ਜੁਪਿੰਦਰਜੀਤ ਸਿੰਘ ਅੰਗ੍ਰੇਜੀ ਦਾ ਚਰਚਿਤ ਤੇ ਖੋਜੀ ਪੱਤਰਕਾਰ ਹੈ। ਉਸਨੇ ਅਹਿਮ ਕੇਸਾਂ ਦੀਆਂ ਸਟੋਰੀਆਂ ਬੜੀ ਮੇਹਨਤ ਨਾਲ ਕਵਰ ਕਰਕੇ 'ਵਾਹ ਵਾਹ' ਖੱਟੀ ਹੈ ਤੇ ਨਾਲੋ ਨਾਲ ਕਿਤਾਬਾਂ ਵੀ ਲਿਖ ਰਿਹਾ ਹੈ। ਉਸਨੇ 'ਭਗਤ ਸਿੰਘ ਦੇ ਪਿਸਤੌਲ ਦੀ ਖੋਜ' ਕਿਤਾਬ ਬੜੀ ਹਿੰਮਤ ਤੇ ਖੋਜ ਭਰੀ ਲਗਨ ਨਾਲ ਲਿਖੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਵਿਚ ਛਪੀ। ਭਗਤ ਸਿੰਘ ਵਲੋਂ ਸਾਂਡਰਸ ਨੂੰ ਮਾਰਨ ਵਾਲੀ ਗੁਆਚੀ ਗੁੰਮੀ ਪਿਸਤੌਲ 2016 ਵਿਚ ਉਸਨੇ ਇੰਦੌਰ ਬੀ ਐਸ ਐਫ ਮਿਊਜ਼ੀਅਮ ਵਿਚੋਂ ਲੱਭੀ ਸੀ ਤੇ ਫਿਰ ਸਟੋਰੀ ਲਿਖੀ ਤੇ ਉਹ ਪਿਸਤੌਲ ਹੁਸੈਨੀਵਾਲਾ ਬੀ ਐਸ ਐਫ ਦੇ ਮਿਊਜ਼ੀਅਮ ਵਿਚ ਲਿਆਂਦੀ ਗਈ।
ਇਸ ਤੋਂ ਪਹਿਲਾਂ ਜੁਪਿੰਦਰ ਨੇ ਛੋਟੀਆਂ ਕਹਾਣੀਆਂ ਦੀ ਇਕ ਕਿਤਾਬ ਵੀ ਲਿਖੀ। 'ਜੱਸੀ ਆਨਰ ਕੀਲਿੰਗ ਕੇਸ' (ਕੈਨੇਡਾ ਵਾਲੀ ਘਟਨਾ) ਇਹ ਵੀ ਖੋਜ ਕਿਤਾਬ ਉਸਨੇ ਲਿਖੀ, 2009 ਵਿਚ ਛਪੀ ਸੀ। ਮੇਰਾ ਜੁਪਿੰਦਰ ਨਾਲ ਵਾਹ ਵਾਸਤਾ ਚੰਡੀਗੜ੍ਹ ਜਾਕੇ 2018 ਵਿਚ ਹੀ ਬਣਿਆ ਸੀ। ਉਸਨੂੰ ਹਰ ਪਲ ਆਪਣੀ ਪੱਤਰਕਾਰਤਾ ਦੇ ਕਾਰਜਾਂ ਵਿੱਚ ਗੁੰਮਿਆ ਗੁਆਚਿਆ ਦੇਖਦਾ ਹਾਂ। ਮੇਹਨਤੀ ਬਹੁਤ ਹੈ ਉਹ। ਹਲੀਮੀ ਤੇ ਨਿਮਰਤਾ ਦਾ ਮਾਲਕ ਹੈ।
ਹੁਣ ਅੰਗਰੇਜੀ ਵਿਚ ਉਸਦੀ ਕਿਤਾਬ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਖੋਜ ਭਰੀ ਜਾਣਕਾਰੀ ਅੰਗ੍ਰੇਜੀ ਵਿਚ ਛਪੀ ਹੈ ਤੇ 12 ਭਾਸ਼ਾਵਾਂ ਵਿਚ ਅਨੁਵਾਦ ਹੋਈ ਰਹੀ ਹੈ। ਅੰਗਰੇਜੀ ਵਿਚ ਇਸਦਾ ਨਾਂ ਹੈ, "ਹੂ ਕਿਲਡ ਮੂਲੇਵਾਲਾ?" ਇਹ ਕਿਤਾਬ ਇਕ ਵੱਡੇ ਜੁਰਮ ਨਾਲ ਸਬੰਧਤ ਜਾਣਕਰੀ, ਅਹਿਮ ਤੱਥ ਤੇ ਵੱਖ ਵੱਖ ਪੱਖ ਬਿਆਨਦੀ ਹੈ, ਇਕ ਪੱਤਰਕਾਰ ਦੀ ਡਾਇਰੀ ਹੀ ਹੈ। ਉਸਨੇ ਮੂਸੇਵਾਲਾ ਦੇ ਕਤਲ ਵਾਲੇ ਦਿਨ ਤੋਂ ਹੀ ਲਿਖਣੀ ਆਰੰਭ ਦਿੱਤੀ ਸੀ ਇਹ ਕਿਤਾਬ। ਇਸ ਕਤਲ ਕੇਸ ਵਿਚ ਕੀ ਕੀ ਹੋਇਆ? ਮੂਸੇਵਾਲਾ ਦੇ ਮੁਢਲੇ ਜੀਵਨ ਵੇਰਵੇ ਵੀ ਦਰਜ ਹਨ। ਉਸਦੀ ਗਾਇਕੀ ਦੇ ਪੱਖ ਵੀ ਉਭਾਰੇ। ਮੂਸੇਵਾਲਾ ਦੀ ਗਾਇਕੀ ਨਾਲ ਉਪਜੇ ਤੇ ਜੁੜੇ ਵਿਵਾਦ ਵੀ ਉਜਾਗਰ ਕੀਤੇ ਹਨ।
ਉਹ ਗਾਇਕੀ ਵਿਚ ਕਿਵੇ ਤਰੱਕੀ ਕਰਦਾ ਨਵੇਂ ਨਵੇ ਕੀਰਤੀਮਾਨ ਸਥਾਪਿਤ ਕਰਦਾ ਹੈ, ਉਸਦਾ ਦੁਨੀਆ ਭਰ ਵਿਚ ਕਿਵੇ ਵਿਸ਼ਾਲ ਸਰੋਤਾ ਮੰਡਲ ਪੈਦਾ ਹੁੰਦਾ ਹੈ। ਕਿਵੇ ਉਸ ਦੀ ਹਰਮਨਪਿਆਰਤਾ ਬਾਅਦ ਉਸ ਨਾਲ ਈਰਖਾ ਤੇ ਸਾੜਾ ਉਪਜਦਾ ਹੈ। ਮੂਸੇਵਾਲਾ ਦੇ ਕਤਲ ਨੂੰ ਇਕ ਸਮੁੱਚੇ ਪੰਜਾਬ ਦੀ ਕਹਾਣੀ ਵਜੋਂ ਦਰਸਾਇਆ ਗਿਆ ਹੈ। ਇਸਦੇ ਨਾਲ ਹੀ ਕਿ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ, ਕਿਵੇ ਬਦਲ ਰਿਹਾ ਹੈ ਪੰਜਾਬ ਦਾ ਸਰੂਪ ਦਿਨੋ ਦਿਨ। ਗਾਇਕੀ ਦੀ ਸਮੀਖਿਆ ਤੇ ਸਮੀਕਰਨਾਂ ਤੋਂ ਲੈਕੇ ਉਸਨੇ ਇਕ ਭਰਵਾਂ ਦਸਤਾਵੇਜ਼ ਲਿਖ ਦਿੱਤਾ ਹੈ।
ਇਹ ਪੁਸਤਕ ਵੱਖਰੇ ਤੇ ਭਖਦੇ ਮਸਲੇ ਤੇ ਇਕ ਨੌਜਵਾਨ ਫਨਕਾਰ ਦੇ ਹੋਏ ਬੇਦਰਦੀ ਨਾਲ ਕਤਲ ਦੀ ਕਹਾਣੀ ਬਿਆਨ ਕਰਦੀ ਹੈ। ਜੁਪਿੰਦਰ ਨੂੰ ਇਸ ਵਾਸਤੇ ਬੜੀ ਕਠਿਨ ਮਿਹਨਤ ਕਰਨੀ ਪਈ। ਕਾਫੀ ਘੁੰਮਿਆ, ਥਾਣੇ ਤੇ ਕਚਹਿਰੀਆਂ ਗਾਹ ਮਾਰੇ। ਮੂਸੇਵਾਲਾ ਦੇ ਪ੍ਰਸ਼ੰਸਕ, ਪ੍ਰੇਮੀ ਤੇ ਉਸਨੂੰ ਚਾਹੁਣ ਵਾਲੇ ਇਸ ਕਿਤਾਬ ਨੂੰ ਦਿਲੋਂ ਸਤਿਕਾਰ ਰਹੇ ਨੇ ਸ਼ਿੱਦਤ ਨਾਲ ਪੜ ਰਹੇ ਨੇ। ਇਸ ਕਿਤਾਬ ਨੂੰ ਵੈਸਟਲੈਂਡ ਸੂਨ ਨੇ ਛਾਪਿਆ ਹੈ, ਹਿੰਦੀ ਤੇ ਪੰਜਾਬੀ ਵਿਚ ਵੀ ਆਣ ਵਾਲੀ ਹੈ। ਐਮਾਜੋਨ ਉਤੋਂ ਵੀ ਆਰਡਰ ਕਰ ਸਕਦੇ ਹੋ।
-
ਨਿੰਦਰ ਘੁਗਿਆਣਵੀ , ਲੇਖਕ
ninder_ghugianvi@yahoo.com
94174 21700
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.