ਸਹਿਜ ਰਹਿ ਕੇ ਕਰੋ ਬੱਚਿਆਂ ਦੀ ਅਗਵਾਈ
ਵਿਜੈ ਗਰਗ
ਘਰ ਬੱਚੇ ਦਾ ਪਹਿਲਾ ਸਕੂਲ ਹੁੰਦਾ ਹੈ, ਜਿੱਥੋਂ ਬੱਚੇ ਦੇ ਸਿੱਖਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਹੁੰਦੀ ਹੈ। ਮਾਂ-ਪਿਓ ਦੇ ਆਪਸੀ ਰਿਸ਼ਤੇ ਦੀ ਬੱਚੇ ਦੇ ਸਰਬਪੱਖੀ ਵਿਕਾਸ ’ਚ ਅਹਿਮ ਭੂਮਿਕਾ ਹੰੁਦੀ ਹੈ ਕਿਉਂਕਿ ਬੱਚੇ ਦਾ ਪਾਤਰ ਅਤੇ ਭਵਿੱਖ ਘਰ ਤੋਂ ਹੀ ਉਪਜਦਾ ਹੈ। ਬੱਚਿਆਂ ਦਾ ਅਨਭੋਲ ਬਚਪਨ ਵੈਰ-ਵਿਰੋਧ ਈਰਖਾ ਤੋਂ ਰਹਿਤ, ਝਗੜੇ ਦੀ ਛਤਰ-ਛਾਇਆ ਤੋਂ ਪਰ੍ਹੇ ਹੁੰਦਾ ਹੈ, ਤਾਂ ਹੀ ਕਿਹਾ ਜਾਂਦਾ ਹੈ, ‘ਬੱਚੇ ਮਨ ਕੇ ਸੱਚੇ!’
ਮਾਨਸਿਕਤਾ ’ਤੇ ਪੈਂਦਾ ਡੂੰਘਾ ਪ੍ਰਭਾਵ
ਅਕਸਰ ਘਰ ’ਚ ਪਰਿਵਾਰਕ ਮੈਂਬਰ ਬੱਚਿਆਂ ਸਾਹਮਣੇ ਘਰੇਲੂ ਗੱਲਾਂ ਕਰਦੇ ਰਹਿੰਦੇ ਹਨ। ਕਈ ਵਾਰ ਅਜਿਹੀਆਂ ਗੱਲਾਂ ਵੀ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਜਾਣੇ-ਅਣਜਾਣੇ ’ਚ ਬੱਚੇ ਦੀ ਮਾਨਸਿਕਤਾ ’ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਲਈ ਬੱਚੇ ਸਾਹਮਣੇ ਘਰੇਲੂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਕਿਉਂਕਿ ਬੱਚੇ ਦਾ ਮਾਨਸਿਕ ਪੱਧਰ ਅਜੇ ਪੂਰਨ ਤੌਰ ’ਤੇ ਵਿਕਸਤ ਹੋ ਰਿਹਾ ਹੁੰਦਾ ਹੈ।
ਬੱਚੇ ਰਹਿੰਦੇ ਹਨ ਇਕਾਂਤ ’ਚ
ਅਜੋਕੇ ਸਮੇਂ ਦੌਰਾਨ ਸਾਂਝੇ ਪਰਿਵਾਰ ਟੁੱਟ ਰਹੇ ਹਨ ਅਤੇ ਛੋਟੇ ਪਰਿਵਾਰਾਂ ਦਾ ਦੌਰ ਚੱਲ ਪਿਆ ਹੈ। ਪਰਿਵਾਰਕ ਮੈਂਬਰਾਂ ਦਾ ਮੋਹ-ਪਿਆਰ ਘਟ ਗਿਆ ਹੈ ਅਤੇ ਲੋੜਾਂ ਨੂੰ ਮੁੱਖ ਰੱਖਦਿਆਂ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਪਰ ਇਸ ਦੌਰ ਦਾ ਵਧੇਰੇ ਪ੍ਰਭਾਵ ਬੱਚੇ ਦੇ ਪਾਲਣ-ਪੋਸ਼ਣ ’ਤੇ ਪੈ ਰਿਹਾ ਹੈ। ਛੋਟੇ ਪਰਿਵਾਰਾਂ ਵਿਚ ਬੱਚਾ ਇਕਾਂਤ ਵਿਚ ਰਹਿੰਦਾ ਹੈ ਕਿਉਂਕਿ ਅਕਸਰ ਹੀ ਮਾਂ-ਪਿਓ ਆਪਣੇ ਕੰਮਾਂ ’ਚ ਰੱੁਝੇ ਹੁੰਦੇ ਹਨ ਅਤੇ ਬੱਚੇ ਦਾ ਪਾਲਣ-ਪੋਸ਼ਣ ਸਹੀ ਢੰਗ ਨਾਲ ਨਹੀਂ ਹੁੰਦਾ। ਇਕਾਂਤ ’ਚ ਰਹਿਣ ਕਾਰਨ ਬੱਚਾ ਅੰਤਰਮੁਖੀ ਸੁਭਾਅ ਦਾ ਮਾਲਕ ਬਣ ਜਾਂਦਾ ਹੈ। ਦੂਜੇ ਪਾਸੇ ਜੇ ਬੱਚਾ ਸਾਂਝੇ ਪਰਿਵਾਰ ਵਿਚ ਵਿਚਰੇਗਾ ਤਾਂ ਉਹ ਮਿਲਣਸਾਰ ਬਣੇਗਾ ਅਤੇ ਉਸ ਨੂੰ ਰਿਸ਼ਤਿਆਂ ਦੀ ਸੋਝੀ ਆਵੇਗੀ। ਇਸ ਤਰ੍ਹਾਂ ਉਹ ਬਚਪਨ ਤੋਂ ਹੀ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝੇਗਾ।
ਨੈਤਿਕ ਜ਼ਿੰਮੇਵਾਰੀ
ਬੱਚੇ ਨੂੰ ਚੰਗੇਰਾ ਤੇ ਨੇਕ ਦਿਲ ਇਨਸਾਨ ਬਣਾਉਣ ਲਈ ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚੇ ਨੂੰ ਵੈਰ-ਵਿਰੋਧ, ਈਰਖਾ ਜਿਹੇ ਨਾਂਹ-ਪੱਖੀ ਗੁਣਾਂ ਤੋਂ ਕੋਹਾਂ ਦੂਰ ਰੱਖਿਆ ਜਾਵੇ ਅਤੇ ਬੱਚੇ ਦੇ ਮਨ ਵਿਚ ਸਾਰਿਆਂ ਪ੍ਰਤੀ ਪਿਆਰ ਦੇ ਰੰਗ ਭਰਨੇ ਚਾਹੀਦੇ ਹਨ। ਵੈਰ-ਵਿਰੋਧ ਸਦਕਾ ਬੱਚਾ ਪਿਛਾਂਹਖਿੱਚੂ ਸੋਚ ਦਾ ਮਾਲਕ ਬਣੇਗਾ। ਸਭਨਾਂ ਪ੍ਰਤੀ ਪਿਆਰ ਦੀ ਭਾਵਨਾ ਰੱਖਣ ਸਦਕਾ ਬੱਚੇ ਦੇ ਮਨ ਅੰਦਰ ਆਤਮ-ਵਿਸ਼ਵਾਸ ਪੈਦਾ ਹੋਵੇਗਾ।
ਘਰ ਦੇ ਮਾਹੌਲ ਦਾ ਪ੍ਰਭਾਵ
ਆਖਿਆ ਜਾਂਦਾ ਹੈ ਕਿ ‘ਜੈਸਾ ਅੰਨ ਵੈਸਾ ਮਨ’। ਠੀਕ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਦਾ ਮਾਹੌਲ ਘਰ ਵਿਚ ਹੋਵੇਗਾ, ਉਸੇ ਤਰ੍ਹਾਂ ਦਾ ਹੀ ਬੱਚੇ ਦਾ ਸੁਭਾਅ ਹੋਵੇਗਾ। ਜੇ ਘਰ ਦਾ ਮਾਹੌਲ ਨਾਂਹ-ਪੱਖੀ ਹੋਵੇਗਾ ਤਾਂ ਬੱਚੇ ਦਾ ਸੁਭਾਅ ਅੜੀਅਲ ਹੋਵੇਗਾ ਤੇ ਜੇ ਘਰ ਦਾ ਮਾਹੌਲ ਹਾਂ-ਪੱਖੀ ਹੋਵੇਗਾ ਤਾਂ ਬੱਚੇ ਦਾ ਸੁਭਾਅ ਹਸਮੁੱਖ ਅਤੇ ਮਿਲਣਸਾਰ ਹੋਵੇਗਾ।
ਮਾਪਿਆਂ ਦੀ ਭੂਮਿਕਾ
ਬੱਚੇ ਦੇ ਪਾਲਣ-ਪੋਸ਼ਣ ’ਚ ਮਾਂ-ਪਿਓ ਦਾ ਅਹਿਮ ਯੋਗਦਾਨ ਹੁੰਦਾ ਹੈ। ਮਾਂ-ਪਿਓ ਦੇ ਰਵੱਈਏ ਦਾ ਵਧੇਰੇ ਪ੍ਰਭਾਵ ਬੱਚੇ ਦੀ ਮਾਨਸਿਕਤਾ ’ਤੇ ਪੈਂਦਾ ਹੈ। ਜੇ ਮਾਂ-ਪਿਓ ਦੇ ਰਿਸ਼ਤੇ ’ਚ ਖੱਟਾਸ ਹੋਵੇਗੀ ਤਾਂ ਉਸ ਦਾ ਡੂੰਘਾ ਪ੍ਰਭਾਵ ਬੱਚੇ ਦੇ ਭਵਿੱਖ ’ਤੇ ਪਵੇਗਾ ਅਤੇ ਜੇਕਰ ਮਾਂ-ਪਿਓ ਦਾ ਰਿਸ਼ਤਾ ਪਿਆਰ ਦੇ ਬੰਧਨ ’ਚ ਬੱਝਿਆ ਹੋਵੇਗਾ ਤਾਂ ਫਿਰ ਬੱਚੇ ਦਾ ਰਵੱਈਆ ਵੀ ਜ਼ਿੰਦਗੀ ਪ੍ਰਤੀ ਸਕਾਰਾਤਮਿਕ ਹੋਵੇਗਾ।
-
ਵਿਜੈ ਗਰਗ, ਰਿਟਾਇਰਡ ਪ੍ਰਿੰਸੀਪਲ ਐਜੂਕੇਸ਼ਨਲ ਕਾਲਮਨਿਸਟ ਮਲੋਟ ਪੰਜਾਬ
vkmalout@gmail.com
0009990000
Disclaimer : The opinions expressed within this article are the personal opinions of the writer/author. The facts and opinions appearing in the article do not reflect the views of Babushahi.com or Tirchhi Nazar Media. Babushahi.com or Tirchhi Nazar Media does not assume any responsibility or liability for the same.