ਵਧਦੀ ਆਬਾਦੀ ਦੇਸ਼ ਦੀ ਤਰੱਕੀ ਵਿੱਚ ਵੱਡੀ ਰੁਕਾਵਟ
11 ਜੁਲਾਈ ਵਿਸ਼ਵ ਜਨਸੰਖਿਆ ਦਿਵਸ ਤੇ ਵਿਸ਼ੇਸ਼
ਭਾਰਤ ਨੂੰ ਆਜ਼ਾਦ ਹੋਇਆਂ ਲਗਭਗ 76 ਵਰ੍ਹੇ ਬੀਤ ਚੁੱਕੇ ਹਨ ਅਤੇ ਇਸ ਸਮੇਂ ਦੌਰਾਨ ਮੁਲਕ ਨੇ ਤਰੱਕੀ ਦੀਆਂ ਉਹ ਮੰਜ਼ਿਲਾਂ ਸਰ ਕੀਤੀਆਂ ਜਿੰਨ੍ਹਾਂ ਦੀ ਕਦੇ ਅਸੀਂ ਕਲਪਨਾ ਵੀ ਨਹੀਂ ਸੀ ਕੀਤੀ ਸੀ। ਇਸ ਦੇ ਬਾਵਜੂਦ ਕੁਝ ਪੱਖ ਅਜਿਹੇ ਵੀ ਹਨ ਜਿੰਨ੍ਹਾਂ ਕਰਕੇ ਇਹ ਤਰੱਕੀ ਬੇਅਰਥ ਜਾਪਦੀ ਹੈ। ਆਜ਼ਾਦੀ ਪ੍ਰਾਪਤੀ ਤੋਂ ਬਾਅਦ ਬੇਹਤਾਸ਼ਾ ਵਧੀ ਆਬਾਦੀ ਨੇ ਸਾਡੇ ਦੇਸ਼ ਲਈ ਤਰੱਕੀ ਦੇ ਮਾਇਨੇ ਹੀ ਬਦਲ ਕੇ ਰੱਖ ਦਿੱਤੇ ਹਨ। ਬੇਲਗਾਮ ਹੋ ਰਹੀ ਜਨਸੰਖਿਆ ਦੇ ‘ ਡੂਮਣੇ ’ ਨੇ ਸਮੁੱਚੇ ਵਿਸ਼ਵ ਨੂੰ ਭੈਅਭੀਤ ਕਰ ਰੱਖਿਆ ਹੈ। ਪੂਰੇ ਸੰਸਾਰ ਵਿੱਚ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਜਾਂਦਾ ਹੈ ਤਾਂ ਇਸ ਦਿਹਾੜੇ ਤੇ ਇਸ ਗੰਭੀਰ ਸਮੱਸਿਆ ਪ੍ਰਤੀ ਜਾਗਰੂਕ ਹੋਣ ਅਤੇ ਚਿੰਤਨ ਕਰਨ ਦੀ ਲੋੜ ਹੈ। ਖਾਸ ਤੌਰ ਤੇ ਨਵੀਂ ਪੀੜੀ ਨੂੰ ਇਸ ਦਿਸ਼ਾ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰਣ ਕਰਨਾ ਚਾਹੀਦਾ ਹੈ।
ਸਮੁੱਚੇ ਵਿਸ਼ਵ ਦੀ ਆਬਾਦੀ 8 ਅਰਬ ਦਾ ਅੰਕੜਾ ਕਦੋਂ ਦਾ ਪਾਰ ਕਰ ਚੁੱਕੀ ਹੈ ਅਤੇ ਜੇ ਇਹੀ ਹਾਲਾਤ ਜਾਰੀ ਰਹੇ ਤਾਂ ਸਾਲ 2025 ਤੱਕ ਇਹ ਵਧ ਕੇ ਅੰਦਾਜ਼ਨ 9 ਅਰਬ ਅਤੇ 2040 ਤੱਕ 10 ਅਰਬ ਦੇ ਕਰੀਬ ਪਹੁੰਚ ਜਾਵੇਗੀ। ਦਿਨੋਂ-ਦਿਨ ਵਧ ਰਹੀ ਆਬਾਦੀ ਨੂੰ ਰੋਕਣ ਲਈ ਕਈ ਯਤਨ ਕੀਤੇ ਗਏ ਪਰ ਸਭ ਬੇਅਰਥ ਰਹੇ। ਆਬਾਦੀ ਦੇ ਬੇਲਗਾਮ ਵਾਧੇ ਨੂੰ ਰੋਕਣ ਲਈ ਕੀਤੇ ਗਏ ਸਮੁੱਚੇ ਯਤਨਾਂ ਦੇ ਕੋਈ ਵੀ ਸਾਰਥਕ ਸਿੱਟੇ ਨਹੀਂ ਨਿੱਕਲ ਸਕੇ। ਏਸ਼ੀਆ ਖਿੱਤੇ ਤੇ ਦੋ ਮੁੱਖ ਦੇਸ਼ ਭਾਰਤ ਅਤੇ ਚੀਨ ਇਸ ਸਮੱਸਿਆ ਨੂੰ ਲੈਕੇ ਸਭ ਤੋਂ ਵੱਧ ਪ੍ਰਭਾਵਿਤ ਹਨ। ਦੁੱਖ ਦੀ ਗੱਲ ਹੈ ਕਿ ਜਨਸੰਖਿਆ ਦੇ ਮਾਮਲੇ ਵਿੱਚ ਭਾਰਤ ਨੇ ਚੀਨ ਨੂੰ ਪਛਾੜ ਦਿੱਤਾ ਹੈ।
ਆਬਾਦੀ ਦੇ ਮਾਮਲੇ ਵਿੱਚ ਤਾਜ਼ਾ ਅੰਕੜੇ ਇਸ ਮਾਮਲੇ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। ਇਸ ਵੇਲੇ ਭਾਰਤ ਦੀ ਆਬਾਦੀ 140 ਕਰੋੜ ਤੋਂ ਵੱਧ ਆ ਗਈ ਹੈ ਜੋ ਕਿ ਹੈ ਚਿੰਤਾਜਨਕ ਹੈ। ਵਿਸ਼ਵ ਦੀ ਸਭ ਤੋਂ ਵੱਡੀ ਪੰਚਾਇਤ ਸੰਯੁਕਤ ਰਾਸ਼ਟਰ ਸੰਘ ਵੱਲੋਂ ਲਾਏ ਅਨੁਮਾਨਾਂ ਅਨੁਸਾਰ 1 ਜੁਲਾਈ 2023 ਤੱਕ ਭਾਰਤ ਦੀ ਅਬਾਦੀ 142 ਕਰੋੜ ਦਾ ਅੰਕੜਾ ਟੱਪ ਗਈ ਹੈ। ਸਾਲ 2011 ਦੀ ਮਰਦਮ ਸ਼ੁਮਾਰੀ ਦੌਰਾਨ ਜਦੋਂ ਸਾਡੇ ਦੇਸ਼ ਦੀ ਆਬਾਦੀ ਨੇ 121 ਕਰੋੜ ਦਾ ਅੰਕੜਾ ਪਾਰ ਕੀਤਾ ਸੀ ਦੇਸ਼ ਦੇ ਸਮਾਜਿਕ ਮਾਹਿਰ ਨੇ ਇਸ ਮੁੱਦੇ ਨੂੰ ਲੈ ਕੇ ਗੰਭੀਰ ਚਿੰਤਾ ਜਤਾਈ ਸੀ। ਸੰਯੁਕਤ ਰਾਸ਼ਟਰ ਸੰਘ ਦੇ ਅੰਕੜੇ ਦੱਸਦੇ ਹਨ ਕਿ ਹੁਣ ਸਥਿਤੀ ਕਿੰਨੀ ਗੰਭੀਰ ਹੈ।
ਜਨਸੰਖਿਆ ਵਿੱਚ ਵਾਧੇ ਦੀ ਜੇਕਰ ਇਹੀ ਦਰ ਜਾਰੀ ਰਹੀ ਤਾਂ ਇੱਕ ਅਨੁਮਾਨ ਅਨੁਸਾਰ ਸਾਡੇ ਮੁਲਕ ਦੀ ਜਨਸੰਖਿਆ ਸਾਲ 2030 ਤੱਕ 155 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ। ਜੇ ਏਦਾਂ ਦੇ ਹਾਲਾਤ ਜਾਰੀ ਰਹਿੰਦੇ ਹਨ ਤਾਂ ਸਾਲ 2060 ਤੱਕ ਸਾਡੇ ਦੇਸ਼ ਦੀ ਆਬਾਦੀ 1 ਅਰਬ 75 ਕਰੋੜ ਦੇ ਰਿਕਾਰਡ ਤੋੜ ਅੰਕੜੇ ਤੱਕ ਪਹੁੰਚ ਸਕਦੀ ਹੈ। ਜੇਕਰ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਅੱਜ ਤੋਂ ਲਗਭਗ 6 ਦਹਾਕੇ ਪਹਿਲਾਂ ਤੱਕ ਜਨਸੰਖਿਆ ਵਿੱਚ ਇਸ ਤਰ੍ਹਾਂ ਦਾ ਬੇਲਗਾਮ ਵਾਧਾ ਦੇਖਣ ਨੂੰ ਨਹੀਂ ਮਿਲਦਾ ਸੀ।
ਸਾਲ 1901 ਵਿੱਚ ਭਾਰਤ ਦੀ ਜਨਸੰਖਿਆ 23 ਕਰੋੜ 83 ਲੱਖ ਸੀ ਜੋ ਕਿ 1911 ਵਿੱਚ ਵਧ ਕੇ 25.21 ਕਰੋੜ, 1921 ’ਚ 25.14 ਕਰੋੜ, 1931 ’ਚ 27.90 ਕਰੋੜ, 1941 ’ਚ 31.90 ਕਰੋੜ ਤੱਕ ਪਹੁੰਚ ਗਈ ਸੀ। 1947 ਵਿੱਚ ਦੇਸ਼ ਦੀ ਵੰਡ ਦੇ ਬਾਵਜੂਦ ਵੀ ਇਹ ਅੰਕੜਾ 36.10 ਕਰੋੜ ਤੇ ਜਾ ਪਹੁੰਚਿਆ ਸੀ। ਸਾਲ 1961 ਵਿੱਚ ਭਾਰਤ ਦੀ ਆਬਾਦੀ 43.42 ਕਰੋੜ, 1971 ’ਚ 54.18 ਕਰੋੜ, 1981 ’ਚ 68.33 ਕਰੋੜ, 1991 ’ਚ 84.33 ਕਰੋੜ ਅਤੇ 2001 ਵਿੱਚ 102.87 ਕਰੋੜ ਸੀ ਜੋ ਕਿ 2011 ਦੀ ਮਰਦਮ ਸ਼ੁਮਾਰੀ ਮੁਤਾਬਕ 121 ਕਰੋੜ ਦਾ ਅੰਕੜਾ ਪਾਰ ਕਰ ਗਈ ਸੀ। ਇਸ ਤੋਂ ਬਾਅਦ ਦੇ ਵਰ੍ਹਿਆਂ ਦੌਰਾਨ ਤਾਂ ਇੱਕ ਤਰਾਂ ਨਾਲ ਜਨਸੰਖਿਆ ਦਾ ਵਿਸਫੋਟ ਹੀ ਹੋਇਆ ਹੈ।
ਸਾਲ 1911 ਤੋਂ 1921 ਦੇ ਦਹਾਕੇ ਦੌਰਾਨ ਅਕਾਲ, ਹੈਜ਼ਾ, ਪਲੇਗ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਫੈਲਣ ਕਾਰਨ ਜਨਸੰਖਿਆ ਵਿੱਚ ਕਰੀਬ 7 ਤੋਂ 8 ਲੱਖ ਦੀ ਗਿਰਾਵਟ ਆਈ ਸੀ। ਜਿਵੇਂ-ਜਿਵੇਂ ਵਿਗਿਆਨ ਨੇ ਤਰੱਕੀ ਕੀਤੀ ਹੈ ਇਨ੍ਹਾਂ ਬਿਮਾਰੀਆਂ ਤੇ ਮਕਾਬੂ ਪਾਉਣਾ ਸੰਭਵ ਹੋਇਆ ਹੈ ਅਤੇ ਮੌਤ ਦਰ ਵਿੱਚ ਕਮੀ ਆਈ ਹੈ। ਮੌਤ ਦਰ ਵਿੱਚ ਆਈ ਕਮੀ ਅਤੇ ਜਨਮ ਦਰ ਵਿੱਚ ਹੋ ਰਹੇ ਵਾਧੇ ਕਾਰਨ ਆਬਾਦੀ ਵਿੱਚ ਬੇਲਗਾਮ ਵਾਧਾ ਹੋਇਆ ਹੈ। ਸੰਸਾਰਕ ਨਿਯਮਾਂ ਅਤੇ ਆਪਣੇ ਵੰਸ਼ ਨੂੰ ਅੱਗੇ ਤੋਰਨ ਲਈ ਇਨਸਾਨ ਔਲਾਦ ਪੈਦਾ ਕਰਦਾ ਹੈ ਜਿਸ ਕਾਰਨ ਆਬਾਦੀ ਵਧਦੀ ਹੈ।
ਇਸ ਤੋਂ ਇਲਾਵਾ ਆਬਾਦੀ ਵਧਣ ਦੇ ਹੋਰ ਵੀ ਕਈ ਕਾਰਨ ਹਨ ਜਿੰਨ੍ਹਾਂ ਵਿੱਚ ਪਰਿਵਾਰ ਨਿਯੋਜਨ ਬਾਰੇ ਜਾਣਕਾਰੀ ਨਾ ਹੋਣਾ ਜਾਂ ਪਰਿਵਾਰ ਨਿਯੋਜਨ ਦੇ ਸਾਧਨਾਂ ਦੀ ਸੁਚੱਜੀ ਵਰਤੋਂ ਨਾ ਕਰਨਾ ਸ਼ਾਮਲ ਹੈ। ਸਰਕਾਰ ਵੱਲੋਂ ਸਕੀਮਾਂ ਬਣਾਈਆਂ ਜਾਂਦੀਆਂ ਹਨ ਪਰ ਜਾਗਰੂਕਤਾ ਦੀ ਘਾਟ ਕਾਰਨ ਲੋਕ ਉਨ੍ਹਾਂ ਵੱਲ ਬਹੁਤਾ ਧਿਆਨ ਨਹੀਂ ਦਿੰਦੇ । ਪਰਿਵਾਰ ਨਿਯੋਜਨ ਦਾ ਸੰਦੇਸ਼ ਆਮ ਲੋਕਾਂ ਤੱਕ ਨਾ ਪਹੁੰਚਣ ਦਾ ਮੁੱਖ ਕਾਰਨ ਕਈ ਤਬਕਿਆਂ ਵੱਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਾ ਲੈਣਾ ਹੈ। ਆਮ ਲੋਕਾਂ ਨੂੰ ਇਹ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਕਿ ਜਨਸੰਖਿਆ ਵਿੱਚ ਹੋ ਰਿਹਾ ਵਾਧਾ ਰੋਕਣਾ ਉਊ ਦੇ ਆਪਣੇ ਹੱਥ ਅਤੇ ਹੱਕ ਵਿੱਚ ਹੈ। ਦੇਸ਼ ਦੀ ਆਬਾਦੀ ਦੇ ਬਹੁਤ ਵੱਡੇ ਹਿੱਸੇ ਦਾ ਇਸ ਪ੍ਰਤੀ ਜਾਗਰੂਕ ਨਾ ਹੋਣ ਸਰਕਾਰ ਦੇ ਦੇ ਸਿੱਟੇ ਵਜੋਂ ਸਾਡੇ ਦੇਸ਼ ਦੀ ਆਬਾਦੀ ਅਮਰਵੇਲ ਵਾਂਗ ਵਧ ਰਹੀ ਹੈ।
ਇੱਕ ਗੱਲ ਤਾਂ ਚਿੱਟੇ ਦਿਨ ਵਾਂਗੂੰ ਸਾਫ ਹੈ ਕਿ ਸਰਕਾਰਾਂ ਵੱਲੋਂ ਕਰੋੜਾਂ ਰੁਪਏ ਪਾਣੀ ਵਾਂਗ ਵਹਾਏ ਜਾਣ ਦੇ ਬਾਵਜੂਦ ਵੀ ਬਹੁਗਿਣਤੀ ਲੋਕ ਅਜਿਹੇ ਹਨ ਜਿੰਨ੍ਹਾਂ ਨੂੰ ਪਰਿਵਾਰ ਨੂੰ ਛੋਟਾ ਰੱਖਣ ਦੇ ਢੰਗਾਂ, ਮਹੱਤਵ ਜਾਂ ਵੱਡੇ ਪਰਿਵਾਰਾਂ ਦੇ ਨੁਕਸਾਨ ਬਾਰੇ ਪਤਾ ਤੱਕ ਨਹੀਂ ਜਾਂ ਫਿਰ ਉਹ ਜਾਣੂ ਹੋਣਾ ਹੀ ਨਹੀਂ ਚਾਹੁੰਦੇ। ਜਨਸੰਖਿਆ ਵਾਧੇ ਦਾ ਇੱਕ ਹੋਰ ਵੱਡਾ ਕਾਰਨ ਅਨਪੜ੍ਹਤਾ ਅਤੇ ਅਗਿਆਨਤਾ ਨੂੰ ਵੀ ਮੰਨਿਆ ਜਾ ਸਕਦਾ ਹੈ। ਅਨਪੜ੍ਹ ਲੋਕਾਂ ਨੂੰ ਛੋਟੇ ਪਰਿਵਾਰਾਂ ਦੇ ਲਾਭ ਬਾਰੇ ਉੱਕਾ ਹੀ ਜਾਣਕਾਰੀ ਨਹੀਂ ਹੁੰਦੀ। ਉਹ ਵਧੇਰੇ ਬੱਚਿਆਂ ਨੂੰ ਹੀ ਆਪਣੀ ਅਤੇ ਆਪਣੇ ਪਰਿਵਾਰ ਦੀ ਤਰੱਕੀ ਦਾ ਸਾਧਨ ਸਮਝਦੇ ਹਨ।
ਉਨ੍ਹਾਂ ਦਾ ਮੰਨਣਾ ਹੈ ਕਿ ਜਿੰਨੇ ਉਹਨਾਂ ਦੇ ਵੱਧ ਬੱਚੇ ਹੋਣਗੇ ਓਨੀ ਹੀ ਉਹਨਾਂ ਦੀ ਆਮਦਨ ਵਧੇਰੇ ਹੋਵੇਗੀ। ਇਸੇ ਲਈ ਗਰੀਬ ਲੋਕਾਂ ਵੱਲੋਂ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਹੋਟਲਾਂ, ਢਾਬਿਆਂ, ਭੱਠਿਆਂ, ਫੈਕਟਰੀਆਂ ਆਦਿ ਵਿੱਚ ਮਜ਼ਦੂਰੀ ਕਰਨ ਲਈ ਭੇਜਿਆ ਜਾਂਦਾ ਹੈ। ਅੱਜ ਹਕੀਕਤ ਮਨੁੱਖ ਦੀ ਸੋਚ ਦੇ ਬਿਲਕੁਲ ਉਲਟ ਹੈ। ਇਸ ਲਈ ਜੇਕਰ ਵਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਕੁਝ ਸਾਲਾਂ ਦੌਰਾਨ ਸਾਡੇ ਦੇਸ਼ ਵਿੱਚ ਕੁਦਰਤੀ ਸਾਧਨਾਂ ਦਾ ਬਹੁਤ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ ਕਿਉਂਕਿ ਕੁਦਰਤੀ ਸਾਧਨ ਤਾਂ ਸੀਮਤ ਹਨ ।
ਕੁਦਰਤ ਵੱਲੋਂ ਬਖਸ਼ੇ ਇਨ੍ਹਾਂ ਸਾਧਨਾਂ ਦੀ ਮਾਤਰਾ ਵਿੱਚ ਵਾਧਾ ਨਹੀਂ ਹੋਇਆ ਪ੍ਰੰਤੂ ਇਸ ਦੇ ਉਲਟ ਇਨ੍ਹਾਂ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ‘ ਅਮਰਵੇਲ ’ ਵਾਂਗੂੰ ਵਧ ਰਹੀ ਹੈ। ਇੱਕ ਅੰਦਾਜ਼ੇ ਮੁਤਾਬਕ ਸਾਲ 2060 ਤੱਕ ਦੇਸ਼ ਦੇ ਚਾਰ ਪ੍ਰਮੁੱਖ ਮਹਾਂਨਗਰਾਂ ਮੁੰਬਈ, ਦਿੱਲੀ, ਕਲਕੱਤਾ ਅਤੇ ਚੇਨਈ ਵਿੱਚ ਪਾਣੀ ਦੀ ਮੰਗ ਦੁੱਗਣੀ ਹੋ ਜਾਵੇਗੀ ਅਤੇ ਸਾਲ 2030 ਤੱਕ ਦੇਸ਼ ਦੀ ਦੋ ਤਿਹਾਈ ਆਬਾਦੀ ਨੂੰ ਪੀਣ ਲਈ ਸਾਫ ਸੁਥਰਾ ਪਾਣੀ ਨਸੀਬ ਨਹੀਂ ਹੋਵੇਗਾ।
ਵਧਦੀ ਆਬਾਦੀ ਦਾ ਇੱਕ ਮਾੜਾ ਪੱਖ ਇਹ ਵੀ ਹੈ ਕਿ ਲੋਕਾਂ ਦੇ ਰਹਿਣ ਲਈ ਥਾਂ ਦੀ ਘਾਟ ਸਾਹਮਣੇ ਆਉਣ ਲੱਗੀ ਹੈ ਜਿਸਦਾ ਸਿੱਟਾ ਵੱਡੇ ਸ਼ਹਿਰਾਂ ਵਿੱਚ ‘ ਸਲੱਮ ਬਸਤੀਆਂ ’ ਵਿੱਚ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਏ ਬੇਹਿਸਾਬ ਵਾਧੇ ਦੇ ਰੂਪ ਵਿੱਚ ਨਿੱਕਲਿਆ ਹੈ।
ਆਬਾਦੀ ਵਿੱਚ ਵਾਧੇ ਕਾਰਨ ਦੇਸ਼ ਵਿੱਚ ਬੇਰੁਜ਼ਗਾਰਾਂ ਦੀ ਇੱਕ ਬਹੁਤ ਵੱਡੀ ਫੌਜ ਖੜ੍ਹੀ ਹੋ ਗਈ ਹੈ। ਦੇਸ਼ ਦੀ ਤਰੱਕੀ ਦੇ ਰਾਹ ਦਾ ਸਭ ਤੋਂ ਵੱਡਾ ਅੜਿੱਕਾ ਜਨਸੰਖਿਆ ਦਾ ਬੇਤਰਤੀਬਾ ਵਾਧਾ ਹੈ। ਅੱਜ ਹਾਲਾਤ ਅਜਿਹੇ ਪੈਦਾ ਹੋ ਚੁੱਕੇ ਹਨ ਕਿ ਅਕਾਲ ਪੈਣ ਦੀ ਸਥਿਤੀ ਵਿੱਚ ਦੇਸ਼ ਵਿੱਚ ਭੁੱਖਮਰੀ ਫੈਲ ਸਕਦੀ ਹੈ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁੱਝ ਨਹੀਂ ਵਿਗੜਿਆ ਤੇ ਧਰਤੀ ਤੋਂ ਚੁੱਕ ਕੇ ਝੋਲੀ ਵਿੱਚ ਪਾਏ ਜਾ ਸਕਦੇ ਹਨ। ਸਭ ਤੋਂ ਪਹਿਲਾਂ ਰਾਜਨੀਤੀ ਤੋਂ ਉੱਪਰ ਉੱਠ ਕੇ ਸਖਤ ਫੈਸਲੇ ਲੈਣੇ ਪੈਣਗੇ।
ਆਬਾਦੀ ਵਾਧੇ ਨੂੰ ਕੰਟਰੋਲ ਕਰਨ ਵਾਲੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇ ਅਤੇ ਉਹਨਾਂ ਨੂੰ ਜਨਸੰਖਿਆ ਵਾਧੇ ਦੇ ਨੁਕਸਾਨਾਂ ਪ੍ਰਤੀ ਜਾਗਰੂਕ ਕੀਤਾ ਜਾਵੇ। ਆਓ ਸਾਰੇ ਰਲ ਮਿਲ ਕੇ ਆਪਣੇ ਘਰਾਂ, ਮੁਹੱਲਿਆਂ, ਸਕੂਲਾਂ, ਕਾਲਜਾਂ ਤੋਂ ਆਬਾਦੀ ਵਾਧੇ ਦੇ ਨੁਕਸਾਨਾਂ ਪ੍ਰਤੀ ਜਾਗਰਿਤੀ ਮੁਹਿੰਮ ਦਾ ਆਗਾਜ਼ ਕਰੀਏ ਅਤੇ ਸਾਡੇ ਦੇਸ਼ ਦੀ ਤਰੱਕੀ ਦੇ ਰਾਹ ਵਿੱਚ ‘ ਫਨ ’ ਖਿਲਾਰੀ ਬੈਠੇ ਜਨਸੰਖਿਆ ਵਿਸਫੋਟ ਰੂਪੀ ‘ ਨਾਗ ’ ਨੂੰ ਮਾਰ ਮੁਕਾਈਏ। ਇਸ ਤਰਾਂ ਦੇਸ਼ ਦੇ ਵਿਕਾਸ ਦੇ ਰਾਹ ਵਿੱਚ ਖਿੱਲਰੇ ਕੰਡਿਆਂ ਨੂੰ ਚੁਗ ਕੇ ਹੀ ਸਾਡਾ ਦੇਸ਼ ਬਚ ਸਕੇਗਾ।
-
ਡਿੰਪਲ ਵਰਮਾ, ਹੈਡਮਿਸਟ੍ਰੈੱਸ- ਸਰਕਾਰੀ ਹਾਈ ਸਕੂਲ ਕਰਮਗੜ੍ਹ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
dimple_86@yahoo.com
90236-00302
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.