ਸਾਹਿਬ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਪਰ ਓਸ ਹੁਸ਼ਿਆਰਪੁਰ ਦੇ ਨਹੀਂ ਜਿਸ ਬਾਰੇ ਤੁਸੀਂ ਜਾਣਦੇ ਹੋ ...ਇਹ ਹੁਸ਼ਿਆਰਪੁਰ ,ਪਿੰਡ ਚੰਡੀਗੜ੍ਹ ਦੀ ਜੂਹ ਚ ਵਸਿਆ ਹੈ l ਪਹਾੜਾਂ ਦੀ ਬੁੱਕਲ ਵਿਚ ਇੱਥੇ ਕਦੇ ਬਾਗ਼ਾਂ ਦਾ ਬੋਲਬਾਲਾ ਹੁੰਦਾ ਸੀ ...ਲੋਕ ਖੂਹਾਂ ਤੋਂ ਪਾਣੀ ਭਰਦੇ ਸਨ .ਬਰਸਾਤੀ ਨਾਲਿਆਂ ਚ ਹਰਲ ਹਰਲ ਕਰਦਾ ਪਾਣੀ .ਮੋਰ ਪੈਲਾਂ ਪਾਉਂਦੇ ਪਾਉਂਦੇ ਜੰਗਲ ਵੱਲ ਭੱਜ ਜਾਂਦੇ ਹੋਨਗੇ ....ਇਹ ਕਿਆਸ ਹੀ ਕੀਤਾ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦਾ ਵਾਯੂਮੰਡਲ ਨਾਲ ਵਾਤਾਵਰਨ ਹੁੰਦਾ ਹੋਵੇਗਾ .. l ਹੁਣ ਭਾਵੇਂ ਉਨ੍ਹਾਂ ਦੇ ਪਿੰਡ ਦੇ ਆਲੇ ਦੁਆਲੇ ਵੱਡੀਆਂ ਉੱਚੀਆਂ ਇਮਾਰਤਾਂ ਉਸਰ ਰਹੀਆਂ ਨੇ ,ਸੜਕਾਂ ਦੇ ਜਾਲ ਵਿਛ ਰਹੇ ਹਨ ਆਧੁਨਿਕਤਾ ਦੀ ਹਨੇਰੀ ਨੇ ਬਹੁਤਿਆਂ ਨੂੰ ਆਪਣੇ ਕਲਾਵੇ ਵਿੱਚ ਲੈ ਲੈ ਲਿਆ ਹੈ ....ਪਰ ਸ਼ੋਕਰ ਸਾਹਿਬ ਨੇ ਉਹ ਵਾਯੂਮੰਡਲ ਉਹ ਵਾਤਾਵਰਨ..ਉਹ ਪੁਰਾਣਾ ਹੁਸ਼ਿਆਰਪੁਰ ਆਪਣੇ ਅੰਦਰ ਸਾਂਭ ਕੇ ਰੱਖ ਲਿਆ ਹੈ । ਸ਼ਾਇਦ ਇਹੀ ਕਾਰਨ ਹੈ ਕਿ ਜਿਥੇ ਇਸ ਮਹਾਂਨਗਰ ਨਗਰ ਚ ਜਿੰਦਗੀ ਬਸਰ ਕਰਦਿਆਂ ਲੋਕਾਂ ਕੋਲ ਸਮਾਂ ਘਟ ਜਾਂਦਾ ਹੈ ਲੋਕ ਰੁੱਖੇ ਹੋ ਜਾਂਦੇ ਹਨ , ਅਸਹਿਜ ਹੋ ਜਾਂਦੇ ਹਨ ਪਰ ਉਹਨਾਂ ਨੂੰ ਹਮੇਸ਼ਾ ਸਥਿਰ ਤੇ ਸਹਿਜ ਦੇਖਿਆ ਹੈ ।
ਮੈਂ ਜਿੰਨੀਆਂ ਕਿਤਾਬਾਂ ਉਨ੍ਹਾਂ ਕੋਲ ਦੇਖੀਆਂ ਹਨ ,ਇਕੱਠੀਆਂ ,ਪਹਿਲਾਂ ਕਦੇ ਨਹੀਂ ਸੀ ਦੇਖੀਆਂ l
ਉਸ ਤੋਂ ਵੱਡੀ ਗੱਲ ਹੈ ਕਿ ਇਹ ਕਿਤਾਬਾਂ ਸਿਰਫ ਇਕੱਠੀਆਂ ਹੀ ਨਹੀਂ ਕੀਤੀਆਂ ਗਈਆਂ , ਇਹਨਾਂ ਚੋਂ ਬਹੁਤੀਆਂ ਉਹਨਾਂ ਨੇ ਪੜ੍ਹਨ ਲਈ ਖਰੀਦੀਆਂ ਹਨ l ਅਧਿਆਪਨ ਦੀ ਉਨ੍ਹਾਂ ਦੀ ਨੌਕਰੀ ਚੰਡੀਗਡ਼੍ਹ ਵਿੱਚ ਸੀ ....ਚੰਡੀਗੜ੍ਹ ਜਿੱਥੇ ਹਿੰਦੀ ਦਾ ਬੋਲਬਾਲਾ ਸੀ...ਜਿੱਥੇ ਅੰਗਰੇਜ਼ੀ ਦੇ ਪੈਰ ਲੱਗ ਚੁੱਕੇ ਸਨ ...ਜਿੱਥੇ ਹਿਮਾਚਲ ਸਮੇਤ ਨੇੜੇ ਤੇੜੇ ਦੇ ਰਾਜਾਂ ਤੋਂ ਆਏ ਲੋਕ ਵਧ ਰਹੇ ਸਨ ...ਉਨ੍ਹਾਂ ਹਾਲਾਤਾਂ ਵਿੱਚ ਵੀ ਸ਼ੋਕਰ ਸਾਹਿਬ ਨੇ ਪੰਜਾਬੀਅਤ ਅਤੇ ਪੰਜਾਬੀ ਭਾਸ਼ਾ ਪ੍ਰਤੀ ਆਪਣੀ ਨਿਸਬਤ ਖੂਬ ਨਿਭਾਈ l ਉਹਨਾਂ ਕੋਲ ਬਹੁਤ ਸਾਰੀਆਂ ਪੰਜਾਬੀ ਦੀਆਂ ਉਹ ਕਿਤਾਬਾਂ ਮਿਲ ਜਾਣਗੀਆਂ ਜਿਹਨਾਂ ਬਾਰੇ ਹੁਣ ਖਿਆਲ ਕੀਤਾ ਜਾਂਦਾ ਹੈ ਕਿ ਹੁਣ ਉਹ ਬੀਤੇ ਸਮੇਂ ਦੀ ਬਾਤ ਹੋ ਗਈਆਂ ਹਨ ।
ਉਨ੍ਹਾਂ ਨਾਲ ਹੁਣ ਤਕ ਕੁਝ ਕੂ ਹੀ ਮੁਲਾਕਾਤਾਂ ਹੀ ਹੋਈਆਂ ਹਨ ...ਇਕ ਮੁਲਾਕਾਤ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਆਰੰਭ ਤੋਂ ਹੀ ਉਹਨਾਂ ਦਾ ਝੁਕਾਅ ਅਦਬ ਵੱਲ ਰਿਹਾ ਸੀ । ਵਿਸ਼ੇਸ਼ ਕਰਕੇ ਪੜ੍ਹਨ ਵੱਲ ।ਉਨ੍ਹਾਂ ਨੇ ਚੰਡੀਗਡ਼੍ਹ ਵਿੱਚ ਵੀ ਪੰਜਾਬੀ ਸਾਹਿਤਕਾਰਾਂ ਦੀ ਸੰਗਤ ਮਾਣੀ ਹੈ ਸ਼ਿਵ ਬਟਾਲਵੀ ਨਾਲ ਮੁਲਾਕਾਤਾਂ ਤੋਂ ਇਲਾਵਾ ਵੀ ਕਈ ਪੰਜਾਬੀ ਲੇਖਕਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ ।
"ਮੈਨੂੰ ਆਪ ਨੂੰ ਇਸ ਰਹੱਸ ਦੀ ਸਮਝ ਨਹੀਂ ਆਈ ਕਿ ਸੰਗੀਤ , ਸਾਹਿਤ , ਵਧੀਆ ਸਿਨਮਾ ਪ੍ਰਤੀ ਮੇਰਾ ਝੁਕਾਅ ਕਿਉਂ ਹੋਇਆ , ਪਰ ਇਹ ਸੰਬਧ ਰਿਹਾ , ਤੇ ਰੂਹ ਤੋਂ ਰਿਹਾ । ਸਾਡੇ ਘਰਾਂ ਚ ਕੋਈ ਵਡਾ ਲੇਖਕ ਨਹੀਂ ਸੀ ਨਾਂ ਇਹਨਾਂ ਪਿੰਡਾਂ ਚ ਬਹੁਤਾ ਅਦਬੀ ਮਾਹੌਲ ਸੀ ਭਾਂਵੇਂ ਕਿ ਅੱਜ ਕਲ ਬਹੁਤ ਕੁਝ ਬਦਲ ਗਿਆ ਹੈ ।"
ਕਲਾਸੀਕਲ ਸੰਗੀਤ ਪਸੰਦ ਕਰਨ ਵਾਲੇ ਸ਼ੌਕਰ ਸਾਹਬ ਠੂਮਰੀ ਦੇ ਸ਼ੌਕੀਨ ਹਨ ਤਾਂ ਉਹਨਾਂ ਨੂੰ ਫ਼ਿਲਮਾਂ ਵੀ ਉਹੀ ਪਸੰਦ ਹਨ ਜਿਹਨਾਂ ਚ ਗਹਿਰੀ ਸਾਹਤਿਕ ਰਮਜ਼ ਹੋਵੇ ।
ਬਹਰਹਾਲ
ਅੱਜਕੱਲ੍ਹ ਸ਼ੌਕਰ ਸਾਹਿਬ ਨੇ ਆਪਣਾ ਮੰਜਾ ਬੈਠਕ ਵਿੱਚੋਂ ਚੁੱਕ ਕੇ ਲਾਇਬਰੇਰੀ ਵਿੱਚ ਡਾਹ ਲਿਆ ਹੈ l ਮੰਜਾ ਉਹੀ ਹੈ ਪਿੰਡਾਂ ਵਾਲਾ ਦੇਸੀ ਨਿੱਗਰ ਤੇ ਪੁਰਾਣਾ ਮੰਜਾ...ਜਦ ਕੇ ਲਾਇਬਰੇਰੀ ਨਵੀਂ ਬਣ ਰਹੀ ਹੈ ਜਿਸ ਦੀ ਹਰ ਚੀਜ਼ ਵਿੱਚੋਂ ਚਮਕ ਪੈਂਦੀ ਹੈ l ਇਸ ਲਾਇਬਰੇਰੀ ਵਿਚ ਜ਼ਿਆਦਾਤਰ ਸਾਮਾਨ ਨਵਾਂ ਹੈ ਕਿਤਾਬਾਂ .. ਐਲਸੀਡੀ ....ਤੇ ਹੋਰ ਸਾਮਾਨ ਪਰ ਮੰਜਾ ਪੁਰਾਣਾ ਹੈ । ਉਹ ਮੰਜਾ ਇਸ ਆਧੁਨਿਕ ਲਾਇਬਰੇਰੀ ਵਿਚ ਇਸ ਕਰਕੇ ਹੈ ਕਿਉਂਕਿ ਸ਼ੌਕਰ ਸਾਹਬ ਇਸ ਤੇ ਬੈਠ ਕੇ ਜ਼ਿਆਦਾ ਬਿਹਤਰ ਸੋਚ ਸਕਦੇ ਹਨ ,ਜ਼ਿਆਦਾ ਬਿਹਤਰ ਢੰਗ ਨਾਲ ਆਰਾਮ ਕਰ ਸਕਦੇ ਹਨ ,ਪੜ੍ਹ ਸਕਦੇ ਹਨ , ਲਿਖ ਸਕਦੇ ਹਨ !
ਆਧੁਨਿਕਤਾ ਅਤੇ ਪੁਰਾਤਨਤਾ ਦਾ ਇਹ ਮੇਲ ਸੋਹਣਾ ਲਗਦਾ ਹੈ ਤੇ ਕਾਫੀ ਹੱਦ ਤੱਕ ਸ਼ੋਕਰ ਸਾਹਬ ਦੀ ਤਬੀਅਤ ਦੀ ਵੀ ਤਰਜਮਾਨੀ ਕਰਦਾ ਹੈ ।
ਮੈਂ ਦੁੱਧ ਚ ਬਰਾਂਡੀ ਦਾ ਜਿਕਰ ਵੀ ਇਸੇ ਲਈ ਕੀਤਾ ਹੈ । ਨਵੀਂ ਬਣੀ ਲਾਇਬਰੇਰੀ ਚ ਪੁਰਾਣਾਂ ਮੰਜਾ , ਇਹ ਆਪਾਵਿਰੋਧ ਮੈਨੂੰ ਅਕਸਰ ਦੁੱਧ ਚ ਬਰਾਂਡੀ ਯਾਦ ਕਰਵਾ ਦਿੰਦਾ ਹੈ ।
ਸ਼ੌਕਰ ਸਾਹਬ ਨੇ ਖੋਖਲੇ ਸਦਾਚਾਰ ਨੂੰ ਪਾਸੇ ਰਖਿਆ ਹੈ । ਉਹ ਕਈ ਆਰਥਿਕ ਤੰਗੀ ਤੁਰਸ਼ੀ ਝੇਲਦੇ ਲੇਖਕਾਂ ਨਾਲ ਔਖੇ ਸਮੇਂ ਚ ਖੜੇ ਹਨ , ਪਰ ਇਸ ਦਾ ਜ਼ਿਕਰ ਨਹੀਂ ਕਰਦੇ । ਵੈਸੇ ਤਾਂ ਹੁਣ ਘਟ ਹੈ ਪਰ ਜੇਕਰ ਘੁੱਟ ਪੀਣੀ ਹੋਵੇ ਤਾਂ ਉਹ ਤੁਹਾਡਾ ਸਾਥ ਦੇ ਦੇਣਗੇ । ਫੋਕੀ ਆਦਰਸ਼ਵਾਦਤਾ ਦੇ ਦਿਖਾਵੇ ਚ ਨਹੀਂ ਪੈਂਦੇ ।
ਉਹਨਾਂ ਨੇ ਕਾਫੀ ਲਿਖਿਆ ਹੈ , ਉਹਨਾਂ ਦਾ ਕਾਫੀ ਛਪਿਆ ਹੈ , ਪਰ ਕਿਤਾਬ ਨਹੀਂ ਛਪਵਾਈ ।
ਮੈਨੂੰ ਪੂਰੀ ਤਰਾਂ ਤਾਂ ਨਹੀਂ ਪਤਾ ਕਿਉਂ ਨਹੀਂ ਛਪਵਾਈ ਪਰ ਇਹ ਜਰੂਰ ਲਗਦਾ ਰਿਹਾ ਹੈ ਕਿ ਉਹਨੂੰ ਨੂੰ ਲਗਦਾ ਹੈ ਕਿ ਕਿਤਾਬ ਮਹਾਨ ਲੋਕਾਂ ਦੀ ਹੁੰਦੀ ਹੈ , ਮੈਂ ਕੁਝ ਨਹੀਂ ।
ਇਹੀ" ਕੁਝ ਨਹੀਂ" , ਸਾਡੇ ਅੱਗੇ ਵੱਡੇ ਆਦਮੀ ਦੇ ਰੂਪ ਵਿੱਚ ਲਿਆ ਖੜ੍ਹਾ ਕਰਦੀ ਹੈ । ਸ਼ਾਇਦ ਉਹ ਕਿਤਾਬ ਨਾ ਛਪਵਾਨ, ਇਸਦੇ ਬਾਵਜੂਦ ਵੀ ਨਾ ਛਪਵਾਉਣ ਜਦੋਂ ਕਿ ਉਹਨਾਂ ਨੂੰ ਇਹ ਪਤਾ ਵੀ ਹੋਵੇ ਕਿ ਉਹ ਬਹੁਤ ਸਾਰੇ ਚਰਚਿਤ ਲੇਖਕਾਂ ਚੋਂ ਚੰਗਾ ਲਿਖ ਰਹੇ ਹਨ ।
ਇਹ ਉਹਨਾਂ ਦੀ ਵੱਡੇ ਲੇਖਕਾਂ ਪ੍ਰਤੀ ਅਕੀਦਤ ਵੀ ਦਰਸਾਉਂਦੀ ਹੈ ।
ਉਹ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਲਿਖਦੇ ਹਨ । ਸਮਾਜਿਕ , ਰਾਜਨੀਤਕ , ਤੇ ਸਾਹਤਿਕ । ਜ਼ਿਆਦਤਰ ਮੈਂ ਦੇਖਿਆ ਹੈ ਕਿ ਹਰ ਉਸ ਬੰਦੇ ਨਾਲ ਖੜਦੇ ਰਹੇ ਹਨ ਜਿਸ ਤੋਂ ਕੁਝ ਚੰਗਾ ਹੋਣ ਦੀ ਉਮੀਦ ਹੋਵੇ । ਨਵੇਂ ਚੰਡੀਗ੍ਹੜ ਰਹਿੰਦਿਆਂ ਵੀ ਉਹਨਾਂ ਦੇ ਮੁੱਦੇ ਵੰਚਿਤ ਲੋਕਾਂ ਦੇ ਹੁੰਦੇ ਹਨ ਤੇ ਕਿਰਦਾਰ ਸਮਾਜ ਦੇ ਉਸ ਹਿੱਸੇ ਚੋ ਆਏ ਹੋਏ ਜਿੱਥੇ ਹਾਲੇ ਥੁੜਾਂ ਨੇ ਦੁੱਖ ਹਨ ।
ਕੁਝ ਵਰੇ ਪਹਿਲਾਂ ਇਕ ਦੁਰਘਟਨਾ ਤੋਂ ਬਾਦ ਹਾਲਾਂਕਿ ਉਹਨਾਂ ਨੂੰ ਕਈ ਪ੍ਰੇਸ਼ਾਨੀਆਂ ਹੁੰਦੀਆਂ ਹਨ , ਪਰ ਫਿਰ ਵੀ ਉਹ ਸਾਹਤਿਕ ਕਾਰਜਾਂ ਲਈ ਬਠਿੰਡੇ ਤੱਕ ਜਾ ਆਉਂਦੇ ਹਨ । ਉਹਨਾਂ ਅਨੁਸਾਰ ਅਜਿਹੇ ਕਾਰਜਾਂ ਚ ਜਾਣਾ ਚਾਹੀਦਾ ਹੈ ਤਾਂ ਕਿ ਸਮਾਜ ਨੂੰ ਚੇਤੰਨ ਕਰਨ ਵਾਲਾ ਹਿੱਸਾ ਕਾਰਜਸ਼ੀਲ ਰਹੇ । ਬੌਧਕਤਾ ਦਾ ਸੰਕਟ ਆਰਥਿਕਤਾ ਦੇ ਸੰਕਟ ਤੋਂ ਵੱਡਾ ਸੰਕਟ ਹੈ, ਬਹੁਤ ਹੱਦ ਤੱਕ ਆਰਥਿਕਤਾ ਦੇ ਸੰਕਟ ਦਾ ਜਨਮ ਦਾਤਾ ਵੀ ।
ਉਹਨਾਂ ਦੇ ਪਿੰਡ ਹੁਸ਼ਿਆਰਪੁਰ ਦੇ ਨਵੇਂ ਚੰਡੀਗੜ੍ਹ ਚ ਆਉਣ ਤੇ ਜਿੱਥੇ ਲੋਕ ਖੁਸ਼ ਹਨ , ਸ਼ੌਕਰ ਸਾਹਬ ਵੀ ਲੋਕਾਂ ਦੇ ਜੀਵਨ ਪੱਧਰ ਉਪਰ ਉੱਠਣ ਤੇ ਸੰਤੁਸ਼ਟ ਹਨ ਉਥੇ ਹੀ ਉਹਨਾਂ ਅੰਦਰ ਬਚਪਨ ਤੋਂ ਦੇਖੇ ਉਹ ਕੁਦਰਤੀ ਨਜ਼ਾਰੇ ਖਤਮ ਹੋ ਜਾਣ ਦਾ ਝੋਰਾ ਹੈ ਜਿਹਨਾਂ ਦੀਆਂ ਯਾਦਾਂ ਚਿਰਾਂ ਤੋਂ ਦਿਲ ਅੰਦਰ ਧੜਕ ਰਹੀਆਂ ਹਨ ।
ਖ਼ੈਰ ਮੈਂ ਸਮਝ ਸਕਦਾ ਹਾਂ ਕਿ ਉਸ ਸੂਖਮ ਭਾਵੀ ਮਨੁੱਖ ਦੀ ਸੰਵੇਦਨਾ ਨੂੰ , ਜਿਸ ਨੇ ਬਚਪਨ ਤੋਂ ਆਪਣੇ ਘਰੋਂ ਉੱਚੇ ਉੱਚੇ ਪਹਾੜ ਦੇਖੇ ਹੋਣ , ਉਹਨਾਂ ਚ ਗੁਵਾਚ ਜਾਂਦਾ ਹੋਵੇ , ਤੇ ਹੁਣ ਉਸ ਦੀ ਜੂਹ ਚ ਉਹਨਾਂ ਪਹਾੜਾਂ ਤੋਂ ਵੀ ਵੱਡੀਆਂ ਚਮਕਦਾਰ ਇਮਾਰਤਾਂ ਬਣ ਗਈਆਂ ਹੋਣ ।
ਕੁਦਰਤ ਹੋਰ ਦੂਰ ਜਾਂਦੀ ਮਹਿਸੂਸ ਹੁੰਦੀ ਹੋਵੇ ।
-
ਤਰਸੇਮ ਬਸ਼ਰ , ਲੇਖਕ
bashartarsem@gmail.com
98141 63071
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.