“ਹਰ ਫੁੱਲ ਨੂੰ ਖਿੜਨ ਦਿਓ ਤੇ ਆਪੋ ਆਪਣੀ ਮਹਿਕ ਵੰਡਣ ਦਿਓ। ਇਲਾਕੇ, ਰਾਜ ਤੇ ਦੇਸ਼ ਨਿੱਕੇ ਵੱਡੇ ਬਾਗ਼ ਹਨ ਜੋ ਨਿੱਕੇ ਵੱਡੇ ਬਹੁਰੰਗੇ ਫੁੱਲਾਂ ਦੇ ਗੁਲਦਸਤੇ ਵਾਂਗ ਹੀ ਸਜਦੇ/ਸ਼ੋਭਦੇ ਹਨ”।
ਸਾਧੂ ਦੈਯਾ ਸਿੰਘ ਆਰਫ ਦੇ ਲਿਖੇ ‘ਜ਼ਿੰਦਗੀ ਬਿਲਾਸ’ ਵਿਚ ਪਹਿਲੇ ਤੋਂ ਸੌਵੇਂ ਸਾਲ ਦੀ ਉਮਰ ਲਈ ਸੰਦੇਸ਼ ਹਨ। ਮੈਂ ਇਹ ਕਿੱਸਾ ਬਚਪਨ ਵਿਚ ਵੇਖੇ ਤਖਤੂਪੁਰੇ ਦੇ ਮੇਲੇ `ਚੋਂ ਲਿਆਂਦਾ ਸੀ ਜੋ ਚੰਦ ਤੇ ਦੀਵੇ ਦੀ ਲੋਅ ਵਿਚ ਪੜ੍ਹਿਆ। ਉਹਦੇ ਕੁਝ ਬੰਦ ਅਜੇ ਵੀ ਯਾਦ ਹਨ:
ਪਹਿਲੇ ਸਾਲ ਪਿਆਰਿਆ ਜੰਮਿਆ ਤੂੰ, ਦੇਖ ਮਾਉਂ ਦੇ ਸਿਕਮ ਥੀਂ ਬਾਹਰ ਆਇਆ
ਨਾਲ ਹੁਕਮ ਕਰਤਾਰ ਦੇ ਜਨਮ ਪਾਇਆ, ਵੇਖਣ ਵਾਸਤੇ ਸ਼ਹਿਰ ਬਜ਼ਾਰ ਆਇਆ
ਏਥੇ ਝੂਠ ਦੇ ਕਸਬ ਖਰੀਦ ਬੈਠੋਂ, ਕਰਨ ਵਾਸਤੇ ਸੱਚ ਦੀ ਕਾਰ ਆਇਆ
ਦੈਯਾ ਸਿੰਘ ਖਰੀਦਿਆ ਕੌਡੀਆਂ ਨੂੰ, ਖੱਟਣ ਵਾਸਤੇ ਲਾਲ ਜਵਾਹਰ ਆਇਆ...
ਉੱਨੀ ਸਾਲ ਵਿਚ ਊਤ ਨਾ ਸੋਚਿਆ ਤੈਂ, ਸਦਾ ਨਹੀਂ ਆਰਾਮ ਦੀ ਘੜੀ ਰਹਿਣੀ
ਖਾ ਲੈ ਖਰਚ ਲੈ ਪੁੰਨ ਤੇ ਦਾਨ ਕਰ ਲੈ, ਦੌਲਤ ਵਿਚ ਜ਼ਮੀਨ ਦੇ ਪੜੀ ਰਹਿਣੀ
ਕੋਈ ਰੋਜ਼ ਤੂੰ ਸੜਕ `ਤੇ ਸੈਰ ਕਰ ਲੈ, ਬੱਘੀ ਵਿਚ ਤਬੇਲਿਆਂ ਖੜ੍ਹੀ ਰਹਿਣੀ
ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ, ਗੁੱਡੀ ਸਦਾ ਨਾ ਜੱਗ `ਤੇ ਚੜ੍ਹੀ ਰਹਿਣੀ...
ਉਮਰ ਦੇ 83 ਸਾਲ ਗੁਜ਼ਰਨ ਦਾ ਉਪਦੇਸ਼ ਮੈਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੈਠਾ ਪੜ੍ਹ ਰਿਹਾਂ:
ਗੁਜ਼ਰੀ ਉਮਰ ਤਿਰਾਸੀ ਬਰਸਾਂ, ਤੈਨੂੰ ਗਿਆਨ ਨਾ ਆਇਆ ਈ
ਇਕ ਨੂੰ ਛੱਡ ਦੂਜਾ ਮੰਨ ਬੈਠੋਂ, ਕਿਸ ਨੇ ਇਲਮ ਪੜ੍ਹਾਇਆ ਈ
ਦਸਮ ਦੁਆਰ ਦਾ ਭੇਤ ਤੁਸਾਂ ਨੂੰ, ਕਿਸੇ ਨਹੀਂ ਕਰਵਾਇਆ ਈ
ਦੈਯਾ ਸਿੰਘ ਵਿਚ ਗਾੜ੍ਹੀ ਗ਼ਫਲਤ, ਜਨਮ ਅਮੋਲ ਗੁਆਇਆ ਈ...
‘ਜ਼ਿੰਦਗੀ ਬਿਲਾਸ’ ਵਰਗੀ ਸਵੈ-ਜੀਵਨੀ ਦਾ ਨਾਂ ਮੈਂ ‘ਹਸੰਦਿਆਂ ਖੇਲੰਦਿਆਂ’ ਰੱਖਿਆ ਹੋਇਐ ਜਿਸ ਦਾ ਤੱਤਸਾਰ ਹੈ: ਹੱਸ ਵੇ ਮਨਾਂ, ਖੇਡ ਵੇ ਮਨਾਂ, ਇਸ ਜੱਗ ਨਹੀਂ ਆਉਣਾ ਦੂਜੀ ਵੇਰ ਵੇ ਮਨਾਂ। ਕੁਦਰਤ ਦਾ ਸ਼ੁਕਰਗੁਜ਼ਾਰ ਹਾਂ ਕਿ ਜੀਵਨ ਦੇ ਤਰਾਸੀ ਸਾਲ ਹੱਸਦਿਆਂ ਖੇਲਦਿਆਂ ਲੰਘ ਗਏ। ਹਾਲੇ ਨੈਣ ਪ੍ਰਾਣ ਠੀਕ ਠਾਕ ਨੇ ਤੇ ਪੜ੍ਹੀ ਲਿਖੀ ਜਾ ਰਿਹਾਂ। ਸਵੱਖਤੇ ਉੱਠਣਾ, ਲੰਮੀ ਸੈਰ ਕਰਨੀ, ਸੰਜਮ ਨਾਲ ਖਾਣਾ ਪੀਣਾ ਤੇ ਅੱਠ ਨੌਂ ਘੰਟੇ ਪੜ੍ਹਨਾ ਲਿਖਣਾ ਮੇਰਾ ਅਜੋਕਾ ਨਿੱਤਨੇਮ ਹੈ। ਪਾਠਕ ਮੇਰਾ ਮਾਣ ਹਨ ਤੇ ਸਭ ਤੋਂ ਵੱਡਾ ਸਨਮਾਨ। ਪਾਠਕਾਂ ਦਾ ਮੈਂ ਤਹਿਦਿਲੋਂ ਸ਼ੁਕਰਗੁਜਾਰ ਹਾਂ।
ਅਖ਼ਬਾਰਾਂ/ਰਸਾਲਿਆਂ ਦੇ ਸੰਪਾਦਕਾਂ ਦਾ ਵੀ ਧੰਨਵਾਦੀ ਹਾਂ ਜੋ ਮੈਥੋਂ ਕਾਲਮ ਲਿਖਵਾਈ ਜਾ ਰਹੇ ਨੇ। ਕਦੇ ਖੇਡ ਮੈਦਾਨ `ਚੋਂ, ਕਦੇ ਖੇਡ ਖਿਡਾਰੀ, ਖੇਡ ਪਰਿਕਰਮਾ, ਖੇਡ ਦਰਸ਼ਨ, ਖੇਡ ਚਰਚਾ, ਖੇਡ ਮੇਲੇ, ਖੇਡ ਤਬਸਰਾ, ਖੇਡ ਸੰਸਾਰ, ਪਹਿਰੇਦਾਰ, ਕੌਣ ਸਾਹਿਬ ਨੂੰ ਆਖੇ, ਪਿੰਡ ਦੀ ਸੱਥ `ਚੋਂ, ਬਾਤਾਂ ਵਤਨ ਦੀਆਂ, ਖੇਡ ਜਗਤ ਦੀਆਂ ਬਾਤਾਂ ਤੇ ਕਦੇ ‘ਪੰਜਾਬੀ ਖੇਡ ਸਾਹਿਤ’। ਹੁਣ ‘ਵਿਸ਼ਵ ਦੇ ਮਹਾਨ ਖਿਡਾਰੀ’ ਚੱਲ ਰਿਹੈ। ‘ਪੰਜਾਬੀ ਖੇਡ ਸਾਹਿਤ’ ਦਾ ਪ੍ਰੋਜੈਕਟ ਜੋ ਕਿਸੇ ਖੇਡ ਅਦਾਰੇ ਵੱਲੋਂ ਕਰਨ ਵਾਲਾ ਖੋਜ ਕਾਰਜ ਸੀ, ਉਹ ‘ਪੰਜਾਬੀ ਟ੍ਰਿਬਿਊਨ’ ਨੇ ਕਰਵਾ ਲਿਆ। 2020-22 ਦੌਰਾਨ ਮੈਥੋਂ ਹਰ ਹਫ਼ਤੇ ਲੰਮੇ ਲੇਖ ਲਿਖਵਾਏ ਗਏ। ਪੂਰੇ ਅਖ਼ਬਾਰੀ ਪੰਨੇ ਦੀਆਂ 111 ਕਿਸ਼ਤਾਂ ਛਾਪੀਆਂ ਗਈਆਂ ਜਿਨ੍ਹਾਂ ਨਾਲ ਚਾਰ ਪੁਸਤਕਾਂ ਪ੍ਰਕਾਸ਼ਿਤ ਹੋਈਆਂ, ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’।
80ਵਿਆਂ ਵਿਚ ਮੇਰੀਆਂ ਸੱਤ ਹੋਰ ਪੁਸਤਕਾਂ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’, ‘ਖੇਡ ਖਿਡਾਰੀ’, ‘ਉਡਣਾ ਸਿੱਖ ਮਿਲਖਾ ਸਿੰਘ’, ‘ਪੰਜਾਬੀ ਕਹਾਣੀ ਦਾ ਸ਼ਾਹਸਵਾਰ ਵਰਿਆਮ ਸਿੰਘ ਸੰਧੂ’, ‘ਪੰਜਾਬੀਆਂ ਦਾ ਖੇਡ ਸਭਿਆਚਾਰ’, ‘ਨਿੰਦਰ ਘੁਗਿਆਣਵੀ ਦੀ ਵਾਰਤਕ ਪੜ੍ਹਦਿਆਂ’ ਤੇ ‘ਮੇਰੀ ਕਲਮ ਦੀ ਮੈਰਾਥਨ’ ਵੀ ਛਪੀਆਂ ਹਨ। ਅਗਲੀ ਪੁਸਤਕ ‘ਦੁਨੀਆਂ ਦੇ ਮਹਾਨ ਖਿਡਾਰੀ’ ਛਪ ਰਹੀ ਹੈ। ਕੌਣ ਕਹਿੰਦੈ 80ਵਿਆਂ ਦੀ ਬੁੱਢੀ ਉਮਰ `ਚ ਬੰਦਾ ਕੁਝ ਕਰਨ ਜਾਂ ਪੜ੍ਹਨ ਲਿਖਣ ਜੋਗਾ ਨਹੀਂ ਰਹਿੰਦਾ? ਮੇਰਾ ਮੱਤ ਹੈ: ਜਿਹੜਾ ਦੌੜ ਸਕਦੈ ਤੁਰੇ ਨਾ, ਜਿਹੜਾ ਤੁਰ ਸਕਦੈ ਖੜ੍ਹੇ ਨਾ, ਜਿਹੜਾ ਖੜ੍ਹ ਸਕਦੈ ਬੈਠੇ ਨਾ ਤੇ ਜਿਹੜਾ ਬੈਠ ਸਕਦੈ ਉਹ ਲੇਟੇ ਨਾ।
ਲੇਖਕਾਂ ਨੂੰ ਮੇਰਾ ਇਹੋ ਕਹਿਣਾ ਹੈ, ਜਿਹੜਾ ਲਿਖ ਸਕਦੈ ਉਹ ਲਿਖਦਾ ਰਹੇ, ਐਵੇਂ ਰਿਝਦਾ ਨਾ ਰਹੇ।
ਮੇਰੀ ਕਲਮ ਦੀ ਮੈਰਾਥਨ ਦੌੜ ਜਾਰੀ ਹੈ ਤੇ ਤਦ ਤਕ ਜਾਰੀ ਰਹੇਗੀ ਜਦੋਂ ਤਕ ਸਾਹ ਵਗਦੇ ਹਨ। ਸਭ ਨੂੰ ਸ਼ੁਭ ਦੁਆਵਾਂ!
-
ਸਰਵਣ ਸਿੰਘ, ਲੇਖਕ
principalsarwansingh@gmail.com
********
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.