ਆਓ ਜ਼ਰਾ ਪਿੱਛੇ ਮੁੜੀਏ
ਆਧੁਨਿਕ ਯੁੱਗ ਤਕਨਾਲੋਜੀ ਦਾ ਯੁੱਗ ਹੈ। ਇਸ ਯੁੱਗ ਵਿੱਚ ਸਾਨੂੰ ਬੇਸ਼ੁਮਾਰ ਸਹੂਲਤਾਂ ਅਤੇ ਸੁੱਖ ਮਿਲੇ ਹਨ । ਜੋ ਸਾਡੇ ਬਜ਼ੁਰਗਾਂ ਲਈ ਇੱਕ ਸੁਪਨੇ ਦੀ ਤਰ੍ਹਾਂ ਸਨ। ਇਹਨਾਂ ਸੁੱਖ-ਸਹੂਲਤਾਂ ਨੇ ਸਾਡੇ ਜੀਵਨ ਨੂੰ ਬਹੁਤ ਸੌਖਾ ਅਤੇ ਅਰਾਮਦਾਇਕ ਬਣਾ ਦਿੱਤਾ। ਹਰ ਚੀਜ਼ ਅਸਾਨੀ ਨਾਲ ਸਾਡੀ ਪਹੁੰਚ ਵਿੱਚ ਆ ਚੁੱਕੀ ਹੈ।ਹਰ ਛੋਟੇ ਤੋਂ ਵੱਡਾ ਕੰਮ ਮਸ਼ੀਨਾਂ ਨਾਲ ਹੋਣਾ ਸ਼ੁਰੂ ਹੋ ਗਿਆ ਹੈ। ਬਟਨ ਦਬਾਉਣ ਨਾਲ ਹੀ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਜਾਂਦਾ ਹੈ। ਅਸੀਂ ਆਪਣੀ ਤਰੱਕੀ ਵੱਧ ਤੋਂ ਵੱਧ ਸਹੂਲਤਾਂ ਦੀ ਪ੍ਰਾਪਤੀ ਨੂੰ ਹੀ ਸਮਝ ਬੈਠੇ ਹਾਂ।
ਪਰ ਇਹਨਾਂ ਸੁੱਖ ਸਹੂਲਤਾਂ ਨੇ ਸਾਡੇ ਜੀਵਨ ਤੇ ਬਹੁਤ ਉਲਟਾ ਪ੍ਰਭਾਵ ਵੀ ਪਾਇਆ ਹੈ। ਇਸ ਨਾਲ ਜਿੱਥੇ ਅਸੀਂ ਕੁਦਰਤੀ ਸਰੋਤਾਂ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਹੈ ,ਉਥੇ ਆਪਣੀ ਸਿਹਤ ਨੂੰ ਖ਼ਰਾਬ ਕੀਤਾ ਹੈ। ਹੁਣ ਅਸੀਂ ਕਈ ਤਰਾਂ ਦੀਆਂ ਬਿਮਾਰੀਆਂ ਨਾਲ ਗ੍ਰਸਤ ਹੈ ਚੁੱਕੇ ਹਾਂ। ਮੋਟਾਪਾ ,ਡਾਇਬਟੀਜ਼, ਬਲੱਡ ਪ੍ਰੈਸ਼ਰ ਆਦਿ ਦੀਆਂ ਬਿਮਾਰੀਆ ਆਮ ਹੋ ਗਈਆਂ ਹਨ।
ਪੁਰਾਣੇ ਸਮੇਂ ਵਿਚ ਲੋਕ ਸਾਰੇ ਕੰਮ ਹੱਥੀਂ ਕਰਦੇ ਸਨ। ਘਰ ਦੇ ਸਾਰੇ ਜੀਅ ਖੇਤੀਬਾੜੀ ਦੇ ਕੰਮਾਂ ਵਿੱਚ ਪੂਰਾ ਹੱਥ ਵਟਾਉਂਦੇ ਸਨ । ਪਿੰਡਾਂ ਵਿੱਚ ਹਰ ਘਰ ਵਿੱਚ ਪਸ਼ੂ ਰੱਖਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਸ ਨਾਲ ਜਿੱਥੇ ਲੋਕ ਆਹਰ ਤਾਂ ਲੱਗਦੇ ਹੀ ਸਨ ਉਥੇ ਇਸ ਨਾਲ ਘਰ ਦੀਆਂ ਕਈ ਗਰਜ਼ਾਂ ਵੀ ਪੂਰੀਆਂ ਹੋ ਜਾਂਦੀਆਂ ਸਨ। ਘਰ ਵਿਚ ਦੁੱਧ ਵਾਲਾ ਪਸ਼ੂ ਹੋਣਾ ਤਰੱਕੀ ਦਾ ਸੰਕੇਤ ਸੀ। ਪਰ ਹੁਣ ਪਸ਼ੂ ਪਾਲਣ ਦਾ ਧੰਦਾ ਬਹੁਤ ਘਟਦਾ ਜਾ ਰਿਹਾ ਹੈ। ਦੁੱਧ,ਦਹੀਂ,ਲੱਸੀ,ਮੱਖਣ, ਪਨੀਰ ਆਦਿ ਪੈਕਟਾਂ ਵਿੱਚ ਬੰਦ ਹੋ ਕੇ ਆਉਣ ਲੱਗੇ ਹਨ। ਸ਼ੁੱਧਤਾ ਦੀ ਆਸ ਰੱਖਣੀ ਸਾਡੀ ਭੁੱਲ ਹੀ ਹੋਵੇਗੀ।
ਅਸੀਂ ਆਪਣੇ ਜੀਵਨ ਨੂੰ ਸੌਖਾ ਕਰਨ ਦੇ ਚੱਕਰ ਵਿੱਚ ਸਰੀਰ ਨੂੰ ਕਈ ਤਰਾਂ ਦੇ ਦੁੱਖਾਂ ਵਿੱਚ ਧੱਕ ਦਿੱਤਾ ਹੈ ਸਰੀਰ ਸੰਬੰਧੀ ਅਨੇਕਾਂ ਬਿਮਾਰੀਆਂ ਦਾ ਕਾਰਨ ਸਾਡਾ ਗ਼ਲਤ ਖਾਣ ਪੀਣ ਅਤੇ ਸਰੀਰਕ ਕਿਰਿਆਵਾਂ ਦਾ ਘੱਟ ਹੋਣਾ ਹੀ ਡਾਕਟਰਾਂ ਵਲੋਂ ਦੱਸਿਆ ਜਾ ਰਿਹਾ ਹੈ। ਉਹ ਲੋਕਾਂ ਨੂੰ ਕਸਰਤ ਕਰਨ, ਸਵੇਰ ਦੀ ਸੈਰ ਅਤੇ ਜਿਮ ਜਾਣ ਬਾਰੇ ਪ੍ਰੇਰਿਤ ਕਰਦੇ ਹਨ। ਅਸੀਂ ਸਿਹਤਮੰਦ ਰਹਿਣ ਲਈ ਪੈਸੇ ਖਰਚ ਕੇ ਜਿਮ ਜਾਣ ਨੂੰ ਤਰਜੀਹ ਦਿੰਦੇ ਹਾਂ ਬਜਾਏ ਅਸੀਂ ਘਰੇਲੂ ਕੰਮਾਂ ਨੂੰ ਆਪ ਕਰੀਏ।
ਅਸੀਂ ਬਹੁਤ ਕੁਝ ਪਾ ਲਿਆ ਹੈ ਪਰ ਬਹੁਤ ਕੁਝ ਗੁਆਉਣ ਤੋਂ ਵੀ ਪਿੱਛੇ ਨਹੀਂ ਰਹੇ। ਸਭ ਤੋਂ ਕੀਮਤੀ ਚੀਜ਼ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ। ਸਾਨੂੰ ਬੇਸ਼ੁਮਾਰ ਸਹੂਲਤਾਂ ਨੇ ਆਲਸੀ ਬਣਾ ਦਿੱਤਾ ਹੈ। ਗੱਡੀਆਂ, ਸਕੂਟਰ, ਮੋਟਰਸਾਈਕਲਾਂ ਆਦਿ ਨੇ ਸਾਨੂੰ ਇੱਕ ਥਾਂ ਤੋਂ ਦੂਜੀ ਥਾਂ ਤੇਜ਼ ਰਫ਼ਤਾਰ ਨਾਲ਼ ਪਹੁੰਚਾ ਦਿੱਤਾ ਹੈ ਪਰ ਸਾਡੀ ਸਰੀਰਕ ਗਤੀ ਨੂੰ ਬਹੁਤ ਮੱਧਮ ਕਰ ਦਿੱਤਾ ਹੈ। ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਭਵਿੱਖ ਵਿੱਚ ਹੋਰ ਵੀ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਲਈ ਸਾਨੂੰ ਆਪਣੀ ਕੌਮ ਦੇ ਉਜਵਲ ਭਵਿੱਖ ਲਈ ਕੁਝ ਉਲਟ ਕਦਮ ਪੁੱਟਣੇ ਪੈਣਗੇ। ਭਾਵ ਉਹ ਕੰਮ ਕਰਨ ਦੀ ਪ੍ਰੇਰਨਾ ਦੇਣੀ ਪਵੇਗੀ ਜੋ ਪੁਰਾਣੇ ਸਮੇਂ ਵਿੱਚ ਸਾਡੇ ਬਜ਼ੁਰਗ ਕਰਦੇ ਰਹੇ ਹਨ । ਇਸ ਵਿੱਚ ਸ਼ਰਮ ਜਾਂ ਝਿਜਕ ਦੀ ਕੋਈ ਗੁੰਜਾਇਸ਼ ਨਾ ਹੋਵੇ।
ਸਭ ਤੋਂ ਪਹਿਲਾਂ ਸਾਨੂੰ ਆਪਣੇ ਖਾਣ ਪੀਣ ਅਤੇ ਰਹਿਣ ਸਹਿਣ ਵਿੱਚ ਤਬਦੀਲੀ ਲਿਆਉਣੀ ਪਵੇਗੀ। ਸਾਨੂੰ ਸਾਦਾ ਜੀਵਨ,ਉੱਚ ਵਿਚਾਰਾਂ ਨੂੰ ਧਾਰਨ ਕਰਨਾ ਚਾਹੀਦਾ ਹੈ । ਸਾਨੂੰ ਦਿਖਾਵੇ ਅਤੇ ਚਕਾਚੌਂਧ ਵਾਲ਼ੀ ਜ਼ਿੰਦਗੀ ਤੋਂ ਪਰੇ ਰਹਿ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ।ਖੇਤੀਬਾੜੀ ਕਰਨ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਵੱਖ -ਵੱਖ ਅਨਾਜਾਂ, ਦਾਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸਧਾਰਨ ਢੰਗਾਂ ਅਤੇ ਘੱਟ ਤੋਂ ਘੱਟ ਖਾਦਾਂ, ਕੀਟਨਾਸ਼ਕ ਦਵਾਈਆਂ ਦੀ ਵਰਤੋਂ ਨਾਲ ਹੀ ਕਰਨ। ਤਾਂ ਜੋ ਖਾਧ ਪਦਾਰਥ ਦੀ ਪੌਸ਼ਟਿਕਤਾ ਬਣੀ ਰਹੇ। ਸਾਨੂੰ ਬਜ਼ਾਰ ਦੇ ਬਣੇ ਖਾਣੇ ਦੀ ਬਜਾਏ ਘਰ ਦੇ ਬਣੇ ਤਾਜ਼ੇ ਅਤੇ ਪੋਸ਼ਟਿਕ ਭੋਜਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਪਹਿਲਾਂ ਵਾਂਗ ਸਾਨੂੰ ਮੋਟਾ ਆਹਾਰ ਵਾਲੇ ਅਨਾਜ ਜਿਵੇਂ ਮੱਕੀ,ਬਾਜਰਾ,ਜੌਂ , ਸੋਇਆਬੀਨ ਆਦਿ ਆਪਣੇ ਭੋਜਨ ਵਿੱਚ ਸ਼ਾਮਲ ਕਰੀਏ । ਅੱਜਕਲ੍ਹ ਤਾਂ ਡਾਕਟਰ ਅਤੇ ਡਾਇਟੀਸ਼ੀਅਨ ਵੀ ਕਈ ਬਿਮਾਰੀਆਂ ਤੋਂ ਬਚਣ ਲਈ ਅਜਿਹਾ ਭੋਜਨ ਖਾਣ ਦੀ ਸਲਾਹ ਦਿੰਦੇ ਹਨ। ਇਸ ਤੋਂ ਇਲਾਵਾ ਅਸੀਂ ਆਪਣੇ ਘਰੇਲੂ ਕੰਮਾਂ ਨੂੰ ਆਪ ਅਤੇ ਬੱਚਿਆਂ ਨੂੰ ਕਰਨ ਦੀ ਆਦਤ ਪਾਈਏ। ਜੇਕਰ ਸੰਭਵ ਹੋਵੇ ਤਾਂ ਘਰ ਵਿੱਚ ਬਗੀਚੀ ਜ਼ਰੂਰ ਬਣਾਈ ਜਾਵੇ । ਜਿਸ ਦੀ ਦੇਖ ਰੇਖ ਆਪ ਹੀ ਕੀਤੀ ਜਾਵੇ। ਕੰਮਕਾਜੀ ਜਾਂ ਘਰੇਲੂ ਸੁਆਣੀਆਂ ਸਮੇਂ ਦੇ ਅਨੁਸਾਰ ਮਸ਼ੀਨਾਂ ਦੀ ਵਰਤੋਂ ਘੱਟ ਕਰਦੀਆਂ ਹੋਈਆਂ ਆਪਣੇ ਹੱਥਾਂ ਦਾ ਵੀ ਇਸਤੇਮਾਲ ਕਰ ਲੈਣ ਤਾਂ ਉਹਨਾਂ ਲਈ ਬਹੁਤ ਫਾਇਦੇਮੰਦ ਹੋਵੇਗਾ।ਘੱਟ ਦੂਰੀ ਤੇ ਜਾਣ ਲਈ ਵਾਹਨਾਂ ਦੀ ਬਜਾਏ ਪੈਦਲ ਚੱਲਣ ਜਾਂ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਕੁਦਰਤ ਸਾਧਨਾਂ ਦਾ ਵੀ ਸਦਉਪਯੋਗ ਕਰਦੇ ਹੋਏ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਉਦਮ ਕਰਨਾ ਚਾਹੀਦਾ ਹੈ।
ਸਾਨੂੰ ਹਰ ਹੀਲੇ ਆਪਣੇ ਸਮਾਜ ਨੂੰ ਸਿਹਤਮੰਦ ਅਤੇ ਸੁਢੋਲ ਬਣਾਉਣਾ ਹੈ। ਸੋ ਅੱਜ ਸਾਨੂੰ ਲੋੜ ਹੈ ਕਿ ਅਸੀਂ ਸਮਾਜ ਵਿੱਚ ਇਸ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈਏ । ਤਾਂ ਹੀ ਅਸੀਂ ਆਪਣੇ ਵਰਤਮਾਨ ਅਤੇ ਭਵਿੱਖ ਨੂੰ ਖ਼ੁਸ਼ਹਾਲ ਬਣਾ ਸਕਾਂਗੇ। ਇਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਵੀ ਤਰੱਕੀ ਦੀਆਂ ਬੁਲੰਦੀਆਂ ਤੇ ਪਹੁੰਚਾਉਣਾ ਦੇ ਕਾਬਿਲ ਹੋ ਸਕਾਂਗੇ।
ਧੀ ਦੀ ਅਰਜ਼ੋਈ
ਤੇਰੇ ਅੱਗੇ ਅਰਜ ਗੁਜਾਰਾਂ,
ਮਿੰਨਤਾਂ ,ਤਰਲੇ ,ਵਾਸਤੇ ਪਾਵਾਂ,
ਕਰੀ ਨਾ ਮੈਨੂੰ ਦੂਰ ਨੀ ਮਾਏ
ਦੇਈਂ ਜਨਮ ਜ਼ਰੂਰ ਨੀ ਮਾਏ
ਔਖੇ ਨੇ ਤੇਰੇ ਪੰਧ ਜੋ ਬਾਹਲੇ,
ਕੱਟਣੇ ਪੈਣੇ ਤੈਨੂੰ ਹਾਲੇ,
ਹੋਈ ਨਾ ਮਜ਼ਬੂਰ ਨੀ ਮਾਏ ,
ਦੇਈਂ ਜਨਮ ਜ਼ਰੂਰ ਨੀ ਮਾਏ।
ਤੇਰੇ ਵੀ ਕੁਝ ਸੁਪਨੇ ਅਧੂਰੇ,
ਮਿਲ ਕੇ ਅਸਾਂ ਕਰਨੇ ਪੂਰੇ ,
ਐਵੇਂ ਨਾ ਤੂੰ ਝੂਰ ਨੀ ਮਾਏ।
ਦੇਈਂ ਜਨਮ ਜ਼ਰੂਰ ਕੀ ਮਾਏ,
ਬੋਲ ਲਈ ਭਾਵੇਂ ਕੌੜੇ ਬੋਲ ,
ਰਹਾਂਗੀ ਫਿਰ ਵੀ ਦਿਲ ਦੇ ਕੋਲ ,
ਬਣਾਂਗੀ ਤੇਰਾ ਗਰੂਰ ਨੀ ਮਾਏ,
ਦੇਈਂ ਜਨਮ ਜ਼ਰੂਰ ਨੀ ਮਾਏ।
ਕੁਦਰਤ ਨਾਲ ਨਾ ਹੋਵੇ ਧੱਕਾ,
ਵਾਅਦਾ ਕਰ ਲੈ ਤੂੰ ਪੱਕਾ ,
ਕਰੀਂ ਨਾ ਕੋਈ ਕਸੂਰ ਨੀ ਮਾਏ,
ਦੇਈਂ ਜਨਮ ਜ਼ਰੂਰ ਨੀ ਮਾਏ।
ਕਰ ਲਈ ਤੂੰ ਤਕੜਾ ਜੇਰਾ,
ਤੋੜ ਦੇਈਂ ਤੂੰ ਪਾਇਆ ਘੇਰਾ ,
ਬਣ ਜਾਈਂ (ਰੱਬੀ ਨੂਰ) ਨੀ ਮਾਏ,
ਦੇਈਂ ਜਨਮ ਜ਼ਰੂਰ ਨੀ ਮਾਏ ।
-
ਹਰਜਿੰਦਰ ਕੌਰ , ਹੈਡ ਟੀਚਰ
mandeep17095@gmail.com
9464288784
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.