- ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਸਹਿਪਾਠੀ ਕ੍ਰਿਆਵਾਂ ਬੇਹੱਦ ਜ਼ਰੂਰੀ
ਸਿੱਖਿਆ ਮਨੁੱਖ ਦਾ ਵਿਵਹਾਰ ਬਦਲਣ ਵਾਲਾ ਵਿਗਿਆਨ ਹੈ। ਅਸੀ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿਚ ਰਸਮੀ ਜਾਂ ਗੈਰ ਰਸਮੀ ਤਰੀਕੇ ਨਾਲ ਜੋ ਵੀ ਸਿੱਖਦੇ ਜਾ ਅਨੁਭਵ ਕਰਦੇ ਹਾਂ ,ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ। ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਹੁੰਦਾ ਹੈ, ਗਿਆਨ ਦੇ ਵਾਧੇ ਦੇ ਨਾਲ ਨਾਲ ਸਾਡੇ ਵਿਵਹਾਰ ਅਤੇ ਸੋਚ ਵਿਚ ਤਬਦੀਲੀ ਆਉਂਦੀ ਹੈ, ਇਹ ਵਿਵਹਾਰ ਅਤੇ ਸੋਚ ਦੀ ਤਬਦੀਲੀ ਮਨੁੱਖ ਦੀ ਸ਼ਖ਼ਸੀਅਤ ਦਾ ਨਿਰਮਾਣ ਕਰਦੀ ਹੈ। ਉਸ ਦੇ ਸਰਬਪੱਖੀ ਵਿਕਾਸ ਦਾ ਆਧਾਰ ਬਣਦੀ ਹੈ। ਜਿਸ ਨਾਲ ਵਿਦਿਆਰਥੀ ਭਵਿੱਖ ਦਾ ਆਦਰਸ਼ ਜ਼ਿੰਮੇਵਾਰ ਨਾਗਰਿਕ ਅਤੇ ਚੰਗਾ ਇਨਸਾਨ ਬਣਦਾ ਹੈ, ਉਹ ਆਪਣੀ ਖੁਸ਼ੀ ਅਤੇ ਆਨੰਦ ਭਰਪੂਰ ਜ਼ਿੰਦਗੀ ਬਤੀਤ ਕਰਦਾ ਹੈ। ਪ੍ਰੰਤੂ ਜੇ ਮੌਜੂਦਾ ਸਿੱਖਿਆ ਦੇ ਢਾਂਚੇ ਵੱਲ ਨਿਗ੍ਹਾ ਮਾਰੀਏ ਤਾਂ ਇਹ ਕਿਤਾਬੀ ਗਿਆਨ ਤੇ ਕੇਂਦਰਿਤ ਹੋਣ ਕਾਰਨ ਵਿਦਿਆਰਥੀ ਵਰਗ ਵਿਚ ਤਨਾਵ ਦੀ ਫਸਲ ਬੀਜ ਰਹੀ ਹੈ। ਪ੍ਰਾਇਮਰੀ ਸਕੂਲ ਤੋਂ ਲੈ ਕੇ ਉੱਚ ਕੋਟੀ ਦੇ ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਤੱਕ ਦੇ ਬਹੁਗਿਣਤੀ ਵਿਦਿਆਰਥੀ ਅੱਜ ਤਨਾਅ ਵਿੱਚੋਂ ਗੁਜ਼ਰ ਰਹੇ ਹਨ। ਰਾਸ਼ਟਰੀ ਕ੍ਰਾਈਮ ਬਿਊਰੋ ਦੇ ਸਰਕਾਰੀ ਅੰਕੜਿਆਂ ਮੁਤਾਬਕ ਹਰ ਸਾਲ ਹਜ਼ਾਰਾਂ ਵਿਦਿਆਰਥੀ ਪ੍ਰੀਖਿਆ ਦੇ ਨਤੀਜੇ ਜਾਂ ਪ੍ਰੀਖਿਆ ਦੀ ਤਿਆਰੀ ਦੇ ਡਰ ਤੋਂ ਆਤਮ ਹੱਤਿਆ ਵਰਗੇ ਗੰਭੀਰ ਕਦਮ ਵੀ ਚੁੱਕ ਲੈਂਦੇ ਹਨ।
ਵਿਦਿਆਰਥੀਆਂ ਦੇ ਸਰੀਰਕ ,ਮਾਨਸਿਕ ,ਸਮਾਜਿਕ ਅਤੇ ਭਾਵਨਾਤਮਕ ਵਿਕਾਸ ਅਰਥਾਤ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਕਿ ਸਕੂਲ ਅਤੇ ਕਾਲਜ ਪੱਧਰ ਤੇ ਵਿਦਿਆਰਥੀ ਵਰਗ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਸਹਿਪਾਠੀ ਗਤੀਵਿਧੀਆਂ ਨਾਲ ਜੋੜਿਆ ਜਾਵੇ। ਜਮਾਤ ਦੇ ਕਮਰੇ ਜਾਂ ਸਕੂਲ ਤੋਂ ਬਾਹਰ ਕੁਝ ਅਜਿਹੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣ, ਜੋ ਵਿਦਿਆਰਥੀ ਦੀ ਰੁਚੀ ਅਤੇ ਪੱਧਰ ਅਨੁਸਾਰ ਹੋਣ ਅਤੇ ਜਿਸ ਨਾਲ ਵਿਦਿਆਰਥੀ ਨੂੰ ਕੁਝ ਨਵਾਂ ਸਿੱਖਣ ਨੂੰ ਮਿਲੇ। ਵਿਦਿਆਰਥੀ ਇਨ੍ਹਾਂ ਗਤੀਵਿਧੀਆਂ ਵਿੱਚ ਕਿਸੇ ਗਰੇਡ, ਅਕਾਦਮਿਕ ਕ੍ਰੈਡਿਟ, ਨੰਬਰ ਪ੍ਰਾਪਤ ਕਰਨ ਦੇ ਲਾਲਚ ਦੀ ਥਾਂ ਜਦੋਂ ਆਪਣੀ ਰੁਚੀ ਅਤੇ ਸ਼ੌਕ ਲਈ ਭਾਗ ਲਵੇਗਾ ਤਾਂ ਉਸ ਤੋਂ ਅਨੰਦ ,ਖੁਸ਼ੀ ਅਤੇ ਗਿਆਨ ਪ੍ਰਾਪਤ ਕਰੇਗਾ। ਖੇਡਾਂ ਵਿਦਿਆਰਥੀ ਦੇ ਸਮੁੱਚੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾ ਸਕਦੀਆਂ ਹਨ। ਹਾਰ ਬਰਦਾਸ਼ਤ ਕਰਨਾ, ਟੀਮ ਭਾਵਨਾ, ਸਮਾਂ ਪ੍ਰਬੰਧਨ, ਸਹਿਯੋਗ ਅਤੇ ਤਾਲਮੇਲ ਵਰਗੇ ਜ਼ਿੰਦਗੀ ਵਿਚ ਕੰਮ ਆਉਣ ਵਾਲੇ ਹੁਨਰ ਖੇਡ ਦੇ ਮੈਦਾਨ ਵਿੱਚ ਹੀ ਬਾਖੂਬੀ ਸਿੱਖਣ ਨੂੰ ਮਿਲਦੇ ਹਨ । ਇਸ ਤੋਂ ਇਲਾਵਾ ਰਾਸ਼ਟਰੀ ਸੇਵਾ ਯੋਜਨਾ, ਐਂਨ ਸੀ ਸੀ , ਈਕੋਂ ਕਲੱਬ, ਸਾਹਿਤ ਸਭਾ, ਕਲਾ ਕਲੱਬ, ਸਾਇੰਸ ਜਾਂ ਗਣਿਤ ਕਲੱਬ,ਵਿਦਿਅਕ ਟੂਰ, ਭਾਸ਼ਣ ਅਤੇ ਵਾਦ-ਵਿਵਾਦ ਮੁਕਾਬਲਿਆਂ ਰਾਹੀਂ ਵਿਦਿਆਰਥੀਆਂ ਦੀ ਰੁਚੀ ਅਤੇ ਪ੍ਰਤਿਭਾ ਨੂੰ ਨਿਖਾਰਿਆ ਜਾਂ ਸਕਦਾ ਹੈ।
ਜਮਾਤ ਦੇ ਕਮਰੇ ਦੀ ਬਿਹਤਰ ਪੜ੍ਹਾਈ ਨਾਲ ਵਿਦਿਆਰਥੀ ਦੀ ਦਿਮਾਗ਼ੀ ਸ਼ਕਤੀ ਜ਼ਰੂਰ ਵਿਕਸਤ ਹੋ ਰਹੀ ਹੈ।ਬੱਚਾ ਚੰਗੇ ਨੰਬਰ ਲੈਣ ਰਿਹਾ ਹੈ। ਨੀਟ ਅਤੇ ਜੇ ਈ ਈ ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਪਾਸ ਕਰ ਰਿਹਾ ਹੈ। ਇਸ ਨਾਲ ਸਿਰਫ ਅਕਾਦਮਿਕ ਗਿਆਨ ਪੱਖੋਂ ਹੀ ਮਜ਼ਬੂਤ ਹੋ ਰਿਹਾ ਹੈ। ਪ੍ਰੰਤੂ ਇਸ ਨਾਲ ਜੀਵਨ ਜਿਉਣ ਲਈ ਜ਼ਰੂਰੀ ਜੀਵਨ ਜਾਚ ਅਤੇ ਹੁਨਰ ਵਿਕਸਿਤ ਨਹੀਂ ਹੋ ਰਹੇ। ਬਲਕਿ ਵਿਦਿਆਰਥੀਆਂ ਵਿਚ ਤਨਾਵ ਵੱਧ ਰਿਹਾ ਹੈ ।ਚੰਗੇ ਅੰਕ ਲੈਣਾ, ਮੈਰਿਟ ਵਿੱਚ ਆਉਣਾ ਅਤੇ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਪਾਸ ਕਰਨ ਦੀ ਅੰਨ੍ਹੀ ਦੌੜ ਨੇ ਬੱਚਿਆਂ ਦੀ ਮਾਸੂਮੀਅਤ ਅਤੇ ਹੱਸਣ ਖੇਡਣ ਦੀ ਉਮਰ ਨੂੰ ਭਵਿੱਖ ਦੀ ਸਫ਼ਲਤਾ ਤੇ ਬੋਝ ਹੇਠ ਦਬਾ ਦਿੱਤਾ ਹੈ।
ਪ੍ਰੀਖਿਆ ਵਿੱਚ ਥੋੜੇ ਜਿਹੇ ਘੱਟ ਨੰਬਰ ਲੈਣ ਵਾਲੇ ਵਿਦਿਆਰਥੀ ਹੀਣ ਭਾਵਨਾ ਦਾ ਸ਼ਿਕਾਰ ਹੋ ਰਹੇ ਹਨ।ਇਸ ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਦੇ ਢਾਂਚੇ ਤੋਂ ਬਾਹਰ ਕੱਢ ਕੇ 21ਵੀ ਸਦੀ ਦੇ ਤੇਜ਼ੀ ਨਾਲ ਬਦਲ ਰਹੇ ਵਿਸ਼ਵ ਦੀਆਂ ਜ਼ਰੂਰਤਾਂ ਮੁਤਾਬਕ ਤਿਆਰ ਕਰਨ ਲਈ ਜ਼ਰੂਰੀ ਹੈ, ਉਸ ਨੂੰ ਅਕਾਦਮਿਕ ਗਿਆਨ ਦੇ ਨਾਲ-ਨਾਲ ਸਹਿਪਾਠੀ ਕਿਰਿਆਵਾਂ ਨਾਲ ਜੋੜਿਆ ਜਾਵੇ। ਭਾਰਤ ਸਰਕਾਰ ਦੇ ਸੈਕੰਡਰੀ ਐਜੂਕੇਸ਼ਨ ਕਮਿਸ਼ਨ ਨੇ ਸਹਿਪਾਠੀ ਕਿਰਿਆਵਾਂ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਦੱਸਿਆਂ ਹੈ,ਇਨ੍ਹਾਂ ਗਤੀਵਿਧੀਆਂ ਬਗੈਰ ਸਿੱਖਿਆਂ ਨੂੰ ਅਧੂਰਾ ਦੱਸਿਆ ਹੈ।
ਹਾਵਰਡ ਗ੍ਰੈਜੁਏਟ ਸਕੂਲ ਆਫ ਐਜੂਕੇਸ਼ਨ ਨੇ 2017 ਵਿੱਚ ਕੀਤੀ ਖੋਜ ਅਨੁਸਾਰ ਜਿਹੜੇ ਵਿਦਿਆਰਥੀ ਕਿਤਾਬੀ ਗਿਆਨ ਦੇ ਨਾਲ-ਨਾਲ ਸਹਿਪਾਠੀ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੇ ਹਨ ਉਹ ਦੂਸਰਿਆਂ ਦੇ ਮੁਕਾਬਲੇ ਵੱਧ ਸਵੈ ਜਾਗਰੂਕ, ਸਵੈ ਅਨੁਸ਼ਾਸ਼ਿਤ , ਫੈਸਲੇ ਲੈਣ ਵਿੱਚ ਤੇਜ਼ ਅਤੇ ਕਾਰਜ ਕੁਸ਼ਲਤਾ ਪੱਖੋਂ ਅੱਗੇ ਵੱਧਦੇ ਹਨ। ਸਿੱਖਿਆ ਮਾਹਿਰਾਂ ਅਨੁਸਾਰ ਜਿਸ ਸਕੂਲ ਵਿੱਚ ਸਹਿਪਾਠੀ ਕਿਰਿਆਵਾਂ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਉਸ ਸਕੂਲ ਦਾ ਪੱਧਰ ਸਿੱਖਿਆ ਦੀ ਦੁਕਾਨ ਵਾਲਾ ਹੋ ਜਾਂਦਾ ਹੈ, ਜਿਹੜਾ ਅਧਿਆਪਕ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਨਹੀਂ ਕਰਦਾ ਉਹ ਇਕ ਅਧਿਆਪਕ ਨਹੀਂ ਬਲਕਿ ਸੂਚਨਾ ਪ੍ਰਬੰਧਕ ਹੀ ਹੁੰਦਾ ਹੈ। ਜੋ ਵਿਦਿਆਰਥੀ ਸਹਿਪਾਠੀ ਕ੍ਰਿਆਵਾਂ ਵਿੱਚ ਭਾਗ ਨਹੀਂ ਲੈਂਦਾ ਉਹ ਕਿਤਾਬੀ ਕੀੜਾ ਬਣ ਜਾਂਦਾ ਹੈ ਅਤੇ ਉਸ ਵਿਦਿਅਕ ਸੰਸਥਾ ਵਿੱਚ ਸਿੱਖਿਆ ਰੱਟੇ ਬਾਜ਼ੀ ਤੱਕ ਸੀਮਤ ਹੋ ਜਾਂਦੀ ਹੈ।
ਵਿੱਦਿਅਕ ਸੰਸਥਾਵਾਂ ਵਿੱਚ ਸੰਗੀਤ ,ਡਾਂਸ ,ਕਲਾਂ ਅਤੇ ਪੇਟਿੰਗ ਨਾਲ ਸਬੰਧਤ ਗਤੀਵਿਧੀਆਂ ਅਤੇ ਮੁਕਾਬਲਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਇਸ ਨਾਲ ਜਿਥੇ ਵਿਦਿਆਰਥੀਆਂ ਅੰਦਰ ਛੁਪੀ ਪ੍ਰਤਿਭਾ ਬਾਹਰ ਆਉਂਦੀ ਹੈ, ਉਥੇ ਉਹ ਖੇਡ ਖੇਡ ਅਤੇ ਰੋਚਿਕ ਤਰੀਕੇ ਨਾਲ ਬਹੁਤ ਕੁਝ ਨਵਾਂ ਵੀ ਸਿੱਖ ਜਾਂਦਾ ਹੈ । ਇਸ ਨਾਲ ਉਸ ਦਾ ਮਨੋਰੰਜਨ ਵੀ ਹੁੰਦਾ ਹੈ । ਮੰਨੋਰੰਜਨ ਦਾ ਖੇਤਰ ਇੰਨਾ ਵਿਆਪਕ ਹੈ ਕਿ ਕੋਈ ਵੀ ਇਨਸਾਨ ਅਜਿਹਾ ਨਹੀਂ ਹੈ ਜਿਸ ਦੀ ਇਸ ਵਿੱਚ ਰੁਚੀ ਨਾ ਹੋਵੇ। ਸਕੂਲ ਜਾਂ ਕਾਲਜ ਪੱਧਰ ਤੇ ਮੰਨੋਰੰਜਨ ਕਰਦਿਆਂ ਸਿੱਖੀ ਕਲਾ ਕਈ ਵਾਰ ਭਵਿੱਖ ਵਿੱਚ ਉਸਦੀ ਰੋਜ਼ੀ ਰੋਟੀ ਦਾ ਸਾਧਨ ਵੀ ਬਣ ਜਾਂਦੀ ਹੈ।
ਸਕੂਲ ਅਤੇ ਕਾਲਜਾਂ ਵਿੱਚ ਭਾਸ਼ਨ, ਵਾਦ-ਵਿਵਾਦ, ਕੁਇਜ਼, ਕਵਿਤਾ ਅਤੇ ਲੇਖ ਲਿਖਣ ਮੁਕਾਬਲੇ ਨਾਲ ਵਿਦਿਆਰਥੀ ਆਪਣੀ ਕਾਬਲੀਅਤ ਨੂੰ ਸਮਝਦੇ ਹਨ, ਉਹਨਾਂ ਵਿਚ ਲੀਡਰਸ਼ਿਪ ਦੇ ਗੁਣ, ਰਚਨਾਤਮਕ ਅਤੇ ਆਲੋਚਨਾਤਮਕ ਸੋਚ ਵਿਕਸਿਤ ਹੁੰਦੀ ਹੈ ,ਸਹਿਣਸ਼ੀਲਤਾ, ਦੇਸ਼ ਪ੍ਰੇਮ, ਨੈਤਿਕ ਕਦਰਾਂ ਕੀਮਤਾਂ,ਲਿਖਣ ਅਤੇ ਬੋਲਣ ਵਰਗੇ ਜ਼ਿੰਦਗੀ ਨਾਲ ਜੁੜੇ ਹੁਨਰ ਵੀ ਪੈਦਾ ਹੁੰਦੇ ਹਨ। ਇਸ ਨਾਲ ਅਨੇਕਾਂ ਵਾਰ ਪੜਾਈ ਵਿੱਚ ਕਮਜ਼ੋਰ ਵਿਦਿਆਰਥੀ ਵੀ ਇਨ੍ਹਾਂ ਗਤੀਵਿਧੀਆਂ ਰਾਹੀਂ ਸ਼ਲਾਘਾਯੋਗ ਪ੍ਰਦਰਸ਼ਨ ਕਰਕੇ ਆਪਣੇ-ਆਪ ਨੂੰ ਸਥਾਪਿਤ ਕਰ ਜਾਂਦੇ ਹਨ । ਜਿਸ ਦਾ ਉਹਨਾਂ ਦੀ ਅਕਾਦਮਿਕ ਕਾਰਜਕੁਸ਼ਲਤਾ ਤੇ ਵੀ ਸਕਾਰਾਤਮਕ ਪ੍ਰਭਾਵ ਪੈਂਦਾ ਹੈ।
ਮੌਜੂਦਾ ਦੌਰ ਵਿੱਚ ਵਿਦਿਆਰਥੀ ਸਹਿਪਾਠੀ ਕ੍ਰਿਆਵਾਂ ਦੀ ਥਾਂ ਤੇ ਇੰਟਰਨੈੱਟ, ਲੈਪਟਾਪ, ਸੋਸ਼ਲ ਮੀਡੀਆ ਅਤੇ ਮੋਬਾਈਲ ਨਾਲ ਇਕੱਲੇ ਸਮਾਂ ਬਿਤਾਉਣ ਨੂੰ ਤਰਜੀਹ ਦੇ ਰਹੇ ਹਨ। ਇਸ ਨਾਲ ਜਿੱਥੇ ਵਿਦਿਆਰਥੀਆਂ ਦੇ ਸਮਾਜਿਕ ਅਤੇ ਸਰੀਰਿਕ ਵਿਕਾਸ ਵਿਚ ਰੁਕਾਵਟ ਆਈ ਹੈ ਉਥੇ ਸਵੈ ਕੇਂਦਰਿਤ ਵੀ ਹੋ ਰਹੇ ਹਨ। ਇੰਟਰਨੈੱਟ ਅਤੇ ਮੋਬਾਈਲ ਆਧੁਨਿਕ ਯੁੱਗ ਵਿੱਚ ਵਿਦਿਆਰਥੀਆਂ ਦੀ ਮੁੱਢਲੀ ਜ਼ਰੂਰਤ ਬਣ ਚੁੱਕੇ ਹਨ।ਜੋ ਇਸ ਦੀ ਵਰਤੋਂ ਨਹੀਂ ਕਰੇਗਾ ਉਹ ਪਿਛੜ ਜਾਵੇਗਾ, ਜੋ ਸੁਚੱਜੇ ਢੰਗ ਨਾਲ ਇਸ ਦੀ ਵਰਤੋਂ ਉਹ ਤਰੱਕੀ ਕਰੇਗਾ, ਜੋ ਬੇਲੋੜੀ ਵਰਤੋਂ ਕਰੇਗਾ ਉਸ ਦੀ ਤਰੱਕੀ ਵਿੱਚ ਵੱਡੀ ਰੁਕਾਵਟ ਪੈਦਾ ਹੋ ਜਾਵੇਗੀ। ਇਸ ਦੀ ਬੇਲੋੜੀ ਵਰਤੋਂ ਰੋਕਣ ਲਈ ਸਹਿਪਾਠੀ ਗਤੀਵਿਧੀਆਂ ਬਹੁਤ ਹੀ ਵਧੀਆ ਵਿਕਲਪ ਹੋ ਸਕਦੀਆਂ ਹਨ। ਕੰਪਿਊਟਰ ਦੀ ਵੱਧ ਵਰਤੋਂ ਕਰਨ ਵਾਲੇ ਵਿਦਿਆਰਥੀਆਂ ਨੂੰ ਕੰਪਿਊਟਰ ਗ੍ਰਾਫ਼ਿਕਸ,ਕੋਡਿੰਗ, ਆਨਲਾਈਨ ਐਡਿੰਟਿੰਗ, ਗ੍ਰਾਫਿਕਸ ਅਤੇ ਡਿਜ਼ਾਈਨਿੰਗ, ਆਨਲਾਈਨ ਐਡੀਟਿੰਗ, ਬਲਾਗ ਲਿਖਣਾ ਅਤੇ ਆਨਲਾਈਨ ਮੈਗਜ਼ੀਨ ਲਿਖਣ ਵਰਗੇ ਰਚਨਾਤਮਕ ਕੰਮਾਂ ਨਾਲ ਜੋੜਿਆ ਜਾ ਸਕਦਾ ਹੈ।
ਸਕੂਲ ਪ੍ਰਬੰਧਕਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸਹਿਪਾਠੀਆਂ ਕਿਰਿਆਵਾਂ ਦੀ ਮਹੱਤਤਾ ਨੂੰ ਸਮਝਣਾ ਪਵੇਗਾ। ਇਹਨਾਂ ਦੇ ਆਯੋਜਨ ਲਈ ਸਮਾਂ ਪ੍ਰਬੰਧਨ,ਵਿੱਤੀ ਪ੍ਰਬੰਧਨ ਅਤੇ ਠੋਸ ਯੋਜਨਾਬੰਦੀ ਕਰਨ ਦੀ ਅਹਿਮ ਜ਼ਰੂਰਤ ਹੈ। ਮੌਜੂਦਾ ਦੌਰ ਵਿੱਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਸਕੂਲ ਐਮੀਨੈਂਸ ਅਤੇ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ਼੍ਰੀ ਸਕੂਲ ਵਿੱਚ ਇਨ੍ਹਾਂ ਗਤੀਵਿਧੀਆਂ ਨੂੰ ਅਹਿਮ ਸਥਾਨ ਦੇਣ ਦਾ ਫੈਸਲਾ ਵਿਦਿਆਰਥੀ ਵਰਗ ਲਈ ਲਾਹੇਵੰਦ ਸਾਬਿਤ ਹੋਵੇਗਾ । ਨਵੀਂ ਸਿੱਖਿਆ ਨੀਤੀ ਵਿੱਚ ਹੁਨਰ ਤੇ ਅਧਾਰਿਤ ਸਿੱਖਿਆ ਉੱਪਰ ਜ਼ੋਰ ਦੇਣ ਦੇ ਵੀ ਸਾਰਥਿਕ ਨਤੀਜੇ ਸਾਹਮਣੇ ਆਉਣ ਦੀ ਉਮੀਦ ਹੈ।
-
ਡਾ. ਸਤਿੰਦਰ ਸਿੰਘ , ਸਟੇਟ ਅਤੇ ਨੈਸ਼ਨਲ ਐਵਾਰਡੀ ਪ੍ਰਿੰਸੀਪਲ
dr.satinder.fzr@gmail.com
9815427554
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.