ਮਨਜ਼ੂਰ ਝੱਲਾ ਲਹਿੰਦੇ ਪੰਜਾਬ ਦਾ ਉੱਚਕੋਟੀ ਦਾ ਗੀਤਕਾਰ ਸੀ । ਰੇਸ਼ਮਾ ਦੇ ਵਧੇਰੇ ਗਾਣੇ ਉਸੇ ਦੇ ਹੀ ਲਿਖੇ ਹੋਏ ਹਨ । 'ਹਾਏ ਓ ਰੱਬਾ ਨਈਓਂ ਲਗਦਾ ਦਿਲ ਮੇਰਾ' , 'ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ' ਵਰਗੇ ਸ਼ਾਹਕਾਰ ਗੀਤ, ਜਿਨ੍ਹਾ ਨੇ ਰੇਸ਼ਮਾ ਨੂੰ ਵਿਸ਼ਵ ਵਿਆਪੀ ਸ਼ੋਹਰਤ ਅਤਾ ਕੀਤੀ, ਮਨਜ਼ੂਰ ਝੱਲੇ ਦੇ ਲਿਖੇ ਹੋਏ ਹਨ ਤੇ ਇਨ੍ਹਾ ਦੀ ਧੁਨ ਵੀ ਉਸੇ ਦੀ ਤਿਆਰ ਕੀਤੀ ਹੋਈ ਹੈ । ਉਸ ਦੇ ਕਈ ਗੀਤ ਨੂਰ ਜਹਾਂ, ਰੂਨਾ ਲੈਲਾ ਅਤੇ ਮਸਊਦ ਰਾਣਾ ਨੇ ਵੀ ਗਾ ਕੇ ਨਾਮਣਾ ਖੱਟਿਆ । ਉਸ ਦੇ ਗੀਤ ਪਾਕਿਸਤਾਨੀ ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਬਣੇ।
ਪਰ ਅਫ਼ਸੋਸ ! ਇਸ ਮਹਾਨ ਗੀਤਕਾਰ ਦੇ ਜੀਵਨ ਬਾਰੇ ਉਸ ਦੇ ਆਪਣੇ ਮੁਲਕ ਵਿਚ ਵੀ ਕਿਸੇ ਨੂੰ ਕੋਈ ਵਧੇਰੇ ਜਾਣਕਾਰੀ ਨਹੀਂ । ਨਾ ਉਸ ਦੀ, ਤੇ ਨਾ ਉਸ ਬਾਰੇ ਕੋਈ ਕਿਤਾਬ ਛਪੀ ਹੈ । ਗੂਗਲ ਵੀ ਉਸ ਦੇ ਕੁਝ ਗੀਤਾਂ ਦੇ ਨਾਵਾਂ ਅਤੇ ਇਕ ਆਰਟੀਕਲ ਤੋਂ ਇਲਾਵਾ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਦਾ ।
ਹਾਂ, ਗੂਗਲ ਤੋਂ ਏਨਾ ਜ਼ਰੂਰ ਪਤਾ ਲਗਦਾ ਹੈ ਕਿ ਉਸਦੀ ਮੌਤ 25 ਜਨਵਰੀ, 1973 ਨੂੰ ਹੋਈ । ਬਾਬਾ ਨਜਮੀ ਨੇ ਇਕ ਇੰਟਰਵਿਊ ਵਿਚ ਇੰਕਸ਼ਾਫ ਕੀਤਾ ਹੈ ਕਿ ਸ਼ਾਇਰੀ ਦੇ ਮੁਢਲੇ ਦੌਰ ਚ ਉਹ ਮਨਜ਼ੂਰ ਝੱਲੇ ਤੋਂ ਬਹੁਤ ਪ੍ਰਭਾਵਿਤ ਸੀ । ਇਸ ਤੋਂ ਵੱਧ ਉਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ।
ਹੁਣ ਅਸੀਂ ਮਨਜ਼ੂਰ ਝੱਲੇ ਬਾਰੇ ਲਿਖੇ ਗਏ ਇਕਲੌਤੇ ਲੇਖ ਵੱਲ ਆਉਂਦੇ ਹਾਂ । ਇਹ ਲੇਖ ਸਾਹਿਤ, ਰੇਡੀਓ ਤੇ ਟੀ. ਵੀ. ਦੇ ਖੇਤਰਾਂ ਨਾਲ ਜੁੜੇ ਮੁਸਤਨਸਰ ਹੁਸੈਨ ਤਾਰੜ ਦਾ ਹੈ । ਇਸ ਨੂੰ ਪੜ੍ਹ ਕੇ ਬੰਦੇ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ । ਇਹ ਆਰਟੀਕਲ ਉਰਦੂ ਵਿਚ ਸੀ ਅਤੇ ਮਨਜ਼ੂਰ ਝੱਲਾ ਤੇ ਰੇਸ਼ਮਾ ਨਾਲ ਜੁੜੀਆਂ ਯਾਦਾਂ ਉਪਰ ਆਧਾਰਿਤ ਹੈ । ਮੈਂ ਇਸ ਦੇ ਸਿਰਫ ਉਸ ਹਿੱਸੇ ਦਾ ਪੰਜਾਬੀ ਅਨੁਵਾਦ ਤੁਹਾਡੀ ਨਜ਼ਰ ਕਰ ਰਿਹਾ ਹਾਂ, ਜਿਸ ਦਾ ਸਿੱਧਾ ਸੰਬੰਧ ਮਨਜ਼ੂਰ ਝੱਲੇ ਨਾਲ ਹੈ ।
"ਇਹ ਉਨ੍ਹਾ ਦਿਨਾਂ ਦੀ ਗੱਲ ਏ ਜਦ ਮੈਂ ਆਪਣੇ ਵਾਲਦ ਚੌਧਰੀ ਰਹਿਮਤ ਖ਼ਾਨ ਦੀ ਸਹਾਇਤਾ ਲਈ ਚੈਂਬਰ ਲੇਨ ਰੋਡ ਤੇ ਸਥਿਤ ਬੀਜਾਂ ਦੀ ਦੁਕਾਨ 'ਕਿਸਾਨ ਐਂਡ ਕੰਪਨੀ' ਤੇ ਬੈਠਿਆ ਕਰਦਾ ਸੀ । ਸਾਡੇ ਸੱਜੇ ਹੱਥ ਮਲਿਕ ਮੁਹੰਮਦ ਰਫ਼ੀ ਦਾ 'ਨਿਊ ਮਾਡਰਨ ਪ੍ਰੈੱਸ' ਸੀ ਤੇ ਖੱਬੇ ਹੱਥ ਤਾਜ ਸਬਜ਼ੀ ਵਾਲੇ ਦੀ ਦੁਕਾਨ ਸੀ । ਤਾਜ ਦੀਆਂ ਦੋ ਖ਼ੂਬੀਆਂ ਸਨ । ਇਕ ਤਾਂ ਉਹ ਆਪਣੇ ਗ਼ੈਰ ਜ਼ੁੰਮੇਵਾਰ ਪੁੱਤਰ ਨੂੰ ਬਾਕਾਇਦਗੀ ਨਾਲ ਕੁਟਾਪਾ ਚਾੜ੍ਹਦਾ ਤੇ ਜਦੋਂ ਤਕ ਅਸੀਂ ਦਖ਼ਲ ਦੇ ਕੇ ਛੁੜਵਾ ਨਾ ਦਿੰਦੇ, ਉਦੋਂ ਤਕ ਉਹ ਫੈਂਟੀ ਲਾਉਂਦਾ ਰਹਿੰਦਾ । ਉਸ ਦੀ ਦੂਜੀ ਖ਼ੂਬੀ ਇਹ ਸੀ ਕਿ ਉਹ ਉਸ ਕੋਲ ਕਿਸੇ ਬਜ਼ੁਰਗ ਦਾ ਬਖਸ਼ਿਆ ਹੋਇਆ ਸ਼ੂਗਰ ਦੀ ਬੀਮਾਰੀ ਦਾ ਨੁਸਖ਼ਾ ਸੀ । ਉਹ ਪੱਲਿਓਂ ਪੈਸੇ ਖ਼ਰਚ ਕੇ ਉਸ ਨੁਸਖ਼ੇ ਅਨੁਸਾਰ ਦਵਾਈ ਤਿਆਰ ਕਰਦਾ ਤੇ ਲੋਕਾਂ ਨੂੰ ਮੁਫ਼ਤ ਵਿਚ ਦਿੰਦਾ ਕਿਉਂਕਿ ਉਸ ਬਜ਼ੁਰਗ ਨੇ ਅਜਿਹੀ ਹੀ ਤਾਕੀਦ ਕੀਤੀ ਸੀ । ਹਰ ਸਬਜ਼ੀ ਵਾਲੇ ਵਾਂਗ ਤਾਜ ਵੀ ਸਬਜ਼ੀਆਂ ਤੇ ਪਾਣੀ ਤਰੌਂਕ ਕੇ ਉਨ੍ਹਾ ਨੂੰ ਤਰੋ ਤਾਜ਼ਾ ਰਖਦਾ ਤੇ ਉਨ੍ਹਾ ਦਾ ਭਾਰ ਵਧਾਉਂਦਾ ਰਹਿੰਦਾ ।
ਕਦੇ ਕਦਾਈਂ ਇਕ ਵਿਚਾਰਾ ਜਿਹਾ ਬੰਦਾ ਪੁਰਾਣੀ ਜਿਹੀ ਸਾਈਕਲ ਤੇ ਸਵਾਰ ਹੋ ਕੇ ਤਾਜ ਕੋਲ ਆ ਬੈਠਦਾ ਤੇ ਫਿਰ ਤਾਜ ਦੀ ਫ਼ਰਮਾਇਸ਼ ਤੇ ਪੰਜਾਬੀ ਗੀਤ ਸੁਣਾਉਣ ਲੱਗ ਪੈਂਦਾ । ਦੋ ਤਿੰਨ ਗੀਤ ਸੁਣ ਕੇ ਤਾਜ ਉਸ ਨੂੰ ਗੋਭੀ ਦਾ ਇਕ ਫੁੱਲ, ਕੁਝ ਆਲੂ, ਟਮਾਟਰ ਵਗ਼ੈਰਾ ਦੇ ਦਿੰਦਾ । ਉਹ ਬੰਦਾ ਬੜਾ ਸ਼ੁਕਰਗੁਜ਼ਾਰ ਹੋ ਕੇ ਇਹ ਸਾਰਾ ਕੁਝ ਇਕ ਮੈਲੇ ਜਿਹੇ ਥੈਲੇ ਚ ਪਾ ਸਾਈਕਲ ਦੇ ਹੈਂਡਲ ਨਾਲ ਲਟਕਾ ਲੈਂਦਾ ਤੇ ਚਲਦਾ ਬਣਦਾ ।
ਇਕ ਦਿਨ ਤਾਜ ਉਹਨੂੰ ਮੇਰੇ ਕੋਲ ਲੈ ਆਇਆ । ਕਹਿਣ ਲੱਗਾ "ਬਾਊ ਜੀ ! ਇਹ ਮੇਰਾ ਦੋਸਤ ਹੈ । ਇਸ ਦਾ ਨਾਂ ਮਨਜ਼ੂਰ ਝੱਲਾ ਹੈ । ਇਹ ਬੜੇ ਵਧੀਆ ਗੀਤ ਲਿਖਦਾ ਹੈ ਤੇ ਉਨ੍ਹਾ ਨੂੰ ਬੜੀ ਸੁਰੀਲੀ ਆਵਾਜ਼ ਚ ਗਾਉਂਦਾ ਹੈ । ਇਹ ਕਹਿੰਦਾ ਏ ਕਿ ਬਾਊ ਜੀ ਮਸ਼ਹੂਰ ਆਦਮੀ ਨੇ, ਟੈਲੀਵਿਜ਼ਨ ਤੇ ਆਉਂਦੇ ਨੇ । ਮੈਂ ਇਨ੍ਹਾ ਨੂੰ ਆਪਣੇ ਗੀਤ ਸੁਣਾਣੇ ਨੇ । ਸ਼ਾਇਦ ਮੈਨੂੰ ਵੀ ਟੈਲੀਵਿਜ਼ਨ ਤੇ ਚਾਨਸ ਮਿਲ ਜਾਵੇ । ਉਸ ਦਾ ਨਾਂ ਮਨਜ਼ੂਰ ਸੀ । ਝੱਲਾ ਉਹਦਾ ਤਖ਼ੱਲਸ ਸੀ । ਪੰਜਾਬੀ ਚ ਗੀਤ ਲਿਖਦਾ ਸੀ । ਖ਼ੁਦ ਹੀ ਧੁਨ ਬਣਾਉਂਦਾ ਸੀ ਤੇ ਖ਼ੁਦ ਹੀ ਗਾਉਂਦਾ ਸੀ । ਉਹ ਇਕ ਅਜਿਹੇ ਖ਼ਾਨਦਾਨ ਨਾਲ ਸੰਬੰਧ ਰਖਦਾ ਸੀ ਜਿਸ ਦਾ ਕਿੱਤਾ ਗਾਉਣਾ-ਵਜਾਉਣਾ ਹੀ ਸੀ । ਪਰ ਉਸ ਦੀ ਵਧੇਰੇ ਕਦਰ ਨਹੀਂ ਪੈ ਰਹੀ ਸੀ । ਘੁੰਮ ਫਿਰ ਕੇ ਗਾਉਂਦਾ ਸੀ ਤੇ ਮਾੜਾ ਮੋਟਾ ਕਮਾ ਲੈਂਦਾ ਸੀ । ਗੁਜ਼ਾਰਾ ਮੁਸ਼ਕਿਲ ਨਾਲ ਹੁੰਦਾ ਸੀ । ਉਸ ਨੇ ਮੈਨੂੰ ਕੁਝ ਗੀਤ ਸੁਣਾਏ । ਇਨ੍ਹਾ ਵਿਚ ਇਕ ਗੀਤ 'ਸ਼ਾਮਾਂ ਪੈ ਗਈਆਂ' ਸੀ - ਬੇਹੱਦ ਪੁਰਅਸਰ ਤੇ ਉਦਾਸ । ਇਕ ਹੋਰ ਗੀਤ ਨੇ ਤਾਂ ਮੈਨੂੰ ਕੀਲ ਹੀ ਲਿਆ। ਉਹ ਗੀਤ ਇਹ ਸੀ।
: 'ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ ਵੇ'।
ਧੁਨ ਵੀ ਮਨਜ਼ੂਰ ਝੱਲੇ ਦੀ ਸੀ ਤੇ ਬੋਲ ਵੀ - ਤੇ ਉਹ ਗਾਉਂਦਾ ਵੀ ਪੂਰਾ ਡੁੱਬ ਕੇ ਸੀ ।
2.
ਮੈਂ ਉਹਦੀ ਸ਼ਾਇਰੀ ਤੇ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਉਹਦੀ ਤਾਰੀਫ਼ ਕੀਤੀ, ਕੁਝ ਆਰਥਿਕ ਸਹਾਇਤਾ ਦਿੱਤੀ ਤੇ ਆਪਣਾ ਕਾਰਡ ਦੇ ਕੇ ਟੀ. ਵੀ. ਦੇ ਇਕ ਪ੍ਰੋਡਿਊਸਰ ਨੂੰ ਮਿਲਣ ਲਈ ਕਿਹਾ । ਉਮੀਦ ਜਤਾਈ ਕਿ ਉਸ ਨੂੰ ਕੰਮ ਮਿਲ ਸਕਦਾ ਹੈ । ਉਹ ਇਕ ਦੋ ਵਾਰ ਫੇਰ ਆਇਆ । ਟੈਲੀਵਿਜ਼ਨ ਵਾਲਿਆਂ ਨੂੰ ਉਹ ਇਸ ਕਾਬਿਲ ਨਾ ਲੱ
ਗਾ ਕਿ ਉਸ ਨੂੰ ਕਿਸੇ ਪ੍ਰੋਗਰਾਮ ਚ ਸ਼ਾਮਿਲ ਕੀਤਾ ਜਾ ਸਕੇ । ਫਿਰ ਇਕ ਦਿਨ ਤਾਜ ਨੇ ਦੱਸਿਆ ਕਿ ਮਨਜ਼ੂਰ ਝੱਲਾ ਬੇਬਸੀ ਤੇ ਹੀਣ ਭਾਵਨਾ ਦੀ ਹਾਲਤ ਚ ਮਰ ਗਿਆ ਹੈ ।
ਓਨੀ ਦਿਨੀਂ ਹੀ ਪੁਰਾਣੇ "ਅਲਹਮਰਾ" ਦੇ ਬਾਹਰ ਇਕ ਬੋਰਡ ਲਿਖ ਕੇ ਟੰਗਿਆ ਹੋਇਆ ਸੀ :
"ਸਹਿਰਾ ਦੀ ਆਵਾਜ਼ ਰੇਸ਼ਮਾ ਤੇ ਉਸ ਦੀ ਭੈਣ ਮਾਰੂਥਲ ਦੇ ਗੀਤ ਪੇਸ਼ ਕਰਨਗੀਆਂ ।"
ਪਤਾ ਲੱਗਾ ਕਿ ਰੇਡੀਓ ਵਾਸਤੇ ਟੇਲੈਂਟ ਲੱਭਣ ਚ ਬੇਮਿਸਾਲ ਸਮਝੇ ਜਾਂਦੇ ਸਲੀਮ ਗੀਲਾਨੀ 'ਸ਼ਾਹਬਾਜ਼ ਕਲੰਦਰ ਦੇ ਉਰਸ' ਚ ਗਾਉਂਦੀ ਇਕ ਖ਼ਾਨਾਬਦੋਸ਼ ਲੜਕੀ ਨੂੰ ਲਾਹੌਰ ਲੈ ਆਏ ਨੇ ਤੇ ਉਹ ਬਹੁਤ ਖੁੱਲ੍ਹੀ ਤੇ ਕੁਦਰਤੀ ਆਵਾਜ਼ ਚ ਗਾਉਂਦੀ ਏ ।-- ਇਹ ਰੇਸ਼ਮਾ ਦੀ ਸ਼ੁਰੂਆਤ ਸੀ । ਪਰ ਰੇਸ਼ਮਾ ਨੂੰ ਦੇਸ਼ ਵਿਆਪੀ ਪ੍ਰਸਿੱਧੀ ਓਦੋਂ ਪ੍ਰਾਪਤ ਹੋਈ ਜਦੋਂ ਉਸ ਨੇ "ਵੇ ਮੈਂ ਚੋਰੀ ਚੋਰੀ" ਗੀਤ ਗਾ ਕੇ ਲੋਕਾਂ ਨੂੰ ਲੁੱਟ ਲਿਆ । ਬੜੇ ਘੱਟ ਲੋਕਾਂ ਨੂੰ ਪਤਾ ਸੀ ਕਿ ਇਹ ਗੀਤ ਮਨਜ਼ੂਰ ਝੱਲੇ ਦਾ ਲਿਖਿਆ ਹੋਇਆ ਹੈ ਤੇ ਧੁਨ ਵੀ ਓਸੇ ਦੀ ਹੈ । ਉਸ ਗੀਤ ਦੀ ਪ੍ਰਸਿੱਧੀ ਸਰਹੱਦ ਪਾਰ ਪਹੁੰਚੀ ਤਾਂ ਲੋਕ ਰੇਸ਼ਮਾ ਦੇ ਦੀਵਾਨੇ ਹੋ ਗਏ । ਇਥੋਂ ਤਕ ਕਿ ਲਤਾ ਮੰਗੇਸ਼ਕਰ ਨੇ "ਯਾਰਾ ਸਿਲੀ ਸਿਲੀ" ਦੇ ਨਾ ਹੇਠ ਇਸੇ ਧੁਨ ਵਿਚ ਗੀਤ ਗਾਇਆ ਤੇ ਉਹ ਵੀ ਬੜਾ ਪ੍ਰਸਿੱਧ ਹੋਇਆ ।
ਤਕਰੀਬਨ ਬਾਈ ਸਾਲ ਪਹਿਲਾਂ ਮੈਂ ਆਪਣੀ ਪਰਬਤ ਆਰੋਹੀ ਟੀਮ ਨਾਲ ਦੁਨੀਆ ਦੀ ਦੂਜੀ ਉੱਚੀ ਚੋਟੀ ਕੇ. 2 ਦੇ ਬੇਸ ਕੈਂਪ ਵੱਲ ਇਕ ਖ਼ਤਰਿਆਂ ਭਰੇ ਸਫ਼ਰ ਤੇ ਸਾਂ, ਰਸਤੇ ਚ ਪਾਈਓ ਦੇ ਸਥਾਨ ਤੇ ਰਾਤ ਕੱਟਣ ਲਈ ਤੰਬੂ ਲਗਾਏ ਗਏ ।ਸਥਾਨਕ 'ਬਤੀ' ਲੋਕ ਨੱਚਣ ਗਾਉਣ ਦੇ ਬੜੇ ਸ਼ੌਕੀਨ ਹਨ । ਸਾਰਾ ਦਿਨ ਭਾਰੀ ਬੋਝ ਉਠਾਈ, ਝੁਕੀ ਕਮਰ, ਘਾਟੀਆਂ ਤੇ ਬਰਫ਼ਾਨੀ ਖੇਤਰਾਂ ਚ ਮੁਸ਼ੱਕਤ ਕਰਦੇ ਹਨ ਤੇ ਜਿਉਂ ਹੀ ਰਾਤ ਕੱਟਣ ਲਈ ਪੜਾਓ ਕੀਤਾ ਜਾਂਦਾ ਹੈ, ਉਹ ਬਲਦੀ ਅੱਗ ਦੁਆਲੇ ਕਨਸਤਰਾਂ ਨੂੰ ਢੋਲ ਵਾਂਗ ਵਜਾ ਵਜਾ ਗਾਉਣ ਤੇ ਨੱਚਣ ਲਗਦੇ ਹਨ । ਉਨ੍ਹਾ ਦਾ ਵਿਚਾਰ ਹੈ ਕਿ ਨਾਚ ਉਨ੍ਹਾ ਦੀ ਥਕਾਨ ਨੂੰ ਦੂਰ ਕਰਦਾ ਹੈ । ਉਹ ਬਲਤੀ ਗੀਤ ਗਾਉਣ ਲੱਗੇ ਤੇ ਮੈਂ ਥਕਾਵਟ ਚ ਚੂਰ ਆਪਣੇ ਤੰਬੂ ਚ ਆਰਾਮ ਕਰਨ ਲਈ ਚਲਾ ਗਿਆ ।
ਥੋੜ੍ਹੀ ਦੇਰ ਬਾਅਦ ਮੇਰੇ ਕੰਨਾਂ ਚ ਇਕ ਜਾਣੀ ਪਛਾਣੀ ਧੁਨ ਪਈ, ਪਰ ਗੀਤ ਸਥਾਨਕ 'ਬਲਤੀ' ਭਾਸ਼ਾ ਵਿਚ ਸੀ । ਮੈਂ ਤੰਬੂ ਚੋਂ ਨਿਕਲ ਕੇ ਉਨ੍ਹਾ ਵਿਚ ਜਾ ਬੈਠਾ । ਤੁਸੀਂ ਸਮਝ ਈ ਗਏ ਹੋਵੋਗੇ ਕਿ ਉਹ "ਵੇ ਮੈਂ ਚੋਰੀ ਚੋਰੀ" ਹੀ ਗਾ ਰਹੇ ਸਨ, ਪਰ ਬਲਤੀ ਭਾਸ਼ਾ ਚ ਤਰਜਮਾ ਕਰ ਕੇ । ਧੁਨ ਓਹੀ ਸੀ ਫਿਰ ਮੈਂ ਸੋਚਿਆ ਕਿ ਦੁਨੀਆ ਦੇ ਐਡੇ ਉੱਚੇ ਪਹਾੜਾਂ ਦੀ ਤਨਹਾਈ ਚ ਵੀ ਮਨਜ਼ੂਰ ਝੱਲੇ ਦੇ ਬੋਲ ਤੇ ਉਹਦੀ ਧੁਨ ਦਾ ਲੋਕਾਂ ਦੇ ਦਿਲਾਂ ਤੇ ਰਾਜ ਹੈ, ਪਰ ਝੱਲੇ ਨੂੰ ਇਹਦੇ ਇਵਜ਼ ਵਿਚ ਕੀ ਮਿਲਿਆ ?--- ਗੋਭੀ ਦਾ ਇਕ ਫੁੱਲ, ਕੁਝ ਆਲੂ ਤੇ ਟਮਾਟਰ !!
ਹਾਂ, ਰੇਸ਼ਮਾ ਖ਼ੁਸ਼ਨਸੀਬ ਰਹੀ । ਉਹ ਸਿੰਧ ਦੇ ਕਸਬੇ ਕੰਧ-ਕੋਟ ਚ ਘੁੰਮ ਫਿਰ ਕੇ ਗੜਵੀ ਦੀ ਤਾਲ ਤੇ ਗਾ ਕੇ ਰਿਜ਼ਕ ਕਮਾਉਂਦੀ ਸੀ । ਸ਼ਾਹਬਾਜ਼ ਕਲੰਦਰ ਤੇ ਦੂਜੇ ਸੂਫ਼ੀਆਂ ਦੇ ਉਰਸਾਂ ਤੇ ਸ਼ਰੀਕ ਹੋ ਕੇ ਦੂਜੇ ਅਨੇਕ ਗਵੱਈਆਂ ਵਾਂਗ ਲੋਕਾਂ ਦਾ ਮਨੋਰੰਜਨ ਕਰਦੀ ਸੀ । ਇਹ ਸਿਰਫ਼ ਨਸੀਬ ਸੀ, ਜਿਸ ਨੇ ਉਹਦਾ ਹੱਥ ਫੜਿਆ ਤੇ ਉਸ ਨੂੰ ਸ਼ੋਹਰਤ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੱਤਾ । ਜੇ ਉਸ ਉਰਸ ਚ ਸਲੀਮ ਗੀਲਾਨੀ ਸ਼ਾਮਿਲ ਨਾ ਹੁੰਦਾ, ਜੇ ਉਹ ਸਬੱਬ ਨਾਲ ਉਧਰ ਨਾ ਜਾਂਦਾ, ਜਿੱਥੇ ਰੇਸ਼ਮਾ ਗਾ ਰਹੀ ਸੀ, ਤਾਂ ਉਹ ਵੀ ਮਨਜ਼ੂਰ ਝੱਲੇ ਵਾਂਗ ਗੁੰਮਨਾਮ ਰਹਿ ਜਾਂਦੀ । ਉਹਦੀ ਮੌਤ ਤੇ ਮੁਲਕ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੱਲੋਂ ਸ਼ਰਧਾਂਜਲੀ ਨਾ ਦਿੱਤੀ ਜਾਂਦੀ । ਬਸ ਉਹਦਾ ਨਸੀਬ ਸੀ । ਟੇਲੈਂਟ ਤਾਂ ਬੜੇ ਲੋਕਾਂ ਕੋਲ ਹੁੰਦਾ ਹੈ, ਪਰ ਉਨ੍ਹਾ ਕੋਲ ਨਸੀਬ ਨਹੀਂ ਹੁੰਦਾ ।"
ਮਨਜ਼ੂਰ ਝੱਲੇ ਦੇ ਕੁਝ ਪ੍ਰਮੁੱਖ ਗੀਤ :
------------------------
* ਹਾਏ ਓ ਰੱਬਾ ! ਨਈਓਂ ਲਗਦਾ ਦਿਲ ਮੇਰਾ (ਰੇਸ਼ਮਾ)
* ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ (ਰੇਸ਼ਮਾ)
* ਸਿਖਰ ਦੁਪਹਿਰੇ ਪਿੱਪਲੀ ਦੇ ਥੱਲੇ ਮੈਂ ਛਣਕਾਈਆਂ ਵੰਗਾਂ (ਨੂਰ ਜਹਾਂ)
* ਨਾ ਦਿਲ ਦੇਂਦੀ ਬੇਦਰਦੀ ਨੂੰ, ਨਾ ਕੂੰਜ ਵਾਂਗ ਕੁਰਲਾਂਦੀ (ਨੂਰ ਜਹਾਂ)
* ਵੇ ਲੱਗੀਆਂ ਦੀ ਲੱਜ ਰੱਖ ਲਈਂ, ਕਿਤੇ ਭੁੱਲ ਨਾ ਜਾਈਂ ਅਣਜਾਣਾ (ਨੂਰ ਜਹਾਂ)
* ਕੂੰਜ ਵਿਛੜ ਗਈ ਡਾਰੋਂ, ਤੇ ਲੱਭਦੀ ਸੱਜਣਾ ਨੂੰ (ਰੂਨਾ ਲੈਲਾ )
* ਯਾਰਾਂ ਨਾਲ ਬਹਾਰਾਂ ਸੱਜਣਾ (ਮਸਊਦ ਰਾਣਾ)
-
ਜਸਪਾਲ ਘਈ, ਲੇਖਕ
*********
99150 99926
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.